
ਫ਼ਰਜ਼ੰਦ ਅਲੀ ਦਾ ਅਜੇ ਪਹਿਲਾਂ ਫੱਟ ਨਹੀਂ ਸੀ ਭਰਿਆ ਕਿ ਦੂਜੀ ਭੈਣ ਦਾ ਸ਼ਰੀਕਾ ਜਾਗਿਆ। ਉਸ ਨੂੰ ਪੁਰਾਣੀ ਖੁੰਦਕ ਸੀ ਕਿ ਮੇਰੀ ਵੱਡੀ ਭੈਣ ਨੇ ਪਿੰਡ ਵਿਚ ਬੱਲੇ ਬੱਲੇ ਕਰਵਾ...
ਫ਼ਰਜ਼ੰਦ ਅਲੀ ਦਾ ਅਜੇ ਪਹਿਲਾਂ ਫੱਟ ਨਹੀਂ ਸੀ ਭਰਿਆ ਕਿ ਦੂਜੀ ਭੈਣ ਦਾ ਸ਼ਰੀਕਾ ਜਾਗਿਆ। ਉਸ ਨੂੰ ਪੁਰਾਣੀ ਖੁੰਦਕ ਸੀ ਕਿ ਮੇਰੀ ਵੱਡੀ ਭੈਣ ਨੇ ਪਿੰਡ ਵਿਚ ਬੱਲੇ ਬੱਲੇ ਕਰਵਾ ਲਈ ਸੀ। ਉਹਨੇ ਵੇਖਿਆ ਕਿ ਫ਼ਰਜ਼ੰਦ ਅਲੀ ਵਾਲੀ ਬਾਰਾਂ ਟਹਿਣੀ ਦਾ ਘੁਰਾ ਖ਼ਾਲੀ ਹੋ ਗਿਆ ਏ। ਉਸ ਨੇ ਪਾਕਿਸਤਾਨ ਜਾ ਕੇ ਅਪਣੀ ਕੋਈ ਸਾਂਝ ਤੋਰੀ ਅਤੇ ਅਪਣੀ ਮਰਜ਼ੀ ਦੀ ਟਹਿਣੀ ਟੋਲ ਕੇ ਫ਼ਰਜ਼ੰਦ ਦਾ ਖ਼ਾਨਾ ਮਲ ਕੇ ਉਹਦਾ ਖ਼ਾਨਾ ਆਬਾਦ ਕਰ ਦਿਤਾ। ਇਸ ਨਵੀਂ ਟਹਿਣੀ ਦਾ ਨਾਂ ਨਜ਼ੀਰਾਂ ਸੀ।
ਨਜ਼ੀਰਾਂ ਦੇ ਘਰ ਚਾਰ ਬਾਲ ਇਸ ਲਈ ਜੰਮੇ ਕਿ ਉਸ ਦਾ ਨਾਂ ਨਜ਼ੀਰਾਂ ਸੀ ਪਰ ਸਕੂਲੇ ਇਕ ਦਿਨ ਵੀ ਨਹੀਂ ਸੀ ਗਈ। ਉਹ ਫ਼ਰਜ਼ੰਦ ਦੀ ਫ਼ਰਮਾਂਬਰਦਾਰੀ ਨੂੰ ਹੀ ਦੁਨੀਆਦਾਰੀ ਸਮਝ ਕੇ ਸਮਾਜੀ ਹੁਕਮ ਦੀ ਤਾਬਿਆਦਾਰੀ ਕਰਦੀ ਰਹੀ।ਇਹ ਖੇਡ ਅਜੇ ਵੀ ਨਾ ਮੁੱਕੀ। ਹਨ੍ਹੇਰੀ ਫਿਰ ਆਈ, ਬੱਦਲ ਫਿਰ ਗਰਜੇ ਅਤੇ ਫ਼ਰਜ਼ੰਦ ਦੇ ਘਰ 'ਤੇ ਬਿਜਲੀ ਫਿਰ ਡਿੱਗੀ।
ਫ਼ਰਜ਼ੰਦ ਅਲੀ ਦੀ ਹਿਆਤੀ ਨਾਲ ਵਾਪਰਨ ਵਾਲੀਆਂ ਇਹ ਹਕੀਕਤਾਂ ਭਾਵੇਂ ਕਹਾਣੀ ਅਤੇ ਅਫ਼ਸਾਨੇ ਵਰਗੀਆਂ ਲਗਦੀਆਂ ਨੇ ਪਰ ਵਲਾਇਤ ਵਿਚ ਵੀਜ਼ੇ ਦੀ ਸਟੇਜ ਉਪਰ ਹਰ ਤੀਜੇ ਘਰ ਵਿਚ ਇਹ ਡਰਾਮਾ ਖੇਡਿਆ ਜਾ ਰਿਹਾ ਹੈ। ਪਾਤਰ ਬਦਲਦੇ ਨੇ, ਖੇਡ ਇਕੋ ਹੀ ਹੁੰਦੀ ਹੈ ਕਿ ਵਲਾਇਤ ਕਿਸ ਤਰ੍ਹਾਂ ਅਪੜਨਾ ਏ।
ਪਾਕਿਸਤਾਨ ਫ਼ਰਜ਼ੰਦ ਦੀ ਭੈਣ ਦਾ ਇਕ ਦੇਵਰ ਵਿਜ਼ਟਰ ਵੀਜ਼ੇ 'ਤੇ ਆ ਗਿਆ। ਭੈਣ ਨੇ ਨਜ਼ੀਰਾਂ ਨੂੰ ਆਖਿਆ ਕਿ ਸਾਡੇ ਵਲ ਥਾਂ ਦੀ ਥੋੜ ਏ, ਤੂੰ ਅਪਣੇ ਘਰ ਰੱਖ ਲੈ।
ਦੇਵਰ, ਜੋ ਵਿਜ਼ਟ ਕਰਨ ਆਇਆ ਸੀ, ਵਿੱਟਰ ਗਿਆ। ਉਹ ਵਾਪਸ ਨਾ ਪਰਤਿਆ ਅਤੇ ਇੱਲਲੀਗਲ ਹੋ ਕੇ ਆਸਰੇ ਭਾਲਣਾ ਲੱਗ ਪਿਆ। ਫ਼ਰਜ਼ੰਦ ਦੇ ਭੈਣ ਭਣਵਈਏ ਨੇ ਵਲਾਇਤੀ ਸਮਾਜ ਵਰਗਾ ਮਸ਼ਵਰਾ ਦਿਤਾ ਕਿ ਫ਼ਰਜ਼ੰਦ ਦੀ ਬੀਵੀ ਨਜ਼ੀਰਾਂ ਨਾਲ ਨਜ਼ਰਾਂ ਲੜਾ ਕੇ ਉਹਨੂੰ ਉਂਗਲੀ ਲਾ ਲੈ। ਫ਼ਰਜ਼ੰਦ ਅਲੀ ਤਾਂ ਵਿਚਾਰਾ ਇਕ ਬਸਾਤ ਸੀ। ਉਸ ਦੇ ਉਤੇ ਮੋਹਰੇ ਚਲਦੇ ਰਹੇ ਅਤੇ ਪਿਆਦੇ ਮਰਦੇ ਰਹੇ। ਭੈਣ ਭਣਵਈਏ ਦੀ ਸ਼ਹਿ ਸੀ। ਫ਼ਰਜ਼ੰਦ ਦੀ ਟਹਿਣੀ ਫੇਰ ਮਰੀ ਤੇ ਨਜ਼ੀਰਾਂ ਦੇਵਰ ਨਾਲ ਨੱਸ ਗਈ, ਦੇਵਰ ਨੂੰ ਲੀਗਲ ਕਰਨ ਲਈ। ਕਿਸੇ ਨੇ ਗੁੱਸਾ ਨਾ ਕੀਤਾ।
ਫ਼ਰਜ਼ੰਦ ਅਲੀ ਭੈਣ ਭਣਵਈਏ ਨਾਲ ਲੜਦਾ ਰਿਹਾ ਪਰ ਭਣਵਈਏ ਨੇ ਪੁਚਕਾਰ ਕੇ ਆਖਿਆ ਕਿ ''ਫ਼ਰਜ਼ੰਦ, ਜ਼ਨਾਨੀ ਪੈਰ ਦੀ ਜੁੱਤੀ ਏ, ਪੁਰਾਣੀ ਹੋ ਜਾਵੇ ਤਾਂ ਨਵੀਂ ਲੈ ਆਉ। ਪਾਕਿਸਤਾਨ ਭਰਿਆ ਪਿਆ ਏ। ਤੈਨੂੰ ਹੀਰੇ ਵਰਗੀ ਕੰਜ-ਕਵਾਰੀ ਬੀਵੀ ਲਿਆ ਦੇਵਾਂਗੇ। ਜੇ ਬਹੁਤਾ ਖ਼ਰੂਦ ਪਾਇਆ ਤਾਂ ਤੇਰੀ ਭੈਣ ਵੀ ਤੇਰੇ ਕੋਲ ਘੱਲ ਦੇਵਾਂਗਾ।''
ਇਸੇ ਹੀ ਤਰ੍ਹਾਂ ਫ਼ਰਜ਼ੰਦ ਅਲੀ ਗ਼ਰੀਬ ਇਕ ਵੇਰਾਂ ਫਿਰ ਅਪਣੇ ਬਲਦੇ ਹੋਏ ਆਲ੍ਹਣੇ ਦੇ ਤੀਲੇ ਸੇਕਣ ਲੱਗ ਪਿਆ। ਨਜ਼ੀਰਾਂ ਨੇ ਤਲਾਕ ਲੈ ਕੇ ਦੇਵਰ (ਸ਼ਰੀਫ਼) ਨੂੰ ਕਾਨੂੰਨੀ ਆਸਰਾ ਦੇ ਕੇ ਇਸ ਮੁਲਕ ਵਿਚ ਪੱਕਾ ਕਰਵਾ ਲਿਆ। ਪੱਕੀ ਹੋਈ ਜ਼ਨਾਨੀ ਕੱਚੇ ਕੂਲੇ ਖ਼ਾਵੰਦ ਨਾਲ ਪੱਕੀ ਤਰ੍ਹਾਂ ਵੱਸ ਗਈ।ਫ਼ਰਜ਼ੰਦ ਦਾ ਹੌਲੀ-ਹੌਲੀ ਮੱਚ ਮਰ ਗਿਆ, ਜੋਸ਼ ਜਜ਼ਬੇ ਨੂੰ ਮੌਤ ਆ ਗਈ ਤੇ ਉਸ ਨੇ ਵਕਤ ਨਾਲ ਹੱਥ ਮਿਲਾ ਕੇ ਸਬਰ ਨੂੰ ਜੱਫੀ ਪਾ ਲਈ। ਪਰ ਕੁਦਰਤ ਨੂੰ ਸ਼ਾਇਦ ਫ਼ਰਜ਼ੰਦ ਦਾ ਸਬਰ ਵੀ ਪਸੰਦ ਨਹੀਂ ਸੀ ਆਇਆ।
ਭੈਣਾਂ ਫਿਰ ਪਾਕਿਸਤਾਨ ਵਿਆਹ 'ਤੇ ਗਈਆਂ ਤੇ ਨਿੱਕੇ ਜਿਹੇ ਪਿੰਡ ਦੇ ਗ਼ਰੀਬਾਂ ਕੋਲੋਂ ਇਨ੍ਹਾਂ ਦੇ ਲਿਸ਼ਕਦੇ ਵਲਾਇਤੀ ਸੂਟ ਤੇ ਗੱਲ ਵਿਚਲਾ ਲਿਸ਼ਕਾਰਾ ਨਾ ਝਲਿਆ ਗਿਆ। ਗ਼ਰੀਬਾਂ ਨੇ ਲੈਣਾ ਤੇ ਕੀ ਸੀ, ਸਗੋਂ ਹਰ ਇਕ ਨੇ ਮਜਬੂਰੀ ਦੀ ਤਲੀ '²ਤੇ ਰੱਖ ਕੇ ਅਪਣੀ ਧੀ ਦੇਣ ਦਾ ਤਰਲਾ ਮਾਰਿਆ। ਨਿੱਕੀ ਭੈਣ ਨੇ ਚੂੜੀਆਂ ਵਾਲੀ ਬਾਂਹ ਕੱਢ ਕੇ ਫਿਰ ਕਿਸੇ ਉਪਰ ਅਹਿਸਾਨ ਕੀਤਾ ਤੇ ਕਿਸੇ ਦੀ ਧੀ ਨੂੰ ਵੇਖ ਜਾਂਚ ਕੇ ਭਾਰੂ ਵੱਗ ਕੰਨੋਂ ਫੜਿਆ ਤੇ ਭਰਾ ਲਈ ਗੱਲ ਪੱਕੀ ਕਰ ਲਈ।
ਰੱਸੀਆਂ ਕੋਲੋਂ ਡੰਗਿਆ ਹੋਇਆ ਪੰਤਾਲੀ ਵਰ੍ਹਿਆਂ ਦਾ ਫ਼ਰਜ਼ੰਦ ਛੱਬੀ ਸਾਲਾਂ ਦੇ ਸੱਪ ਨਸਰੀਨ ਅਖ਼ਤਰ ਨੂੰ ਹੱਥ ਲਾਉਣ ਤੋਂ ਵੀ ਡਰਦਾ ਸੀ। ਪਰ ਭੈਣ ਨੇ ਅਪਣੀ ਧੌਣ ਉੱਚੀ ਰੱਖਣ ਲਈ ਫ਼ਰਜ਼ੰਦ ਦੇ ਗਲ ਵਿਚ ਅੰਗੂਠਾ ਦੇ ਕੇ ਨਸਰੀਨ ਨਾਲ ਨਿਕਾਹ ਪੜ੍ਹਾ ਦਿਤਾ।ਬਰਤਾਨੀਆ ਦੇ ਨਵੇਂ ਕਾਨੂੰਨ ਮੂਜਬ ਬੀਵੀ ਸੱਦਣ ਲਈ ਖ਼ਾਵੰਦ ਕੋਲ ਨੌਕਰੀ ਤੇ ਅਪਣਾ ਘਰ ਹੋਣਾ ਜ਼ਰੂਰੀ ਏ। ਫ਼ਰਜ਼ੰਦ ਕੋਲ ਇਹ ਦੋਵੇਂ ਈ ਸਹੂਲਤਾਂ ਨਹੀਂ ਸਨ। ਨਸਰੀਨ ਢਾਈ ਵਰ੍ਹੇ ਪਾਕਿਸਤਾਨ ਈ ਰਹੀ ਤੇ ਫ਼ਰਜ਼ੰਦ ਉਥੇ ਆਉਂਦਾ ਜਾਂਦਾ ਰਿਹਾ।
ਵਾਰ ਵਾਰ ਵੀਜ਼ੇ ਦਾ ਇਨਕਾਰ ਹੋਇਆ ਤੇ ਵਿਆਹੀ-ਵਰ੍ਹੀ ਖ਼ਾਵੰਦ ਨਾਲ ਰਹਿੰਦੀ ਬਾਲ ਬੱਚਿਆਂ ਵਾਲੀ ਭੈਣ ਨੇ ਅਪਣੇ ਖਾਂਦੇ ਪੀਂਦੇ ਬੁਆਏ ਫ਼ਰ²ੈਂਡ ਨੂੰ ਹੁਕਮ ਦਿਤਾ ਤੇ ਉਸ ਨੇ ਫ਼ਰਜ਼ੰਦ ਦੀ ਜ਼ਨਾਨੀ ਨੂੰ ਸਪਾਂਸਰ ਕਰ ਦਿਤਾ ਕਿ ਜੇ ਫ਼ਰਜ਼ੰਦ ਬੀਵੀ ਦਾ ਖ਼ਰਚਾ ਪੱਠਾ ਨਾ ਚੁੱਕ ਸਕਿਆ ਤਾਂ ਖ਼ਰਚਾ ਮੈਂ ਅਪਣੇ ਪੇਟੇ ਪਾ ਲਵਾਂਗਾ। ਇੰਜ ਕਰ ਕੇ ਨਸਰੀਨ ਨੂੰ ਲੰਦਨ ਆਉਣ ਦਾ ਵੀਜ਼ਾ ਮਿਲ ਗਿਆ ਤੇ ਉਹ ਲੰਦਨ ਪੁੱਜ ਗਈ।
ਪਾਕਿਸਤਾਨ ਵਿਚ ਰਹਿੰਦਿਆਂ ਤਾਂ ਨਸਰੀਨ ਬਿੱਲੀ ਵਰਗੀ ਬੀਵੀ ਬਣ ਕੇ ਫ਼ਰਜ਼ੰਦ ਦੇ ਪੈਰਾਂ ਵਿਚ ਲੋਟਣੀਆਂ ਲੈਂਦੀ ਰਹੀ ਪਰ ਲੰਦਨ ਵਿਚ ਪੈਰ ਰਖਦਿਆਂ ਈ ਉਹ ਬਿੱਲੀ, ਬਘਿਆੜ ਬਣ ਕੇ ਫ਼ਰਜ਼ੰਦ ਨੂੰ ਪੰਜੇ ਮਾਰਨ ਲੱਗ ਪਈ। ਅੱਗੋਂ ਜੋਮਾਲੀਆ ਦੀ ਇਕ ਕਾਲੀ ਗਵਾਂਢਣ ਨੇ ਮੱਤ ਦਿਤੀ ਕਿ ''ਤੇਰੇ ਜਹੀ ਬੁਲਬੁਲ ਨੂੰ ਕੀ ਲੋੜ ਏ ਰੋਹੀ ਦੇ ਕਿੱਕਰ ਵਰਗੇ ਖੁੰਘ ਨਾਲ ਜ਼ਿੰਦਗੀ ਗਾਲਣ ਦੀ।
ਫ਼ਰਜ਼ੰਦ ਤੈਨੂੰ ਘਰੋਂ ਕੱਢ ਦੇਵੇਗਾ ਤੇ ਤੇਰਾ ਸਪਾਂਸਰ ਮਜੀਦ ਅਹਿਮਦ ਪਰਾਚਾ ਆਪੇ ਈ ਤੇਰਾ ਖ਼ਰਚ ਚੁਕੇਗਾ।'' ਉਤੋਂ ਨਸਰੀਨ ਸਤਵੀਂ 'ਚੋਂ ਫੇਲ੍ਹ ਤੀਕਰ ਪੜ੍ਹੀ ਹੋਈ ਸੀ।ਬਾਕੀ ਜਮਾਤਾਂ ਕਾਲੀ ਸਹੇਲੀ ਨੇ ਪੜ੍ਹਾ ਦਿਤੀਆਂ। ਨਸਰੀਨ ਨੇ ਹੁਸ਼ਿਆਰੀਆਂ ਦੀ ਐਮ.ਏ. ਤੇ ਚਲਾਕੀਆਂ ਦੀ ਪੀ.ਐਚ.ਡੀ. ਕਰ ਕੇ ਇਖ਼ਲਾਕ ਤੇ ਸ਼ਰਾਫ਼ਤ ਦਾ ਉਹੀ ਹਸ਼ਰ ਕਰ ਸੁਟਿਆ ਜਿਹੜੇ ਮੇਰੇ ਪੰਜਾਬੀ ਡਾਕਟਰ, ਮਾਂ ਬੋਲੀ ਨਾਲ ਕਰ ਰਹੇ ਨੇ।
-43 ਆਕਲੈਂਡ ਰੋਡ,
ਲੰਡਨ-ਈ 15-2ਏਐਨ,
ਫ਼ੋਨ : 0208-519 21 39