ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਵਾਰਿਸ
Published : Jul 25, 2018, 9:32 am IST
Updated : Jul 25, 2018, 9:32 am IST
SHARE ARTICLE
Maharaja Ranjit Singh
Maharaja Ranjit Singh

ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਸਿਰਫ਼ 59 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਿਆ। ਉਸ ਦੀ ਮੌਤ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਸਾਜ਼ਸ਼ੀਆਂ ਨੇ ਇਕ ਇਕ ਕਰ ਕੇ...

ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਸਿਰਫ਼ 59 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਿਆ। ਉਸ ਦੀ ਮੌਤ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਸਾਜ਼ਸ਼ੀਆਂ ਨੇ ਇਕ ਇਕ ਕਰ ਕੇ ਕਤਲ ਕਰ ਦਿਤਾ। ਸਿਰਫ਼ ਉਸ ਦਾ ਸੱਭ ਤੋਂ ਛੋਟਾ ਬੇਟਾ ਦਲੀਪ ਸਿੰਘ ਹੀ ਇਸ ਕਤਲੋਗ਼ਾਰਤ ਤੋਂ ਬਚ ਸਕਿਆ। ਦਲੀਪ ਸਿੰਘ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਬੇਟੇ ਦਾ ਖ਼ਾਨਦਾਨ ਅੱਗੇ ਨਹੀਂ ਚਲਿਆ।

ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਘਰ ਮਹਾਰਾਣੀ ਜਿੰਦਾਂ ਦੀ ਕੁੱਖੋਂ ਹੋਇਆ ਸੀ। ਉਸ ਨੇ ਮਹਾਰਾਜਾ ਸ਼ੇਰ ਸਿੰਘ ਦੀ ਮੌਤ ਤੋਂ ਬਾਅਦ 15 ਸਤੰਬਰ 1843 ਤੋਂ ਲੈ ਕੇ 29 ਮਾਰਚ 1849 ਨੂੰ ਅੰਗਰੇਜ਼ਾਂ ਵਲੋਂ ਪੰਜਾਬ ਨੂੰ ਹੜੱਪ ਲਏ ਜਾਣ  ਤਕ, 5 ਸਾਲ 6 ਮਹੀਨੇ ਰਾਜ ਕੀਤਾ। 21 ਦਸੰਬਰ 1849 ਨੂੰ ਅੰਗਰੇਜ਼ਾਂ ਨੇ ਉਸ ਨੂੰ ਤਖ਼ਤ ਬਰਦਾਰ ਕਰ ਕੇ ਡਾਕਟਰ ਜੌਨ ਲਾਗਨ ਦੀ ਸਰਪ੍ਰਸਤੀ ਹੇਠ ਯੂ.ਪੀ. ਵਿਚ ਫ਼ਤਿਹਗੜ੍ਹ ਭੇਜ ਦਿਤਾ।

1853 ਵਿਚ ਅਪਣੇ ਪੁਰਾਣੇ ਨੌਕਰ ਭਜਨ ਲਾਲ ਅਤੇ ਜੌਨ ਲਾਗਨ ਦੇ ਪ੍ਰਭਾਵ ਹੇਠ ਉਸ ਨੇ ਇਸਾਈ ਧਰਮ ਮਨਜ਼ੂਰ ਕਰ ਲਿਆ। 1854 ਵਿਚ ਉਸ ਨੂੰ ਇੰਗਲੈਂਡ ਭੇਜ ਦਿਤਾ ਗਿਆ। ਪਰ ਸਮਝਦਾਰ ਹੋਣ ਤੇ 1858 ਵਿਚ 20 ਸਾਲ ਦੀ ਉਮਰ ਵਿਚ ਉਸ ਨੇ ਮੁੜ ਸਿੱਖ ਧਰਮ ਧਾਰਨ ਕਰ ਲਿਆ।ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦਲੀਪ ਸਿੰਘ ਨੂੰ ਦਿਲੋਂ ਪਿਆਰ ਕਰਦੀ ਸੀ। ਉਹ ਕਾਫ਼ੀ ਦੇਰ ਤਕ ਆਸਬੋਰਨ ਵਿਖੇ ਸ਼ਾਹੀ ਪ੍ਰਵਾਰ ਨਾਲ ਰਿਹਾ। ਇੰਗਲੈਂਡ ਵਿਚ ਉਹ ਵਿੰਬਲਡਨ, ਰੋਹੈਂਪਟਨ,

Prince VictorPrince Victor

ਔਚਲੀਨ ਅਤੇ ਅਖ਼ੀਰ ਪਰਥਸ਼ਾਇਰ ਦੇ 17000 ਏਕੜ ਜ਼ਮੀਨ ਵਿਚ ਸਥਿਤ ਮੈਨਜ਼ੀਜ਼ ਮਹਿਲ ਵਿਚ ਵਸ ਗਿਆ। ਇਥੇ ਹੀ ਮਹਿੰਗੀ ਜੀਵਨਸ਼ੈਲੀ, ਸ਼ਿਕਾਰ ਪਾਰਟੀਆਂ ਅਤੇ ਸ਼ਾਨਦਾਰ ਕਪੜੇ ਪਹਿਨਣ ਕਾਰਨ ਉਸ ਨੂੰ ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ ਦਾ ਨਾਂ ਮਿਲਿਆ। 16 ਜਨਵਰੀ 1861 ਨੂੰ ਉਹ ਕਲਕੱਤਾ ਦੇ ਸਪੈਂਸਰ ਹੋਟਲ ਵਿਚ ਅਪਣੀ ਅੰਨ੍ਹੀ ਮਾਂ ਨੂੰ ਮਿਲਿਆ ਅਤੇ ਉਸ ਨੂੰ ਇੰਗਲੈਂਡ ਲੈ ਆਇਆ। ਉਸ ਨੂੰ ਅੱਗੇ ਪੰਜਾਬ ਜਾਣ ਦੀ ਆਗਿਆ ਨਾ ਮਿਲੀ। ਜਿੰਦਾਂ ਉਸ ਨਾਲ ਹੀ ਪਰਥਸ਼ਾਇਰ ਰਹਿਣ ਲੱਗੀ ਅਤੇ ਉਥੇ ਹੀ 1 ਅਗੱਸਤ 1863 ਵਿਚ ਉਸ ਦੀ ਮੌਤ ਹੋ ਗਈ।

1863 ਵਿਚ ਦਲੀਪ ਸਿੰਘ ਦੂਜੀ ਵਾਰ ਅਪਣੀ ਮਾਂ ਦੀ ਰਾਖ ਪਾਉਣ ਲਈ ਭਾਰਤ ਆਇਆ। ਉਸ ਨੂੰ ਸਿਰਫ਼ ਗੋਦਾਵਰੀ ਤਕ ਜਾਣ ਦੀ ਹੀ ਆਗਿਆ ਮਿਲੀ।  ਹੌਲੀ ਹੌਲੀ ਉਸ ਵਿਚ ਪੰਜਾਬ ਜਾਣ ਦੀ ਇੱਛਾ ਪ੍ਰਬਲ ਹੋ ਗਈ। ਬ੍ਰਿਟਿਸ਼ ਸਰਕਾਰ ਦੀ ਇੱਛਾ ਵਿਰੁਧ ਉਹ 30 ਮਾਰਚ 1886 ਨੂੰ ਭਾਰਤ ਲਈ ਚੱਲ ਪਿਆ ਪਰ ਯਮਨ ਦੀ ਬੰਦਰਗਾਹ ਅਦਨ ਤੋਂ ਵਾਪਸ ਮੋੜ ਦਿਤਾ ਗਿਆ।

ਦੁਖੀ ਹੋਇਆ ਦਲੀਪ ਸਿੰਘ ਫ਼ਰਾਂਸ ਚਲਾ ਗਿਆ। ਉਸ ਨੇ ਰੂਸ ਦੀ ਯਾਤਰਾ ਵੀ ਕੀਤੀ ਪਰ ਜ਼ਾਰ (ਰੂਸ ਦਾ ਬਾਦਸ਼ਾਹ) ਨੂੰ ਭਾਰਤ ਤੇ ਹਮਲਾ ਕਰਨ ਲਈ ਨਾ ਮਨਾ ਸਕਿਆ। ਅਖ਼ੀਰ 1893 'ਚ ਮਾੜੀ ਸਿਹਤ ਅਤੇ ਤਣਾਅ ਕਾਰਨ 55 ਸਾਲ ਦੀ ਉਮਰ ਵਿਚ ਉਸ ਦੀ ਪੈਰਿਸ ਦੇ ਇਕ ਸਧਾਰਣ ਹੋਟਲ ਦੇ ਕਮਰੇ ਵਿਚ ਮੌਤ ਹੋ ਗਈ। ਉਸ ਦੀ ਆਖ਼ਰੀ ਇੱਛਾ ਸੀ ਕਿ ਉਸ ਦਾ ਅੰਤਮ ਸੰਸਕਾਰ ਲਾਹੌਰ ਵਿਚ ਕੀਤਾ ਜਾਵੇ।

Princess Sofia Dalip SIngh, Princess Baban, Princess KatherinePrincess Sofia Dalip SIngh, Princess Baban, Princess Katherine

ਪਰ ਗੜਬੜ ਹੋਣ ਦੇ ਡਰੋਂ ਉਸ ਦੀ ਲਾਸ਼ ਨੂੰ ਪੰਜਾਬ ਲਿਜਾਣ ਦੀ ਬਜਾਏ ਲੰਦਨ ਦੀ ਐਲਵਡਨ ਚਰਚ ਵਿਚ ਉਸ ਦੀ ਪਤਨੀ ਮਹਾਰਾਣੀ ਬੰਬਾ ਅਤੇ ਪੁੱਤਰ ਐਡਵਰਡ ਅਲਬਰਟ ਦਲੀਪ ਸਿੰਘ ਦੀਆਂ ਕਬਰਾਂ ਦੇ ਨਜ਼ਦੀਕ ਇਸਾਈ ਰੀਤੀ ਰਿਵਾਜਾਂ ਮੁਤਾਬਕ ਦਫ਼ਨ ਕਰ ਦਿਤਾ ਗਿਆ।ਦਲੀਪ ਸਿੰਘ ਦੀਆਂ ਦੋ ਪਤਨੀਆਂ ਅਤੇ ਅੱਠ ਬੱਚੇ ਸਨ। ਪਹਿਲੇ ਵਿਆਹ ਤੋਂ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਅਤੇ ਦੂਜੇ ਤੋਂ ਦੋ ਲੜਕੀਆਂ ਪੈਦਾ ਹੋਈਆਂ। ਉਸ ਦੇ ਸਾਰੇ ਬੱਚੇ ਅਤੇ ਦੋਵੇਂ ਪਤਨੀਆਂ ਇਸਾਈ ਸਨ। ਉਨ੍ਹਾਂ ਨੇ ਸਾਰੀ ਉਮਰ ਇਸਾਈ ਧਰਮ ਦੇ ਨੇਮਾਂ ਅਨੁਸਾਰ ਬਤੀਤ ਕੀਤੀ ਅਤੇ ਈਸਾਈ ਧਰਮ ਮੁਤਾਬਕ ਹੀ ਦਫ਼ਨਾਏ ਗਏ।

ਉਸ ਦੀ ਪਹਿਲੀ ਪਤਨੀ ਦਾ ਨਾਂ ਬੰਬਾ ਮੂਲਰ ਸੀ। ਬੰਬਾ ਇਕ ਅਰਬੀ ਸ਼ਬਦ ਹੈ ਜਿਸ ਦਾ ਮਤਲਬ ਗੁਲਾਬੀ ਹੁੰਦਾ ਹੈ। ਉਸ ਦਾ ਜਨਮ 6 ਜੁਲਾਈ 1848 ਨੂੰ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਹੋਇਆ ਸੀ। ਉਸ ਦਾ ਬਾਪ ਲੁਡਵਿਗ ਮੂਲਰ ਇਕ ਜਰਮਨ ਬੈਂਕਰ ਅਤੇ ਵਪਾਰੀ ਸੀ। ਉਸ ਦੀ ਮਾਤਾ ਸੋਫ਼ੀਆ, ਐਬੀਸੀਨੀਅਨ ਇਸਾਈ ਸੀ ਅਤੇ ਲੁਡਵਿਗ ਦੀ ਰਖੇਲ ਸੀ। ਲੁਡਵਿਗ ਨੇ ਸਮਾਜਕ ਪ੍ਰੇਸ਼ਾਨੀ ਤੋਂ ਬਚਣ ਲਈ ਬੰਬਾ ਨੂੰ ਕਾਹਿਰਾ ਦੇ ਅਮਰੀਕਨ ਪਰੈਸਬੀਟੇਰੀਅਨ ਮਿਸ਼ਨਰੀ ਸਕੂਲ ਵਿਚ ਭਰਤੀ ਕਰਵਾ ਦਿਤਾ।

ਅਪਣੀ ਮਾਤਾ ਦੀਆਂ ਆਖ਼ਰੀ ਰਸਮਾਂ ਪੂਰੀਆਂ ਕਰ ਕੇ ਮੁੰਬਈ ਤੋਂ ਵਾਪਸ ਜਾਂਦਾ ਦਲੀਪ ਸਿੰਘ ਕੁੱਝ ਦੇਰ ਲਈ ਕਾਹਿਰਾ ਰੁਕਿਆ। ਮਿਸ਼ਨਰੀ ਸਕੂਲ ਦਾ ਦੌਰਾ ਕਰਦੇ ਸਮੇਂ ਉਹ ਬੰਬਾ ਦੀ ਖ਼ੂਬਸੂਰਤੀ ਤੇ ਮਰ ਮਿਟਿਆ। 7 ਜੂਨ 1864 ਨੂੰ ਬ੍ਰਿਟਿਸ਼ ਦੂਤਘਰ ਵਿਚ ਦੋਹਾਂ ਦਾ ਵਿਆਹ ਹੋ ਗਿਆ ਅਤੇ ਉਹ ਲੰਦਨ ਪਹੁੰਚ ਗਏ। ਬੰਬਾ ਇਕ ਸੁੱਘੜ ਸਿਆਣੀ ਔਰਤ ਸੀ ਅਤੇ ਦਲੀਪ ਸਿੰਘ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। 18 ਸਤੰਬਰ 1887 ਨੂੰ ਗੁਰਦੇ ਖ਼ਰਾਬ ਹੋ ਜਾਣ ਕਾਰਨ 39 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਕੁੱਖੋਂ ਪੈਦਾ ਹੋਏ ਬੱਚੇ ਇਸ ਪ੍ਰਕਾਰ ਹਨ:-

1. ਪ੍ਰਿੰਸ ਵਿਕਟਰ ਅਲਬਰਟ ਜੇ. ਦਲੀਪ ਸਿੰਘ - ਵਿਕਟਰ, ਦਲੀਪ ਸਿੰਘ ਅਤੇ ਬੰਬਾ ਦਾ ਸੱਭ ਤੋਂ ਵੱਡਾ ਬੱਚਾ ਸੀ। ਉਸ ਦਾ ਜਨਮ 10 ਜੁਲਾਈ 1866 ਨੂੰ ਲੰਦਨ ਵਿਖੇ ਹੋਇਆ। ਉਸ ਨੇ ਈਟਨ ਅਤੇ ਟ੍ਰਿਨਟੀ ਕਾਲਜ ਕੈਂਬਰਿਜ ਤੋਂ ਸਿਖਿਆ ਪ੍ਰਾਪਤ ਕੀਤੀ। ਰਾਇਲ ਮਿਲਟਰੀ ਕਾਲਜ ਸੈਂਡਹਰਸਟ ਤੋਂ ਸੈਨਿਕ ਸਿਖਲਾਈ ਪ੍ਰਾਪਤ ਕਰ ਕੇ ਉਹ 1887 ਵਿਚ ਫ਼ਸਟ ਰਾਇਲ ਡਰੈਗੂਨਜ਼ ਪਲਟਨ ਵਿਚ ਸੈਕੰਡ ਲੈਫ਼ਟੀਨੈਂਟ ਭਰਤੀ ਹੋ ਗਿਆ ਜਿੱਥੇ ਉਸ ਨੇ 1898 ਤਕ ਨੌਕਰੀ ਕੀਤੀ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਮਿਲਟਰੀ ਸੇਵਾ ਨਿਭਾਈ।

Prince FredrikPrince Fredrik

4 ਜਨਵਰੀ 1898 ਨੂੰ ਉਸ ਨੇ ਕਵੈਂਟਰੀ ਦੇ ਅਰਲ (ਜਗੀਰਦਾਰ) ਜਾਰਜ ਵਿਲੀਅਮ ਦੀ ਬੇਟੀ ਲੇਡੀ ਐਨ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਨੇ ਇੰਗਲੈਂਡ ਵਿਚ ਬਹੁਤ ਤਰਥੱਲੀ ਪੈਦਾ ਕੀਤੀ ਕਿਉਂਕਿ ਇਹ ਪਹਿਲੀ ਘਟਨਾ ਸੀ ਕਿ ਕਿਸੇ ਭਾਰਤੀ ਰਾਜਕੁਮਾਰ ਦਾ ਵਿਆਹ ਬ੍ਰਿਟਿਸ਼ ਸ਼ਾਹੀ ਖ਼ਾਨਦਾਨ ਦੀ ਔਰਤ ਨਾਲ ਹੋਇਆ ਹੋਵੇ। ਇਹ ਵਿਆਹ ਪ੍ਰਿੰਸ ਆਫ਼ ਵੇਲਜ਼ (ਬਾਅਦ ਵਿਚ ਇੰਗਲੈਂਡ ਦਾ ਬਾਦਸ਼ਾਹ ਐਡਵਰਡ 7ਵਾਂ) ਦੀ ਮਦਦ ਕਾਰਨ ਹੀ ਸੰਭਵ ਹੋ ਸਕਿਆ। ਬਹੁਤ ਹੀ ਠਾਠ-ਬਾਠ ਨਾਲ ਹੋਏ ਇਸ ਵਿਆਹ ਵਿਚ ਮਹਾਰਾਣੀ ਵਿਕਟੋਰੀਆ ਸਮੇਤ ਇੰਗਲੈਂਡ ਦੀਆਂ ਅਨੇਕਾਂ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।

ਸ਼ਾਹ ਖ਼ਰਚ ਜੀਵਨਸ਼ੈਲੀ ਅਤੇ ਜੂਏ ਦੀ ਬੁਰੀ ਆਦਤ ਕਾਰਨ ਵਿਕਟਰ ਸਤੰਬਰ 1902 ਵਿਚ ਦੀਵਾਲੀਆ ਘੋਸ਼ਿਤ ਕਰ ਦਿਤਾ ਗਿਆ। 7 ਜੂਨ 1918 ਨੂੰ ਬਿਨਾਂ ਕਿਸੇ ਔਲਾਦ ਦੇ ਉਸ ਦੀ 51 ਸਾਲ ਦੀ ਉਮਰ ਵਿਚ ਮੌਂਟੇ ਕਾਰਲੋ ਵਿਖੇ ਮੌਤ ਹੋ ਗਈ। ਉਸ ਨੂੰ ਮੌਂਟੇ ਕਾਰਲੋ ਦੇ ਐਂਗਲੀਕਨ ਕਬਰਸਤਾਨ ਵਿਚ ਦਫ਼ਨ ਕੀਤਾ ਗਿਆ। ਉਸ ਦੀ ਕਬਰ ਦੇ ਨਾਲ ਹੀ ਉਸ ਦੀ ਪਤਨੀ ਐਨ ਦੀ ਕਬਰ ਹੈ ਜਿਸ ਦੀ ਮੌਤ 2 ਜੁਲਾਈ 1956 ਨੂੰ 82 ਸਾਲ ਦੀ ਉਮਰ ਵਿਚ ਹੋਈ।

ਵਿਕਟਰ ਦੀ ਮੌਤ ਤੋਂ ਕਾਫ਼ੀ ਸਾਲ ਬਾਅਦ ਤਕ ਇਹ ਚਰਚਾ ਜ਼ੋਰਾਂ ਤੇ ਚਲਦੀ ਰਹੀ ਕਿ ਉਹ ਕਾਰਨਾਰਵਨ ਕਾਊਂਟੀ ਦੇ 6ਵੇਂ ਅਰਲ ਹੈਨਰੀ ਹਰਬਰਟ ਦਾ ਅਸਲੀ ਬਾਪ ਸੀ ਕਿਉਂਕਿ ਉਸ ਦੇ ਹੈਨਰੀ ਦੀ ਮਾਂ ਅਲਮੀਨਾ ਨਾਲ ਗੂੜ੍ਹੇ ਪ੍ਰੇਮ ਸਬੰਧ ਸਨ।

2. ਪ੍ਰਿੰਸ ਫਰੈਡਰਿਕ ਵਿਕਟਰ ਦਲੀਪ ਸਿੰਘ - ਫਰੈਡਰਿਕ ਦਾ ਜਨਮ 23 ਜਨਵਰੀ 1868 ਨੂੰ ਲੰਦਨ ਵਿਖੇ ਹੋਇਆ। ਉਸ ਦੀ ਪਤਨੀ ਦਾ ਨਾਮ ਸੋਫ਼ੀਆ ਅਲੈਕਸਡਰੋਨਾ ਸੀ। ਉਸ ਨੂੰ ਅਪਣੇ ਖ਼ਾਨਦਾਨ ਤੇ ਹੱਦੋਂ ਵੱਧ ਮਾਣ ਸੀ। ਉਸ ਨੇ ਈਟਨ ਅਤੇ ਟ੍ਰਿਨਟੀ ਕਾਲਜ ਕੈਂਬਰਿਜ ਤੋਂ ਸਿਖਿਆ ਪ੍ਰਾਪਤ ਕੀਤੀ ਅਤੇ ਉਹ ਵੀ ਫ਼ੌਜੀ ਅਫ਼ਸਰ ਸੀ।

ਉਹ 12 ਅਗੱਸਤ 1893 ਨੂੰ ਯੀਉਮੈਨਰੀ ਰੈਜਮੈਂਟ ਵਿਚ ਸੈਕੰਡ ਲੈਫ਼ਟੀਨੈਂਟ ਭਰਤੀ ਹੋਇਆ ਅਤੇ 1919 ਤਕ ਨੌਕਰੀ ਕੀਤੀ। ਉਸ ਨੇ ਪਹਿਲੇ ਸੰਸਾਰ ਯੁੱਧ ਵੇਲੇ ਦੋ ਸਾਲ ਫ਼ਰਾਂਸ ਦੇ ਮੋਰਚੇ ਤੇ ਯੁੱਧ ਵਿਚ ਹਿੱਸਾ ਲਿਆ। ਈਟਨ ਸਕੂਲ ਵਿਚ ਵਿਕਟਰ ਅਤੇ ਫ਼ਰੈਡਰਿਕ ਦੀ ਯਾਦ ਵਿਚ ਇਕ ਯਾਦਗਾਰ ਬਣੀ ਹੋਈ ਹੈ।
ਫ਼ਰੈਡਰਿਕ ਕਲਾ ਦਾ ਬਹੁਤ ਵੱਡਾ ਕਦਰਦਾਨ ਸੀ।

ਉਸ ਕੋਲ ਮਹਾਨ ਪੇਂਟਰਾਂ ਦੀਆਂ ਬੇਸ਼ਕੀਮਤੀ ਪੇਟਿੰਗਾਂ ਦਾ ਵੱਡਾ ਸੰਗ੍ਰਹਿ  ਸੀ। ਇਹ ਸਾਰੀਆਂ ਉਸ ਨੇ ਬਾਅਦ ਵਿਚ ਥੈਟਡੋਰਡ ਸ਼ਹਿਰ ਨੂੰ ਅਪਣੇ ਇਕ ਮਹਿੰਗੇ ਮਕਾਨ ਸਮੇਤ ਮਿਊਜ਼ੀਅਮ ਬਣਾਉਣ ਲਈ ਦਾਨ ਦੇ ਦਿਤੀਆਂ। ਉਸ ਬਾਰੇ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਅਪਣੀ ਨੌਕਰਾਣੀ ਮਿਸ ਗੋਡਾਰਡ ਦੇ ਇਕ ਨਾਜਾਇਜ਼ ਬੇਟੇ ਦਾ ਬਾਪ ਸੀ। 23 ਜਨਵਰੀ 1868 ਨੂੰ 58 ਸਾਲ ਦੀ ਉਮਰ ਵਿਚ ਉਸ ਦੀ ਬਿਨਾਂ ਕਿਸੇ ਔਲਾਦ ਦੇ ਮੌਤ ਹੋ ਗਈ। ਉਸ ਨੂੰ ਇੰਗਲੈਂਡ ਵਿਚ ਨਾਰਫਾਕ ਸ਼ਹਿਰ ਦੇ ਬਲੋ ਨਾਰਟਨ ਚਰਚ ਵਿਖੇ ਦਫ਼ਨਾਇਆ ਗਿਆ।

3. ਰਾਜਕੁਮਾਰੀ ਬੰਬਾ ਸੋਫ਼ੀਆ ਜਿੰਦਾਂ - ਬੰਬਾ ਦਾ ਜਨਮ 29 ਸਤੰਬਰ 1869 ਨੂੰ ਲੰਦਨ ਵਿਖੇ ਹੋਇਆ। ਉਸ ਨੇ ਸਮਰਵਿਲੇ ਕਾਲਜ ਤੋਂ ਵਿਦਿਆ ਪ੍ਰਾਪਤ ਕੀਤੀ। ਉਸ ਨੇ ਕਈ ਵਾਰ ਲਾਹੌਰ, ਪੇਸ਼ਾਵਰ, ਦਿੱਲੀ ਅਤੇ ਸ਼ਿਮਲਾ ਦੀ ਯਾਤਰਾ ਕੀਤੀ ਅਤੇ ਅਖ਼ੀਰ ਉਹ ਲਾਹੌਰ ਵਿਚ ਵੱਸ ਗਈ। ਉਸ ਨੇ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਡਾ. ਡੇਵਿਡ ਵਾਟਰਜ਼ ਸਦਰਲੈਂਡ ਨਾਲ ਵਿਆਹ ਕੀਤਾ ਜਿਸ ਕਾਰਨ ਉਸ ਨੂੰ ਬੰਬਾ ਸਦਰਲੈਂਡ ਬੁਲਾਇਆ ਜਾਂਦਾ ਸੀ।

ਬੰਬਾ ਨੇ ਅਪਣੀ ਦਾਦੀ ਮਹਾਰਾਣੀ ਜਿੰਦਾਂ ਦੀਆਂ ਅਸਥੀਆਂ ਮੁੰਬਈ ਤੋਂ ਲਾਹੌਰ ਲਿਆਉਣ ਲਈ ਬਹੁਤ ਯਤਨ ਕੀਤੇ। ਕਈ ਵਾਰ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਖ਼ਰ 1924 ਵਿਚ ਆਗਿਆ ਮਿਲ ਗਈ। ਉਹ ਖ਼ੁਦ ਮੁੰਬਈ ਜਾ ਕੇ ਅਪਣੀ ਨਿਗਰਾਨੀ ਹੇਠ ਅਸਥੀਆਂ ਲੈ ਕੇ ਆਈ ਅਤੇ ਪੂਰੇ ਸਨਮਾਨਾਂ ਨਾਲ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਦਫ਼ਨਾ ਦਿਤੀਆਂ।

ਡਾ. ਸਦਰਲੈਂਡ ਦੀ 1939 ਅਤੇ ਬੰਬਾ ਦੀ 10 ਮਾਰਚ 1957 ਨੂੰ 88 ਸਾਲ ਦੀ ਉਮਰ ਵਿਚ ਬਿਨਾਂ ਕਿਸੇ ਵਾਰਸ ਦੇ ਮੌਤ ਹੋ ਗਈ। ਉਸ ਨੂੰ ਲਾਹੌਰ ਗੋਰਿਆਂ ਦੇ ਕਬਰਸਤਾਨ ਵਿਚ ਦਫ਼ਨਾ ਦਿਤਾ ਗਿਆ। ਬੰਬਾ ਕੋਲ ਸਿੱਖ ਰਾਜ ਨਾਲ ਸਬੰਧਤ ਬੇਸ਼ਕੀਮਤੀ ਕਲਾ ਕ੍ਰਿਤਾਂ ਦਾ ਬਹੁਤ ਵੱਡਾ ਖ਼ਜ਼ਾਨਾ ਸੀ ਜੋ ਉਸ ਦੀ ਵਸੀਅਤ ਮੁਤਾਬਕ ਉਸ ਦੇ ਸਕੱਤਰ ਪੀਰ ਕਰੀਮ ਬਖ਼ਸ਼ ਸਪਰਾ ਨੂੰ ਮਿਲ ਗਿਆ। ਕੁੱਝ ਸਾਲ ਬਾਅਦ ਸਪਰਾ ਨੇ ਉਹ ਸਮਾਨ ਪਾਕਿਸਤਾਨ ਸਰਕਾਰ ਨੂੰ ਵੇਚ ਦਿਤਾ ਜੋ ਹੁਣ ਲਾਹੌਰ ਸ਼ਾਹੀ ਕਿਲੇ ਦੇ ਮਿਊਜ਼ੀਅਮ ਵਿਚ ਰਾਜਕੁਮਾਰੀ ਬੰਬਾ ਕੁਲੈਕਸ਼ਨ ਦੇ ਨਾਂ ਹੇਠ ਪ੍ਰਦਰਸ਼ਿਤ ਹਨ।

4. ਰਾਜਕੁਮਾਰੀ ਕੈਥਰੀਨ ਹਿਲਡਾ ਦਲੀਪ ਸਿੰਘ - ਕੈਥਰੀਨ ਦਾ ਜਨਮ 27 ਅਕਤੂਬਰ 1871 ਨੂੰ ਸਫੋਲਕ ਵਿਖੇ ਹੋਇਆ ਸੀ। ਉਸ ਨੇ ਵੀ ਬੰਬਾ ਵਾਂਗ ਸਮਰਵਿਲੇ ਕਾਲਜ ਆਕਸਫ਼ੋਰਡ ਤੋਂ ਵਿਦਿਆ ਪ੍ਰਾਪਤ ਕੀਤੀ। ਉਸ ਨੇ ਵਾਇਲਨ ਵਜਾਉਣ ਅਤੇ ਗਾਉਣ ਵਿਚ ਉੱਚ ਕੋਟੀ ਦੀ ਸਿਖਿਆ ਪ੍ਰਾਪਤ ਕੀਤੀ। ਉਸ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਸੀ। ਉਸ ਨੇ ਕਰੀਬ ਸਾਰੇ ਯੂਰਪ ਦੀ ਸੈਰ ਕੀਤੀ। ਉਹ ਅਪਣੀ ਭੈਣ ਸੋਫ਼ੀਆ ਵਾਂਗ ਔਰਤਾਂ ਦੇ ਅਧਿਕਾਰਾਂ ਲਈ ਅੰਦੋਲਨ ਵਿਚ ਵੀ ਹਿੱਸਾ ਲੈਂਦੀ ਸੀ।

1903 ਵਿਚ ਉਹ ਭਾਰਤ ਆਈ। ਲਾਹੌਰ, ਡਲਹੌਜ਼ੀ, ਸ਼ਿਮਲਾ ਅਤੇ ਅੰਮ੍ਰਿਤਸਰ ਦੀ ਯਾਤਰਾ ਕੀਤੀ। ਉਸ ਨੇ ਪਟਿਆਲਾ, ਨਾਭਾ, ਜੀਂਦ ਅਤੇ ਕਪੂਰਥਲਾ ਦੇ ਰਾਜਿਆਂ ਨਾਲ ਵੀ ਮੁਲਾਕਾਤ ਕੀਤੀ। ਉਸ ਨੇ ਵਿਆਹ ਨਹੀਂ ਸੀ ਕੀਤਾ। ਉਸ ਦੇ ਅਪਣੀ ਜਰਮਨ ਸਹਾਇਕ ਲੀਨਾ ਸ਼ੈਫਰ ਨਾਲ ਬਹੁਤ ਗਹਿਰੇ ਸਬੰਧ ਸਨ। ਦੋਵੇਂ ਸਾਰੀ ਉਮਰ ਇਕੱਠੀਆਂ ਰਹੀਆਂ। ਇਥੋਂ ਤਕ ਕਿ ਇੰਗਲੈਂਡ ਵਲੋਂ ਗ਼ੱਦਾਰ ਘੋਸ਼ਿਤ ਕੀਤੇ ਜਾਣ ਦੇ ਖ਼ਤਰੇ ਦੇ ਬਾਵਜੂਦ ਉਹ ਪਹਿਲੇ ਸੰਸਾਰ ਯੁੱਧ ਸਮੇਂ ਸ਼ੈਫਰ ਨਾਲ ਜਰਮਨੀ ਵਿਚ ਹੀ ਰਹਿੰਦੀ ਰਹੀ।

1938 ਵਿਚ ਸ਼ੈਫਰ ਦੀ ਮੌਤ ਹੋਣ ਤੋਂ ਬਾਅਦ ਹੀ ਉਹ ਇੰਗਲੈਂਡ ਵਾਪਸ ਆਈ।ਉਸ ਦੀ ਮੌਤ 8 ਨਵੰਬਰ 1942 ਨੂੰ 71 ਸਾਲ ਦੀ ਉਮਰ ਵਿਚ ਅਪਣੀ ਭੈਣ ਸੋਫ਼ੀਆ ਦੇ ਕੋਲ ਪੈਨ ਸ਼ਹਿਰ ਵਿਚ ਦਿਲ ਦੇ ਦੌਰੇ ਨਾਲ ਹੋਈ। ਉਸ ਦੀ ਮੌਤ ਤੋਂ 55 ਸਾਲ ਬਾਅਦ 1997 ਵਿਚ ਉਸ ਦੇ ਨਾਂ ਦਾ ਲਾਕਰ ਇਕ ਸਵਿੱਸ ਬੈਂਕ ਵਿਚ ਲੱਭਾ।

ਉਸ ਵਿਚੋਂ 137323 ਸਵਿੱਸ ਫਰੈਂਕ (ਕਰੀਬ 40 ਲੱਖ ਰੁਪਏ) ਮਿਲੇ ਸਨ ਜੋ ਦਾਅਵਾ ਕਰਨ ਤੇ ਬੰਬਾ ਸਦਰਲੈਂਡ ਦੇ ਸਕੱਤਰ ਕਰੀਮ ਬਖ਼ਸ਼ ਸਪਰਾ ਦੇ 5 ਲੜਕਿਆਂ ਨੂੰ ਮਿਲ ਗਏ ਕਿਉਂਕਿ ਕੈਥਰੀਨ ਨੇ ਅਪਣੀ ਵਸੀਅਤ ਬੰਬਾ ਦੇ ਨਾਂ ਕੀਤੀ ਸੀ ਅਤੇ ਬੰਬਾ ਨੇ ਸਪਰਾ ਦੇ। ਹੁਣ ਭਾਵੇਂ ਇਹ ਰਕਮ ਘੱਟ ਲਗਦੀ ਹੈ, ਪਰ ਉਸ ਵੇਲੇ ਏਨੇ ਪੈਸੇ ਕਿਸੇ ਵਿਰਲੇ ਅਮੀਰ ਕੋਲ ਹੀ ਹੁੰਦੇ ਸਨ।

5. ਰਾਜਕੁਮਾਰੀ ਸੋਫੀਆ ਅਲੈਕਸੈਂਡਰਾ ਦਲੀਪ ਸਿੰਘ - ਸੋਫੀਆ ਦਾ ਜਨਮ 8 ਅਗੱਸਤ 1876 ਨੂੰ ਐਲਵੇਡਨ ਹਾਲ, ਸਫੌਲਕ ਵਿਖੇ ਹੋਇਆ ਸੀ। ਉਹ ਕ੍ਰਾਂਤੀਕਾਰੀ ਅਤੇ ਬਾਗੀ ਤੇਵਰਾਂ ਵਾਲੀ ਔਰਤ ਸੀ। ਔਰਤਾਂ ਦੇ ਅਧਿਕਾਰਾਂ ਅਤੇ ਹੋਰ ਮੁੱਦਿਆਂ ਤੇ ਉਸ ਦਾ ਸਾਰੀ ਉਮਰ ਬ੍ਰਿਟਿਸ਼ ਸਰਕਾਰ ਨਾਲ ਟਕਰਾਅ ਚਲਦਾ ਰਿਹਾ। ਰਾਣੀ ਵਿਕਟੋਰੀਆ ਇਸ ਨੂੰ ਬਹੁਤ ਪਿਆਰ ਕਰਦੀ ਸੀ ਕਿਉਂਕਿ ਉਹ ਇਸ ਦੀ 'ਗੌਡਮਦਰ' ਸੀ। ਸੋਫ਼ੀਆ ਅਪਣੀ ਭੈਣ ਬੰਬਾ ਨਾਲ 1903 ਵਿਚ ਦਿੱਲੀ ਦਰਬਾਰ ਵਿਚ ਹਿੱਸਾ ਲੈਣ ਲਈ ਗਈ।

1907 ਵਿਚ ਉਹ ਲਾਹੌਰ ਅਤੇ  ਅੰਮ੍ਰਿਤਸਰ ਗਈ ਅਤੇ ਅਪਣੇ  ਰਿਸ਼ਤੇਦਾਰਾਂ ਨੂੰ ਮਿਲੀ। ਉਥੋਂ ਅਪਣੇ ਬਾਪ ਅਤੇ ਦਾਦੀ ਨਾਲ ਹੋਈ ਬੇਇਨਸਾਫ਼ੀ ਬਾਰੇ ਪਤਾ ਲੱਗਣ ਤੇ ਉਸ ਦਾ ਦਿਲ ਬ੍ਰਿਟਿਸ਼ ਸਰਕਾਰ ਪ੍ਰਤੀ ਨਫ਼ਰਤ ਨਾਲ ਭਰ ਗਿਆ। ਉਸ ਦੇ ਗੋਪਾਲ ਕ੍ਰਿਸ਼ਨ ਗੋਖਲੇ, ਸਰਲਾ ਦੇਵੀ ਅਤੇ ਲਾਲਾ ਲਾਜਪਤ ਰਾਏ ਵਰਗੇ ਦੇਸ਼ ਭਗਤਾਂ ਨਾਲ ਨੇੜਲੇ ਸਬੰਧ ਸਨ। 1909 ਵਿਚ ਉਹ ਮਹਾਤਮਾ ਗਾਂਧੀ ਨੂੰ ਲੰਦਨ ਵਿਚ ਮਿਲੀ ਅਤੇ ਵੈਸਟਮਿੰਸਟਰ ਪੈਲਸ ਹੋਟਲ ਵਿਚ ਉਸ ਦੀ ਵਿਦਾਇਗੀ ਪਾਰਟੀ ਵਿਚ ਹਿੱਸਾ ਲਿਆ। 

1909 ਵਿਚ ਉਹ ਇੰਗਲੈਂਡ ਵਿਚ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਅੰਦੋਲਨ ਵਿਚ ਕੁੱਦ ਪਈ। ਉਸ ਨੇ ਔਰਤਾਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਦੇਣ ਲਈ ਅੰਦੋਲਨ ਚਲਾਇਆ ਅਤੇ ਅਜਿਹਾ ਅਧਿਕਾਰ ਮਿਲਣ ਤਕ ਟੈਕਸ ਦੇਣ ਤੋਂ ਇਨਕਾਰ ਕਰ ਦਿਤਾ। ਉਸ ਨੇ ਇੰਗਲੈਂਡ ਦੀਆਂ ਬਸਤੀਆਂ ਵਿਚ ਵੀ ਇਹ ਅੰਦੋਲਨ ਚਲਾਇਆ। ਇਸ ਕਾਰਨ ਉਸ ਨੂੰ ਅਨੇਕਾਂ ਵਾਰ ਜੁਰਮਾਨਾ ਭਰਨਾ ਪਿਆ। ਬ੍ਰਿਟਿਸ਼ ਸਰਕਾਰ ਏਨੀ ਪ੍ਰੇਸ਼ਾਨ ਹੋ ਗਈ ਕਿ ਖ਼ੁਦ ਬਾਦਸ਼ਾਹ ਜਾਰਜ 5ਵੇਂ ਨੇ ਪੁਛਿਆ ਕਿ ਕੀ ਸਾਡਾ ਉਸ ਉੱਪਰ ਕੋਈ ਕੰਟਰੋਲ ਨਹੀਂ?

ਪਹਿਲੇ ਸੰਸਾਰ ਯੁੱਧ ਵੇਲੇ ਉਸ ਨੇ ਰੈੱਡ ਕਰਾਸ ਵਲੋਂ ਨਰਸ ਦੀ ਵਰਦੀ ਪਾ ਕੇ ਬਰਾਈਟਨ ਹਸਪਤਾਲ (ਇੰਗਲੈਂਡ) ਵਿਚ ਜ਼ਖਮੀ ਭਾਰਤੀ ਫ਼ੌਜੀਆਂ ਦੀ ਰੱਜ ਕੇ ਸੇਵਾ ਕੀਤੀ। ਸਿੱਖ ਫ਼ੌਜੀ ਉਸ ਨੂੰ ਸਨਮਾਨ ਦੇਣ ਲਈ ਜ਼ਖ਼ਮੀ ਹਾਲਤ ਵਿਚ ਵੀ ਬਿਸਤਰੇ ਤੋਂ ਖੜੇ ਹੋ ਜਾਂਦੇ ਸਨ ਕਿ ਸ਼ੇਰੇ ਪੰਜਾਬ ਦੀ ਪੋਤਰੀ ਉਨ੍ਹਾਂ ਦੀ ਸੇਵਾ ਕਰ ਰਹੀ ਹੈ।

ਉਸ ਵਰਗੇ ਅਨੇਕਾਂ ਲੋਕਾਂ ਦੇ ਸੰਘਰਸ਼ ਕਾਰਨ ਇੰਗਲੈਂਡ ਵਿਚ 1918 ਵਿਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਮਿਲ ਗਿਆ। ਉਸ ਨੇ ਵਿਆਹ ਨਹੀਂ ਸੀ ਕਰਵਾਇਆ। 22 ਅਗੱਸਤ 1948 ਨੂੰ 82 ਸਾਲ ਦੀ ਉਮਰ ਵਿਚ ਨੀਂਦ ਦੌਰਾਨ ਸ਼ਾਂਤੀ ਨਾਲ ਉਸ ਦੀ ਮੌਤ ਹੋ ਗਈ। ਉਸ ਦੀ ਇੱਛਾ ਮੁਤਾਬਕ ਉਸ ਦਾ ਅੰਤਮ ਸੰਸਕਾਰ ਸਿੱਖ ਰੀਤੀ ਰਿਵਾਜਾਂ ਅਨੁਸਾਰ ਗੋਲਡਨ ਗਰੀਨ ਸ਼ਮਸ਼ਾਨ ਘਾਟ ਵਿਚ ਕਰ ਦਿਤਾ ਗਿਆ।

6. ਪ੍ਰਿੰਸ ਅਲਬਰਟ ਐਡਵਰਡ ਅਲੈਗਜੈਂਡਰ ਦਲੀਪ ਸਿੰਘ - ਇਹ ਦਲੀਪ ਸਿੰਘ ਅਤੇ ਬੰਬਾ ਦਾ ਸੱਭ ਤੋਂ ਛੋਟਾ ਪੁੱਤਰ ਸੀ। ਉਸ ਦਾ ਜਨਮ 20 ਅਗੱਸਤ 1879 ਨੂੰ ਲੰਦਨ ਵਿਖੇ ਹੋਇਆ। ਨਿਮੋਨੀਆ ਕਾਰਨ ਇਸ ਦੀ ਮੌਤ 31 ਅਪ੍ਰੈਲ 1893 ਨੂੰ 13 ਸਾਲ ਦੀ ਉਮਰ ਹੀ ਹੋ ਗਈ ਸੀ।ਮਹਾਰਾਜਾ ਦਲੀਪ ਸਿੰਘ ਦੀ ਦੂਜੀ ਪਤਨੀ ਦਾ ਨਾਂ ਆਡਾ ਡਗਲਸ ਵੈਦਰਿਲ ਸੀ। ਉਸ ਦਾ ਜਨਮ 15 ਜਨਵਰੀ 1869 ਨੂੰ ਸਰੀ ਸ਼ਹਿਰ ਵਿਚ ਹੋਇਆ ਸੀ। ਉਸ ਦੇ ਬਾਪ ਦਾ ਨਾਂ ਚਾਰਲਸ ਡਗਲਸ ਵੈਦਰਿਲ ਅਤੇ ਮਾਤਾ ਦਾ ਨਾਂ ਸਾਰਾਹ ਚਾਰਲੋਟ ਸੀ।

ਚਾਰਲਸ ਸਿਵਲ ਇੰਜੀਅਨਰ ਸੀ ਅਤੇ ਸਾਰਾਹ ਵੀ ਪ੍ਰਾਈਵੇਟ ਨੌਕਰੀ ਕਰਦੀ ਸੀ। ਇਹ ਪ੍ਰਵਾਰ 1881 ਵਿਚ ਲੰਦਨ ਪ੍ਰਵਾਸ ਕਰ ਗਿਆ। ਆਡਾ ਉਥੇ ਕਾਕਸ ਹੋਟਲ ਵਿਚ ਵੇਟਰ ਵਜੋਂ ਕੰਮ ਕਰਨ ਲੱਗੀ। ਇਥੇ ਹੀ 16 ਸਾਲ ਦੀ ਆਡਾ ਦੀ 46 ਸਾਲਾ ਦਲੀਪ ਸਿੰਘ ਨਾਲ ਮੁਲਾਕਾਤ ਹੋਈ ਜੋ ਪਿਆਰ ਵਿਚ ਬਦਲ ਗਈ। ਜਦੋਂ ਦਲੀਪ ਸਿੰਘ ਪੈਰਿਸ ਗਿਆ ਤਾਂ ਉਹ ਵੀ ਉਥੇ ਉਸ ਕੋਲ ਪਹੁੰਚ ਗਈ। ਉਹ ਉਸ ਦੇ ਨਾਲ ਹੀ ਸੇਂਟ ਪੀਟਰਜ਼ਬਰਗ (ਰੂਸ) ਵੀ ਗਈ। 1887 ਵਿਚ ਬੰਬਾ ਦੀ ਮੌਤ ਹੋਣ ਤੋਂ ਬਾਅਦ ਦਲੀਪ ਸਿੰਘ ਨੇ ਆਡਾ ਨਾਲ ਵਿਆਹ ਕਰ ਲਿਆ।

ਰਾਣੀ ਵਿਕਟੋਰੀਆ ਆਡਾ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਉਸ ਨੂੰ ਲਗਦਾ ਸੀ ਕਿ ਆਡਾ ਨੇ ਹੀ ਦਲੀਪ ਸਿੰਘ ਨੂੰ ਬਗ਼ਾਵਤ ਲਈ ਭੜਕਾਇਆ ਹੈ।
ਆਡਾ ਤੋਂ ਦਲੀਪ ਸਿੰਘ ਦੀਆਂ ਦੋ ਬੇਟੀਆਂ ਸਨ। ਰਾਜਕੁਮਾਰੀ ਪਾਉਲੀਨ ਅਲੈਗਜ਼ੈਂਡਰਾ ਦਲੀਪ ਸਿੰਘ ਅਤੇ ਰਾਜਕੁਮਾਰੀ ਆਡਾ ਈਰੀਨ ਬੈਰੀਲ ਦਲੀਪ ਸਿੰਘ। ਪਾਉਲੀਨ ਬਾਰੇ ਤਾਂ ਕੁੱਝ ਪਤਾ ਲਗਦਾ ਹੈ ਪਰ ਈਰੀਨ ਬਾਰੇ ਅਜੇ ਬਹੁਤੀ ਖੋਜ ਨਹੀਂ ਕੀਤੀ ਗਈ।

ਉਸ ਦੀ ਜ਼ਿੰਦਗੀ ਅਪਣੇ ਅਮੀਰ ਮਤਰਏ ਭੈਣਾਂ-ਭਰਾਵਾਂ ਤੋਂ ਇਕਦਮ ਅਲੱਗ ਸੀ। ਉਸ ਦੇ ਜਨਮ ਵੇਲੇ ਦਲੀਪ ਸਿੰਘ ਬਗ਼ਾਵਤ ਕਰਨ ਕਾਰਨ ਗ਼ਰੀਬ ਹੋ ਚੁੱਕਾ ਸੀ। ਉਸ ਦਾ ਜਨਮ 1887 ਵਿਚ ਮਾਸਕੋ ਦੇ ਇਕ ਸਧਾਰਣ ਜਿਹੇ ਹਸਪਤਾਲ ਵਿਚ ਹੋਇਆ। ਜਦੋਂ ਉਸ ਦੀ ਛੋਟੀ ਭੈਣ ਈਰੀਨ ਨੇ 1926 ਵਿਚ ਮੋਨਾਕੋ ਵਿਖੇ ਆਤਮਹਤਿਆ ਕਰ ਲਈ ਤਾਂ ਪਾਉਲੀਨ ਦਾ ਮਤਰੇਈ ਭੈਣ ਬੰਬਾ ਨਾਲ ਈਰੀਨ ਦੀ ਜਾਇਦਾਦ ਕਾਰਨ ਝਗੜਾ ਪੈ ਗਿਆ।

ਬੰਬਾ ਨੇ ਵਸੀਅਤ ਵਿਰੁਧ ਅਦਾਲਤੀ ਕੇਸ ਕਰ ਦਿਤਾ ਕਿ ਈਰੀਨ ਦੀ 20000 ਪੌਂਡ ਦੀ ਜਾਇਦਾਦ ਤੇ ਸਾਰੇ ਭੈਣ-ਭਰਾਵਾਂ ਦਾ ਬਰਾਬਰ ਦਾ ਹੱਕ ਬਣਦਾ ਹੈ। ਪਰ ਅਦਾਲਤ ਨੇ ਸਿਰਫ਼ ਪਾਉਲੀਨ ਨੂੰ ਹੀ ਈਲੀਨ ਦਾ ਵਾਰਸ ਮੰਨਿਆ। ਇਸ ਤੋਂ ਬਾਅਦ ਉਹ ਪੈਰਿਸ ਚਲੀ ਗਈ ਅਤੇ ਦੂਜੇ ਸੰਸਾਰ ਯੁੱਧ ਦੌਰਾਨ ਇਕ ਤਰ੍ਹਾਂ ਨਾਲ ਗ਼ਾਇਬ ਹੀ ਹੋ ਗਈ। ਉਸ ਦੇ ਬੰਬਾਰੀ ਵਿਚ ਮਾਰੇ ਜਾਣ ਦੀਆਂ ਖ਼ਬਰਾਂ ਚੱਲ ਪਈਆਂ।

ਬਹੁਤ ਖੋਜਬੀਨ ਤੋਂ ਬਾਅਦ 2014 ਵਿਚ ਇੰਗਲੈਂਡ ਦੇ ਇਤਿਹਾਸਕਾਰ ਪੀਟਰ ਸਿੰਘ ਬੈਂਸ ਨੇ ਪਤਾ ਲਗਾ ਲਿਆ ਹੈ ਕਿ ਪਾਉਲੀਨ ਦੀ ਮੌਤ ਬੰਬਾਰੀ ਕਾਰਨ ਨਹੀਂ ਸਗੋਂ 10 ਅਪ੍ਰੈਲ 1941 ਨੂੰ ਫ਼ਰਾਂਸ ਦੇ ਪਾਉ ਹਸਪਤਾਲ ਵਿਚ ਟੀ.ਬੀ. ਦੀ ਬਿਮਾਰੀ ਕਾਰਨ ਹੋਈ ਸੀ। ਪਰ ਉਸ ਦੀ ਕਬਰ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ।              ਸੰਪਰਕ : 95011-00062

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement