
ਉਸ ਆਖਿਆ ''ਮੈਂ ਹੁਣ ਕਾਲੀ ਸਹੇਲੀ ਕੋਲੋਂ ਸਿਖਿਆ ਤੇ ਅਭਿਆਸ ਦਾ ਪੂਰਨ ਉਪਯੋਗ ਕਰ ਕੇ ਕਲਾਵੰਤੀ ਹੋ ਗਈ ਆਂ।'' ਹੈਜ਼ਾ ਕਿਸੇ ਵੀ ਚੀਜ਼ ਦਾ ਹੋ ਜਾਵੇ, ਬੰਦੇ ਦੀ ...
ਉਸ ਆਖਿਆ ''ਮੈਂ ਹੁਣ ਕਾਲੀ ਸਹੇਲੀ ਕੋਲੋਂ ਸਿਖਿਆ ਤੇ ਅਭਿਆਸ ਦਾ ਪੂਰਨ ਉਪਯੋਗ ਕਰ ਕੇ ਕਲਾਵੰਤੀ ਹੋ ਗਈ ਆਂ।'' ਹੈਜ਼ਾ ਕਿਸੇ ਵੀ ਚੀਜ਼ ਦਾ ਹੋ ਜਾਵੇ, ਬੰਦੇ ਦੀ ਤਬੀਅਤ ਖ਼ਰਾਬ ਹੋ ਜਾਂਦੀ ਏ, ਭਾਵੇਂ ਉਹ ਰੋਟੀ, ਦੌਲਤ, ਘੁਮੰਡ ਜਾਂ ਵਿਦਿਆ ਦਾ ਹੋਵੇ।ਨਸਰੀਨ ਨੇ ਪੁੱਠੀਆਂ ਚੁੱਕੀਆਂ ਤੇ ਫ਼ਰਜ਼ੰਦ ਨੂੰ ਪੁੱਠਾ ਕਰ ਕੇ ਸਿਰ ਪਰਨੇ ਕਰ ਦਿਤਾ। ਰਾਤ ਨੂੰ ਨਸਰੀਨ ਨੇ ਪੁਲਿਸ ਸੱਦ ਲਈ ਤੇ ਕਹਾਣੀ ਘੜ ਲਈ ਕਿ ''ਮੈਂ ਫ਼ਰਜ਼ੰਦ ਦੇ ਹੱਥੋਂ ਕਤਲ ਹੁੰਦੀ ਹੁੰਦੀ ਬਚੀ ਆਂ ਜਿਸ ਫ਼ਰਜ਼ੰਦ ਨੇ ਕਦੀ ਪੜਛੱਤੀ ਤੋਂ ਭਾਂਡਾ ਨਹੀਂ ਸੀ ਲਾਹਿਆ ਉਹਨੂੰ ਨਸਰੀਨ ਨੇ ਆਖਿਆ ਕਿ ਇਹ ਮੇਰਾ ਸਿਰ ਲਾਹ ਦੇਣ ਲੱਗਾ ਸੀ।
ਉਤੋਂ ਇਸ ਪਾਪੀ ਦੇਸ਼ ਵਿਚ ਜ਼ਨਾਨੀ ਦੇ ਸੱਤੀਂ ਵੀਹੀਂ ਸੌ ਨੇ। ਰੰਨ ਤੇ ਇਥੇ ਉਂਜ ਵੀ ਪ੍ਰਧਾਨ ਏ ਤੇ ਅੱਧਾ ਸ਼ੁਦਾਈ ਫ਼ਰਜ਼ੰਦ ਅਲੀ, ਚਿੰਗ ਫ਼ੋਰਡ ਦੇ ਥਾਣੇ ਵਿਚ ਬੰਦ ਹੋ ਗਿਆ। ਲੰਦਨ ਦਾ ਪਾਣੀ ਪੀ ਕੇ ਸਿਆਣੀਆਂ ਹੋ ਚੁਕੀਆਂ ਭੈਣਾਂ ਅਪਣੇ ਅਪਣੇ ਘਰ ਸੁੱਖ ਦਾ ਢੋਲੇ ਗਾਉਂਦੀਆਂ ਰਹੀਆਂ। ਵੀਲ੍ਹ ਚੇਅਰ ਤੇ ਬੈਠੀ ਬੁਢੜੀ ਮਾਂ ਵੈਣ ਪਾਉੁਂਦੀ ਰਹੀ ਕੱਲੇ ਕੱਲੇ ਝੱਲੇ ਪੁੱਤ ਦੇ।
ਹੁਣ ਆ ਗਈ ਅਮੀਨ ਮਲਿਕ ਦੀ ਵਾਰੀ। ਅਖੇ, ਸਾਨੂੰ ਸੱਜਣ ਉਹ ਮਿਲੇ ਗਲ ਲੱਗੀ ਬਾਹੀਂ। ''ਮਲਿਕ ਸਾਹਿਬ ਤੁਹਾਡੇ ਹੁੰਦਿਆਂ ਹੋਇਆਂ ਇਕ ਮਸਕੀਨ ਅਪਾਹਜ ਨਾਲ ਤੁਹਾਡੇ ਗਵਾਂਢ ਈ ਜ਼ੁਲਮ ਹੋ ਰਿਹੈ। ਹੁਣ ਤੇ ਸੁੱਖ ਨਾਲ ਤੁਹਾਡਾ ਪੁੱਤਰ ਵੀ ਵਕੀਲ ਬਣ ਗਿਐ ਤੇ ਸੁਣਿਐ, ਧੀ ਪੁਲਿਸ ਅਫ਼ਸਰ ਵੀ ਏ। ਮਿਹਰਬਾਨੀ ਕਰੋ, ਫ਼ਰਜ਼ੰਦ ਅਲੀ ਦਾ ਕੁੱਝ ਕਰੋ।'' ਇਹ ਗੱਲ ਫ਼ਰਜ਼ੰਦ ਦੇ ਗੁਵਾਂਢੀ ਨੇ ਮੇਰੇ ਤਪਦੇ ਕਲੇਜੇ ਉਪਰ ਆਣ ਰੱਖੀ।
ਉਤੋਂ ਮੈਂ ਜਮਾਂਦਰੂ ਈ ਮਾੜਿਆਂ ਮਸਕੀਨਾਂ ਨੂੰ ਮੋਢਾ ਤੇ ਜ਼ਾਲਮਾਂ ਫ਼ਰੇਬੀਆਂ ਨੂੰ ਗੋਡਾ ਫੇਰਨ ਦੀ ਸਹੁੰ ਖਾਧੀ ਬੈਠਾ ਹਾਂ, ਭਾਵੇਂ ਰਾਣੀ ਰੁੱਸ ਕੇ ਤਿੰਨ ਦਿਨ ਰੋਟੀ ਨਾ ਖਾਵੇ। ਇਹ ਮੇਰੀ ਬਹਾਦਰੀ ਨਹੀਂ ਸਗੋਂ ਫ਼ਿਤਰਤ ਵਿਚ ਏ। ਰਾਣੀ ਨੇ ਸਾਥ ਦਿਤਾ ਤੇ ਦੋ ਡੰਗ ਫ਼ਰਜ਼ੰਦ ਦੀ ਮਾਂ ਨੂੰ ਰੋਟੀ ਟੁੱਕ ਪੁਛਦੀ ਰਹੀ। ਸੱਭ ਤੋਂ ਪਹਿਲਾਂ ਮਜੀਦ ਸਪਾਂਸਰ ਨਾਲ ਗੱਲ ਕਰ ਕੇ ਹੋਮ ਆਫ਼ਿਸ ਨੂੰ ਚਿੱਠੀ ਲਿਖੀ ਕਿ ਨਸਰੀਨ ਦੀ ਨੀਅਤ ਬੀਵੀ ਬਣ ਕੇ ਰਹਿਣ ਦੀ ਨਹੀਂ, ਸਿਰਫ਼ ਬਰਤਾਨੀਆ ਦੀਆਂ ਬੁਰਾਈਆਂ ਦੀ ਸ਼ੌਂਕੀ ਏ।
ਉਸ ਤੋਂ ਪਿਛੋਂ ਅਪਣੇ ਵਰਗੇ ਮਰੇੜਾ ਜਹੇ ਕਾਲੇ ਕੌਂਸਲਰ ਮਾਰਟਨ ਦੀ ਮਿੰਨਤ ਕੀਤੀ ਤੇ ਫ਼ਰਜ਼ੰਦ ਦੀ ਜ਼ਮਾਨਤ ਕਰਵਾਈ। ਅਪਣੇ ਸੋਹਣੇ ਸ਼ਹਿਰ ਅੰਮ੍ਰਿਤਸਰ ਤੋਂ ਆਏ ਵਕੀਲ ਸਰਦਾਰ ਗੁਰਚਰਨ ਮਤਵਾਲਾ ਕੋਲ ਇਸ ਲਈ ਚਲਾ ਗਿਆ ਕਿਉਂਕਿ ਉਸ ਦੇ ਨਾਂ ਅੱਗੇ ਮਤਵਾਲਾ ਲਿਖਿਆ ਹੋਇਆ ਸੀ। ਉਹ ਨਿਰਾ ਮਤਵਾਲਾ ਈ ਨਹੀਂ ਸੀ, ਅੰਮ੍ਰਿਤਸਰ ਦਾ ਰਹਿਣ ਵਾਲਾ ਵੀ ਨਿਕਲ ਆਇਆ। ਮੈਂ ਸੋਚਿਆ ਗੋਸ਼ਤ ਤਾਂ ਸੜਿਆ ਵੀ ਦਾਲ ਨਾਲੋਂ ਸਵਾਦੀ ਹੁੰਦਾ ਏ। ਅੱਗੋਂ ਪਤਾ ਲੱਗਾ ਕਿ ਮੇਰਾ ਵਕੀਲ ਵੀਰ ਕਿਸੇ ਸਵਰਗੀ ਸ਼ਾਇਰ ਮੋਹਨ ਸਿੰਘ ਮਤਵਾਲਾ ਦਾ ਸਪੁੱਤਰ ਏ। ਉਹ ਬੰਦਾ ਵਕੀਲ ਘੱਟ ਤੇ ਫ਼ਰਿਸ਼ਤਾ ਬਹੁਤਾ ਸੀ।
ਮੇਰੀਆਂ ਗੱਲਾਂ ਤੋਂ ਉਹਨੂੰ ਪਤਾ ਲੱਗ ਗਿਆ ਕਿ ਬੰਦਾ ਚੰਗਾ ਭਲਾ ਕਮਲਾ ਏ। ਉਹ ਆਖਣ ਲੱਗਾ ''ਅਮੀਨ ਜੀ ਤੁਸੀਂ ਮੇਰੇ ਵੱਡੇ ਵੀਰ ਹੋ। ਜੇ ਤੁਹਾਡੇ ਵਿਚ ਕਿਸੇ ਲਈ ਖ਼ੁਦਾ ਤਰਸੀ ਹੈ ਤੇ ਮੈਨੂੰ ਵੀ ਜ਼ੁਲਮ ਦਾ ਸਿਰ ਫੇਹਣ ਵਾਲੀ ਲਾਠੀ ਜਾਣ ਲਵੋ।'' ਮੇਰੀ ਰੂਹ ਰਾਜ਼ੀ ਹੋ ਗਈ ਤੇ ਸੋਚਿਆ ਕਿ ਸ਼ਾਇਰ ਦਾ ਪੁੱਤਰ ਏ, ਬੋਲਹੇ ਦਾ ਬੋਲਹਾ ਨਾ ਸਹੀ ਮੱਥੇ ਫੁੱਲੀ ਤਾਂ ਜ਼ਰੂਰ ਹੋਵੇਗੀ।
ਨਾਲੇ ਮੇਰੇ ਸ਼ਹਿਰ ਅੰਮ੍ਰਿਤਸਰ ਦੇ ਤਾਂ ਕਾਂ ਵੀ ਕਿਸੇ ਯਤੀਮ ਹੱਥੋਂ ਟੁਕੜਾ ਨਹੀਂ ਖਂੋਹਦੇ। ਅਪਣੀ ਆਦਤ ਤੋਂ ਹਰ ਕੋਈ ਜਾਣੂੰ ਹੈ ਕਿ ਜਾਂ ਤਖ਼ਤ ਜਾਂ ਤਖ਼ਤਾ। ਜੇਹਲਮ ਦੇ ਪਿੰਡ ਤੋਂ ਫ਼ੋਨ ਆਇਆ ਕਿ ''ਮੈਂ ਨਸਰੀਨ ਦਾ ਭਰਾ ਬੋਲ ਰਿਹਾਂ ਤੇ ਤੂੰ ਬਾਜ਼ ਆ ਜਾ'' ਮੈਂ ਆਖਿਆ ਕਿ ਵੀਰ ਜੀ ਲੋਕ ਬੁਰੇ ਦੇ ਘਰ ਤੀਕ ਜਾਂਦੇ ਨੇ ਪਰ ਮੈਂ ਬੁਰੇ ਦੀ ਕਬਰ ਤੀਕ ਜਾਂਦਾ ਹਾਂ। ਉਹਨੇ ਬੱਕ ਬੱਕ ਕੀਤੀ ਤੇ ਮੈਂ ਬੱਕੜਵਾਹ ਕਰ ਸੁੱਟੀ।
ਹੁਣ ਬਹੁਤੀਆਂ ਲੰਮੀਆਂ ਚੌੜੀਆਂ ਛੱਡ ਕੇ ਗੱਲ ਸਿਰੇ ਲਾਉਂਦਿਆਂ ਐਨਾ ਹੀ ਆਖਾਂਗਾ ਕਿ ਮਛਰੀ ਹੋਈ ਨਸਰੀਨ ਦੋ ਦਿਨ ਤੋਂ ਹਵਾਲਾਤ ਦੀਆਂ ਸੀਖਾਂ ਨੂੰ ਹੱਥ ਪਾਈ ਬੈਠੀ ਹੈ। ਉਸ ਨੇ ਹਰ ਥਾਂ ਇਹ ਦੁਹਾਈ ਦਿਤੀ ਸੀ ਕਿ ਫ਼ਰਜ਼ੰਦ ਨੇ ਪਹਿਲਾਂ ਦੋ ਬੀਵੀਆਂ, ਜ਼ੁਲਮ ਕਰ ਕੇ ਕੱਢੀਆਂ ਸਨ ਤੇ ਮੇਰੇ ਨਾਲ ਵੀ ਇਹ ਹੀ ਜ਼ੁਲਮ ਹੋ ਰਿਹਾ ਹੈ। ਨਸਰੀਨ ਦੀ ਇਹੀ ਗੱਲ ਹਰ ਇਕ ਦੇ ਦਿਲ ਲਗਦੀ ਸੀ ਤੇ ਫ਼ਰਜ਼ੰਦ ਵਿਚਾਰਾ ਬੇਕਸੂਰ ਹੀ ਸੂਲੀ ਤੇ ਲਟਕ ਗਿਆ ਸੀ।ਰੱਬ ਕਰੇ ਉਹ ਹਰ ਇਕ ਦੀ ਧੀ ਭੈਣ ਨੂੰ ਚੰਗਾ ਵਰ ਤੇ ਚੰਗੀ ਸੋਚ ਦੇਵੇ, ਭਾਵੇਂ ਉਹ ਲੰਦਨ ਵੱਸੇ ਜਾਂ ਲੁਧਿਆਣੇ।
-43 ਆਕਲੈਂਡ ਰੋਡ,
ਲੰਡਨ-ਈ 15-2ਏਐਨ,
ਫ਼ੋਨ : 0208-519 21 39