
ਉਸ ਦਾ ਸਹੁਰਾ ਪਿੰਡ ਦਾ ਸਰਪੰਚ ਸੀ। ਉਹ 45 ਕੁ ਸਾਲਾਂ ਦੀ ਔਰਤ ਹੈ ਜਿਸ ਦਾ ਵਿਆਹ ਹੋਏ ਨੂੰ 20 ਕੁ ਸਾਲ ਹੋ ਚੁੱਕੇ ਸਨ।
ਇਕ ਦਿਨ ਮੈਂ ਅਤੇ ਮੇਰੇ ਨਾਲ ਕੰਮ ਕਰਦੇ ਅਧਿਆਪਕ ਜਸਵੀਰ ਕੌਰ ਜਮਾਤ ਵਿਚ ਬੈਠੇ ਸਨ। ਅੱਧੀ ਛੁੱਟੀ ਹੋ ਚੁੱਕੀ ਸੀ। ਬੱਚੇ ਦੁਪਹਿਰ ਦਾ ਖਾਣਾ ਖਾ ਕੇ ਖੇਡ ਰਹੇ ਸਨ। ਸਾਡੇ ਸਕੂਲ ਵਿਚੋਂ ਹੀ ਇਕ ਕਮਰਾ ਆਂਗਨਵਾੜੀ ਨੂੰ ਦਿਤਾ ਹੋਇਆ ਹੈ ਜਿਸ ਵਿਚ ਆਂਗਨਵਾੜੀ ਕੇਂਦਰ ਬਣਿਆ ਹੋਇਆ ਹੈ। ਆਂਗਨਵਾੜੀ ਕੇਂਦਰ ਵਿਚ ਵੋਟਾਂ ਬਣਾਉਣ ਵਾਲੇ ਮੁਲਾਜ਼ਮ ਆਏ ਹੋਏ ਸਨ। ਆਂਗਨਵਾੜੀ ਕੇਂਦਰ ਦੀ ਹੈਲਪਰ ਦਾ ਨਾਂ ਕੁਲਦੀਪ ਕੌਰ ਹੈ। ਉਸ ਦਾ ਸਹੁਰਾ ਪਿੰਡ ਦਾ ਸਰਪੰਚ ਸੀ। ਉਹ 45 ਕੁ ਸਾਲਾਂ ਦੀ ਔਰਤ ਹੈ ਜਿਸ ਦਾ ਵਿਆਹ ਹੋਏ ਨੂੰ 20 ਕੁ ਸਾਲ ਹੋ ਚੁੱਕੇ ਸਨ।
ਹੈਲਪਰ ਕੁਲਦੀਪ ਕੌਰ ਵੋਟਾਂ ਵਾਲੇ ਸਟਾਫ਼ ਲਈ ਚਾਹ ਬਣਾ ਕੇ ਲਿਆਈ। ਉਸ ਨੇ ਚਾਹ ਦੇ ਦੋ ਕੱਪ ਸਾਨੂੰ ਵੀ ਦੇ ਦਿਤੇ ਅਤੇ ਬਾਕੀ ਆਂਗਨਵਾੜੀ ਕੇਂਦਰ ਵਿਚ ਦੇਣ ਚਲੀ ਗਈ। ਉਹ ਥੋੜ੍ਹੀ ਦੇਰ ਬਾਅਦ ਫਿਰ ਵਾਪਸ ਆ ਗਈ ਅਤੇ ਸਾਡੇ ਕੋਲ ਬੈਠ ਕੇ ਚਾਹ ਪੀਣ ਲੱਗੀ। ਸਾਨੂੰ ਹੈਰਾਨੀ ਹੋਈ ਕਿਉਂਕਿ ਪਹਿਲਾਂ ਕਦੇ ਵੀ ਉਹ ਸਾਡੇ ਕੋਲ ਨਹੀਂ ਸੀ ਬੈਠਦੀ, ਬੈਠ ਕੇ ਚਾਹ ਪੀਣਾ ਤਾਂ ਦੂਰ ਦੀ ਗੱਲ ਸੀ। ਪਹਿਲਾਂ ਇਹ ਆਂਗਨਵਾੜੀ ਕੇਂਦਰ ਵਿਚ ਹੀ ਬੈਠਦੀ ਸੀ। ਉੇਹ ਬੈਠ ਵੀ ਬੈਂਚ ਤੇ ਹੀ ਗਈ ਕਿਉਂਕਿ ਵੋਟਾਂ ਵਾਲੇ ਸਟਾਫ਼ ਕਾਰਨ ਅਤੇ ਵੋਟਾਂ ਬਣਾਉਣ ਵਾਲੇ ਲੋਕਾਂ ਦੇ ਆਉਣ ਕਾਰਨ ਸਾਰੀਆਂ ਕੁਰਸੀਆਂ ਆਂਗਨਵਾੜੀ ਕੇਂਦਰ ਵਿਚ ਹੀ ਸਨ ਅਤੇ ਦੋ ਕਰਸੀਆਂ ਉਤੇ ਅਸੀ ਬੈਠੇ ਸੀ। ਸਾਡੇ ਕੋਲ ਹੋਰ ਕੋਈ ਕੁਰਸੀ ਖ਼ਾਲੀ ਨਹੀਂ ਸੀ। ''ਕੀ ਗੱਲ ਕੁਲਦੀਪ ਜੀ ਅੱਜ ਇਸ ਤਰ੍ਹਾਂ ਬੈਂਚ ਤੇ ਬੈਠ ਕੇ ਹੀ ਚਾਹ ਪੀ ਰਹੇ ਹੋ, ਲਉ ਜੀ ਤੁਸੀ ਕੁਰਸੀ ਤੇ ਬੈਠ ਜਾਉ!'', ਮੈਂ ਖੜੇ ਹੁੰਦਿਆਂ ਕਿਹਾ।
''ਕੋਈ ਗੱਲ ਨਹੀਂ ਜੀ ਮੈਂ ਇਥੇ ਹੀ ਠੀਕ ਹਾਂ'', ਉਸ ਨੇ ਜਵਾਬ ਦਿਤਾ।
''ਪਰ ਅੱਜ ਤੁਸੀ ਸਾਡੇ ਕੋਲ ਕਿਵੇਂ ਬੈਠ ਗਏ? ਅੱਗੇ ਤਾਂ ਤੁਸੀ ਕਦੇ ਕੇਂਦਰ ਤੋਂ ਬਾਹਰ ਨਹੀਂ ਬਹਿੰਦੇ।'' ਮੈਂ ਹੈਰਾਨਗੀ ਨਾਲ ਮੁੜ ਕੁਰਸੀ ਤੇ ਬੈਠਦਿਆਂ ਪੁਛਿਆ।
''ਸਰ ਉਧਰ ਕੇਂਦਰ ਵਿਚ ਭਾਪਾ ਜੀ (ਸਹੁਰਾ) ਬੈਠੇ ਹਨ।'' ਉਸ ਨੇ ਹਸਦੇ ਅਤੇ ਸ਼ਰਮਾਉਂਦੇ ਹੋਏ ਕਿਹਾ।
''ਤਾਂ ਕੀ ਹੋਇਆ ਜੀ? ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ? ਏਨੇ ਸਾਲਾਂ ਤੋਂ ਤੁਸੀ ਉਨ੍ਹਾਂ ਕੋਲ ਹੀ ਤਾਂ ਰਹਿ ਰਹੇ ਹੋ ਇਕੋ ਘਰ ਵਿਚ।'' ਜਸਵੀਰ ਮੈਡਮ ਹੈਰਾਨੀ ਨਾਲ ਬੋਲੀ।
''ਵਿਆਹ ਨੂੰ ਤਾਂ ਜੀ 20 ਸਾਲ ਹੋ ਗਏ ਹੋਣੇ ਨੇ, ਪਰ ਮੈਨੂੰ ਤਾਂ ਸ਼ਰਮ ਆਉਂਦੀ ਏ ਉਨ੍ਹਾਂ ਸਾਹਮਣੇ ਨੰਗੇ ਮੂੰਹ ਜਾਂਦਿਆਂ'', ਉਹ ਬੋਲੀ।
''ਕੀ ਅਜੇ ਵੀ ਤੁਸੀ ਉਨ੍ਹਾਂ ਤੋਂ ਏਨਾ ਸ਼ਰਮਾਉਂਦੇ ਹੋ?'' ਮੈਂ ਹੈਰਾਨੀ ਨਾਲ ਪੁਛਿਆ।
''ਹਾਂ ਜੀ ਮੈਂ ਤਾਂ ਹੁਣ ਤਕ ਕਦੇ ਵੀ ਭਾਪਾ ਜੀ ਨੂੰ ਘੁੰਡ ਤੋਂ ਬਾਹਰ ਹੋ ਕੇ ਨਹੀਂ ਵੇਖਿਆ, ਨਾ ਉਨ੍ਹਾਂ ਸਾਹਮਣੇ ਕਦੇ ਕੁੱਝ ਖਾਧਾ ਪੀਤੈ।'' ਉਸ ਨੇ ਜਵਾਬ ਦਿਤਾ।
''ਪਰ ਅਜਕਲ ਦੀਆਂ ਕੁੜੀਆਂ ਤਾਂ ਵਿਆਹ ਤੋਂ ਪਹਿਲਾਂ ਹੀ ਸਹੁਰੇ ਅਤੇ ਸਹੁਰਿਆਂ ਦੇ ਸਾਰੇ ਟੱਬਰ ਨਾਲ ਆਹਮੋ-ਸਾਹਮਣੇ ਜਾਂ ਫ਼ੋਨ ਤੇ ਗੱਲਬਾਤ ਕਰ ਲੈਂਦੀਆਂ ਨੇ। ਬਲਕਿ ਹੁਣ ਤਾਂ ਸਿਰ ਤੇ ਚੁੰਨੀ ਵੀ ਕੋਈ ਹੀ ਲੈਂਦੀ ਹੈ।'' ਮੇਰੇ ਨਾਲ ਬੈਠੀ ਮੈਡਮ ਨੇ ਕਿਹਾ।
''ਮੈਡਮ ਮੈਨੂੰ ਤਾਂ ਸੰਗ ਲਗਦੀ ਏ।'' ਉਸ ਨੇ ਹਸਦਿਆਂ ਕਿਹਾ।
''ਪਰ ਅਜਕਲ੍ਹ ਦੀਆਂ ਨੂੰਹਾਂ ਤਾਂ ਕੁੜੀਆਂ ਵਾਂਗ ਹੀ ਸਹੁਰੇ ਘਰ ਦੇ ਬਜ਼ੁਰਗਾਂ ਵਿਚ ਵਿਚਰਦੀਆਂ ਨੇ।'' ਮੈਂ ਕਿਹਾ।
''ਸਰ ਕੁੜੀਆਂ ਵਾਂਗ, ਉੁਹ ਵੀ ਸਹੁਰਿਆਂ ਵਿਚ!'' ਉਹ ਏਨੀ ਹੈਰਾਨਗੀ ਨਾਲ ਬੋਲੀ ਜਿਵੇਂ ਮੈਂ ਕੋਈ ਅਨਹੋਣੀ ਗੱਲ ਕਹਿ ਦਿਤੀ ਹੋਵੇ।
''ਕੀ ਅਜੇ ਤੁਸੀ ਇਨ੍ਹਾਂ ਦੀ ਕੁੜੀ ਬਣੇ ਹੀ ਨਹੀਂ?'' ਮੈਡਮ ਨੇ ਕਿਹਾ।
''ਕਿਥੇ ਜੀ, ਕੁੜੀ ਕਿਥੇ, ਹੁਣ ਤਾਂ ਬੁੜੀ ਹੀ ਬਣਾਂਗੀ, ਨੂੰਹਾਂ ਦੇ ਆਉਣ ਤੇ।'' ਉਹ ਡੂੰਘੀ ਉਦਾਸੀ ਨਾਲ ਬੋਲੀ।
ਸੰਪਰਕ : 94177-33038