
ਮਨੂੰ ਰਿਸ਼ੀ ਨੇ ਇਸ ਵਰਣ ਵੰਡ ਨੂੰ ਕਿੱਤੇ ਅਧਾਰਿਤ ਲਾਗੂ ਕਰਨ ਦੀ ਗੱਲ ਜ਼ਰੂਰ ਕਹੀ ਪਰ ਉਹ ਕਿਸੇ ਨੇ ਮੰਨੀ ਨਹੀਂ।
ਭਾਰਤ ਅੰਦਰ ਬ੍ਰਾਹਮਣ ਸਰਵਉੱਚਤਾਵਾਦੀ ਕੁਲੀਨ ਤੰਤਰ ਸਮਾਜ ਅਤੇ ਰਾਜ ਦੀ ‘ਚਤੁੱਰਵਰਨ’ ਸੋਚ ਏਨੀ ਡੂੰਘੀ, ਸਥਾਈ, ਪੇਚਦਾਰ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ ਕਿ ਤਿੰਨ ਹਜ਼ਾਰ ਸਾਲ ਤੋਂ ਪਹਿਲਾਂ ਇਸ ਦੁਆਰਾ ਲਾਗੂ ਕੀਤੀ ਸਮਾਜਿਕ ਵਰਨ ਵੰਡ ਅੱਜ ਵੀ ਨਾ ਸਿਰਫ਼ ਨਿਰੰਤਰ ਜਾਰੀ ਹੈ ਬਲਕਿ ਹੁਣ ਤਾਂ ਇਹ ਵਿਦੇਸ਼ਾਂ ਵਿਚ ਵੀ ਉੰਨੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੱਸਰ ਚੁੱਕੀ ਹੈ ਜਿੱਥੇ-ਜਿੱਥੇ ਭਾਰਤੀ ਜਾ ਵੱਸੇ ਹਨ।
ਮਨੂੰ ਰਿਸ਼ੀ ਨੇ ਇਸ ਵਰਣ ਵੰਡ ਨੂੰ ਕਿੱਤੇ ਅਧਾਰਿਤ ਲਾਗੂ ਕਰਨ ਦੀ ਗੱਲ ਜ਼ਰੂਰ ਕਹੀ ਪਰ ਉਹ ਕਿਸੇ ਨੇ ਮੰਨੀ ਨਹੀਂ। ਇਸ ਨੂੰ ਪਰਿਵਾਰ ਅਤੇ ਜਾਤੀ ਅਧਾਰਿਤ ਪ੍ਰਪੱਕ ਕੀਤਾ ਗਿਆ। ਇਹ ਵਰਣ ਵੰਡ ਹਿੰਦੂ ਮਿੱਥਹਾਸ ਅਨੁਸਾਰ ਮਾਨਵ ਉਤਪਤੀ ਕਰਨ ਵਾਲੇ ਅਵਤਾਰ ਬ੍ਰਾਹਮਾ ਦੇ ਸਰੀਰ ਦੀ ਵੰਡ ਅਨੁਸਾਰ ਕੀਤੀ। ਉਸ ਦੇ ਮਸਤਕ ਵਿਚੋਂ ਉਪਜੀ ਪ੍ਰਬੁੱਧ ਅਤੇ ਪੁਜਾਰੀ ਜਮਾਤ ਬ੍ਰਾਹਮਣ, ਭੁਜਾਵਾਂ ਵਿਚੋਂ ਪ੍ਰਕਰਮੀ ਕਸ਼ਤਰੀ, ਜੰਘਾਂ ਵਿਚੋਂ ਵਪਾਰੀ-ਕਾਰੋਬਾਰੀ ਵੈਸ਼ਨਵ, ਪੈਰਾਂ ਵਿਚੋਂ ਸ਼ੂਦਰ ਭਾਵ ਕਿਰਤੀ-ਕਾਮੇ ਤੇ ਨੀਚ ਕੰਮ ਕਰਨ ਵਾਲੇ।
ਭਾਰਤ ਦੇ ਵਿਸ਼ਵ ਗੁਰੂ ਨਾ ਬਣਨ, ਅਵਿਕਸਤ ਅਤੇ ਲੰਬਾ ਸਮਾਂ ਗੁਲਾਮ ਰਹਿਣ ਦਾ ਮੁੱਖ ਕਾਰਨ ਇਹ ਵਰਣ ਵੰਡ ਹੈ। ਸਮੇਂ-ਸਮੇਂ ਸਿਰ ਇਸ ਨੂੰ ਤੋੜਨ ਜਾਂ ਕਮਜ਼ੋਰ ਕਰਨ ਵਿਚ ਕਈ ਉਪਰਾਲੇ ਕੀਤੇ ਜਾਂਦੇ ਰਹੇ। ਜੈਨ, ਬੁੱਧ ਧਰਮਾਂ, ਮੱਧਕਾਲੀ ਸੰਤਾਂ-ਮਹਾਤਮਾਂ-ਗੁਰੂਆਂ-ਪੀਰਾਂ ਅਤੇ ਆਧੁਨਿਕ ਸਿੱਖ ਧਰਮ ਅਤੇ ਇਸ ਦੁਆਰਾ ਖਾਲਸਾ ਪੰਥ ਸਾਜਨਾ ਨਾਲ ਇਸ ਸਮਾਜ, ਦੇਸ਼ ਅਤੇ ਭਾਈਚਾਰਕ ਸਾਂਝ ਘਾਤੀ ਵਰਣ ਵੰਡ ਦੇ ਲੱਕ ਤੋੜਨ ਦੇ ਯਤਨ ਕੀਤੇ ਗਏ। ਦੇਸ਼ ਅਜ਼ਾਦੀ ਬਾਅਦ ਭਾਰਤੀ ਸੰਵਿਧਾਨ ਦੀ ਰਚਨਾ ਨਾਲ ਕਾਨੂੰਨ ਦੇ ਰਾਜ ਰਾਹੀਂ ਇਸ ਦੇ ਖਾਤਮੇ ਦਾ ਵੱਡਾ ਉਪਰਾਲਾ ਕੀਤਾ ਗਿਆ। ਇਸ ਦੀ ਉਲੰਘਣਾ ਕਰਨ ’ਤੇ ਸਜ਼ਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ। ਪਰ ਸਭ ਨਿਸਫਲ।
ਪਰ ਪਿੱਛਲੇ 73 ਸਾਲਾਂ ਦੇ ਕਮਜ਼ੋਰ ਤੇ ਦੰਦਾਂ ਰਹਿਤ ਬੋੜੇ ਰਾਜ ਦੇ ਅਮਲ ਤੋਂ ਪਤਾ ਚਲਦਾ ਹੈ ਕਿ ਉਹ ਇਸ ਦੀ ਉਪਰਲੀ ਪਰਤ ’ਤੇ ਘੜੀਸ ਵੀ ਨਹੀਂ ਉਕਰ ਸਕਿਆ। ਮਨ, ਰੂਹ ਅਤੇ ਆਤਮਾ ਵਿਚਲਤ ਹੋ ਉੱਠਦੇ ਹਨ ਕਿ ਇਹ ਭਾਰਤੀ ਬ੍ਰਾਹਮਣ ਸਰਵਉੱਚਤਾ ਕੁਲੀਨਤੰਤਰ ਦੀ ਕਿੱਡੀ ਸਦੀਵੀ ਕਲੰਕਿਤ ਭਰੀ ਸਾਜ਼ਿਸ਼ ਹੈ। ਇਹ ਜਮਾਤ ਆਪਣੇ ਵਿਸ਼ੇਸ਼ਾਧਿਕਾਰ ਲਗਾਤਾਰ ਭਾਰਤ ਅਤੇ ਹੁਣ ਵਿਦੇਸ਼ਾਂ ਵਿਚ ਲਾਗੂ ਕਰ ਰਹੀ। ਦੇਸ਼ ਅੰਦਰ ਜਿਵੇਂ ਰਾਜ, ਇਸ ਦੀਆਂ ਅਹਿਮ ਸੰਸਥਾਵਾਂ ਜਿਵੇਂ ਕਾਰਜਪਾਲਕਾ, ਵਿਧਾਨਪਾਲਕਾ, ਨਿਆਂਪਾਲਕਾ, ਮੀਡੀਆ, ਪ੍ਰਸਾਸ਼ਨ, ਰਾਜਨੀਤੀ ਅਤੇ ਸਮਾਜ ’ਤੇ ਇਸ ਦਾ ਪ੍ਰੱਭੂਤਵ ਕਾਇਮ ਹੈ, ਉਵੇਂ ਹੀ ਵਿਦੇਸ਼ਾਂ ਦੀ ਰਾਜਨੀਤੀ, ਰਾਜਤੰਤਰ, ਉਸਦੀਆਂ ਪ੍ਰਮੁੱਖ ਸੰਸਥਾਵਾਂ ਤੇ ਇਸ ਸਰਵਉੱਚਤਾਵਾਦੀ ਕੁਲੀਨਤੰਤਰ ਜਮਾਤ ਦਾ ਪ੍ਰਭਾਵ ਵੱਧ ਰਿਹਾ ਹੈ।
ਅਮਰੀਕਾ, ਕੈਨੇਡਾ, ਯੂ.ਕੇ., ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਤਾਕਤਵਰ ਪੱਛਮੀ ਦੇਸ਼ਾਂ ਦੇ ਸਿਖ਼ਰਲੇ ਰਾਜਨੀਤਕ, ਪ੍ਰਸਾਸ਼ਨਿਕ ਅਤੇ ਰਾਜਕੀ ਪਾਏਦਾਨਾਂ ਤੱਕ ਇੰਨ੍ਹਾ ਦੀ ਹੱਕ-ਰਸਾਈ ਕਾਇਮ ਹੈ। ਉਨ੍ਹਾਂ ਦੀ ਲੋਕਤੰਤਰ ਪ੍ਰਣਾਲੀ, ਰਾਜ ਅਤੇ ਪ੍ਰਸਾਸ਼ਨ ਇੰਨ੍ਹਾ ਨਾਲ ਦਸਤ-ਪੰਜਾ ਲਈ ਬੈਠਾ ਹੈ। ਭਾਰਤ ਅੰਦਰ ਬਾਬੂ ਕਾਸ਼ੀ ਰਾਮ ਵਲੋਂ ਗਠਤ ਡੀ.ਐਸ.ਫੋਰ ਸਮਾਜਿਕ ਅਤੇ ਬਹੁਜਨ ਸਮਾਜ ਪਾਰਟੀ ਰਾਜਨੀਤਕ ਵਿੰਗ ਜੋ ਯੂ.ਪੀ. ਵਿਚ ਕੁਮਾਰੀ ਮਾਇਆਵਤੀ ਦੀ ਅਗਵਾਈ ਵਿਚ ਚਾਰ ਵਾਰ ਸੱਤਾ ਵਿਚ ਰਿਹਾ, ਹੋਰ ਰਾਜ ਵਿਧਾਨ ਸਭਾਵਾਂ ਅਤੇ ਸੰਸਦ ਵਿਚ ਪ੍ਰਤੀਨਿਧਤਾ ਹਾਸਿਲ ਕਰਨ ਵਿਚ ਸਫਲ ਰਿਹਾ ਪਰ ਕਲੰਕਿਤ ਜਾਤੀਵਾਦੀ-ਪਰਿਵਾਦਵਾਦੀ ਵਰਣ ਵੰਡ ਦਾ ਕੁੱਝ ਨਾ ਵਿਗਾੜ ਸਕਿਆ, ਬਲਕਿ ਬ੍ਰਾਹਮਣਵਾਦ ਨਾਲ ਸਮਾਜਿਕ, ਰਾਜਨੀਤਕ, ਸਭਿਆਚਾਰਕ ਅਡਜੈਸਮੈਂਟ ਆਪਣੀ ਰਾਜਨੀਤਕ ਹੋਂਦ ਕਰਨ ਲਈ ਵਿਵਸ਼ ਵਿਖਾਈ ਦਿਤਾ।
ਅਮਰੀਕੀ ਬਲੈਕ ਪੈਂਥਰਜ਼ ਵਾਂਗ ਭਾਰਤ ਵਿਚ ਵੀ ਕਰੀਬ ਇੱਕ ਹਜ਼ਾਰ ਤੋਂ ਵੀ ਵੱਧ ਦਲਿਤ ਅਤੇ ਸੂਚੀ ਦਰਜ ਜਾਤੀਆਂ ਨੇ ‘ਦਲਿਤ ਪੈਂਥਰਜ਼’ ਸੰਸਥਾ ਸਥਾਪਿਤ ਕੀਤੀ । ਪਰ ਜਿਵੇਂ ਅਮਰੀਕਾ ਵਿਚ ‘ਬਲੈਕ ਪੈਂਥਰਜ਼’ ਨਾਕਾਮ ਸਿੱਧ ਹੋਏ ਉਵੇਂ ਹੀ ਭਾਰਤ ਵਿਚ ਦਲਿਤ ਪੈਂਥਰਜ਼। ਨਾ ਵਿੱਦਿਆ, ਨਾ ਭਾਰਤੀ ਸੰਵਿਧਾਨ ਅਨੁਸਾਰ ਰਾਖਵਾਂਕਰਨ, ਨਾ ਹੀ ਦਲਿਤ ਬਹੁਜਨ ਸਮਾਜ ਅਧਾਰਿਤ ਰਾਜਨੀਤਕ ਸੰਸਥਾਵਾਂ ਦੇਸ਼-ਵਿਦੇਸ਼ ਅੰਦਰ ਇਸ ਵਰਗ ਨੂੰ ਸਮਾਜਿਕ ਬਰਾਬਰੀ, ਆਰਥਿਕ ਸੁਰਖਿਆ ਅਤੇ ਇਨਸਾਫ ਦੁਆ ਸਕੇ ਹਨ।
ਦਲਿਤ, ਸੂਚੀ ਦਰਜ ਜਾਤਾਂ ਅਤੇ ਕਬਾਇਲੀਆਂ ਦੇ ਕਈ ਪਿੰਡਾਂ, ਕਸਬਿਆਂ ਅਤੇ ਬਸਤੀਆਂ ਵਿਚ ਵੱਖਰੇ ਘਰ, ਰਸਤੇ, ਸਕੂਲਾਂ ਵਿਚ ਵੱਖਰੇ ਟਾਟ ਜਾਂ ਡੈਸਕ, ਵੱਖਰਾ ਪਾਣੀ ਅਤੇ ਬਰਤਨ, ਉੱਚ ਜਾਤੀ ਖੂਹਾਂ ’ਤੇ ਚੜ੍ਹਨ ਅਤੇ ਮੰਦਰਾਂ ਵਿਚ ਜਾਣ ’ਤੇ ਮਨਾਹੀ ਜਾਰੀ ਹੈ। ਸੰਵਿਧਾਨਕ ਪ੍ਰਕ੍ਰਿਆ ਤਹਿਤ ਉਹ ਪਿੰਡ ਦੇ ਸਰਪੰਚ, ਮਿਊਂਸਪਲ ਕਮੇਟੀਆਂ ਦੇ ਪ੍ਰਧਾਨ ਚੁਣੇ ਜਾਂਦੇ ਹਨ ਪਰ ਪ੍ਰਸਾਸ਼ਨ ਚਲਾਉਣ ਅਤੇ ਨਿਰਣੇ ਲੈਣ ਦਾ ਅਧਿਕਾਰ ਉੱਚ ਜਾਤਾਂ ਦੇ ਮੈਂਬਰ ਉਨ੍ਹਾ ਤੋਂ ਖੋਹ ਲੈਂਦੇ ਹਨ। ਭਾਰਤੀ ਸੰਵਿਧਾਨ, ਰਾਜ, ਲੋਕਤੰਤਰੀ ਸੰਸਥਾਵਾਂ ਮੂਕ ਦਰਸ਼ਕ ਬਣੀਆਂ ਤੱਕਦੀਆਂ ਰਹਿੰਦੀਆਂ ਹਨ।
ਕਿੰਨਾ ਸ਼ੈਤਾਨ, ਪ੍ਰਭਾਵਸ਼ਾਲੀ ਤੇ ਕਪਟੀ ਹੈ ਇਹ ਸਰਵਉੱਚਵਾਦੀ ਬ੍ਰਾਹਮਣਵਾਦ, ਜਾਤੀਵਾਦ ਅਤੇ ਇੰਨ੍ਹਾ ਦਾ ਧੌਂਸਵਾਦ ਕਿ ਵਿਦੇਸ਼ਾਂ ਵਿਚ ਵੀ ਇਹ ਨਫਰਤ, ਵਿਰੋਧ, ਕੁਲੀਨਤੰਤਰ ਸਥਾਪਨਾ ਲਈ ਫੌਲਾਦ ਅਤੇ ਬੁਲੇਟ ਪਰੂਫ ਕੰਧਾਂ ਉਸਾਰ ਰਿਹਾ ਹੈ। ਭਾਰਤੀ ਸਭਿਆਚਾਰ ਹੀ ਨਹੀਂ ਵਿਦੇਸ਼ੀ ਸਭਿਆਚਾਰ, ਸੰਗੀਤ, ਭਾਸ਼ਾ, ਨਾਟਸ਼ਾਲਾ, ਫਿਲਮਸਤਾਨ ਅਤੇ ਨਿੱਤ-ਪ੍ਰਤੀ ਸਮਾਜਿਕ ਵਰਤਾਰੇ ਤੇ ਪ੍ਰਭਾਵਸ਼ਾਲੀ ਬਣਿਆ ਪਿਆ ਹੈ। ਯੋਗ ਵਿੱਦਿਆ, ਯੋਗ ਅਭਿਆਸ, ਖਾਣ-ਪੀਣ ਦੇ ਸਿਸਟਮ ’ਤੇ ਜਕੜ ਮਾਰ ਰਿਹਾ ਹੈ।
ਹਸਤਰੇਖਾ, ਜਨਮ ਪੱਤਰੀ, ਜਨਮ ਕੁੰਡਲੀ, ਮਸਤਕ ਰੇਖਾ, ਕਾਲਾ ਜਾਦੂ, ਟੂਣੇ-ਟਾਮਣਿਆਂ ਦੇ ਆਲੀਸ਼ਾਨ ਦਫਤਰ ਖੋਲੀ ਬੈਠਾ ਹੈ। ਗੋਰੇ, ਕਾਲੇ, ਸਥਾਨਿਕ, ਹਿਸਪੈਨਿਕ ਅਤੇ ਹੋਰ ਰੰਗਾਂ, ਜਾਤਾਂ, ਮਜ਼ਹਬਾਂ, ਇਲਾਕਿਆਂ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਭਾਰਤ ਵਾਂਗ ਦੁਕਾਨਦਾਰੀ ਸਥਾਪਿਤ ਕਰ ਚੁੱਕਾ ਹੈ। ਹਿੰਦੂ ਧਰਮ ਤੋਂ ਇਲਾਵਾ ਸਿੱਖ, ਬੋਧ, ਜੈਨ, ਈਸਾਈ, ਮੁਸਲਿਮ, ਯਹੂਦੀ ਆਦਿ ’ਤੇ ਵੀ ਪ੍ਰਭਾਵ ਬਣਾਈ ਬੈਠਾ ਹੈ। ਵੱਖ-ਵੱਖ ਜਾਤਾਂ, ਬਿਰਾਦਰੀਆਂ ਦੇ ਮੰਦਰ, ਗੁਰਦਵਾਰੇ ਅਤੇ ਚਰਚ ਉਸਰੇ ਪਏ ਹਨ। ਦੂਸਰੇ ਧਰਮਾਂ, ਮਜ਼ਹਬਾਂ, ਜ਼ਾਤਾਂ, ਬਿਰਾਦਰੀਆਂ ਵਿਚ ਵੰਡ ਇਸ ਨੂੰ ਰਾਸ ਆਉਂਦੀ ਹੈ
ਦਲਿਤ, ਸੂਚੀਦਰਜ, ਪੱਛੜਾ ਸਮਾਜ ਸਮਝਦਾ ਸੀ ਕਿ ਸ਼ਾਇਦ ਵਿਦੇਸ਼ਾਂ ਵਿਚ ਜਾ ਕੇ ਉੰਨ੍ਹਾ ਨੂੰ ਇਸ ਕਲੰਕ ਤੋਂ ਛੁਟਕਾਰਾ ਮਿਲ ਜਾਵੇਗਾ। ਜਦੋਂ ਨੌਜਵਾਨ ਲੜਕੇ-ਲੜਕੀਆਂ ਇਕੱਠੇ ਰਹਿੰਦਿਆਂ ਨੂੰ ਪਤਾ ਚਲਾ ਜਾਵੇ ਕਿ ਫਲਾਣਾ ਲੜਕਾ ਜਾਂ ਲੜਕੀ ਜਾਂ ਪਰਿਵਾਰ ਨੀਚ ਜਾਤਾਂ ਨਾਲ ਸਬੰਧਿਤ ਹਨ ਤਾਂ ਨਾ ਸਿਰਫ ਉਹ ਉਨ੍ਹਾਂ ਤੋਂ ਕਿਨਾਰਾ ਕਰ ਲੈਂਦੇ ਹਨ ਬਲਕਿ ਖੂਬ ਛੱਜ ਪਾ ਕੇ ਸਮਾਜ ਵਿਚ ਛੱਟਦੇ ਹਨ, ਬਦਨਾਮ ਕਰਦੇ ਹਨ। ਉਨ੍ਹਾਂ ਨਾਲ ਸਮਾਜਿਕ ਅਤੇ ਭਾਈਚਾਰਕ ਸਾਂਝ ਸਥਾਪਿਤ ਕਰ ਦਿੰਦੇ ਹਨ। ਅੰਦਰਜਾਤੀ ਸ਼ਾਦੀਆਂ, ਰਿਸ਼ਤੇ, ਭਾਈਚਾਰਕ ਸਾਂਝ ਦਾ ਭਾਰਤ ਵਾਂਗ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਕਿਧਰੇ ਐਸਾ ਅੰਤਰ-ਜਾਤੀ ਸਬੰਧ ਦਲਿਤ ਅਤੇ ਸੂਚੀ ਦਰਜ ਜਾਤ ਨਾਲ ਵੀ ਹੋ ਜਾਵੇ ਤਾਂ ਸਮਾਜਿਕ ਬਾਈਕਾਟ ਅਤੇ ਨਫ਼ਰਤ ਸ਼ੁਰੂ ਹੋ ਜਾਂਦੀ ਹੈ।
ਇਸ ਸਮਾਜਿਕ ਜਾਤੀਵਾਦੀ ਕੱਟੜਤਾ ਕਰਕੇ ਪੱਛਮ ਦਾ ਚਰਚ ਵੀ ਪ੍ਰਭਾਵਿਤ ਵਿਖਾਈ ਦਿੰਦਾ ਹੈ। ਅੰਗਰੇਜ਼ ਅਤੇ ਗੋਰੇ ਜਿਵੇਂ ਬ੍ਰਿਟਿਸ਼ ਰਾਜ ਵੇਲੇ ਭਾਰਤੀਆਂ ਨਾਲ ਨਫ਼ਰਤ ਕਰਦੇ ਸਨ ਉਵੇਂ ਚਰਚ ਵਰਤਾਰਾ ਕਰ ਰਿਹਾ। ਈਸਾਈ ਬਦੇਸ਼ੀਆਂ ਨੂੰ ਚਰਚ ਵਿਚ ਕਰਾਸ ਧਾਰਮਿਕ ਚਿੰਨ੍ਹ ਵਾਂਗ ਵੰਡ ਕੇ ਉਨ੍ਹਾਂ ਦਾ ਮੀਟਿੰਗ ਸਿਸਟਮ ਬਦਲ ਦਿਤਾ ਜਾਂਦਾ ਹੈ। ਜਾਤੀ ਤੇ ਸਮਾਜਿਕ ਸਟੇਟਸ ਦੇ ਅਧਾਰ ਤੇ ਚਰਚ ਵਿਚ ਸੀਟ ਵੰਡ ਵੇਖੀ ਜਾ ਸਕਦੀ ਹੈ। ਲੋਕ ਈਸਾਈ ਧਰਮ ਇਸ ਕਰਕੇ ਅਪਣਾਉਂਦੇ ਵੇਖੇ ਗਏ ਦਲਿਤ, ਪੱਛੜਿਆ, ਕਬਾਇਲੀਆਂ ਅਤੇ ਸੂਚੀਦਰਜ ਜਾਤਾਂ ਵਿਚੋਂ ਕਿਉਂਕਿ ਉੱਥੇ ਵਰਣ ਵੰਡ ਦਾ ਕੋਈ ਥਾਂ ਨਹੀਂ।
ਪਰ ਇਹ ਸਿਰਫ ਪਾਦਰੀਵਾਦੀ ਤਲਿੱਸਮ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂ.ਕੇ. ਅਤੇ ਹੋਰ ਦੇਸ਼ਾਂ ਵਿਚ ਗੋਰਿਆਂ ਵਿਚ ਕੁਲੀਤੰਤਰੀ ਵਰਗਵਾਦ, ਸਮਾਜਿਕ ਵੰਡ ਵੇਖਣ ਨੂੰ ਮਿਲਦੀ ਹੈ। ਬ੍ਰਿਟੇਨ ਦਾ ਸ਼ਾਹੀ ਪਰਿਵਾਰ ਪ੍ਰਿੰਸ ਹੈਰੀ ਵੱਲੋਂ ਰਾਜਸ਼ਾਹ ਉੱਚ ਵਰਗ ਤੋਂ ਬਾਹਰ ਸ਼ਵੇਤ ਔਰਤ ਮੇਗਨ ਮਰਕਲ ਨਾਲ ਸ਼ਾਦੀ ਕਰਕੇ ਟੁੱਟ ਰਿਹਾ ਹੈ। ਕੈਥੋਲਿਕਾਂ ਵੱਲੋਂ ਕੈਨੇਡਾ ਦੇ ਸਥਾਨਿਕ ਲੋਕਾਂ ਤੇ ਜ਼ੁਲਮ, ਔਰਤਾਂ ਨੂੰ ਗਾਇਬ ਕਰਨਾ, ਸਕੂਲਾਂ ਵਿਚ ਬੱਚਿਆਂ ਦੀਆਂ ਕਬਰਾਂ ਮਿਲਣ ਦੀ ਦਰਦਨਾਕ ਦਾਸਤਾਨ ਸਮਾਜਿਕ, ਧਾਰਮਿਕ, ਭਾਈਚਾਰਕ, ਜਾਤੀਵਾਦੀ ਨਫ਼ਰਤ ਦੀ ਚਰਮ ਸੀਮਾ ਸੀ। ਇਸੇ ਕਰਕੇ ਪਿਛਲੇ ਸਾਲ ਪੋਪ ਨੇ ਉਨ੍ਹਾਂ ਤੋਂ ਮੁਆਫੀ ਮੰਗੀ। ਜਿਵੇਂ ਚਰਚ ਭਾਰਤ ਵਿਚ ਜਾਤੀ ਅਧਾਰਿਤ ਵੰਡਿਆ ਪਿਆ ਹੈ, ਇਵੇਂ ਹੀ ਵਿਦੇਸ਼ਾਂ ਵਿਚ ਵੰਡਿਆ ਪਿਆ ਹੈ।
ਸਰਵਉੱਚਵਾਦੀ ਕੁਲੀਨਤੰਤਰੀ ਬ੍ਰਾਹਮਣਵਾਦ ਅਤੇ ਉੱਚ ਜਾਤੀਵਾਦ ਏਨਾ ਘਟੀਆ, ਖੋਖਲਾ ਅਤੇ ਸ਼ਰਮਨਾਕ ਹੈ ਕਿ ਜਦੋਂ ਕਣਕ, ਚਾਵਲ, ਆਟਾ, ਦਾਲਾਂ, ਸਬਜ਼ੀਆਂ, ਘਿਉ, ਦੁੱਧ, ਪਨੀਰ, ਕੱਪੜਾ, ਜੁੱਤੇ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ, ਪੂਜਾ ਸਮੱਗਰੀ ਦਲਿਤਾਂ, ਪੱਛੜਿਆਂ ਕਬਾਈਲੀਆਂ, ਸੂਚੀ ਦਰਜ ਜਾਤੀਆਂ ਦੇ ਹੱਥਾਂ ਨਾਲ ਤਿਆਰ ਕਰਨ ਬਾਅਦ ਬ੍ਰਾਹਮਣਾਂ ਦੇ ਸਰੀਰਾਂ, ਘਰਾਂ, ਪੂਜਾ ਸਥਾਨਾਂ ਦਾ ਸ਼ਿੰਗਾਰ ਬਣਦੀਆਂ, ਉਦੋਂ ਇਹ ਉੱਚ ਜਾਤੀਵਾਦ, ਕੁਲੀਨਤੰਤਰਵਾਦ, ਪੁਜਾਰੀਵਾਦ ਭਿੱਟਿਆ ਨਹੀਂ ਜਾਂਦਾ।
ਜਦੋਂ ਇੰਨ੍ਹਾ ਵੱਡਾ ਦਲਿਤ ਧੀਆਂ-ਭੈਣਾਂ-ਮਾਵਾਂ ਦੀਆਂ ਇੱਜ਼ਤਾਂ ਨਾਲ ਘਰਾਂ, ਦਫਤਰਾਂ, ਮੰਦਰਾਂ, ਰੈਸਟ ਹਾਊਸਾਂ ਵਿਚ ਖਿਲਵਾੜ ਕੀਤਾ ਜਾਂਦਾ ਹੈ, ਜਦੋਂ ਵੋਟਾਂ ਖ਼ਾਤਰ ਉਨਾਂ ਦੇ ਚੁੱਲ੍ਹਿਆ ’ਤੇ ਚੜ੍ਹੇ ਦੇਗਚਿਆਂ ਵਿਚੋਂ ਦਾਲ-ਰੋਟੀ ਖਾਣ ਦਾ ਵਿਖਾਵਾ ਕੀਤਾ ਜਾਂਦਾ ਹੈ, ਉਦੋਂ ਛੂਤਛਾਤ ਛੂਹ ਮੰਤਰ ਕਿਉਂ ਹੋ ਜਾਂਦੀ ਹੈ? ਲੇਕਿਨ ਚੋਣਾਂ ਬਾਅਦ ਵੱਖਰੇ ਵਟਸਐਪ ਗਰੁੱਪ ਉਜਾਗਰ ਹੋ ਜਾਂਦੇ ਹਨ। ਬਦੇਸ਼ਾਂ ਵਿਚ ਜਾਤੀਵਾਦੀ ਵਟਸਐਪ ਗਰੁੱਪ ਵੱਡੇ ਪੱਧਰ ’ਤੇ ਬਣੇ ਹੋਏ ਹਨ। ਭੀੜ ਪੈਣ ’ਤੇ ਪਲਾਂ ਵਿਚ ਇਕੱਠੇ ਹੋ ਜਾਂਦੇ ਹਨ ਆਪਣੀ ਜਾਤ ਦੇ ਮੁੰਡੇ, ਕੁੜੀ ਜਾਂ ਵਿਅਕਤੀ ਨੂੰ ਬਚਾਉਣ ਲਈ। ਹਾਲਾਤ ਇਹ ਹਨ ਕਿ ਭਾਰਤ ਅੰਦਰ ਸੰਨ 2018 ਤੋਂ 2021 ਤੱਕ ਰਾਸ਼ਟਰੀ ਅਪਰਾਧ ਰਿਕਾਰਡਜ਼ ਬਿਉਰੋ ਅਨੁਸਾਰ ਦਲਿਤ ਨੂੰ ਸ਼ਿਕਾਰ ਬਣਾਉਣ ਵਾਲੇ ਅਪਰਾਧਾਂ ਦੇ ਇਕ ਲੱਖ,89 ਹਜ਼ਾਰ ਕੇਸ ਦਰਜ ਹੋਏ। ਰੋਜ਼ਾਨਾ 10 ਦਲਿਤ ਔਰਤਾਂ ਰੇਪ ਦਾ ਸ਼ਿਕਾਰ ਹੁੰਦੀਆਂ ਹਨ।
ਭਾਰਤੀਅਤਾ, ਭਾਰਤੀ ਧਰਮਾਂ, ਭਾਈਚਾਰਿਆਂ, ਸਭਿਅਤਾ ਤੇ ਕਿੱਡਾ ਵੱਡਾ ਸ਼ਰਮਨਾਕ ਅਭਿਸ਼ਾਪ ਹੈ ਕਿ ਉੱਚ ਵਰਗ ਵਿਚ ਜਨਮ ਲੈਣ ਵਾਲੇ ਬੱਚਿਆਂ ਦੀ ‘ਜਮਾਂਦਰੂ ਲਾਟਰੀ’ ਨਿਕਲ ਆਉਂਦੀ ਹੈ ਉਮਰ ਭਰ ਕੁਲੀਨਵਾਦੀ ਵਿਸੇਸ਼ਾਧਿਕਾਰ ਦੀ ਜਦ ਕਿ ਦਲਿਤ, ਸੂਚੀ ਦਰਜ ਜਾਤਾਂ ਪੱਛੜਿਆਂ ਦੇ ਘਰੀਂ ਜੰਮਣ ਨਾਲ ‘ਜਮਾਂਦਰੂ ਸਰਾਪ’ ਲੱਗ ਜਾਂਦਾ ਹੈ ਜੋ ਉਸ ਦਾ ਜੀਵਨ ਭਰ ਹੀ ਨਹੀਂ ਪੀੜ੍ਹੀ ਦਰ ਪੀੜ੍ਹੀ ਪਿੱਛਾ ਨਹੀਂ ਛੱਡਦਾ। ਕਿਸ ਸੰਵਿਧਾਨ ਅਤੇ ਕਿਸ ਨਿਜ਼ਾਮ ਦੀ ਉਡੀਕ ਹੋਰ ਕਿੰਨੀਆਂ ਸਦੀਆਂ ਕੀਤੀ ਜਾਏ ਜੋ ਇਸ ਵਰਣ ਵੰਡ ਸਰਾਪ ਨੂੰ ਸਦੀਵੀ ਤੌਰ ’ਤੇ ਨੇਸਤ-ਏ-ਨਾਬੂਦ ਕਰ ਦੇਵੇ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
ਕਿੰਗਸਟਨ-ਕੈਨੇਡਾ 12898292929