ਅਗਲੇ ਐਤਵਾਰ, ਤੁਹਾਡਾ ਰੋਜ਼ਾਨਾ ਸਪੋਕਸਮੈਨ 20ਵੇਂ ਸਾਲ ਵਿਚ ਦਾਖ਼ਲ ਹੋ ਜਾਏਗਾ
Published : Nov 24, 2024, 7:22 am IST
Updated : Nov 24, 2024, 7:22 am IST
SHARE ARTICLE
Next Sunday, your Daily Spokesman will enter his 20th year
Next Sunday, your Daily Spokesman will enter his 20th year

ਅੱਜ 19ਵੇਂ ਸਾਲ ਦੇ ਆਖ਼ਰੀ ਪਲਾਂ ਤੋਂ ਵਿਦਾਈ ਲੈਣ ਸਮੇਂ ਬੜੀਆਂ ਗੱਲਾਂ ਯਾਦ ਆ ਰਹੀਆਂ ਹਨ ਜੋ ਯਾਦ ਕਰਵਾਉਂਦੀਆਂ ਹਨ ਕਿ ਇਨ੍ਹਾਂ 19 ਸਾਲਾਂ ਦੀ ਯਾਤਰਾ ਕਿੰਨੀ ਦੁਸ਼ਵਾਰੀਆਂ..

19 ਸਾਲ ਪਹਿਲਾਂ ਜਦ ਅਸੀ ਰੋਜ਼ਾਨਾ ਸਪੋਕਸਮੈਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਤਾਂ ਕੀ ਸਾਡੇ ਕੋਲ ਏਨੇ ਸਾਧਨ ਸਨ ਵੀ ਕਿ ਅਸੀ ਦਾਅਵੇ ਨਾਲ ਆਖ ਸਕਦੇ ਕਿ ਉਨ੍ਹਾਂ ਸਾਧਨਾਂ ਦੇ ਸਹਾਰੇ ਇਹ ਅਖ਼ਬਾਰ ਦੋ-ਤਿੰਨ ਸਾਲ ਲਈ ਵੀ ਚਾਲੂ ਰਖਿਆ ਜਾ ਸਕੇਗਾ? ਨਹੀਂ, ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਪੱਲੇ ਕੇਵਲ ਛੇ ਮਹੀਨੇ ਦੀਆਂ ਸੁੱਕੀਆਂ ਰੋਟੀਆਂ ਸਨ ਜਿਨ੍ਹਾਂ ਨੂੰ ਪੋਣੇ ਵਿਚ ਬੰਨ੍ਹ, ਅਸੀ ਸੜਦੇ ਲੂੰਹਦੇ ਮਾਰੂਥਲਾਂ ਵਲ ਨਿਕਲ ਪਏ ਸੀ। ਅੱਜਕਲ ਅਖ਼ਬਾਰਾਂ ਕਢਣਾ ਕਿਸੇ ਹਾਈਂ ਮਾਈਂ ਦਾ ਕੰਮ ਨਹੀਂ, ਕੇਵਲ ਅਰਬਪਤੀ ਲੋਕ ਹੀ ਕੱਢ ਸਕਦੇ ਹਨ। ਸਾਡੇ ਕੋਲ ਕੁਲ ਕਿੰਨੇ ਪੈਸੇ ਸਨ, ਇਸ ਦਾ ਪਤਾ ਹਰ ਕਿਸੇ ਨੂੰ ਸੀ। ਸਾਡੇ ਦਫ਼ਤਰ ਵਿਚ ਵੀ, ਸਾਡੇ ਸ਼ਕਤੀਸ਼ਾਲੀ ਵਿਰੋਧੀਆਂ ਨੇ ਅਪਣੇ ਬੰਦੇ ਰਖਵਾਏ ਹੋਏ ਸਨ ਜੋ ਸਾਡੀ ਰੋਜ਼ ਦੀ ਡਾਇਰੀ, ਸਰਕਾਰ ਤਕ ਪਹੁੰਚਾ ਦੇਂਦੇ ਸਨ।

ਸੋ ਸਾਡੇ ਈਰਖਾਲੂਆਂ ਨੇ ਠੀਕ ਹੀ ਅੰਦਾਜ਼ਾ ਲਗਾਇਆ ਸੀ ਕਿ ਪੁਜਾਰੀਆਂ ਅਤੇ ਸਰਕਾਰ ਦੇ ਸਾਂਝੇ ਅਤੇ ਜ਼ੋਰਦਾਰ ਐਕਸ਼ਨ ਸਾਹਮਣੇ, ਅਖ਼ਬਾਰ 4-6 ਮਹੀਨਿਆਂ ਵਿਚ ਹੀ ਦਮ ਤੋੜ ਦੇਵੇਗਾ। ‘ਅਜੀਤ’ ਅਖ਼ਬਾਰ ਦੇ ਟਰੱਸਟੀ ਸ. ਸੁਰਿੰਦਰ ਸਿੰਘ ਵਿਰਦੀ (ਜੋ ਗਿਆਨੀ ਜ਼ੈਲ ਸਿੰਘ ਦੇ ਦਾਮਾਦ ਵੀ ਹਨ) ਮੇਰੇ  ਕੋਲ ਸਾਲ ਕੁ ਬਾਅਦ ਆਏ ਤੇ ਕਹਿਣ ਲੱਗੇ, ‘‘ਤੁਸੀ ਤਾਂ ਕਮਾਲ ਕਰ ਦਿਤੈ। ਜਿਹੋ ਜਿਹਾ ਕਾਗ਼ਜ਼ ਤੁਸੀ ਲਾਉਂਦੇ ਓ, ਉਹੋ ਜਿਹਾ ਤਾਂ ਅਸੀ ਵੀ ਕਦੇ ਨਹੀਂ ਲਾਇਆ। ਫਿਰ ਤੁਸੀ 16 ਪੰਨੇ ਦਾ ਅਖ਼ਬਾਰ ਵੀ ਦਈ ਜਾ ਰਹੇ ਓ। ਅਸੀ ਅਪਣੇ ਐਡੀਟਰ ਨੂੰ ਕਿਹਾ ਕਿ ਉਹ ਵੀ ਇਹੀ ਕੁੱਝ ਦੇਵੇ ਪਰ ਉਹ ਕਹਿਣ ਲੱਗਾ, ‘‘ਜੇ ਮੈਂ ਉਹ ਕੁੱਝ ਦਿਤਾ ਤਾਂ ਅਖ਼ਬਾਰ ਦੇ ਖ਼ਰਚੇ ਏਨੇ ਵੱਧ ਜਾਣਗੇ ਕਿ ਛੇ ਮਹੀਨੇ ਵਿਚ ਬੰਦ ਹੋ ਜਾਏਗਾ।’’ ਹੁਣ ਭਾਅ ਜੀ, ਮੈਂ ਭਾਈਬੰਦੀ ਦੇ ਨਾਤੇ ਪੁੱਛਣ ਆਇਆਂ ਕਿ ਤੁਸੀ ਅਖ਼ਬਾਰ ਉਤੇ ਏਨਾ ਖ਼ਰਚਾ ਕਿਵੇਂ ਕਰ ਲੈਂਦੇ ਓ ਤੇ ਤੁਹਾਡੀ ਮਦਦ ਕੌਣ ਕਰਦੈ?’’

ਮੈਂ ਹੱਸ ਕੇ ਕਿਹਾ, ‘‘ਵਿਰਦੀ ਜੀ, ਤੁਸੀ ਤਾਂ ਮੇਰੀਆਂ ਆਦਤਾਂ ਜਾਣਦੇ ਈ ਓ। ਭਲਾ ਕਿਸੇ ਆਦਰਸ਼ਵਾਦੀ ਤੇ ਅਸੂਲ-ਪ੍ਰਸਤ ਬੰਦੇ ਨੂੰ ਵੀ ਕਿਸੇ ਕੋਲੋਂ ਮਦਦ ਮਿਲ ਸਕਦੀ ਏ? ਇਕ ਵਾਰ ਕੋਈ ਕਰੇਗਾ ਵੀ ਤਾਂ ਦੂਜੀ ਵਾਰ ਪਾਸਾ ਪਰਤ ਲਵੇਗਾ।’’ ਵਿਰਦੀ ਜੀ ਬੋਲੇ, ‘‘ਉਹ ਤਾਂ ਮੈਂ ਜਾਣਦਾਂ, ਇਸੇ ਲਈ ਤਾਂ ਪੁਛ ਰਿਹਾਂ ਕਿ ਤੁਹਾਡੇ ਕੋਲ ਤੇ ਪੈਸਾ ਹੈ ਕੋਈ ਨਹੀਂ ਤੇ ਨਾ ਕਿਸੇ ਪੈਸੇ ਵਾਲੇ ਨਾਲ ਤੁਹਾਡੀ ਯਾਰੀ ਹੀ ਏ, ਫਿਰ ਤੁਹਾਡੀ ਮਦਦ ਕੌਣ ਕਰਦੈ ਕਿਉਂਕਿ ਮਦਦ ਬਿਨਾ, ਏਨਾ ਵਧੀਆ ਅਖ਼ਬਾਰ ਕਢਣਾ ਨਾਮੁਮਕਿਨ ਹੈ।’’

ਮੈਂ ਕਿਹਾ, ‘‘ਹਾਂ ਮੇਰਾ ਵੀ ਇਕ ‘ਸੇਠ’ ਹੈ ਤਾਂ ਜ਼ਰੂਰ ਤੇ ਉਸ ਕੋਲ ਪੈਸਾ ਵੀ ਏਨਾ ਏ ਕਿ ਅੰਦਾਜ਼ਾ ਲਾਉਣਾ ਵੀ ਔਖਾ ਹੁੰਦੈ। ਔਕੜਾਂ ਸਾਨੂੰ ਵੀ ਆਉਂਦੀਆਂ ਨੇ ਪਰ ਜਦ ਵੀ ਲਗਦੈ ਕਿ ਗੱਡੀ ਰੁਕ ਜਾਏਗੀ ਤਾਂ ਉਸੇ ਨੂੰ ਵਾਜ ਮਾਰ ਲੈਂਦੇ ਆਂ। ਕੋਈ ਨਾ ਕੋਈ ਤਦਬੀਰ ਬਣਾ ਕੇ, ਪਲਾਂ ਵਿਚ ਪੈਸਾ ਭੇਜ ਹੀ ਦੇਂਦੈ।’’ ਵਿਰਦੀ ਜੀ ਉਤਸੁਕਤਾ ਨਾਲ ਬੋਲੇ, ‘‘ਹਾਂ ਉਸੇ ਬਾਰੇ ਤਾਂ ਮੈਂ ਜਾਣਨਾ ਚਾਹੁਨਾਂ ਕਿ ਉਹ ਕੌਣ ਏ.....?’’

ਮੈਂ ਉਨ੍ਹਾਂ ਦੀ ਉਤਸੁਕਤਾ ਨੂੰ ਸ਼ਾਂਤ ਕਰਦਿਆਂ ਅਖ਼ੀਰ ਦਸ ਹੀ ਦਿਤਾ, ‘‘ਉਸ ਦਾ ਨਾਂ ਨਾਨਕ ਸ਼ਾਹ ਹੈ। ਜਦ ਵੀ ਕੋਈ ਤਕਲੀਫ਼ ਆਉਂਦੀ ਏ ਤਾਂ ਉਸ ਨੂੰ ਵਾਜ ਮਾਰ ਕੇ ਕਹਿ ਦੇਂਦੇ ਹਾਂ, ‘‘ਬੰਦ ਹੋ ਜਾਏਗਾ ਤੇਰਾ ਅਖ਼ਬਾਰ। ਛੇਤੀ ਕੁੱਝ ਕਰ। ਸ਼ੁਰੂ ਵਿਚ ਈ ਤੈਨੂੰ ਕਹਿ ਦਿਤਾ ਸੀ, ਅਖ਼ਬਾਰ ਸਫ਼ਲ ਹੋ ਗਿਆ ਤਾਂ ਤੇਰੀ ਸਫ਼ਲਤਾ, ਬੰਦ ਹੋ ਗਿਆ ਤਾਂ ਹਾਰ ਵੀ ਤੇਰੀ ਹੋਵੇਗੀ। ਮੈਨੂੰ ਤਾਂ ਲੋਕ ਪਹਿਲਾਂ ਈ ਪਾਗ਼ਲ ਕਹਿੰਦੇ ਨੇ ਜਿਹੜਾ ਥੁੱਕਾਂ ਨਾਲ ਵੜੇ ਪਕਾਣ ਨਿਕਲ ਪਿਐ.... ਹੋਰ ਕੀ ਕਹਿ ਲੈਣਗੇ? ਪਰ ਤੇਰੇ ਨਾਂ ਨਾਲ ‘ਹਾਰ’ ਸ਼ਬਦ ਦਾ ਜੁੜਨਾ, ਇਹ ਸਾਡੇ ਕੋਲੋਂ ਜਰ ਨਹੀਂ ਹੋਣਾ....।’’

ਪਤਾ ਨਹੀਂ ਵਿਰਦੀ ਜੀ ਦੀ ਤਸੱਲੀ ਹੋਈ ਕਿ ਨਹੀਂ ਪਰ ਇਹ ਨਿਰਾ ਪੁਰਾ ਇਕ ਚਮਤਕਾਰ ਹੀ ਸੀ ਕਿ ਜਦੋਂ ਵੀ ਅਸੀ ਸਮਝਦੇ ਸੀ ਕਿ ਇਸ ਵਾਰ ਅਸੀ ਅਖ਼ਬਾਰ ਨੂੰ ਬਚਾ ਨਹੀਂ ਸਕਾਂਗੇ (ਅਜਿਹੇ ਮੌਕੇ ਇਕ ਵਾਰ ਨਹੀਂ, ਵਾਰ-ਵਾਰ ਆਉਂਦੇ ਰਹੇ) ਤਾਂ ਪਤਾ ਨਹੀਂ ਕਿਵੇਂ ਤੇ ਕਿਥੋਂ ਕੋਈ ਗ਼ੈਬੀ ਤਾਕਤ, ਕਿਸੇ ਸਿਧੜੇ ਜਹੇ ਗ਼ਰੀਬ ਬੰਦੇ ਨੂੰ ਭੇਜ ਕੇ ਸਾਡੀ ਵਕਤੀ ਲੋੜ ਉਸ ਕੋਲੋਂ ਪੂਰੀ ਕਰਵਾ ਦਿੰਦੀ। ਉਸ ਗ਼ੈਬੀ ਸ਼ਕਤੀ ਨੇ ਸਾਨੂੰ ਵਾਧੂ ਇਕ ਪੈਸਾ ਵੀ ਕਦੇ ਨਹੀਂ ਦਿਤਾ ਪਰ ਕੰਮ ਵੀ ਕੋਈ ਨਹੀਂ ਰੁਕਣ ਦਿਤਾ। ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਵੀ ਉਹੀ ਹਾਲ ਹੈ।

ਅੱਜ 19ਵੇਂ ਸਾਲ ਦੇ ਆਖ਼ਰੀ ਪਲਾਂ ਤੋਂ ਵਿਦਾਈ ਲੈਣ ਸਮੇਂ ਬੜੀਆਂ ਗੱਲਾਂ ਯਾਦ ਆ ਰਹੀਆਂ ਹਨ ਜੋ ਯਾਦ ਕਰਵਾਉਂਦੀਆਂ ਹਨ ਕਿ ਇਨ੍ਹਾਂ 19 ਸਾਲਾਂ ਦੀ ਯਾਤਰਾ ਕਿੰਨੀ ਦੁਸ਼ਵਾਰੀਆਂ ਭਰੀ ਸੀ ਜਿਸ ਵਿਚ ਹਮਦਰਦ ਘੱਟ ਮਿਲਦੇ ਸਨ ਤੇ ਮੈਨੂੰ ‘ਪਾਗ਼ਲ’, ‘ਵੱਡੇ ਲੋਕਾਂ ਦੀ ਰੀਸ ਕਰ ਕੇ ਗੋਡੇ ਤੁੜਵਾ ਬੈਠੇਗਾ’, ‘‘ਐਨਾ ਵੱਡਾ ਕੰਮ ਸ਼ੁਰੂ ਕਰਨ ਵੇਲੇ ਪਹਿਲਾਂ ਅਪਣੇ ਆਪ ਵਲ ਤਾਂ ਵੇਖ ਲੈਂਦਾ ਕਿ ਤੂੰ ਹੈ ਕੀ ਏਂ’, ‘ਇਕ ਮਕਾਨ ਤੇ ਅਪਣਾ ਬਣਾ ਨਹੀਂ ਸਕਿਆ ਤੇ ਅਰਬਾਂਪਤੀ ਬਣਨ ਦੇ ਖ਼ਾਬ ਲੈਣ ਲੱਗ ਪਿਐਂ’ ਕਹਿਣ ਵਾਲੇ ਜ਼ਿਆਦਾ ਮਿਲਦੇ।

ਇਸ ਸਿਲਸਿਲੇ ਵਿਚ ਲੁਧਿਆਣੇ ਦੇ ਮਿਸ਼ਨਰੀ ਕਾਲਜ ਦੇ ਸਵਰਗਵਾਸੀ ਪ੍ਰਿੰਸੀਪਲ ਸਾਹਿਬ, ਕੰਵਰ ਮਹਿੰਦਰ ਪ੍ਰਤਾਪ ਸਿੰਘ ਦੀ ਯਾਦ ਆਉਂਦੀ ਹੈ ਜੋ ਮੇਰੇ ਉਨ੍ਹਾਂ ਪੰਜ ਸਾਥੀਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਰਲ ਕੇ ਵਰਲਡ ਸਿੱਖ ਕਨਵੈਨਸ਼ਨ 2003 ਬੁਲਾਈ ਸੀ। ਕਈ ਤਾਂ ਮੇਰਾ ਸਾਥ ‘ਹੁਕਮਨਾਮੇ’ ਮਗਰੋਂ ਹੀ ਛੱਡ ਗਏ ਸਨ ਪਰ ਪ੍ਰਿੰਸੀਪਲ ਸਾਹਿਬ ਆਖ਼ਰੀ ਪਲ ਤਕ ਮੇਰੇ ਸੱਚੇ ਹਮਦਰਦ ਬਣੇ ਰਹੇ। ਇਕ ਦਿਨ ਮੈਨੂੰ ਕਹਿਣ ਲੱਗੇ, ‘‘ਮੇਰਾ ਖ਼ਿਆਲ ਏ, ਤੁਸੀ ਅਕਾਲ ਤਖ਼ਤ ਦੇ ਪੁਜਾਰੀਆਂ ਕੋਲ ਦੋ ਮਿੰਟ ਲਈ ਜਾ ਹੀ ਆਉ।’’ ਮੈਂ ਕਿਹਾ, ‘‘ਇਹ ਤੁਸੀ ਕਹਿ ਰਹੇ ਓ ਪ੍ਰਿੰਸੀਪਲ ਸਾਹਿਬ?’’

ਕਹਿਣ ਲੱਗੇ, ‘‘ਉਥੇ ਜਾਣਾ ਹੈ ਤਾਂ ਗ਼ਲਤ ਪਰ ਬੜੀ ਮੁਸ਼ਕਲ ਨਾਲ ‘ਸਪੋਕਸਮੈਨ’ ਹੋਂਦ ਵਿਚ ਆ ਸਕਿਐ। ਇਹੋ ਜਿਹਾ ਅਖ਼ਬਾਰ ਬੰਦ ਹੋ ਗਿਆ ਤਾਂ ਸੌ ਸਾਲ ਫਿਰ ਕਿਸੇ ਨੇ ਨਹੀਂ ਕੱਢ ਸਕਣਾ। ਤੁਸੀ ਬੜਾ ਵਧੀਆ ਮੁਕਾਬਲਾ ਕਰੀ ਜਾ ਰਹੇ ਓ ਪਰ ਮੇਰੇ ਦਿਲ ਨੂੰ ਹਰ ਵੇਲੇ ਧੁੜਕੂ ਲੱਗਾ ਰਹਿੰਦੈ, ਸਿੱਖਾਂ ਦੇ ਇਸ ਬੇਮਿਸਾਲ ਅਖ਼ਬਾਰ ਨੂੰ ਕੁੱਝ ਹੋ ਨਾ ਜਾਏ। ਸੋ ਕੋਈ ਹਰਜ ਨਹੀਂ ਜੇ ਨੀਤੀ ਵਜੋਂ ਤੁਸੀ ਉਨ੍ਹਾਂ ਦੀ ਹਉਮੈ ਨੂੰ ਵੀ ਪੱਠੇ ਪਾ ਆਉ ਤੇ ਅਪਣਾ ਅਸੂਲ ਵੀ ਨਾ ਛੱਡੋ। ਵਾਪਸ ਆ ਕੇ ਪਾਠਕਾਂ ਨੂੰ ਸਮਝਾ ਸਕਦੇ ਹੋ ਕਿ ਅਖ਼ਬਾਰ ਨੂੰ ਬਚਾਣ ਲਈ ਇਹ ਰਾਹ ਫੜਨਾ ਪਿਆ ਪਰ ਤੁਸੀ ਪਹਿਲਾਂ ਵਾਂਗ, ਪੁਜਾਰੀਵਾਦ ਨੂੰ ਮਾਨਤਾ ਦੇਣ ਤੋਂ ਇਨਕਾਰੀ ਹੋਏ ਰਹੋਗੇ ਤੇ ਸਿਧਾਂਤ ਨੂੰ ਨਹੀਂ ਛੱਡੋਗੇ। ਅਖ਼ਬਾਰ ਨੂੰ ਪਿਆਰ ਕਰਨ ਵਾਲੇ ਪਾਠਕ, ਤੁਹਾਡੀ ਮਜਬੂਰੀ ਨੂੰ ਸਮਝ ਜਾਣਗੇ।’’

ਮੈਂ ਹੱਸ ਕੇ ਕਿਹਾ, ‘‘ਇਹੀ ਸਿਆਣਪਾਂ ਤਾਂ ਮੈਨੂੰ ਮੇਰੀ ਮਾਂ ਨੇ ਸਿਖਾਈਆਂ ਨਹੀਂ ਸਨ। ਪਰ ਤੁਸੀ ਫ਼ਿਕਰ ਨਾ ਕਰੋ, ਅਖ਼ਬਾਰ ਦੀ ਇਨਸ਼ੋਰੈਂਸ ਮੈਂ ਬਾਬੇ ਨਾਨਕ ਕੋਲੋਂ ਕਰਵਾ ਲਈ ਏ ਤੇ ਹੁਣ ਇਹ ਚਿੰਤਾ ਬਾਬੇ ਨਾਨਕ ਦੀ ਹੈ, ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਪਰ ਜੇ ਅਖ਼ਬਾਰ ਬੰਦ ਵੀ ਹੋ ਜਾਂਦੈ ਤਾਂ ਹੋਣ ਦਿਉ, ਸਾਡੀ ਡਿਊਟੀ, ਸਿਧਾਂਤ ਉਤੇ ਪਹਿਰਾ ਦੇਣ ਦੀ ਲੱਗੀ ਸੀ ਤੇ ਸਾਨੂੰ ਉਸ ਜ਼ਿੰਮੇਵਾਰੀ ਵਲ ਹੀ ਧਿਆਨ ਟਿਕਾਈ ਰਖਣਾ ਚਾਹੀਦੈ।’’ ਕੁੱਝ ਕੁ ਸਾਲ ਪਹਿਲਾਂ ਕੈਨੇਡਾ ਤੋਂ ਅਚਾਨਕ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦਾ ਫ਼ੋਨ ਅੱਧੀ ਰਾਤ ਨੂੰ ਆ ਗਿਆ, ‘‘ਮੈਂ ਗੁਰਬਖ਼ਸ਼ ਸਿੰਘ ਬੋਲਦਾਂ। ਤੁਹਾਡਾ ਸੌਣ ਦਾ ਸਮਾਂ ਹੋਵੇਗਾ ਪਰ ਮੈਂ ਇਕ ਜ਼ਰੂਰੀ ਗੱਲ ਕਰਨੀ ਸੀ। ਬੁਰਾ ਨਾ ਮਨਾਇਉ।’’

ਮੈਂ ਕਿਹਾ, ‘‘ਤੁਸੀ ਮੇਰੀ ਫ਼ਿਕਰ ਨਾ ਕਰੋ ਤੇ ਦੱਸੋ ਮੈਂ ਕੀ ਸੇਵਾ ਕਰ ਸਕਦਾ ਹਾਂ?’’ ਬੋਲੇ, ‘‘ਮੇਰੇ ਉਤੇ ਬਹੁਤ ਜ਼ੋਰ ਪੈ ਰਿਹੈ ਕਿ ਮੈਂ ਅੜੀ ਛੱਡਾਂ ਤੇ ਪੁਜਾਰੀਆਂ ਸਾਹਮਣੇਪੇਸ਼ ਹੋ ਆਵਾਂ। ਮੇਰੇ ਉਤੇ ਪ੍ਰੈਸ਼ਰ ਏਨਾ ਜ਼ਿਆਦਾ ਏ ਕਿ ਮੈਂ ਹੁਣ ਮਜਬੂਰ ਹੋ ਗਿਆ ਹਾਂ।’’ਮੈਂ ਕਿਹਾ, ‘‘ਮੈਂ ਤਾਂ ਤੁਹਾਨੂੰ ਕਦੇ ਨਹੀਂ ਰੋਕਿਆ। ਤੁਸੀ ਦਬਾਅ ਹੇਠ ਆ ਗਏ ਹੋ ਤਾਂ ਸਿੱਧੇ ਹਵਾਈ ਜਹਾਜ਼ ਤੇ ਸਵਾਰ ਹੋ ਕੇ ਅੰਮ੍ਰਿਤਸਰ ਜਾ ਆਉ ਤੇ ਦੋਸ਼-ਮੁਕਤੀ ਕਰਵਾ ਆਉ। ਮੈਂ ਤੁਹਾਨੂੰ ਕੋਈ ਹੋਰ ਸਲਾਹ ਕਿਉਂ ਦੇਵਾਂਗਾ?’’
ਕਹਿਣ ਲੱਗੇ, ‘‘ਨਹੀਂ ਮੈਂ ਫ਼ੈਸਲਾ ਕੀਤੈ ਕਿ ਮੈਂ ਤੁਹਾਨੂੰ ਨਾਲ ਲੈ ਕੇ ਈ ਜਾਵਾਂਗਾ, ਇਕੱਲਿਆਂ ਮੈਂ ਨਹੀਂ ਜਾਣਾ। ਤੁਸੀ ਮੇਰੀ ਖ਼ਾਤਰ, ਅਪਣੇ ਆਪ ਨੂੰ ਫਸਾ ਲਿਐ ਤਾਂ ਮੈਂ ਤੁਹਾਡੇ ਬਿਨਾਂ ਕਿਵੇਂ ਜਾਵਾਂ? ਸੋ ਤੁਸੀ ਤਾਰੀਖ਼ ਮਿਥੋ, ਅਸੀ ਰਲ ਕੇ ਚੱਲਾਂਗੇ।’’

ਮੈਂ ਕਿਹਾ, ‘‘ਅਫ਼ਗ਼ਾਨਾ ਜੀ, ਇਹ ਭੁਲੇਖਾ ਦਿਲ ’ਚੋਂ ਕੱਢ ਦਿਉ ਕਿ ਮੈਂ ਤੁਹਾਡੇ ਲਈ ਅਪਣੇ ਆਪ ਨੂੰ ਫਸਾ ਲਿਐ। ਮੈਨੂੰ ਜੋ ਠੀਕ ਲੱਗਾ, ਮੈਂ ਉਹੀ ਕੀਤਾ। ਮੈਂ ਜੋ ਕੀਤਾ, ਅਸੂਲ ਖ਼ਾਤਰ ਕੀਤਾ। ਸੋ ਇਸ ਬੋਝ ਨੂੰ ਦਿਲ ਤੋਂ ਲਾਹ ਛੱਡੋ। ਪਰ ਜਿਥੋਂ ਤਕ ਪੁਜਾਰੀਆਂ ਸਾਹਮਣੇ ਪੇਸ਼ ਹੋਣ ਦੀ ਗੱਲ ਹੈ, ਉਹ ਮੈਂ ਇਸ ਜਨਮ ਵਿਚ ਤਾਂ ਕਰ ਨਹੀਂ ਸਕਾਂਗਾ, ਤੁਹਾਨੂੰ ਮੇਰੇ ਅਗਲੇ ਜਨਮ ਤਕ ਇੰਤਜ਼ਾਰ ਕਰਨੀ ਪਵੇਗੀ ਕਿਉਂਕਿ ਅਗਲੇ ਜਨਮ ਬਾਰੇ ਮੈਨੂੰ ਆਪ ਕੁੱਝ ਨਹੀਂ ਪਤਾ ਕਿ ਮੈਂ ਕਿਸ ਹਾਲਤ ਵਿਚ ਹੋਵਾਂਗਾ ਤੇ ਕਿਥੇ ਹੋਵਾਂਗਾ।’’

ਕਾਲਾ ਅਫ਼ਗ਼ਾਨਾ ਜੀ ਚੁੱਪ ਹੋ ਗਏ ਤੇ ਫ਼ੋਨ ਰੱਖ ਦਿਤਾ। ਇਹੀ ਨਹੀਂ, ਹੋਰ ਬਹੁਤ ਸਾਰੀਆਂ ਗੱਲਾਂ ਹਨ ਜੋ ਮੈਂ ਪਾਠਕਾਂ ਨੂੰ ਸੁਣਾਉਣ ਲੱਗ ਜਾਵਾਂ ਤਾਂ ਜਿਵੇਂ ਨਾਨੀਆਂ-ਦਾਦੀਆਂ ਕਹਿੰਦੀਆਂ ਹੁੰਦੀਆਂ ਸਨ, ‘‘ਰਾਤ ਕਦੇ ਮੁੱਕਣ ’ਤੇ ਨਹੀਂ ਆਵੇਗੀ।’’ ਅੱਜ ਦੀ ਡਾਇਰੀ ਦੇ ਅੰਤ ਵਿਚ ਬਸ ਕੇਵਲ ਦੋ ਯਾਦਾਂ ਦਰਜ ਕਰਨਾ ਚਾਹਾਂਗਾ, ਜਿਨ੍ਹਾਂ ਵਲ ਇਸ਼ਾਰਾ ਸ਼ਾਇਦ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ ਪਰ ਜਿਨ੍ਹਾਂ ਦਾ ਜ਼ਿਕਰ ਅੱਜ ਦੀ ਡਾਇਰੀ ਵਿਚ ਬੜਾ ਢੁਕਵਾਂ ਲੱਗੇਗਾ।  ਪੰਜਾਬ ਦਾ ਇਕ ਸੀਨੀਅਰ ਵਜ਼ੀਰ ਕੁੱਝ ਮਹੀਨੇ ਪਹਿਲਾਂ ਹੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ‘‘ਮੈਂ ਸਿਰਫ਼ ਤੁਹਾਨੂੰ ਵਧਾਈ ਦੇਣ ਲਈ ਆਇਆਂ।’’ ‘‘ਕਿਸ ਗੱਲ ਦੀ ਵਧਾਈ?’’
ਉਹ ਬੋਲੇ, ‘‘ਅਸੀਂ ਇਕ ਸਰਵੇ ਕਰਵਾਇਐ ਜਿਸ ਤੋਂ ਪਤਾ ਲੱਗਾ ਹੈ ਕਿ ਦੁਨੀਆਂ ਭਰ ਵਿਚ ਜਿਥੇ ਵੀ ਕੋਈ ਪੰਜਾਬੀ ਅਖ਼ਬਾਰ ਪੜ੍ਹਨ ਵਾਲਾ ਬੈਠਾ ਹੋਇਐ, ਉਨ੍ਹਾਂ ’ਚੋਂ 80-90 ਫ਼ੀ ਸਦੀ ਲੋਕ, ਸੱਭ ਤੋਂ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਨੂੰ ਹੀ ਪੜ੍ਹਦੇ ਨੇ - ਭਾਵੇਂ ਉਹ ਇੰਟਰਨੈੱਟ ਤੋਂ ਪੜ੍ਹਨ, ਭਾਵੇਂ ਖ਼ਰੀਦ ਕੇ ਪੜ੍ਹਨ, ਭਾਵੇਂ ਲਾਇਬ੍ਰੇਰੀ ਵਿਚ ਪੜ੍ਹਨ ਤੇ ਭਾਵੇਂ ਉਹ ਗਵਾਂਢੀ ਕੋਲੋਂ ਮੰਗ ਕੇ ਪੜ੍ਹਨ।’’

ਫਿਰ ਰੁਕ ਕੇ ਬੋਲੇ, ‘‘ਮੈਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ ਕਿ ਇਸ ਅਖ਼ਬਾਰ ਨੂੰ ਬੰਦ ਕਰਵਾਉਣ ਲਈ ਜਿੰਨਾ ਜ਼ੋਰ ਸਾਡੀ ਸਰਕਾਰ ਨੇ ਲਾਇਐ, ਕਿਸੇ ਨੇ ਕਦੇ ਨਹੀਂ ਲਾਇਆ ਹੋਣਾ। ਇਸ ਦੇ ਬਾਵਜੂਦ ਜੇ ਤੁਸੀ ਇਸ ਉਚਾਈ ’ਤੇ ਪਹੁੰਚ ਗਏ ਓ ਤਾਂ ਸਾਡੀ ਸਮਝ ਇਹੀ ਕਹਿੰਦੀ ਏ ਕਿ ਅਖ਼ਬਾਰ ਵਿਚ ਬੜੀ ਜਾਨ ਐ ਤੇ ਹੁਣ ਇਹ ਅਖ਼ਬਾਰ ਪੰਜਾਬ ਦੇ ਸਾਰੇ ਅੰਗ੍ਰੇਜ਼ੀ, ਹਿੰਦੀ, ਪੰਜਾਬੀ ਅਖ਼ਬਾਰਾਂ ਨੂੰ ਪਿੱਛੇ ਸੁਟ ਕੇ, ਪਹਿਲੇ ਨੰਬਰ ’ਤੇ ਆਉਣ ਦੀ ਹਾਲਤ ਵਿਚ ਪੁਜ ਗਿਆ ਹੈ। ਇਸ ਨਾਲ ਤੁਸੀ ਵੀ ਪੰਜਾਬ ਦੀ ਸਾਰੀ ਰਾਜਨੀਤੀ ਨੂੰ ਅਪਣੇ ਇਸ਼ਾਰਿਆਂ ’ਤੇ ਚਲਾ ਸਕਦੇ ਹੋ ਪਰ ਤੁਹਾਡੇ ਕੋਲ ਪੈਸੇ ਦੀ ਕਮੀ ਹੈ। ਜੇ ਤਾਂ ਤੁਹਾਡੇ ਕੋਲ 100-200 ਕਰੋੜ ਹੈ ਤਾਂ ਸਾਡੇ ਨਾਲ ਲੜਾਈ ਜਾਰੀ ਰੱਖੋ ਪਰ ਜੇ ਨਹੀਂ ਤਾਂ 100-200 ਕਰੋੜ ਅਸੀ ਦੇ ਦਿਆਂਗੇ, ਸਾਡੇ ਨਾਲ ਆ ਜਾਉ। ਇਸ ਨਾਲ ਸਪੋਕਸਮੈਨ ਤੁਰਤ ਸੱਭ ਤੋਂ ਵੱਡਾ ਅਖ਼ਬਾਰ ਬਣ ਜਾਏਗਾ।’’

ਮੇਰਾ ਜਵਾਬ ਫਿਰ ਉਹੀ ਸੀ ਕਿ, ‘‘ਸਿਧਾਂਤ ਛੱਡਣ ਦੀ ਸ਼ਰਤ ਲਾਉਗੇ ਤਾਂ 100-200 ਕਰੋੜ ਵਲ ਵੇਖਾਂਗਾ ਵੀ ਨਹੀਂ ਤੇ ਅਖ਼ਬਾਰ ਬੰਦ ਕਰਨਾ ਉਸ ਨਾਲੋਂ ਬਿਹਤਰ ਸਮਝਾਂਗਾ।’’ ਵਜ਼ੀਰ ਸਾਹਿਬ ਅੱਧਾ ਘੰਟਾ ਮੈਨੂੰ ਸਮਝਾਉਂਦੇ ਰਹੇ ਕਿ ਜਦ ਮੈਂ ਪੰਜਾਬ ਦਾ ਬਾਦਸ਼ਾਹ ਬਣ ਸਕਦਾ ਹਾਂ ਤਾਂ ਇਕ ‘ਛੋਟੀ ਜਹੀ ਗੱਲ ਲਈ’ ਪੇਸ਼ਕਸ਼ ਨੂੰ ਕਿਉਂ ਨਹੀਂ ਕਬੂਲ ਕਰ ਲੈਂਦਾ? ਕੌਣ ਕਹਿੰਦਾ ਹੈ ਕਿ ਅਪਣਾ ਮਕਾਨ ਵੀ ਨਾ ਬਣਾ ਸਕਣ ਕਰ ਕੇ ਮੈਂ ‘ਗ਼ਰੀਬ’ ਹਾਂ? ਗ਼ਰੀਬ ਤਾਂ ਉਹ ਹੁੰਦੇ ਹਨ ਜਿਨ੍ਹਾਂ ਦੀਆਂ ਤਜੌਰੀਆਂ ਭਰੀਆਂ ਹੁੰਦੀਆਂ ਨੇ ਪਰ ਚੰਦ ਟੁਕੜਿਆਂ ਬਦਲੇ ਵਿਕ ਜਾਂਦੇ ਹਨ ਤੇ ਅਸੂਲਾਂ ਦੀ ਕੋਈ ਕੀਮਤ ਨਹੀਂ ਸਮਝਦੇ।

19 ਸਾਲ ਦੀਆਂ ਯਾਦਾਂ ਦੀ ਆਖ਼ਰੀ ਯਾਦ ਦਾ ਜ਼ਿਕਰ ਕਰ ਕੇ ਅੱਜ ਦੀ ਡਾਇਰੀ ਬੰਦ ਕਰਦਾ ਹਾਂ। ਮੈਂ ਸੈਕਟਰ 11 ਵਿਚੋਂ ਲੰਘ ਰਿਹਾ ਸੀ ਕਿ ਅਪਣੇ ਸਾਬਕਾ ਗਵਾਂਢੀ, ਸੁਪ੍ਰੀਮ ਕੋਰਟ ਦੇ ਜੱਜ ਰਹਿ ਚੁੱਕੇ ਜਸਟਿਸ ਕੁਲਦੀਪ ਸਿੰਘ ਦਾ ਘਰ ਸਾਹਮਣੇ ਵੇਖ ਕੇ ਮੈਂ ਗੱਡੀ ਗਲੀ ਵਿਚ ਮੋੜ ਲਈ। ਜਸਟਿਸ ਕੁਲਦੀਪ ਸਿੰਘ, ਹਮੇਸ਼ਾ ਵਾਂਗ ਬੜੇ ਤਪਾਕ ਨਾਲ ਮਿਲੇ। ਹੱਸ ਕੇ ਕਹਿਣ ਲੱਗੇ, ‘‘ਬਈ ਤੁਸੀ ਤਾਂ ਕਮਾਲ ਕਰੀ ਜਾ ਰਹੇ ਓ।... ਵੈਸੇ ਸਪੋਕਸਮੈਨ ਦਾ ਹਾਲ ਚਾਲ ਕੀ ਏ?’’
ਮੈਂ ਕਿਹਾ, ‘‘ਜੱਜ ਸਾਹਿਬ, ਗ਼ਰੀਬਾਂ ਵਲੋਂ ਸ਼ੁਰੂ ਕੀਤੇ ਗ਼ਰੀਬ ਅਖ਼ਬਾਰ ਦਾ ਹਾਲ ਚਾਲ ਕੀ ਹੋਣੈ। ਕਮਾਲ ਇਸ ਵਿਚਾਰੇ ਨੇ ਕੀ ਕਰਨੀ ਏ, ਬਸ ਖ਼ਰਚਾ ਪੂਰਾ ਹੋ ਜਾਏ ਤਾਂ ਖ਼ੁਸ਼ ਹੋ ਜਾਂਦੇ ਹਾਂ।’’

ਜੱਜ ਸਾਹਿਬ ਬੋਲੇ, ‘‘ਵੇਖੋ ਸ. ਜੋਗਿੰਦਰ ਸਿੰਘ, ਤੁਸੀ ਹਲੀਮੀ ਵਜੋਂ ਅਪਣੇ ਆਪ ਨੂੰ ਭਾਵੇਂ ਛੋਟਾ ਕਰ ਕੇ ਦੱਸੋ ਪਰ ਮੈਂ 5-6 ਦੇਸ਼ਾਂ ਦਾ ਦੌਰਾ ਕਰ ਕੇ ਆਇਆ ਹਾਂ ਤੇ ਇਕ ਗੱਲ ਮੈਂ ਕਹਿ ਸਕਦਾ ਹਾਂ ਕਿ ਦਿਨ ਦੇ 24 ਘੰਟਿਆਂ ਵਿਚ ਕੋਈ ਇਕ ਮਿੰਟ ਵੀ ਅਜਿਹਾ ਨਹੀਂ ਹੁੰਦਾ ਜਦੋਂ ਦੁਨੀਆਂ ਵਿਚ ਕਿਧਰੇ ਨਾ ਕਿਧਰੇ, ਤੁਹਾਡੇ ਸਪੋਕਸਮੈਨ ਬਾਰੇ ਚਰਚਾ ਨਹੀਂ ਹੋ ਰਹੀ ਹੁੰਦੀ - ਇਹ ਗੱਲ ਕੋਈ ਮਹੱਤਵ ਨਹੀਂ ਰਖਦੀ ਕਿ ਚਰਚਾ ਵਿਚ ਤੁਹਾਡੇ ਹੱਕ ਵਿਚ ਵੀ ਲੋਕ ਬੋਲਦੇ ਨੇ ਤੇ ਤੁਹਾਡੇ ਵਿਰੁਧ ਵੀ। ਮੈਂ ਨਹੀਂ ਸਮਝਦਾ ਕਿ ਕਿਸੇ ਹੋਰ ਪੰਜਾਬੀ ਅਖ਼ਬਾਰ ਨੇ, ਇਸ ਤੋਂ ਪਹਿਲਾਂ ਇਹ ਰੁਤਬਾ ਪ੍ਰਾਪਤ ਕੀਤਾ ਹੋਵੇ ਤੇ ਤੁਸੀਂ ਕਹਿ ਰਹੇ ਹੋ ਕਿ ਇਹ ਗ਼ਰੀਬ ਜਿਹਾ ਅਖ਼ਬਾਰ ਹੈ! ਬਹੁਤ ਵੱਡਾ ਕੰਮ ਕਰ ਰਹੇ ਹੋ ਤੁਸੀ।’’

ਚਲੋ ਕਹਿੰਦੇ ਰਹਿਣ ਮੈਨੂੰ ‘ਪਾਗਲ’, ‘ਦਿਨੇ ਸੁਪਨੇ ਵੇਖਣ ਵਾਲਾ’ ਤੇ ‘ਵੱਡਿਆਂ ਦੀਆਂ ਰੀਸਾਂ ਕਰਨ ਵਾਲਾ’ ਜਾਂ ਕੱਢ ਲੈਣ ਹਰ ਉਹ ਗਾਲ੍ਹ ਜੋ ਉਨ੍ਹਾਂ ਨੂੰ ਚੰਗੀ ਲਗਦੀ ਹੋਵੇ ਪਰ ਸਿਆਣੇ ਲੋਕ ਵੀ ਥੋੜੇ ਤਾਂ ਨਹੀਂ ਜੋ ਮੇਰੇ ਥੋੜੇ ਨੂੰ ਬਹੁਤਾ ਜਾਣ ਕੇ ਵੀ ਪ੍ਰਵਾਨ ਕਰ ਰਹੇ ਨੇ। ਇਸ ਸੱਭ ਕੁੱਝ ਦੇ ਪਿੱਛੇ ਵੱਡਾ ਹੱਥ ਵਾਹਿਗੁਰੂ ਤੋਂ ਬਾਅਦ ਸਾਡੇ ਪਾਠਕਾਂ ਦਾ ਹੈ ਜਿਨ੍ਹਾਂ ਨੇ ਸਪੋਕਸਮੈਨ ਦੇ ਮੋਢੇ ਨਾਲ ਮੋਢਾ ਜੋੜ ਕੇ, ਇਸ ਨੂੰ ਇਥੇ ਤਕ ਪਹੁੰਚਾਇਆ ਹੈ। ਇਹ ਮੋਢੇ ਜਦ ਤਕ ਜੁੜੇ ਰਹਿਣਗੇ, ਚਮਤਕਾਰ ਹੁੰਦੇ ਰਹਿਣਗੇ। ਮੇਰੇ ਦਿਲ ਵਿਚ ਕਈ ਖ਼ਿਆਲ ਆਉਂਦੇ ਰਹਿੰਦੇ ਨੇ ਕਿ ਫ਼ਲਾਣੀ ਚੀਜ਼ ਵੀ ਨਾਲ ਹੀ ਉਸਾਰ ਦਿਤੀ ਜਾਵੇ ਤਾਂ ਕੌਮ ਨੂੰ ਜਾਂ ਮਨੁੱਖਤਾ ਨੂੰ ਕਿੰਨਾ ਲਾਭ ਹੋ ਸਕਦਾ ਹੈ। ਇਹ ਸੁਪਨੇ ਕਦੇ ਬੰਦ ਨਹੀਂ ਹੋਣੇ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Illegal Immigrants in US: ਗ਼ੈਰ-ਕਾਨੂੰਨੀ ਪਰਵਾਸੀਆ ਨੂੰ ਹਿਰਾਸਤ ਚ ਲੈਣ ਸਬੰਧੀ ਬਿੱਲ ਪਾਸ | Donald Trump News

24 Jan 2025 12:14 PM

MP Amritpal Singh ਨੂੰ ਮਿਲਣਗੇ Constitutional Rights? ਕੀ Budget Session 2025 'ਚ ਹੋਣਗੇ ਸ਼ਾਮਲ?

24 Jan 2025 12:09 PM

Sidhu Moosewala ਦਾ New Song ’Lock’ Released, ਮਿੰਟਾਂ ’ਚ ਲੱਖਾਂ ਲੋਕਾਂ ਨੇ ਕੀਤਾ ਪਸੰਦ | Punjab Latest News

23 Jan 2025 12:22 PM

Donald Trump Action on Illegal Immigrants in US: 'ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ 'ਚੋਂ ਕੱਢਣਾ...

23 Jan 2025 12:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 22/01/2025

22 Jan 2025 12:24 PM
Advertisement