
ਪੂਰੇ ਸਾਲ ਵਿਚੋਂ ਅਗੱਸਤ ਦਾ ਮਹੀਨਾ ਹੀ ਇਕ ਅਜਿਹਾ ਮਹੀਨਾ ਹੈ ਜੋ ਮੇਰੇ ਲਈ ਕਿਸਮਤ ਵਾਲਾ ਸਾਬਤ ਹੋਇਆ ਹੈ। ਇਹ ਇਸ ਕਰ ਕੇ ਕਿ ਇਸ ਮਹੀਨੇ ਵਿਚ ਮੇਰਾ ਜਨਮ ਹੋਇਆ।
ਪੂਰੇ ਸਾਲ ਵਿਚੋਂ ਅਗੱਸਤ ਦਾ ਮਹੀਨਾ ਹੀ ਇਕ ਅਜਿਹਾ ਮਹੀਨਾ ਹੈ ਜੋ ਮੇਰੇ ਲਈ ਕਿਸਮਤ ਵਾਲਾ ਸਾਬਤ ਹੋਇਆ ਹੈ। ਇਹ ਇਸ ਕਰ ਕੇ ਕਿ ਇਸ ਮਹੀਨੇ ਵਿਚ ਮੇਰਾ ਜਨਮ ਹੋਇਆ। ਫਿਰ ਇਸੇ ਮਹੀਨੇ ਵਿਆਹ ਦੇ ਬੰਧਨ ਵਿਚ ਬੰਨ੍ਹੇ ਗਏ। ਇਸੇ ਮਹੀਨੇ ਮੇਰੀ ਸਰਕਾਰੀ ਨੌਕਰੀ ਦੀ ਸ਼ੁਰੂਆਤ ਹੋਈ। ਇਹ ਮਹੀਨਾ ਮੈਨੂੰ ਮੇਰੇ ਰਿਸ਼ਤੇਦਾਰਾਂ ਨਾਲ ਜੋੜਦਾ ਹੈ। ਜਨਮਦਿਨ ਮੁਬਾਰਕ, ਸ਼ਾਦੀ ਮੁਬਾਰਕ ਆਦਿ ਵਧਾਈਆਂ ਦੇ ਗੱਫ਼ਿਆਂ ਨਾਲ ਝੋਲੀ ਭਰਦਾ, ਯਾਦ ਤਾਂ ਰਹਿੰਦਾ ਹੀ ਹੈ। ਬਚਪਨ ਦੀ ਇਕ ਪਿਆਰੀ ਯਾਦ ਵੀ ਅਗੱਸਤ ਮਹੀਨੇ ਨਾਲ ਜੁੜੀ ਹੋਈ ਹੈ। ਉਹ ਹੈ ਮੇਰਾ ਪਹਿਲਾ ਇਨਾਮ ਜੋ ਪੰਦਰਾਂ ਅਗੱਸਤ ਵਾਲੇ ਦਿਨ ਇਕ ਕਵਿਤਾ ਸੁਣਾ ਕੇ ਪ੍ਰਾਪਤ ਕੀਤਾ ਸੀ।
ਮੈਂ ਜਦ ਛੇਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਸਾਡੇ ਪੀ.ਟੀ. ਮਾਸਟਰ ਹੁੰਦੇ ਸਨ ਸ. ਅੱਛਰ ਸਿੰਘ ਜੀ। ਉਨ੍ਹਾਂ ਜਮਾਤ ਵਿਚ ਆ ਕੇ ਕਿਹਾ, ''ਜੇ ਕਿਸੇ ਨੇ ਪੰਦਰਾਂ ਅਗੱਸਤ ਵਾਲੇ ਦਿਨ ਦੇ ਸਮਾਗਮ ਲਈ ਕੋਈ ਕਵਿਤਾ ਜਾਂ ਗੀਤ ਸੁਣਾਉਣਾ ਹੈ, ਮੈਨੂੰ ਅਪਣਾ ਨਾਂ ਲਿਖਾ ਦੇਣਾ।'' ਮੈਂ ਅਤੇ ਇਕ ਹੋਰ ਕੁੜੀ ਨੇ ਅਪਣੇ ਨਾਂ ਲਿਖਾ ਦਿਤੇ। ਉਨ੍ਹਾਂ ਕਿਹਾ ਕਿ ਕਵਿਤਾ ਜ਼ੁਬਾਨੀ ਯਾਦ ਹੋਵੇ ਤਾਂ ਚੰਗਾ ਲੱਗੇਗਾ। ਬਸ ਫਿਰ ਅਸੀ ਦੋਹਾਂ ਨੇ ਕਵਿਤਾਵਾਂ ਯਾਦ ਕੀਤੀਆਂ। ਜਮਾਤ ਵਿਚ ਸੁਣਾਈਆਂ। ਪ੍ਰਾਰਥਨਾ ਵਿਚ ਸੁਣਾਈਆਂ। ਸਾਡਾ ਹੌਸਲਾ ਵੱਧ ਗਿਆ। ਹੁਣ ਤਾਂ ਸਮਾਗਮ ਵਾਲੇ ਦਿਨ ਦੀ ਉਡੀਕ ਸੀ। ਚਾਅ ਚੜ੍ਹਿਆ ਰਹਿੰਦਾ, ਪਰ ਥੋੜ੍ਹਾ ਥੋੜ੍ਹਾ ਡਰ ਵੀ ਸੀ।
ਪੰਦਰਾਂ ਅਗੱਸਤ ਆਜ਼ਾਦੀ ਦਿਵਸ ਆਇਆ। ਸੂਰਜ ਦੇਵਤਾ ਦੀ ਸਵਾਰੀ ਆਉਣ ਤੋਂ ਪਹਿਲਾਂ ਮੈਂ ਨਹਾ ਕੇ ਤਿਆਰ ਹੋ ਗਈ। ਵੱਡੇ ਦੀਦੀ ਨੇ ਵਧੀਆ ਦੋ ਗੁੱਤਾਂ ਗੁੰਦੀਆਂ। ਖ਼ੁਸ਼ੀ ਖ਼ੁਸ਼ੀ ਸਕੂਲ ਪਹੁੰਚ ਗਈ। ਪੀ.ਟੀ. ਮਾਸਟਰ ਨੇ ਸਾਰੀਆਂ ਕੁੜੀਆਂ ਦੀਆਂ ਕਤਾਰਾਂ ਬਣਵਾ ਕੇ ਸਟੇਡੀਅਮ ਵਲ ਤੋਰ ਦਿਤਾ। ਉਥੇ ਪਹੁੰਚੇ। ਕਈ ਸਕੂਲਾਂ ਦੇ ਬੱਚੇ ਆਏ ਹੋਏ ਸਨ। ਸਾਨੂੰ ਸਾਰੀਆਂ ਨੂੰ ਮੈਦਾਨ ਵਿਚ ਬਿਠਾ ਦਿਤਾ। ਮਾਰਚ-ਪਾਸਟ ਹੋਇਆ। ਸਲਾਮੀ ਦੀ ਰਸਮ ਹੋਈ। ਸਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਗਿਆ। ਮਨ ਵਿਚ ਇਕ ਡਰ ਵੀ ਸੀ ਕਿ ਕਿਤੇ ਲੱਤਾਂ ਨਾ ਕੰਬਣ ਲੱਗ ਜਾਣ। ਪਰ ਮੇਰੀ ਵਾਰੀ ਕਈ ਬੱਚਿਆਂ ਮਗਰੋਂ ਆਈ। ਉਨ੍ਹਾਂ ਨੂੰ ਵੇਖ ਵੇਖ ਕੇ ਮੇਰਾ ਹੌਸਲਾ ਵਧਦਾ ਰਿਹਾ। ਹਰ ਬੱਚਾ ਜਿਸ ਦਾ ਨਾਂ ਬੋਲਿਆ ਜਾਂਦਾ ਉਹ ਅਪਣੀ ਪੇਸ਼ਕਾਰੀ ਦਿੰਦਾ ਅਤੇ ਆ ਕੇ ਅਪਣੀ ਸੀਟ ਉਤੇ ਬੈਠ ਜਾਂਦਾ। ਮੇਰਾ ਨਾਂ ਬੋਲਿਆ ਗਿਆ। ਹੌਸਲਾ ਜੁਟਾ ਕੇ ਉੱਠੀ ਤੇ ਸਟੇਜ ਉਤੇ ਜਾ ਕੇ ਤਿਰੰਗੇ ਦੀ ਕਵਿਤਾ ਸੁਣਾਈ। ਆ ਕੇ ਸੀਟ ਉਤੇ ਬੈਠ ਗਈ। ਬਹੁਤ ਖ਼ੁਸ਼ ਸੀ। ਕੁੱਝ ਸਮੇਂ ਬਾਅਦ ਸਮਾਗਮ ਖ਼ਤਮ ਹੋ ਗਿਆ। ਹੁਣ ਇਨਾਮ ਵੰਡਣ ਦੀ ਵਾਰੀ ਆਈ। ਹਿੱਸਾ ਲੈਣ ਵਾਲੇ ਬੱਚਿਆਂ ਨੂੰ ਮੂਹਰਲੀ ਕਤਾਰ ਵਿਚ ਬਿਠਾ ਲਿਆ ਗਿਆ। ਜਿਸ ਬੱਚੇ ਦਾ ਨਾਂ ਬੋਲਿਆ ਜਾਂਦਾ ਉਹ ਇਨਾਮ ਫੜ ਕੇ ਅਪਣੀ ਥਾਂ ਤੇ ਆ ਬੈਠਦਾ। ਮੇਰਾ ਨਾਂ ਬੋਲਿਆ ਤਾਂ ਮੈਂ ਵੀ ਇਕ ਕੱਪ ਪਲੇਟ ਲੈ ਕੇ ਆਈ। ਕੋਈ ਪੈਕਿੰਗ ਨਹੀਂ ਸੀ। ਦੋਹਾਂ ਨੂੰ ਧਿਆਨ ਨਾਲ ਦੋਹਾਂ ਹੱਥਾਂ ਵਿਚ ਫੜ ਕੇ ਰਖਿਆ। ਏਨੇ ਨੂੰ ਲੱਡੂ ਵੰਡਣੇ ਸ਼ੁਰੂ ਹੋਏ। ਅਸੀ ਪਲੇਟਾਂ ਵਿਚ ਰੱਖ ਕੇ ਮਜ਼ੇ ਨਾਲ ਲੱਡੂ ਖਾਧੇ। ਬੜਾ ਹੀ ਮਜ਼ਾ ਆਇਆ।
ਚੀਨੀ ਦਾ ਬਣਿਆ ਕੱਪ-ਪਲੇਟ ਰੰਗ-ਬਿਰੰਗਾ ਬਹੁਤ ਹੀ ਪਿਆਰਾ ਅਤੇ ਸੋਹਣਾ ਸੀ। ਸਟੇਡੀਅਮ ਤੋਂ ਸਾਡਾ ਘਰ ਇਕ ਕਿਲੋਮੀਟਰ ਦੂਰ ਸੀ। ਦੋਹਾਂ ਨੂੰ ਇਕ ਇਕ ਹੱਥ ਵਿਚ ਫੜ ਕੇ ਭੀੜ ਤੋਂ ਬਚਦੀ-ਬਚਾਉਂਦੀ ਮਸਾਂ ਘਰ ਪੁੱਜੀ। ਪੂਰਾ ਪ੍ਰਵਾਰ ਮੇਰਾ ਇਨਾਮ ਵੇਖ ਕੇ ਬੜਾ ਖ਼ੁਸ਼ ਹੋਇਆ। ਸੱਭ ਨੇ ਵਾਰੋ-ਵਾਰੀ ਫੜ ਕੇ ਵੇਖਿਆ ਅਤੇ ਤਾਰੀਫ਼ ਕੀਤੀ। ਪਿਤਾ ਜੀ ਨੂੰ ਵਿਖਾਇਆ ਤਾਂ ਉਨ੍ਹਾਂ ਕਿਹਾ ਕਿ ਪੜ੍ਹਾਈ ਵਲ ਧਿਆਨ ਦਿਉ।
ਮੈਨੂੰ ਜਿਥੋਂ ਤਕ ਯਾਦ ਹੈ ਕੁੱਝ ਮਹੀਨੇ ਤਾਂ ਉਹ ਕਾਰਨਸ ਤੇ ਪਿਆ ਰਿਹਾ। ਜਿਸ ਨੇ ਘਰ ਆਉਣਾ ਮੇਰੇ ਬੀਜੀ ਨੇ ਕਹਿਣਾ, ''ਆਹ ਗੁੱਡੀ ਲੈ ਕੇ ਆਈ ਹੈ ਕਵਿਤਾ ਸੁਣਾ ਕੇ।' ਘਰ ਦਾ ਮੇਰਾ ਨਾਂ ਗੁੱਡੀ ਹੈ।
ਸੋ ਅਗੱਸਤ ਮਹੀਨਾ ਮੇਰੇ ਲਈ ਇਸੇ ਕਰ ਕੇ ਹੀ ਬੜਾ ਮਹੱਤਵਪੂਰਨ ਹੈ ਜਿਸ ਵਿਚ ਜ਼ਿੰਦਗੀ ਦੀਆਂ ਯਾਦ ਰੱਖਣਯੋਗ ਘਟਨਾਵਾਂ ਵਾਪਰੀਆਂ। ਉਂਜ ਤਾਂ ਉਸ ਤੋਂ ਬਾਅਦ ਕਈ ਇਨਾਮ-ਸਨਮਾਨ ਮਿਲੇ ਪਰ ਉਹ ਰੰਗ-ਬਿਰੰਗਾ ਕੱਪ-ਪਲੇਟ ਜ਼ਿਹਨ ਵਿਚ ਵਸਿਆ ਹੋਇਆ ਹੈ। ਜਦੋਂ ਆਜ਼ਾਦੀ ਦਿਹਾੜਾ ਆਉਂਦਾ ਹੈ ਤਾਂ ਸਟੇਡੀਅਮ ਤੋਂ ਘਰ ਤਕ ਇਨਾਮ ਫੜ ਕੇ ਭੱਜੀ ਆਉਣ ਦਾ ਜੋਖਮ ਭਰਿਆ ਕੰਮ ਚੇਤੇ ਆ ਜਾਂਦਾ ਹੈ। ਸੋ ਚੇਤੇ ਕਰ ਕੇ ਸਕੂਨ ਤਾਂ ਮਿਲਦਾ ਹੀ ਹੈ। ਸੰਪਰਕ : 82840-20628