
ਬਹੁਤ ਚਿਰ ਦੀ ਗੱਲ ਹੈ, ਉਦੋਂ ਮੈਂ 6-7 ਸਾਲ ਦਾ ਸੀ, ਮੇਰੀ ਬੇਬੇ ਅਤੇ ਮੈਂ ਨਾਨਕੇ ਜਾਂਦੇ ਹੁੰਦੇ ਸੀ ਪੈਦਲ ਤੁਰ ਕੇ.........
ਬਹੁਤ ਚਿਰ ਦੀ ਗੱਲ ਹੈ। ਉਦੋਂ ਮੈਂ 6-7 ਸਾਲ ਦਾ ਸੀ। ਮੇਰੀ ਬੇਬੇ ਅਤੇ ਮੈਂ ਨਾਨਕੇ ਜਾਂਦੇ ਹੁੰਦੇ ਸੀ ਪੈਦਲ ਤੁਰ ਕੇ। ਬਸਾਂ ਉਦੋਂ ਘੱਟ ਹੀ ਚਲਦੀਆਂ ਸਨ। ਕੋਈ-ਕੋਈ ਬੱਸ ਚਲਦੀ ਹੁੰਦੀ ਸੀ। ਪਰ ਮੇਰੇ ਨਾਨਕੇ ਪਿੰਡ ਵਲ ਕੋਈ ਨਹੀਂ ਸੀ ਜਾਂਦੀ। ਮੈਨੂੰ ਨਾਨਕੇ ਜਾਣ ਦਾ ਚਾਅ ਬਹੁਤ ਰਹਿੰਦਾ ਸੀ ਅਤੇ ਮੈਂ ਬੇਬੇ ਤੋਂ ਮੂਹਰੇ ਤੇਜ਼-ਤੇਜ਼ ਭੱਜ ਲੈਣਾ। ਸਵੇਰ ਦੇ ਤੁਰੇ ਹੋਏ ਅਸੀ, ਸ਼ਾਮ ਤਕ ਨਾਨਕੇ ਪਹੁੰਚਦੇ। ਇਕ ਦਿਨ ਅਸੀ ਨਾਨਕੇ ਆਰਾਮ ਕਰਦੇ ਅਤੇ ਉਸ ਤੋਂ ਅਗਲੇ ਦਿਨ ਅਸੀ ਪਿੰਡ ਪਰਤ ਜਾਂਦੇ। ਪਿੰਡੋਂ ਤੁਰਨ ਤੋਂ ਪਹਿਲਾਂ ਬੇਬੇ ਨੇ ਮਿੱਸੀਆਂ ਰੋਟੀਆਂ ਪਕਾ ਲੈਣੀਆਂ ਅਤੇ ਝੋਲੇ ਵਿਚ ਪਾ ਲੈਣੀਆਂ, ਨਾਲ ਆਚਾਰ ਅਤੇ ਪਿਆਜ਼ ਵੀ ਪਾ ਲੈਣਾ।
ਜੋੜਪੁਲਾਂ ਕੋਲ, ਨਹਿਰ ਦੀ ਪਟੜੀ ਦੇ ਦੋਹਾਂ ਪਾਸੇ ਅੰਬਾਂ ਦੇ ਦਰੱਖ਼ਤ ਸਨ। ਉਨ੍ਹਾਂ ਅੰਬਾਂ ਦੇ ਦਰੱਖ਼ਤਾਂ ਵਿਚ ਬਾਂਦਰ ਵੀ ਬਹੁਤ ਰਹਿੰਦੇ ਸਨ। ਬਾਂਦਰਾਂ ਤੋਂ ਮੈਨੂੰ ਬਹੁਤ ਡਰ ਲਗਦਾ ਸੀ। ਇਕ ਦਿਨ ਦੀ ਗੱਲ ਹੈ ਕਿ ਅਸੀ ਅੰਬਾਂ ਵਾਲੀ ਪਟੜੀ ਵਿਚੋਂ ਲੰਘ ਰਹੇ ਸੀ। ਅਚਾਨਕ ਇਕ ਬਾਂਦਰ ਸਾਡੇ ਵਲ ਆਇਆ ਅਤੇ ਮੇਰੀ ਬੇਬੇ ਦੇ ਸਿਰ ਤੋਂ ਰੋਟੀਆਂ ਵਾਲਾ ਝੋਲਾ ਲੈ ਕੇ ਭੱਜ ਗਿਆ। ਬੇਬੇ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਸਾਡੇ ਪਿੱਛੇ ਇਕ ਆਦਮੀ ਆ ਰਿਹਾ ਸੀ। ਉਸ ਆਦਮੀ ਨੇ ਬਾਂਦਰ ਦੇ ਰੋੜਾ ਮਾਰਿਆ। ਬਾਂਦਰ ਨੇ ਝੋਲਾ ਹੇਠ ਸੁੱਟ ਦਿਤਾ। ਮੇਰੀ ਬੇਬੇ ਨੇ ਝੋਲਾ ਚੁੱਕ ਲਿਆ ਅਤੇ ਅਸੀ ਜੋੜੇਪੁਲ ਪਾਰ ਕਰ ਕੇ ਅੱਗੇ ਨੂੰ ਤੁਰ ਪਏ।
ਤੁਰਦੇ-ਤੁਰਦੇ ਅਸੀ ਪਿੰਡ ਭਾਂਡੇ ਨਾਲ ਦੇ ਪੁਲ ਤੇ ਪਹੁੰਚ ਗਏ। ਇਕ ਖੂਹ ਚੱਲ ਰਿਹਾ ਸੀ। ਅਸੀ ਉਥੇ ਬੈਠ ਕੇ ਰੋਟੀ ਖਾਧੀ ਅਤੇ ਪਾਣੀ ਪੀਤਾ ਅਤੇ ਫਿਰ ਅੱਗੇ ਨੂੰ ਤੁਰ ਪਏ। ਮਕਸੂਦੜੇ ਦੇ ਪੁਲ ਤੋਂ ਅੱਗੇ ਜਾ ਕੇ, ਖੱਬੇ ਪਾਸੇ ਨੂੰ ਇਕ ਰਸਤਾ ਨਿਕਲਦਾ ਹੈ। ਲੰਢੇ ਪਿੰਡ ਪਹੁੰਚ ਕੇ ਬੇਬੇ ਨੇ ਕਿਹਾ, ''ਜੋ ਬਾਕੀ ਰੋਟੀਆਂ ਹਨ ਅਸੀ ਏਥੇ ਇਕ ਵਿਹੜੇ ਵਿਚ ਬੈਠ ਕੇ ਖਾ ਲੈਂਦੇ ਹਾਂ।'' ਅਸੀ ਇਕ ਖੁੱਲ੍ਹੇ ਜਹੇ ਵਿਹੜੇ ਵਿਚ ਚਲੇ ਗਏ, ਉਥੇ ਇਕ ਨਲਕਾ ਵੀ ਲੱਗਾ ਹੋਇਆ ਸੀ। ਅਜੇ ਅਸੀ ਰੋਟੀ ਖਾ ਹੀ ਰਹੇ ਸੀ, ਅਚਾਨਕ ਘਰ ਵਾਲਿਆਂ ਦਾ ਦਰਵਾਜ਼ਾ ਖੁਲਿਆ ਜੋ ਵਿਹੜੇ ਵਲ ਖੁੱਲ੍ਹਦਾ ਸੀ।
ਦਰਵਾਜ਼ੇ ਵਿਚੋਂ ਇਕ ਬਜ਼ੁਰਗ ਔਰਤ ਅਤੇ ਇਕ 4-5 ਸਾਲ ਦਾ ਬੱਚਾ ਬਾਹਰ ਆਏ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਬਜ਼ੁਰਗ ਔਰਤ ਉਸ ਛੋਟੇ ਬੱਚੇ ਦੀ ਦਾਦੀ ਹੋਵੇ। ਉਸ ਬੱਚੇ ਨੇ ਅਪਣੀ ਦਾਦੀ ਨੂੰ ਪੁਛਿਆ, ''ਇਹ ਕੌਣ ਨੇ?'' ਦਾਦੀ ਨੇ ਉੱਤਰ ਦਿਤਾ, ''ਇਹ ਤੇਰੇ ਨਾਨਕਿਆਂ ਤੋਂ ਆਏ ਨੇ।'' ਬੱਚੇ ਨੇ ਕਿਹਾ, ''ਇਹ ਤਾਂ ਮੇਰੇ ਨਾਨਕਿਆਂ ਦੇ ਪੈਰ ਵਰਗੇ ਵੀ ਨਹੀਂ।'' ਦਾਦੀ ਨੇ ਕਿਹਾ, ''ਇਉਂ ਨਹੀਂ ਕਹੀਦਾ ਪੁੱਤਰ।
'' ਇਹ ਸੁਣ ਕੇ ਅਸੀ ਸੁੰਨ ਜਹੇ ਹੋ ਗਏ। ਦਰਵਾਜ਼ਾ ਬੰਦ ਹੋ ਗਿਆ ਅਤੇ ਅਸੀ ਔਖੇ ਸੌਖੇ ਹੋ ਕੇ ਬਾਕੀ ਦੀ ਰੋਟੀ ਅੰਦਰ ਨਿਘਾਰੀ। ਅੱਗੇ ਅਸੀ ''ਮਜਾਰਾ'' ਪਿੰਡ ਵਲ ਨੂੰ ਤੁਰ ਪਏ ਜੋ ਕਿ ਮੇਰੇ ਨਾਨਕਾ ਪਿੰਡ ਹੈ। ਭਾਵੇਂ ਮੈਂ ਅੱਜ ਗ੍ਰੈਜੁਏਸ਼ਨ ਕਰਨ ਤੋਂ ਬਾਅਦ ਸੈਂਟਰ ਸਰਕਾਰ ਦੇ ਦਫ਼ਤਰ ਸੁਪਰਡੈਂਟ ਦੇ ਅਹੁਦੇ ਤੋਂ ਰਿਟਾਇਰ ਹੋ ਗਿਆ ਹਾਂ ਪਰ ਉਹ ਬੱਚੇ ਦੀ ਕਹੀ ਹੋਈ ਗੱਲ ਅੱਜ ਵੀ ਮੈਨੂੰ ਸੁੰਨ ਜਿਹਾ ਕਰ ਜਾਂਦੀ ਹੈ। ਸੰਪਰਕ : 99157-83631