Basant Panchami Special: ਬਸੰਤ ਪੰਚਮੀ ਬਨਾਮ ਬਸੰਤ ਰੁੱਤ
Published : Jan 25, 2023, 12:25 pm IST
Updated : Jan 25, 2023, 2:27 pm IST
SHARE ARTICLE
Basant Panchami vs Basant Rutt
Basant Panchami vs Basant Rutt

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਚੰਨ ਦੇ ਮਾਘ ਮਹੀਨੇ ਦੀ ਸੁਦੀ ਪੰਚਮੀ ਨੂੰ ਮਨਾਏ ਜਾਣ ਵਾਲੇ ਤਿਉਹਾਰ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ।

 

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਚੰਨ ਦੇ ਮਾਘ ਮਹੀਨੇ ਦੀ ਸੁਦੀ ਪੰਚਮੀ ਨੂੰ ਮਨਾਏ ਜਾਣ ਵਾਲੇ ਤਿਉਹਾਰ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ। ਭਾਵੇਂ ਇਸ ਨੂੰ ਬਸੰਤ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ ਪਰ ਇਸ ਦਾ ਬਸੰਤ ਰੁੱਤ ਨਾਲ ਕੋਈ ਸਬੰਧ ਨਹੀਂ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਨ ਨਾਲ। ਰੁੱਤ ਸਦਾ ਹੀ ਇਕ ਖ਼ਾਸ ਸਮੇਂ ਤੇ ਆਰੰਭ ਹੁੰਦੀ ਹੈ ਪਰ ਬਸੰਤ ਪੰਚਮੀ ਹਰ ਸਾਲ ਵੱਖ-ਵੱਖ ਸਮੇਂ ’ਤੇ ਆਉਂਦੀ ਹੈ। ਜਿਵੇਂ ਪਿਛਲੇ ਸਾਲ (2022 ’ਚ) 5 ਫ਼ਰਵਰੀ ਤੇ ਇਸ ਸਾਲ (2023 ’ਚ) ਵਿਚ 26 ਜਨਵਰੀ ਨੂੰ ਅਤੇ ਅਗਲੇ ਸਾਲ ਭਾਵ 2024 ’ਚ 14 ਫ਼ਰਵਰੀ ਨੂੰ ਆਵੇਗੀ। ਬਸੰਤ ਪੰਚਮੀ ਆਮ ਤੌਰ ਤੇ 20 ਜਨਵਰੀ ਤੋਂ 17 ਫ਼ਰਵਰੀ ਦੇ ਦਰਮਿਆਨ ਆਉਂਦੀ ਹੈ।

ਬਸੰਤ ਪੰਚਮੀ ਜਿਸ ਨੂੰ ‘ਸ੍ਰੀ ਪੰਚਮੀ’ ਜਾਂ ‘ਸਰਸਵਤੀ ਪੂਜਾ’ ਵੀ ਕਿਹਾ ਜਾਂਦਾ ਹੈ, ਦਾ ਸਬੰਧ ਦੇਵੀ ਸਰਸਵਤੀ ਨਾਲ ਮੰਨਿਆ ਜਾਂਦਾ ਹੈ। ਸਰਸਵਤੀ ਹਿੰਦੂ ਮੱਤ ’ਚ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਸੰਤ ਪੰਚਮੀ ਨੂੰ ਦੇਵੀ ਸਰਸਵਤੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ‘ਹਿੰਦੂ ਮਿਥਿਹਾਸ ਕੋਸ਼’ ’ਚ ਦਰਜ ਕਹਾਣੀ ਮੁਤਾਬਕ ਸਰਸਵਤੀ ਨੂੰ ਬ੍ਰਹਮਾ ਦੀ ਪਤਨੀ ਮੰਨਿਆ ਗਿਆ ਹੈ। ਭਾਰਤ ਦੇ ਕਈ ਹਿੱਸਿਆਂ ਵਿਚ ਬਹੁਤ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਬਸੰਤ ਪੰਚਮੀ ਦੇ ਦਿਨ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਦੇ ਇਸ਼ਨਾਨ ਅਤੇ ਦਾਨ ਦਾ ਹਿੰਦੂ ਧਰਮ ਵਿਚ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਵਾਲੇ ਦਿਨ ਕਈ ਥਾਂਵਾਂ ’ਤੇ ਸੰਗੀਤ ਸੰਮੇਲਨ ਅਤੇ ਕਵੀ-ਦਰਬਾਰ ਵੀ ਕਰਵਾਏ ਜਾਂਦੇ ਹਨ। ਜਿਥੇ ਇਸ ਦਿਨ ਪਤੰਗਬਾਜ਼ੀ ਦੇ ਮੁਕਾਬਲੇ ਹੁੰਦੇ ਹਨ, ਉਥੇ ਹੀ ਅੱਜਕਲ ਚੀਨੀ ਡੋਰ ਕਾਰਨ ਦਰਦਨਾਕ ਹਾਦਸੇ ਵੀ ਵਾਪਰ ਰਹੇ ਹਨ। 

ਬਸੰਤ, ਧਰਤੀ ਦੇ ਸੂਰਜ ਦੁਆਲੇ ਇਕ ਚੱਕਰ ਹੈ ਜਿਸ ਨੂੰ ਸਾਲ ਕਹਿੰਦੇ ਹਨ, ਵਿਚ ਚਾਰ ਰੁੱਤਾਂ ’ਚੋਂ ਸਭ ਤੋਂ ਸੁਹਾਵਣੀ ਰੁੱਤ ਹੈ।  ਅਪਣੇ ਦੇਸ਼ ਵਿਚ ਮੰਨੀਆਂ ਜਾਂਦੀਆਂ 6 ਰੁੱਤਾਂ ਵਿਚੋਂ ਇਕ ਰੁੱਤ ਹੈ ਜੋ ਨਵੇਂ ਸਾਲ ਦੇ ਆਰੰਭ ਵਿਚ ਆਉਂਦੀ ਹੈ। ਬਸੰਤ ਰੁੱਤ ਨੂੰ ਕੁਦਰਤ ’ਚ ਇਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਰੁੱਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਪ੍ਰਭਾਵ ਘੱਟ ਜਾਂਦਾ ਹੈ, ਦਰੱਖ਼ਤਾਂ ਦੀਆਂ ਨਵੀਆਂ ਕਰੂੰਬਲਾਂ ਫੁਟ ਪੈਂਦੀਆਂ ਹਨ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖ਼ਤਮ ਹੋਣ ਦੀ ਸੂਚਕ ਵੀ ਮੰਨੀ ਜਾਂਦੀ ਹੈ। ਪੰਜਾਬੀ ਅਖਾਣ ਵੀ ਇਸ ਦੀ ਤਸਦੀਕ ਕਰਦਾ ਹੈ, “ਆਈ ਬਸੰਤ-ਪਾਲਾ ਉਡੰਤ।’’

ਉਤਰੀ ਅਰਧ ਗੋਲੇ ਵਿਚ ਜਦੋਂ ਦਿਨ ਅਤੇ ਰਾਤ ਬਰਾਬਰ, (March 5quinox) ਹੁੰਦੇ ਹਨ, ਉਸ ਦਿਨ ਤੋਂ ਬਸੰਤ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। ਜੇ ਸਾਲ ਦੀ ਵੰਡ ਚਾਰ ਰੁਤਾਂ ’ਚ ਕੀਤੀ ਜਾਵੇ ਤਾਂ ਇਸ ਤਰ੍ਹਾਂ ਹੁੰਦੀ ਹੈ। ਬਸੰਤ 20 ਮਾਰਚ ਤੋਂ 20 ਜੂਨ, ਗਰਮੀ 21 ਜੂਨ ਤੋਂ 21 ਸਤੰਬਰ, ਪਤਝੜ 22 ਸਤੰਬਰ ਤੋਂ 20 ਦਸੰਬਰ ਤੇ ਸਿਆਲ 21 ਦਸੰਬਰ ਤੋਂ 19 ਮਾਰਚ। ਅਪਣੇ ਦੇਸ਼ ਵਿਚ ਸਾਲ ਦੀ ਵੰਡ 6 ਰੁੱਤਾਂ ਵਿਚ ਕੀਤੀ ਗਈ ਹੈ। ਗੁਰਬਾਣੀ ਵਿਚ ਵੀ 6 ਰੁੱਤਾਂ ਦਾ ਹੀ ਜ਼ਿਕਰ ਹੈ। ਉਸ ਮੁਤਾਬਕ ਚੇਤ-ਵੈਸਾਖ ਬਸੰਤ ਰੁੱਤ, ਜੇਠ-ਹਾੜ ਗ੍ਰੀਖਮ ਰੁੱਤ, ਸਾਵਣ-ਭਾਦੋਂ  ਬਰਸੁ ਰੁੱਤ, ਅੱਸੂ-ਕੱਤਕ ਸਰਦ ਰੁੱਤ, ਮੱਘਰ-ਪੋਹ ਸਿਸੀਅਰ ਰੁੱਤ ਤੇ ਮਾਘ-ਫੱਗਣ ਹਿਮਕਰ ਰੁੱਤ। 

ਇਕ ਹੋਰ ਵਸੀਲੇ ਮੁਤਾਬਕ 6 ਰੁੱਤਾਂ ਦੀ ਵੰਡ ਇੰਜ ਕੀਤੀ ਗਈ ਹੈ : ਬਸੰਤ ਰੁੱਤ (Spring) 18 ਫ਼ਰਵਰੀ ਤੋਂ 20 ਅਪ੍ਰੈਲ, ਗਰਮੀ (Summer) 21 ਅਪ੍ਰੈਲ ਤੋਂ 20 ਜੂਨ, ਬਰਸਾਤ (Monsoon) 21 ਜੂਨ ਤੋਂ 22 ਅਗੱਸਤ, ਪਤਝੜ (1utumn) 23 ਅਗੱਸਤ ਤੋਂ 22 ਅਕਤੂਬਰ, ਸਰਦ ਰੁੱਤ (Pre-winter) 23 ਅਕਤੂਬਰ ਤੋਂ 20 ਦਸੰਬਰ ਅਤੇ ਹਿਮਕਰ ਭਾਵ ਅੱਤ ਦੀ ਸਰਦੀ (Winter) 21 ਦਸੰਬਰ ਤੋਂ 17 ਫ਼ਰਵਰੀ।

ਗਰੈਗੋਰੀਅਨ ਕੈਲੰਡਰ (“ropical Year) ਜਿਸ ਦੇ ਸਾਲ ਦੀ ਲੰਬਾਈ ਧਰਤੀ ਦੇ ਸੂਰਜ ਦੁਆਲੇ ਇਕ ਚੱਕਰ ਦੇ ਸਮੇਂ ਬਰਾਬਰ ਹੈ, ਮੁਤਾਬਕ ਕੀਤੀ ਗਈ। ਉਪ੍ਰੋਕਤ ਵੰਡ ਜ਼ਿਆਦਾ ਢੁਕਵੀਂ ਹੈ। ਬਾਣੀ ਦੀ ਪਾਵਨ ਪੰਗਤੀ “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ :1108) ਵਿਚ “ਰਥੁ ਫਿਰੇ” ਦਾ ਭਾਵ ਸੂਰਜ ਦੇ ਰੱਥ ਤੋਂ ਹੈ। ਜਦੋਂ ਸੂਰਜ ਉਤਰਾਇਣ ਨੂੰ ਜਾ ਰਿਹਾ ਹੁੰਦਾ ਹੈ, ਉਤਰੀ ਅਰਧ ਗੋਲੇ ਵਿਚ ਦਿਨ ਵੱਡਾ ਹੋ ਰਿਹਾ ਹੁੰਦਾ ਹੈ, ਤਾਂ 21 ਜੂਨ ਨੂੰ ਦਿਨ ਵਧਣੋ ਰੁਕ ਜਾਂਦਾ ਹੈ ਤੇ ਸੂਰਜ ਦਖਰਾਇਣ ਨੂੰ ਮੁੜ ਪੈਂਦਾ ਹੈ। ਉਸ ਦਿਨ ਤੋਂ ਉਤਰੀ ਭਾਰਤ ਵਿਚ ਵਰਖਾ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਹ ਘਟਨਾ 16 ਹਾੜ ਨੂੰ ਵਾਪਰਦੀ ਸੀ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ, ਅਸਲ ਸਾਲ ਦੀ ਲੰਬਾਈ ’ਚ ਅੰਤਰ ਹੋਣ ਕਾਰਨ ਹੁਣ ਇਹ ਘਟਨਾ 7 ਹਾੜ ਨੂੰ ਵਾਪਰਦੀ ਹੈ। ਜੇ ਅਜੇ ਵੀ ਸਾਲ ਦੀ ਲੰਬਾਈ ਨੂੰ ਨਾ ਸੋਧਿਆ ਗਿਆ ਤਾਂ ਇਹ ਫ਼ਰਕ ਵਧਦਾ ਹੀ ਜਾਵੇਗਾ। 

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਤਾਂ ਆਲਮ ਹੀ ਨਿਰਾਲਾ ਹੈ। ਬਾਣੀ ’ਚ ਦਰਜ ਬਸੰਤ ਰਾਗ ’ਤੇ ਆਧਾਰਤ ‘ਬਸੰਤ ਦੀ ਚੌਕੀ’ ਦਾ ਆਰੰਭ ਦਰਬਾਰ ਸਾਹਿਬ ਵਿਖੇ ਲੋਹੜੀ ਵਾਲੀ ਰਾਤ ਅਤੇ ਬਾਕੀ ਗੁਰੂ ਅਸਥਾਨਾਂ ’ਤੇ ਮਾਘ ਦੀ ਸੰਗਰਾਂਦ ਤੋਂ ਕੀਤਾ ਜਾਂਦਾ ਹੈ ਅਤੇ ਸਮਾਪਤੀ ਹੌਲੇ ਮਹੱਲੇ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਜਾਂਦੀ ਹੈ। ਇਸ ਮੁਤਾਬਕ ਤਾਂ ਬਸੰਤ ਰੁੱਤ ਦਾ ਆਰੰਭ ਸੂਰਜੀ ਪੋਹ ਦੇ ਆਖ਼ਰੀ ਦਿਨ ਜਾਂ ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਅਤੇ ਸਮਾਪਤੀ ਚੇਤ ਵਦੀ ਏਕਮ, ਭਾਵ ਹੋਲੇ ਮਹੱਲੇ ਵਾਲੇ ਦਿਨ ਹੁੰਦੀ ਹੈ। ਚੰਨ ਦੀ ਤਾਰੀਖ਼ ਹੋਣ ਕਾਰਨ ਹੋਲੇ ਦੀ ਤਾਰੀਖ਼ ਵੀ ਹਰ ਸਾਲ ਬਦਲ ਜਾਂਦੀ ਹੈ। ਹਰ ਸਾਲ ਤਕਰੀਬਨ 1 ਮਾਰਚ ਤੋਂ 28 ਮਾਰਚ ਦੇ ਦਰਮਿਆਨ ਆਉਂਦੀ ਹੈ। ਜੇ ਇਸ ਨੂੰ ਮੰਨ ਲਿਆ ਜਾਵੇ ਤਾਂ ਗ੍ਰੀਖਮ ਰੁੱਤ ਦਾ ਆਰੰਭ ਵੀ 1 ਮਾਰਚ ਤੋਂ 28 ਮਾਰਚ ਦੇ ਦਰਮਿਆਨ ਹੀ ਹੋਵੇਗਾ। ਜਿਵੇਂ ਕਿ ਉਪਰ ਵੇਖ ਆਏ ਹਾਂ, ਇਹ ਮੰਨਣ ਯੋਗ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ, ਰਾਮਕਲੀ ਰਾਗ ਵਿਚ ਪੰਚਮ ਪਾਤਸ਼ਾਹ ਜੀ ਵਲੋਂ ਉਚਾਰੀ ਗਈ ਪਾਵਨ ਪੰਗਤੀ, “ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ” (ਪੰਨਾ 927) ਵਿਚ ਸਪੱਸ਼ਟ ਤੌਰ ਤੇ ਦਰਜ ਹੈ ਕਿ ਬਸੰਤ ਦੀ ਰੁਤ ਚੇਤ-ਵੈਸਾਖ ਦੇ ਮਹੀਨਿਆਂ ਵਿਚ ਹੁੰਦੀ ਹੈ। ਫਿਰ ਪਤਾ ਨਹੀਂ ਕਿਉਂ ਸ਼੍ਰੋਮਣੀ ਕਮੇਟੀ ਬਸੰਤ ਰਾਗ ਦਾ ਗਾਇਨ 30 ਪੋਹ ਜਾਂ ਇਕ ਮਾਘ ਤੋਂ ਆਰੰਭ ਕਰਦੀ ਹੈ ਅਤੇ ਸਮਾਪਤੀ 18 ਫੱਗਣ ਤੋਂ 15 ਚੇਤ ਦਰਮਿਆਨ ਕਰਦੀ ਹੈ। ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਮਾਘ ਅਤੇ ਫੱਗਣ ਦੇ ਮਹੀਨੇ ’ਚ ਹਿਮਕਰ ਰੁੱਤ ਭਾਵ ਬਰਫ਼ਾਨੀ ਰੁੱਤ ਹੁੰਦੀ ਹੈ। “ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ” (ਪੰਨਾ 929)

“ਬਸੰਤ ਦੀ ਚੌਕੀ” ਮਾਘ-ਫੱਗਣ ਦੇ ਮਹੀਨੇ ਲਾਉਣ ਦੀ ਮਰਯਾਦਾ ਕਦੋਂ ਅਤੇ ਕਿਸ ਨੇ ਬਣਾਈ ਹੈ? ਇਹ ਸਵਾਲ, ਸਕੱਤਰ ਸ਼੍ਰੋ.ਗੁ.ਪ੍ਰ. ਕਮੇਟੀ, ਸਕੱਤਰ ਧਰਮ ਪ੍ਰਚਾਰ ਕਮੇਟੀ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬਾਨ, ਕਈ ਹਜ਼ੂਰੀ ਰਾਗੀ ਜਥਿਆਂ ਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਵਿਦਵਾਨਾਂ ਨੂੰ ਪੁੱਛ ਚੁੱਕੇ ਹਾਂ। ਕਿਸੇ ਨੇ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਦਿਤਾ। ਖ਼ੈਰ... ਉਪ੍ਰੋਕਤ ਚਰਚਾ ਤੋਂ ਸਹਿਜੇ ਹੀ ਇਹ ਨਤੀਜਾ ਕਢਿਆ ਜਾ ਸਕਦਾ ਹੈ ਕਿ ਰੁੱਤਾਂ ਦਾ ਸਬੰਧ ਸੂਰਜ ਦੁਆਲੇ ਧਰਤੀ ਦੀ ਚਾਲ ਨਾਲ ਹੈ ਨਾਕਿ ਧਰਤੀ ਦੁਆਲੇ ਚੰਨ ਦੀ ਚਾਲ ਨਾਲ। ਧਰਤੀ ਤੇ ਰੁੱਤਾਂ ਦੀ ਅਦਲਾ ਬਦਲੀ ਰੁੱਤੀ ਸਾਲ  (“ropical Year) ਦੀ ਲੰਬਾਈ ਮੁਤਾਬਕ ਹੁੰਦੀ ਹੈ, ਨਾਕਿ ਬਿਕ੍ਰਮੀ ਸਾਲ (Sidereal Year) ਮੁਤਾਬਕ। ਬਸੰਤ ਪੰਚਮੀ, ਸਰਸਵਤੀ ਦੀ ਪੂਜਾ ਦਾ ਤਿਉਹਾਰ ਹੈ ਨਾਕਿ ਬਸੰਤ ਰੁੱਤ ਦਾ ਆਰੰਭ। ਗੁਰਬਾਣੀ ਮੁਤਾਬਕ ਬਸੰਤ ਰੁੱਤ ਚੇਤ ਅਤੇ ਵੈਸਾਖ ਦੇ ਮਹੀਨੇ ਵਿਚ ਹੁੰਦੀ ਹੈ ਨਾਕਿ ਮਾਘ-ਫੱਗਣ ਵਿਚ, ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ‘ਬਸੰਤ ਦੀ ਚੌਕੀ’ ਭਾਵ ਬਸੰਤ ਰਾਗ ਦਾ ਕੀਰਤਨ ਕੀਤਾ ਜਾਂਦਾ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh News: clears last slum: About 500 hutments face bulldozers in Sector 38 | Slum Demolition

30 Sep 2025 3:18 PM

Chandigarh MC meeting Hungama News : councillors tear pages from meeting minutes | AAP Vs Congress

30 Sep 2025 3:18 PM

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM
Advertisement