ਉਹ ਕਿਡੇ ਚੰਗੇ ਵੇਲੇ ਸਨ ਜਦ ਦੁਨੀਆਂ ਭੋਲੀ ਭਾਲੀ ਸੀ (ਭਾਗ 2)
Published : May 23, 2018, 10:53 pm IST
Updated : May 23, 2018, 10:53 pm IST
SHARE ARTICLE
Amin Malik
Amin Malik

ਉਸ ਵੇਲੇ ਦੁਨੀਆਂ ਚੰਨ 'ਤੇ ਨਹੀਂ ਸੀ ਜਾਂਦੀ। ਬਸ ਇਕ ਦੂਜੇ ਤੋਂ ਵਾਰੀ ਵਾਰੀ ਜਾਂਦੀ ਸੀ। ਉਸ ਵੇਲੇ ਮਿੱਟੀ ਉਤੇ ਬਹਿ ਕੇ ਹੀ ਆਤਮਾ ਨੂੰ ਸਕੂਨ ਅਤੇ ਅੱਖਾਂ ਨੂੰ ...

ਉਸ ਵੇਲੇ ਦੁਨੀਆਂ ਚੰਨ 'ਤੇ ਨਹੀਂ ਸੀ ਜਾਂਦੀ। ਬਸ ਇਕ ਦੂਜੇ ਤੋਂ ਵਾਰੀ ਵਾਰੀ ਜਾਂਦੀ ਸੀ। ਉਸ ਵੇਲੇ ਮਿੱਟੀ ਉਤੇ ਬਹਿ ਕੇ ਹੀ ਆਤਮਾ ਨੂੰ ਸਕੂਨ ਅਤੇ ਅੱਖਾਂ ਨੂੰ ਚਾਨਣ ਲਭਦਾ ਸੀ। ਮਿੱਟੀ ਦਾ ਬੰਦਾ ਮਿੱਟੀ ਥੱਲੇ ਚਲਾ ਜਾਂਦਾ ਸੀ। ਅੱਜ ਹਰ ਪਾਸੇ ਲਾਸ਼ਾਂ ਦਾ ਗੰਦ ਪੈ ਗਿਆ ਹੈ। ਦੁਨੀਆਂ ਲਹੂ-ਲੁਹਾਣ ਹੋ ਗਈ ਹੈ ਅਤੇ ਇਨਸਾਨ ਚੰਨ ਲਬੇੜਨ ਟੁਰ ਪਿਆ ਹੈ।

ਚੰਨ ਦੇ ਮੱਥੇ ਉਤੇ ਵੀ ਧਰਤੀ ਵਰਗਾ ਦਾਗ਼ ਲਾਣ ਚਲਿਆ ਹੈ। ਜਦੋਂ ਧਰਤੀ ਇਨਸਾਨ ਕੋਲੋਂ ਰੱਜ ਗਈ ਹੈ ਤਾਂ ਇਹ ਭੁੱਖਾ ਇਨਸਾਨ ਚੰਨ ਨੂੰ ਮੂੰਹ ਪਾਣ ਚਲਿਆ ਹੈ। ਅੱਜ ਧਰਤੀ ਉਤੇ ਬੈਠੇ ਪਟਵਾਰੀ ਚੰਨ ਦੀ ਜ਼ਮੀਨ ਅਲਾਟ ਕਰ ਰਹੇ ਨੇ। ਮਿੱਟੀ ਉਤੇ ਲਹੂ ਦੀਆਂ ਛਿੱਟਾਂ ਪਾ ਕੇ ਇਨਸਾਨ ਹੁਣ ਚੰਨ ਦੀ ਮਿੱਟੀ ਵੀ ਪਲੀਤ ਕਰੇਗਾ।
ਕਿਥੇ ਗਏ ਉਹ ਵੇਲੇ ਜਦ ਮੇਰੀ ਮਾਂ ਨੇ ਦਸਿਆ ''ਪੁੱਤਰ ਰਾਊਂਡ ਕਰਦਾ ਹੋਇਆ ਇਕ ਵੇਰਾਂ ਰਾਤ ਨੂੰ ਥਾਣੇਦਾਰ ਸਾਡੇ ਪਿੰਡ ਆ ਗਿਆ ਤਾਂ ਸਰ੍ਹਾਣੇ ਦੀ ਭਾਲ 'ਚ ਭਾਜੜ ਪੈ ਗਈ। ਦੂਜੇ ਪਿੰਡ ਸੂਰੇ ਪੁਰ ਤੋਂ ਮੰਗ ਕੇ ਥਾਣੇਦਾਰ ਲਈ ਸਰ੍ਹਾਣਾ ਲਿਆਂਦਾ। ਕਾਹਦੇ ਲਈ ਬਣਾਣੇ ਨੇ ਸਰ੍ਹਾਣੇ?

ਕਿਹੜੀ ਲੋੜ ਸੀ ਧੌਣ ਅਕੜਾ ਕੇ ਰਾਤ ਨੂੰ ਵੀ ਸਿਰ ਉੱਚਾ ਕਰ ਕੇ ਸੌਣ ਦੀ? ਸੌਣ ਲਗਿਆਂ ਅਪਣਾ ਕੁੜਤਾ ਲਾਹ ਕੇ ਸਿਰ ਥੱਲੇ ਰੱਖ ਲੈਂਦੇ ਸਨ। ਰਜਾਈ ਤਾਂ ਉਤੇ ਲੈ ਹੀ ਲਈ ਦੀ ਸੀ। ਕੁੜਤਾ ਕਾਹਦੇ ਲਈ ਹੰਢਾਉਣਾ ਸੀ?''
ਸ਼ਾਇਦ ਮੇਰੀ ਮਾਂ ਵੀ ਸੱਚੀ ਸੀ। ਗੱਲ ਤੇ ਸਾਰੀ ਗੂੜ੍ਹੀ ਨੀਂਦਰ ਦੀ ਹੁੰਦੀ ਏ। ਨੀਂਦਰ ਆ ਜਾਏ ਤਾਂ ਫ਼ਕੀਰ ਵੀ ਸੁੱਤਾ ਪਿਆ ਬਾਦਸ਼ਾਹ ਹੀ ਬਣ ਜਾਂਦਾ ਹੈ। ਮਹਿਲ ਅਤੇ ਕੁੱਲੀ ਦੀ ਛੱਤ ਇਕੋ ਜਿਹੀ ਹੋ ਜਾਂਦੀ ਹੈ। ਨੀਂਦਰ ਦੀਆਂ ਗੋਲੀਆਂ ਖਾਣ ਦੀ ਜ਼ਰੂਰਤ ਤਾਂ ਉਸ ਵੇਲੇ ਪੈਂਦੀ ਹੈ ਜਦੋਂ ਇਨਸਾਨ ਦੀਆਂ ਜ਼ਰੂਰਤਾਂ ਵੱਧ ਜਾਂਦੀਆਂ ਹਨ।

ਸੋਚਾਂ ਦਾ ਸੂਆ ਨੀਂਦਰ ਵਿਚ ਵੱਜ ਕੇ ਜਗਰਾਤੇ ਵਧਾ ਦਿੰਦਾ ਹੈ। ਨਹੀਂ ਸੀ ਸਾਰੇ ਪਿੰਡ ਵਿਚ ਸਰ੍ਹਾਣਾ ਤਾਂ ਕੀ ਹੋਇਆ। ਹਰ ਕੋਈ ਮਿੱਠੀ ਨੀਂਦਰ ਤੇ ਮਾਣਦਾ ਸੀ। ਥਾਣੇਦਾਰ ਨੂੰ ਖ਼ੌਰੇ ਸਰ੍ਹਾਣੇ 'ਤੇ ਵੀ ਨੀਂਦਰ ਆਈ ਸੀ ਕਿ ਨਹੀਂ....
ਕਦੀ ਕਦੀ ਜੁੰਮੇ ਸ਼ਾਹ ਤੇ ਲਾਲ ਹਨ੍ਹੇਰੀ ਝੁਲਦੀ ਤੇ ਹਾੜ ਜੇਠ 'ਚ ਗਲੋਂ ਕੁੜਤਾ ਲਾਹ ਕੇ ਗਿੱਲੀ ਕੀਤੀ ਮਲਮਲ ਦੀ ਚੁੰਨੀ ਨੂੰ ਵਲ੍ਹੇਟੀ ਸ਼ਰੀਂਹ ਥੱਲੇ ਬੈਠੀ ਮੇਰੀ ਨਾਨੀ ਭਾਗੋ ਆਖਦੀ ''ਨੀ ਰੱਬ ਦਾ ਨਾਂ ਧਿਆਉ ਤੇ ਤੌਬਾ ਤੌਬਾ ਕਰੋ, ਅੱਜ ਕਿਧਰੇ ਕਤਲ ਹੋਇਆ ਜੇ।'' ਲਾਲ ਹਨ੍ਹੇਰੀ ਤੋਂ ਅੰਦਾਜ਼ਾ ਲਾਉੁਂਦੇ ਸਨ ਕਿ ਕਿਧਰੇ ਕਤਲ ਹੋਇਆ ਹੈ। ਕਦੀ ਕਿਸੇ ਨੇ ਅਪਣੀ ਅੱਖੀਂ ਕਤਲ ਹੁੰਦਾ ਨਹੀਂ ਸੀ ਵੇਖਿਆ।

ਹੌਲੀ ਹੌਲੀ ਦੁਨੀਆਂ ਹੁਸ਼ਿਆਰ ਹੋ ਗਈ। ਹਰ ਅੱਖ ਵਿਚ ਲਹੂ ਉਤਰ ਆਇਆ। ਐਨੇ ਕਤਲ ਹੋਣ ਲੱਗ ਪਏੇ ਕਿ ਗੁਆਹੀ ਦੇਣ ਵਾਲੀ ਲਾਲ ਹਨੇਰੀ ਥੱਕ ਕੇ ਘਰ ਬਹਿ ਗਈ। ਹਨੇਰੀ ਮੁਕ ਗਈ ਅਤੇ ਕਤਲਾਂ ਦਾ ਹਨੇਰ ਪੈ ਗਿਆ। ਭੋਲੇ ਲੋਕੀਂ ਮੁਕਦੇ ਗਏ ਅਤੇ ਕਤਲਾਂ ਵਿਚ ਵਾਧਾ ਹੋ ਗਿਆ।ਕਿੰਨੀਆਂ ਭੋਲੀਆਂ ਸਨ ਉਹ ਬੀਬੀਆਂ ਜਿਹੜੀਆਂ ਮਾਪਿਆਂ ਦੀ ਲੱਜ ਨੂੰ ਹੱਥ ਪਾਈ ਰਖਦੀਆਂ। ਅਪਣੇ ਵਰ ਨੂੰ ਪਹਿਲੀ ਵਾਰੀ ਪਹਿਲੀ ਰਾਤੇ ਹੀ ਵੇਖਦੀਆਂ ਸਨ। ਸਾਡੇ ਪਿੰਡ ਜੰਜ ਆਈ ਤਾਂ ਵਹੁਟੀ ਬਣੀ ਰਾਜ ਨੂੰ ਕੁੜੀਆਂ ਜਾ ਕੇ ਆਖਣ ਲਗੀਆਂ ''ਹਾ ਹਾਏ ਨੀ ਰਾਜ! ਤੇਰਾ ਲਾੜਾ ਤੇ ਕਾਲਾ ਚੋਅ ਵਰਗਾ ਏ, ਇਹ ਕੀ ਸਹੇੜਿਆ ਏ ਚਾਚੇ ਕਰਮੂ ਨੇ?''

ਰਾਜ ਖਿਝ ਕੇ ਆਖਣ ਲੱਗੀ ''ਨੀ ਪਰ੍ਹਾ ਮਰੋ ਨੀ, ਮੇਰੇ ਇੱਜ਼ਤਾਂ ਵਾਲੇ ਪਿਉ ਨੂੰ ਮੰਦਾ ਨਾ ਆਖਿਉ।''
ਉਹ ਪਿਉ ਦੀ ਇੱਜ਼ਤ ਨੂੰ ਜ਼ਿੰਦਾ ਰਖਣ ਲਈ ਮਰ ਜਾਂਦੀਆਂ ਸਨ। ਵਿਆਹ ਤੋਂ ਪਹਿਲਾਂ ਧੀਆਂ ਅਪਣੇ ਵਰ ਨੂੰ ਵੇਖਦੀਆਂ ਨਹੀਂ ਸਨ ਪਰ ਮਰਨ ਤੀਕ ਅਪਣੇ ਵਰ ਤੋਂ ਇਲਾਵਾ ਕਦੀ ਕਿਸੇ ਨੂੰ ਵੇਖਿਆ ਵੀ ਨਹੀਂ ਸੀ। ਹੁਣ ਟੋਹ ਵੇਖ ਕੇ, ਫ਼ਿਲਮਾਂ ਵੇਖ ਵਖਾ ਕੇ, ਤਲਾਵਾਂ 'ਚ ਨ੍ਹਾ ਧੋ ਕੇ ਅਤੇ ਆਦਤਾਂ ਦਾ ਮੇਚਾ ਲੈ ਕੇ ਵਿਆਹ ਕਰਵਾਉੁਂਦੀਆਂ ਨੇ ਤੇ ਫਿਰ ਵੀ ਹਰ ਪਾਸੇ ਤਲਾਕਾਂ ਹੀ ਤਲਾਕਾਂ ਨੇ।

ਭੋਲੇਪਨ ਨੂੰ ਮੌਤ ਆਈ ਤੇ ਲਾਜ ਦੀ ਲੱਜ ਵੀ ਨਾਲ ਹੀ ਟੁਟ ਗਈ। ਡੁਬ ਗਿਆ ਇੱਜ਼ਤ ਦਾ ਬੋਕਾ ਖੂਹ ਵਿਚ। ਲੰਦਨ ਦੇ ਮਹੱਲੇ ਚਿੰਗ ਫ਼ੋਰਡ ਵਿਚ ਸਾਡੀ ਰੋਡ 'ਤੇ ਪਾਕਿਸਤਾਨੀਆਂ ਦੀ ਇਕ ਕੁੜੀ ਦੀ ਅਜੇ ਮੰਗਣੀ ਹੀ ਹੋਈ ਤੇ ਚੌਥੇ ਦਿਹਾੜੇ ਧੀ ਪੁਲਿਸ ਲੈ ਆਈ। ਪੁਲਿਸ ਦੀ ਨਿਗਰਾਨੀ ਵਿਚ ਧੀ ਨੇ ਅਪਣੀ ਮਾਂ ਦੇ ਹੱਥੋਂ ਅਪਣਾ ਪਾਸਪੋਰਟ ਖੋਹ ਕੇ ਅਟੈਚੀ ਕੇਸ ਵਿਚ ਰਖਿਆ ਤੇ ਅਪਣੀ ਮਰਜ਼ੀ ਦੇ ਲੀੜੇ ਪਾਏ। ਜ਼ੇਵਰ ਵਾਲੇ ਡੱਬੇ ਨੂੰ ਹੱਥ ਪਾਇਆ ਤਾਂ ਮਾਂ ਨੇ ਤਰਲਾ ਮਾਰਿਆ ''ਨੀ ਰੀਨੋ ਇਹ ਟੂਮਾਂ ਤੇ ਤੇਰੀ ਨਿੱਕੀ ਭੈਣ ਦੀਆਂ ਨੇ, ਤੂੰ ਉਹਦੀਆਂ ਤੇ ਨਾ ਖੜ।'' ਪੁਲਿਸ ਨੇ ਦਬਕਾ ਮਾਰ ਕੇ ਮਾਂ ਦਾ ਹੱਕ ਖੋਹ ਲਿਆ.... ਉਹ ਮਰ ਗਈ... ਜੀਊੂਂਦੀ ਜਾਨੇ।

ਅਨਪੜ੍ਹ ਜਿਹੀ ਮਾਂ ਸਹਿਮ ਕੇ ਚੁੱਪ ਹੋ ਗਈ। ਦੂਜੇ ਕਮਰੇ ਵਿਚ ਬੈਠਾ ਪਿਉ ਚੁੱਪ ਚਾਪ ਅਥਰੂ ਵਗਾਂਦਾ ਰਿਹਾ। ਬੇਵਸੀ ਨੇ ਉਸ ਦਾ ਲੱਕ ਤੋੜ ਛਡਿਆ ਸੀ। ਇਹ ਸਾਰਾ ਕੁੱਝ ਕਰ ਕੇ ਜੀਨ ਦੀ ਬੈਲਟ ਉਚੀ ਕਰ ਕੇ ਧੀ ਘਰੋਂ ਟੁਰਨ ਲੱਗੀ ਤੇ ਮਾਂ ਨੇ ਹਾੜਾ ਪਾ ਕੇ ਆਖਿਆ : ''ਨੀ ਰੀਨੋ ਤੈਨੂੰ ਅਸਾਂ ਆਖਿਆ ਕੀ ਸੀ? ਨੀ ਧੀਏ ਜਿਵੇਂ ਤੇਰੀ ਮਰਜ਼ੀ ਕਰ ਲਈਂ ਪਰ ਸਾਡੀ ਇੱਜ਼ਤ ਪੈਰਾਂ ਵਿਚ ਰੋਲ ਕੇ ਘਰ ਛੱਡ ਕੇ ਨਾ ਜਾ।''

ਨਿੱਕੇ ਨਿੱਕੇ ਭੈਣ ਭਰਾ ਵੱਡੀ ਭੈਣ ਨੂੰ ਚੰਬੜ ਕੇ ਰੋਏ। ਪਿਉ ਰੋਂਦਾ ਰੋਂਦਾ ਕੁੱਝ ਆਖਣ ਹੀ ਲੱਗਾ ਸੀ ਤਾਂ ਪੁਲਿਸ ਨੇ ਬੋਲਣ ਦਾ ਹੱਕ ਵੀ ਖੋਹ ਲਿਆ ਕਿਉਂ ਜੇ ਰੀਨੋ ਹੁਣ ਵੱਡੀ 7rown up ਹੋ ਗਈ ਸੀ। ਉਹ ਆਜ਼ਾਦ ਸੀ। ਉਹ ਸਿਆਣੀ ਸੀ। ਉਹ ਭੋਲੀ ਭਾਲੀ ਨਹੀਂ ਸੀ ਕਿ ਮਾਪਿਆਂ ਦੀ ਇੱਜ਼ਤ ਪਿਆਰ ਵਾਸਤੇ ਅਪਣੇ ਪਿਆਰ ਨੂੰ ਮਾਂ ਦੇ ਪੈਰਾਂ ਵਿਚ ਰੋਲ ਕੇ ਰਖ ਦਿੰਦੀ। ਉਹ ਟੁਰ ਗਈ ਪਿਉ ਦੀ ਪੱਗ ਉਤੇ ਪੈਰ ਧਰ ਕੇ। ਲਾ ਗਈ ਮਾਂ ਦੀ ਕੁਖ ਨੂੰ ਅੱਗ ਅਤੇ ਸਾੜ ਗਈ ਵੀਰਾਂ ਦੀ ਅਣਖ ਨੂੰ।

ਕਿਥੇ ਗਏ ਉਹ ਵੇਲੇ ਜਦੋਂ ਨੂਰੇ ਤਰਖਾਣ ਦਾ ਪੁੱਤ ਚਹੁੰ ਸਾਲਾਂ ਪਿਛੋਂ ਦੁਬਈ ਤੋਂ ਪਰਤਿਆ। ਬੋਦਿਆਂ ਨੂੰ ਤੇਲ ਲਾ ਕੇ ਗਲੀ 'ਚੋਂ ਲੰਘਦੇ ਨੇ ਸੀਟੀ ਮਾਰੀ ਤਾਂ ਕੁੜੀਆਂ ਨੇ ਉਹਨੂੰ ਛਿੱਤਰ ਮਰਵਾਏ। ਨੂਰੇ ਤਰਖਾਣ ਨੇ ਪੁੱਤ ਨੂੰ ਤੋਇ-ਲਾਅਨਤ ਕੀਤੀ ਅਤੇ ਆਖਿਆ ''ਉਏ ਫ਼ਰਜ਼ੰਦ ਅਲੀ, ਪਿੰਡ ਦੀਆਂ ਧੀਆਂ ਭੈਣਾਂ ਵਲ ਅੱਖ ਪੁਟ ਕੇ ਵੇਖਣ ਵਾਲਾ ਬੇਗ਼ੈਰਤ ਹੁੰਦਾ ਏ।'' ਫ਼ਰਜ਼ੰਦ ਅਲੀ ਦੂਜੇ ਪਿੰਡ ਆਟਾ ਪੀਹਣ ਵਾਲੀ ਮਸ਼ੀਨ 'ਤੇ ਜਾ ਕੇ ਨੌਕਰ ਹੋ ਗਿਆ ਅਤੇ ਸ਼ਰਮ ਦਾ ਮਾਰਾ ਕਦੀ ਵੀ ਪਿੰਡ ਨਾ ਵੜਿਆ ਦੁਬਾਰਾ।  (ਚਲਦਾ)                         ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement