ਮਾਂ ਬੋਲੀ ਪੰਜਾਬੀ, ਸਾਰੇ ਪਿੰਡ ਦੀ ਭਾਬੀ(ਭਾਗ 1)
Published : May 26, 2018, 11:23 pm IST
Updated : May 29, 2018, 8:08 pm IST
SHARE ARTICLE
Amin Malik
Amin Malik

ਇਸ ਭਾਬੀ ਵਾਲੇ ਅਖਾਣ ਤੋਂ ਮੇਰੇ ਵਰਗੇ ਨਿੱਕੇ ਨਿੱਕੇ ਅਤੇ ਪਿੰਡਾਂ ਵਾਲੇ ਲੋਕ ਤਾਂ ਸੱਭ ਜਾਣੂ ਹਨ ਪਰ ਕੀ ਕੀਤਾ ਜਾਏ ਉਨ੍ਹਾਂ ਸ਼ਹਿਰੀ ਬਾਬੂਆਂ ਦਾ ਜਿਹੜੇ ਐਮ.ਏ. ਪੰਜਾਬੀ ...

ਇਸ ਭਾਬੀ ਵਾਲੇ ਅਖਾਣ ਤੋਂ ਮੇਰੇ ਵਰਗੇ ਨਿੱਕੇ ਨਿੱਕੇ ਅਤੇ ਪਿੰਡਾਂ ਵਾਲੇ ਲੋਕ ਤਾਂ ਸੱਭ ਜਾਣੂ ਹਨ ਪਰ ਕੀ ਕੀਤਾ ਜਾਏ ਉਨ੍ਹਾਂ ਸ਼ਹਿਰੀ ਬਾਬੂਆਂ ਦਾ ਜਿਹੜੇ ਐਮ.ਏ. ਪੰਜਾਬੀ ਕਰ ਕੇ ਮਾਸਟਰ ਅਤੇ ਪੀ.ਐਚ.ਡੀ. ਕਰ ਕੇ ਡਾਕਟਰ ਵੀ ਬਣ ਗਏ ਹਨ ਪਰ ਪੰਜਾਬੀ ਦੇ ਵਗਦੇ ਦਰਿਆ ਕੰਢੇ ਬਹਿ ਕੇ ਵੀ ਪੰਜਾਬੀਅਤ ਦੀ ਚੁੱਲੀ ਭਰ ਕੇ ਨਾ ਪੀ ਸਕੇ। ਕਿਤਾਬਾਂ ਦੇ ਢੇਰ ਵਿਚੋਂ ਮਾਸਟਰੀਆਂ ਡਾਕਟਰੀਆਂ ਦੀ ਮੱਛੀ ਤਾਂ ਫੜ ਲਈ ਜਾਂਦੀ ਹੈ ਪਰ ਜੇ ਪੰਜਾਬੀਅਤ ਦੀ ਰਮਜ਼ ਨਾ ਪਛਾਣੀ ਗਈ ਤਾਂ ਫੂਕਣੈ ਨਿਰੇ ਕਿਤਾਬੀ ਇਲਮ ਨੂੰ?

ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਜਿਸ ਪੰਜਾਬੀ ਨੂੰ ਇਹ ਨਹੀਂ ਪਤਾ ਕਿ ਸੰਘਾੜਾ, ਕੁਮੀਆਂ ਅਤੇ ਸ਼ਕਰਕੰਦੀ ਕਿਸ ਤਰ੍ਹਾਂ ਅਤੇ ਕਿੱਥੇ ਉਗਦੇ ਨੇ, ਵਿਆਹਾਂ ਵਿਚ ਖਾਰਿਉਂ ਲਹਿਣਾ, ਘੋੜੀਆਂ ਗਾਉਣਾ, ਸਿਠਣੀਆਂ, ਵਾਗ ਫੜਾਈ, ਹੱਥ ਭਰੇ ਦਾ ਜੋੜਾ, ਗਾਣਾ ਖੇਡਣਾ, ਨਾਨਕੀ ਛੱਕ, ਕੌੜਾ ਵੱਟਾ ਅਤੇ ਕੁਢੱਣ ਦਾ ਲਾਗ ਕੀ ਹੁੰਦਾ ਹੈ ਜਾਂ ਮੱਝ, ਗਾਂ, ਬਕਰੀ, ਭੇਡ ਅਤੇ ਹਰਨੀ ਦੇ ਜੁਆਕ ਦੇ ਨਾਂ ਦਾ ਨਹੀਂ ਪਤਾ, ਉਸ ਨੂੰ ਕੀ ਹੱਕ ਹੈ ਕਿ ਉਹ ਪੰਜਾਬੀ ਦਾ ਉਸਤਾਦ ਬਣ ਕੇ ਮੁੰਡਿਆਂ ਨੂੰ ਓਪਰੀ ਬੋਲੀ ਦੀ ਖਿਚੜੀ ਪਕਾ ਪਕਾ ਕੇ ਖਵਾਂਦਾ ਰਹੇ? ਸ਼ਿਵ ਕੁਮਾਰ ਬਟਾਲਵੀ ਪੀ.ਐਚ.ਡੀ. ਨਹੀਂ ਸੀ ਪਰ ਉਸ ਤੋਂ ਵੱਡਾ ਡਾਕਟਰ ਵੀ ਕੋਈ ਨਹੀਂ। ਜੇ ਪੰਜਾਬੀ ਦੀ ਸੱਭ ਤੋਂ ਉੱਚੀ ਡਿਗਰੀ ਲੈ ਕੇ ਵੀ ਸਿਵਾਏ ਚੰਗੀ ਨੌਕਰੀ ਲੈਣ ਤੋਂ ਪੰਜਾਬੀ ਦਾ ਅੰਗ ਪੱਖ ਨਹੀਂ ਆਉਂਦਾ ਤਾਂ ਆਉਂਦੀ ਨਸਲ ਨੂੰ ਕਾਹਦੇ ਲਈ ਪੁੱਠੇ ਰਾਹੇ ਪਾਇਆ ਜਾਏ?

ਬਸ ਇਹ ਹੀ ਇਲਮ ਅਤੇ ਵਿਦਿਆ ਅੱਜ ਤਕ ਹਾਸਲ ਹੋਈ ਹੈ ਕਿ ਅੰਮ੍ਰਿਤਸਰ ਦੇ ਮੁਹੱਲੇ ਲੂਣ ਮੰਡੀ ਦਾ ਨਾਂ ਨਮਕਮੰਡੀ ਰੱਖ ਦਿਤਾ ਗਿਆ ਹੈ। ਬੋਲੀ ਵਿਚ ਇੰਜ ਦੀਆਂ ਸੱਭ ਸੌਗਾਤਾਂ '47 ਤੋਂ ਬਾਅਦ ਹੀ ਆਈਆਂ। ਇਸ ਪੰਜਾਬੀ ਬੋਲੀ ਦੇ ਕੁਦਰਤੀ ਮੁਖੜੇ ਉਤੇ ਪਰਾਈਆਂ ਬੋਲੀਆਂ ਦਾ ਲੇਪ ਕਰ ਕੇ ਇਸ ਨੂੰ ਹਸੀਨੋ ਜਮੀਲ ਬਣਾਉਣ ਵਾਲੇ ਪਤਾ ਨਹੀਂ ਕਿਸ ਦੀ ਉਂਗਲ ਲੱਗ ਕੇ ਇੰਜ ਦੀਆਂ ਸਾਜ਼ਸ਼ਾਂ ਕਰ ਰਹੇ ਹਨ?

ਇਸ ਗੁਲਾਬ ਨੂੰ ਬੇਗਾਨੀ ਪੇਵੰਦ ਲਾ ਕੇ ਅਖੌਤੀ ਹੁਸਨ ਦੇਣ ਦੀ ਕੋਸ਼ਿਸ਼ ਨੇ ਇਸ ਬੋਲੀ ਦੀ ਦਿਲਕਸ਼ ਵਾਸਨਾ ਖੋਹ ਲਈ ਹੈ। '47 ਤੋਂ ਬਾਅਦ ਦੂਜਾ ਕਾਰਨਾਮਾ ਮੇਰੇ ਪੇਕੇ ਪੰਜਾਬ ਨੇ ਇਹ ਕੀਤਾ ਕਿ ਬੱਬੇ ਨੂੰ ਵਾਵਾ ਅਤੇ ਵਾਵੇ ਨੂੰ ਬੱਬਾ ਆਖਣ ਦਾ ਵੱਲ ਸਿਖ ਲਿਆ। ਬੋਲੀ ਵੇਖ-ਸੁਣ ਕੇ ਪਿੱਟਣ ਨੂੰ ਜੀ ਕਰਦਾ ਹੈ। ਮੇਰੇ ਵੀਰ ਫ਼ੁਰਮਾਉਂਦੇ ਹਨ: 'ਆਈ ਐਮ ਬਰਕਿੰਗ (ਵਰਕਿੰਗ) ਮੇਰਾ ਬੀਜਾ (ਵੀਜ਼ਾ) ਲੱਗ ਗਿਆ ਹੈ। ਕੱਲ ਮੈਂ ਸੋਡਾ ਬਾਟਰ ਪੀਤਾ। ਅੱਜ ਹਬਾ (ਹਵਾ) ਚਲ ਰਹੀ ਏ।'

ਵਾਲੀਬਾਲ ਨੂੰ 'ਬਾਲੀ ਬਾਲ' ਅਤੇ ਅੱਗੋਂ ਬੱਬੇ ਨੂੰ ਵਾਵੇ ਦਾ ਕਫ਼ਨ ਕਿਵੇਂ ਪਾਉਂਦੇ ਨੇ, ਜ਼ਰਾ ਵਨਗੀ ਵੇਖ ਲਵੋ: 'ਅੱਜ ਵੱਦਲ ਛਾਇਆ ਹੋਇਐ। ਵਾਰਿਸ਼ ਜ਼ਰੂਰ ਹੋਵੇਗੀ। ਡਾਕਟਰ ਇਕਵਾਲ (ਇਕਬਾਲ) ਬੜਾ ਵੱਡਾ ਸ਼ਾਇਰ ਸੀ। ਉਹ ਬੜਾ ਵੇਬਫ਼ਾ ਨਿਕਲਿਆ।' ਬਾਵਜੂਦ ਨੂੰ 'ਵਾਬਜੂਦ' ਆਖਣ ਲਗਿਆਂ ਕਿਸੇ ਨੂੰ ਸੰਗ ਝੱਕ ਨਹੀਂ ਆਉਂਦੀ ਕਿ ਅਸੀ ਕਿਵੇਂ ਜ਼ਮਾਨੇ ਦਾ ਮਖ਼ੌਲ ਤੇ ਹਾਸਾ ਬਣ ਗਏ ਹਾਂ। ਇਸ ਤੋਂ ਪਹਿਲਾਂ ਮੈਂ ਜੱਜੇ ਦੇ ਪੈਰੀਂ ਬਿੰਦੀ ਪਾ ਕੇ ਜੁਰਮਾਨੇ ਨੂੰ ਜ਼ੁਰਮਾਨਾ, ਮਜਾਲ ਨੂੰ ਮਜ਼ਾਲ ਅਤੇ ਕਾਲਜ ਨੂੰ ਕਾਲਜ਼ ਆਖਣ ਦਾ ਤਮਾਸ਼ਾ ਕਰਨ ਵਾਲਿਆਂ ਨੂੰ ਕਈ ਵੇਰਾਂ ਰੋ-ਪਿੱਟ ਬੈਠਾ ਹਾਂ।

ਇੰਜ ਸਿਰ ਪਰਨੇ ਕੀਤੀ ਗਈ ਬੋਟੀ ਤੇ ਅੰਗਰੇਜ਼ੀ ਵਾਲੇ ਵੀ ਹਸਦੇ ਅਤੇ ਲਹਿੰਦੇ ਪੰਜਾਬ ਵਾਲੇ ਵੀ ਖਿੱਲੀ ਉਡਾਂਦੇ ਹਨ। ਇੰਜ ਦੀਆਂ ਲੁੱਤ-ਘੜੁੱਤੀਆਂ ਨੇ ਬੋਲੀ ਦੀ ਜਖਣਾਂ ਪੁੱਟ ਸੁੱਟੀ ਹੈ। ਇਹ ਮੁੱਢ ਕਦੀਮ ਤੋਂ ਪੀਰਾਂ, ਫ਼ਕੀਰਾਂ ਅਤੇ ਵਲੀਆਂ ਅਵਤਾਰਾਂ ਦੀ ਬੋਲੀ ਨਾ ਜਾਣੇ ਕਿਸ ਦੇ ਢਹੇ ਚੜ੍ਹ ਗਈ ਹੈ। ਇਸ ਫ਼ਕੀਰ ਜਿਹੀ ਮਾਸੂਮ ਬੋਲੀ ਦੇ ਤਣੇ ਹੋਏ ਰੇਸ਼ਮੀ ਤਾਣੇ ਵਿਚ ਲੋਗੜ ਦੇ ਧਾਗੇ ਦਾ ਪੇਟਾ ਵਾਹ ਕੇ ਇਸ ਸੁੱਚੇ ਰੇਸ਼ਮ ਨੂੰ ਤੱਪੜ ਪਤਾ ਨਹੀਂ ਕਿਉਂ ਬਣਾ ਦਿਤਾ ਗਿਆ ਹੈ?

ਇੰਜ ਦਾ ਵੇਦਾ ਪਿਟਣਾ ਮੇਰਾ ਸ਼ੌਕ ਨਹੀਂ, ਮਜਬੂਰੀ ਹੈ। ਬੜੀ ਵੇਰਾਂ ਦੰਦਾਂ ਥੱਲੇ ਜੀਭ ਦੇ ਕੇ ਦੜ ਵੱਟੀ ਕਿ ਜਿਨ੍ਹਾਂ ਤਿਲਾਂ ਵਿਚੋਂ ਤੇਲ ਨਹੀਂ ਨਿਕਲਣਾ, ਕਾਹਦੇ ਲਈ ਕੋਹਲੂ ਵਾਹੀ ਜਾਂਦਾ ਹਾਂ। ਪਰ ਕੀ ਕਰਾਂ, ਫਿਰ ਕੋਈ ਨਾ ਕੋਈ ਧੁਖਣੀ ਲਾ ਕੇ ਮੇਰੇ ਅੰਦਰ ਧੂਣੀ ਧੁਖਾਉਣ ਦੀ ਖੁੱਤ ਛੇੜ ਦੇਂਦਾ ਹੈ। ਇਸ ਖੁੱਤ ਛੇੜਨ ਵਾਲੇ ਦੀ ਗੱਲ ਤਾਂ ਅੱਗੇ ਜਾ ਕੇ ਕਰਾਂਗਾ, ਪਹਿਲਾਂ ਇਸ ਗੱਲ ਦਾ ਇਕ ਜਿਊਂਦਾ ਜਾਗਦਾ ਸਬੂਤ ਪੇਸ਼ ਕਰ ਦੇਵਾਂ ਕਿ ਕਿਤਾਬਾਂ ਦੇ ਢੇਰ ਉਤੇ ਖਲੋ ਕੇ ਉੱਚੇ ਹੋ ਗਏ ਪ੍ਰੋਫ਼ੈਸਰਾਂ ਅਤੇ ਡਾਕਟਰ ਵੀਰਾਂ ਨੇ ਬਾਲਾਂ ਨੂੰ ਪੰਜਾਬੀਅਤ ਦੇ ਨਾਂ ਤੇ ਪੁੱਠੇ ਸਿੱਧੇ ਸ਼ਬਦ ਤਾਂ ਸਿਖਾ ਦਿਤੇ ਪਰ ਉਨ੍ਹਾਂ ਨੂੰ ਨਾ ਪੰਜਾਬੀ ਪੜ੍ਹਾ ਸਕੇ ਨਾ ਸਿਖਾ ਸਕੇ।

ਸ਼ਾਇਦ ਕਿਸੇ ਨੂੰ ਅਜੇ ਵੀ ਯਾਦ ਹੋਵੇ ਕਿ ਕਈ ਵਰ੍ਹੇ ਪਹਿਲਾਂ ਮੇਰੀ ਜੰਮਣ ਭੋਇੰ ਦੇ ਪੰਜਾਬ ਤੋਂ ਐਮ.ਏ. ਪਾਸ ਵਿਆਹ ਕੇ ਲੰਦਨ ਆਈ ਨਵੀਂ ਨਵੀਂ ਇਕ ਕੁੜੀ। ਸਪੋਕਨ ਇੰਗਲਿਸ਼ ਕਲਾਸ ਵਿਚ ਉਸ ਵਿਚਾਰੀ ਨੇ ਜਦੋਂ ਅੱਜ ਦੀ ਪੰਜਾਬੀ ਦੇ ਸਿਖਾਏ ਅੱਖਰ ਬੋਲੇ ਤਾਂ ਕਲਾਸ ਵਿਚ ਤਮਾਸ਼ਾ ਬਣ ਗਈ। ਲੋਕਾਂ ਦਾ ਹਾਸਾ ਬਰਦਾਸ਼ਤ ਨਾ ਕਰ ਸਕੀ ਤੇ ਪ੍ਰੋਫ਼ੈਸਰਾਂ ਨੂੰ ਪੱਲਾ ਪਾ ਕੇ ਰੋਂਦੀ ਹੋਈ ਘਰ ਚਲੀ ਗਈ।

ਅੱਜ ਇੰਜ ਦਾ ਹੀ ਇਕ ਹੋਰ ਕਾਰਨਾਮਾ ਤੁਹਾਨੂੰ ਸੁਣਨਾ ਪਵੇਗਾ। ਲੰਦਨ 'ਚ ਇਕ ਨਿਜੀ ਟੀ.ਵੀ. ਉਤੇ ਵੀਹ-ਬਾਈ ਵਰ੍ਹਿਆਂ ਦੀ ਕੁੜੀ ਪੰਜਾਬੀ ਪ੍ਰੋਗਰਾਮ ਦੀ ਐਂਕਰ ਬਣ ਕੇ ਆ ਗਈ। ਉਹ ਵੀ ਜਲੰਧਰ ਦੇ ਕਿਸੇ ਥਾਂ ਤੋਂ ਨਵੀਂ ਨਵੀਂ ਵਿਆਹ ਕੇ ਆਈ ਸੀ। ਪੰਜਾਬੀ ਬੋਲੀ ਦੇ ਕੁੱਝ ਲੋਕ ਮੈਨੂੰ ਜਾਣਦੇ ਸਨ। ਕੁੜੀ ਨੇ ਕਿਧਰੋਂ ਪਤਾ ਲੈ ਕੇ ਫ਼ੋਨ ਕੀਤਾ ਤੇ ਅਪਣੇ ਪ੍ਰੋਗਰਾਮ ਵਿਚ ਆਉਣ ਦੀ ਦਾਅਵਤ ਦਿਤੀ।

ਅਸੀ ਮੀਆਂ-ਬੀਵੀ ਚਲੇ ਗਏ। ਉਹ ਬੀਬੀ ਅਕਲੋਂ, ਸ਼ਕਲੋਂ ਅਤੇ ਅਖ਼ਲਾਕੋਂ ਬੜੀ ਚੰਗੀ ਤੇ ਨਿੱਘੀ ਸੀ। ਉਹ ਮੈਨੂੰ ਅਪਣੀ ਕਾਰਗੁਜ਼ਾਰੀ ਬਾਰੇ ਪੁਛਦੀ ਰਹੀ। ਮੈਂ ਅਪਣੀ ਮਾੜੀ-ਮੋਟੀ ਅਕਲ ਮੂਜਬ ਕੁੱਝ ਗੱਲਾਂ-ਬਾਤਾਂ ਦਸੀਆਂ ਤੇ ਉਹ ਖ਼ੁਸ਼ ਹੋ ਗਈ। ਉਸ ਨੇ ਦਸਿਆ ਕਿ ਉਹ ਐਮ.ਏ. ਪੰਜਾਬੀ ਹੈ।ਉਹ ਮੇਰੇ ਪੰਜਾਬ ਦੀ ਧੀ ਸੀ ਤੇ ਉਸ ਦੀ ਕਾਮਯਾਬੀ ਵਿਚ ਮੇਰੀ ਦਿਲਚਸਪੀ ਸੀ। ਇਕ ਦਿਨ ਘਰ ਬੈਠੇ ਉਸ ਦਾ ਪ੍ਰੋਗਰਾਮ ਵੇਖ ਰਿਹਾ ਸਾਂ ਕਿ ਉਸ ਵਿਚਾਰੀ ਨੇ ਇਕ ਲੋੜ੍ਹਾ ਮਾਰ ਕਢਿਆ।

ਆਖਣ ਲੱਗੀ, ''ਲੋ ਵਈ, ਮੈਂ ਪੰਜਾਬੀ ਦਾ ਕੁੱਝ ਸ਼ਬਦ ਪੁੱਛਾਂਗੀ ਤੇ ਤੁਸੀ ਕਾਲ ਕਰ ਕੇ ਉਨ੍ਹਾਂ ਦੇ ਅਰਥ ਦਸਿਉ।'' ਉਸ ਨੇ ਹੋਰ ਸ਼ਬਦਾਂ ਦੇ ਨਾਲ ਇਹ ਵੀ ਪੁੱਛ ਲਿਆ ਕਿ 'ਖੱਸੀ' ਕੀ ਹੁੰਦਾ ਹੈ? ਰੱਬ ਜਾਣੇ ਉਸ ਨੇ ਇਹ ਕਿੱਥੋਂ ਸੁਣ ਲਿਆ ਸੀ। ਮੈਂ ਉਸ ਦੇ ਮੂੰਹੋਂ ਟੀ.ਵੀ. ਉਤੇ ਇਹ ਸ਼ਬਦ ਸੁਣ ਕੇ ਪਾਣੀ ਪਾਣੀ ਹੋ ਗਿਆ। ਉਸ ਦੇ ਭੋਲੇਪਣ ਉਤੇ ਤਰਸ ਵੀ ਆਇਆ ਕਿ ਪੰਜਾਬੀ ਬੋਲੀ ਦੀ ਮਾਸਟਰ ਡਿਗਰੀ ਕਰ ਕੇ ਵੀ ਪੰਜਾਬੀ ਪੱਲੇ ਨਾ ਪਈ। ਜੇ ਉਸ ਨੂੰ ਪ੍ਰੋਫ਼ੈਸਰਾਂ ਡਾਕਟਰਾਂ ਨੇ ਬੁੱਲ੍ਹੇ ਸ਼ਾਹ ਪੜ੍ਹਾਇਆ ਹੁੰਦਾ ਤਾਂ ਉਹ ਇੰਜ ਨਾ ਕਰਦੀ। ਮੈਂ ਛੇਤੀ ਨਾਲ ਉਸ ਦਾ ਮੋਬਾਈਲ ਮਿਲਾਇਆ ਪਰ ਉਹ ਬੰਦ ਸੀ।

ਉਥੇ ਹੀ ਇਕ ਪਾਕਿਸਤਾਨੀ ਮੁੰਡਾ ਸੀ ਜਿਸ ਨੂੰ ਮੈਂ ਫ਼ੋਨ ਕਰ ਕੇ ਆਖਿਆ, “... ਕੌਰ ਐਂਕਰ ਨੂੰ ਦੱਸ ਕਿ ਇਹ ਸ਼ਬਦ ਖ਼ਰਾਬ ਹੈ ਤੇ ਉਹ ਅਪਣਾ ਵਿਸ਼ਾ ਬਦਲ ਲਵੇ।'' ਪਰ ਕੁੱਤੇ ਦਾ ਕੁੱਤਾ ਵੈਰੀ। ਮੈਨੂੰ ਜਾਪਿਆ ਉਸ ਮੁੰਡੇ ਦੀ ਸਗੋਂ ਮੌਜ ਹੀ ਬਣ ਗਈ ਕਿ 'ਚੰਗਾ ਹੋਇਐ, ਹੁਣ ਭੰਡੀ ਪਵੇਗੀ।' ਉਸ ਈਰਖਾ ਦੇ ਮਾਰੇ ਹੋਏ ਨੇ ਅੱਗੋਂ ਆਖਿਆ, “ਰਹਿਣ ਦਿਉ ਮਲਿਕ ਜੀ, ਇਹ ਵੀ ਬੜੀ ਮੱਛਰੀ ਹੋਈ ਸੀ।'' ਉਹ ਕਮੀਨਾ ਕੋਈ ਅਪਣੀ ਕਿੜ ਕੱਢ ਰਿਹਾ ਸੀ।

ਮੈਂ ਕਿਸੇ ਹੋਰ ਨੂੰ ਤਰਲਾ ਮਾਰਿਆ ਤੇ ਉਸ ਨੇ ਕੁੜੀ ਨੂੰ ਮੇਰਾ ਸੁਨੇਹਾ ਦੇ ਕੇ ਡੱਕ ਦਿਤਾ। ਪਰ ਉਸ ਵਿਚਾਰੀ ਨੂੰ ਅਜੇ ਵੀ ਇਸ ਗੱਲ ਦਾ ਪਤਾ ਨਾ ਲੱਗਾ ਕਿ ਇਸ 'ਖੱਸੀ' ਸ਼ਬਦ ਵਿਚ ਕਿਹੜੀ ਖ਼ਰਾਬੀ ਹੈ। ਪ੍ਰੋਗਰਾਮ ਮੁਕਣ ਤੇ ਉਸ ਨੇ ਮੈਨੂੰ ਫ਼ੋਨ ਕੀਤਾ ਤੇ ਆਖਣ ਲੱਗੀ, ''ਅੰਕਲ, ਮੈਂ ਤੁਹਾਡੇ ਆਖੇ ਵਿਸ਼ੇ ਨੂੰ ਤਾਂ ਬਦਲ ਲਿਆ ਪਰ ਇਹ ਦੱਸੋ ਇਸ ਸ਼ਬਦ ਖੱਸੀ ਵਿਚ ਕੀ ਬੁਰਾਈ ਹੈ?'' ਹੁਣ ਇਕ ਬੱਚੀ ਨਾਲ ਇਸ ਸ਼ਬਦ ਦੀ ਵਜ਼ਾਹਤ ਵਿਆਖਿਆ ਕਰਨਾ ਵੀ ਮੇਰੇ ਲਈ ਔਖਾ ਸੀ।

ਮੈਂ ਐਧਰੋਂ-ਉਧਰੋਂ ਸ਼ਬਦਾਂ ਨੂੰ ਘੇਰ ਘੱਪ ਕੇ ਗੋਲਮੋਲ ਢੰਗ ਨਾਲ ਖੱਸੀ ਦਾ ਪ੍ਰਗਟਾਵਾ ਕੀਤਾ ਤੇ ਉਹ ਵਿਚਾਰੀ ਸ਼ਰਮਿੰਦਾ ਹੋਈ ਏਨਾ ਹੀ ਆਖ ਸਕੀ, ''ਓ ਮਾਈ ਗਾਡ! ਮੈਂ ਤਾਂ ਇਸ ਦੇ ਹੋਰ ਹੀ ਅਰਥ ਸਮਝਦੀ ਰਹੀ ਹਾਂ। ਹੁਣ ਕੀ ਬਣੇਗਾ?'' ਮੈਂ ਕਿਹਾ, ''ਵਹਿਮ ਕਰਨ ਦੀ ਲੋੜ ਨਹੀਂ। ਜੇ ਪੰਜਾਬੀ ਦਾ ਐਮ.ਏ. ਕਰ ਕੇ ਸ਼ਬਦ ਖੱਸੀ ਦਾ ਨਹੀਂ ਪਤਾ ਤੈਨੂੰ ਤਾਂ ਬਾਕੀ ਵੀ ਇੰਜ ਹੀ ਨੇ। ਇਸ ਟੀ.ਵੀ. ਦਾ ਮਾਲਕ ਮੇਰਾ ਸੱਜਣ ਹੈ ਤੇ ਉਹ ਅਸੀਲ ਨਹੀਂ, ਕਾਠਾ ਪੰਜਾਬੀ ਹੈ। ਜੇ ਉਹ ਪੁੱਛ ਵੀ ਲਵੇ ਤਾਂ ਆਖੀਂ ਮੈਂ ਖੱਸੀ ਨਹੀਂ, ਖੇਸੀ ਆਖਿਆ ਸੀ। ਨਾਲੇ ਯਾਦ ਰੱਖੀਂ ਖੇਸ ਮੰਜੀ ਉਤੇ ਵਛਾਈਦਾ ਏ ਤੇ ਖੇਸੀ ਦੀ ਬੁੱਕਲ ਮਾਰੀਦੀ ਏ।''

ਕੁੜੀ ਵਿਚਾਰੀ ਹੱਸ ਕੇ ਖ਼ੁਸ਼ ਹੋ ਗਈ। ਅੱਜ ਸੋਚਦਾ ਹਾਂ ਕਿ ਪੰਜਾਬੀ ਦੀ ਡਾਕਟਰੀ ਕਰਨ ਵਾਲਿਆਂ ਨੇ ਇੰਜ ਦੇ ਮਰੀਜ਼ ਨੂੰ ਐਮ.ਏ. ਕਰਦੇ ਹੋਏ ਬੁੱਲ੍ਹੇ ਸ਼ਾਹ ਪੜ੍ਹਾਇਆ ਹੁੰਦਾ ਤਾਂ ਉਸ ਨੂੰ ਪਤਾ ਹੁੰਦਾ ਕਿ ਖੱਸੀ ਦਾਂਦ ਅਤੇ ਭੇਡਾਂ ਸੱਸੀਆਂ ਕੀ ਹੁੰਦੀਆਂ ਹਨ। ਪਰ ਉਨ੍ਹਾਂ ਨੇ ਤਾਂ '47 ਤੋਂ ਬਾਅਦ ਇਕੋ ਹੀ ਗੱਲ ਦਾ ਧਿਆਨ ਰਖਿਆ ਕਿ ਪੰਜਾਬੀ ਨੂੰ ਸੰਸਕ੍ਰਿਤ ਦੀ ਪੁੱਠ ਕਿਵੇਂ ਚਾੜ੍ਹਨੀ ਹੈ। ਕਿਹੜੀ ਲੋੜ ਸੀ ਸਿੱਧੇ-ਸਾਦੇ ਸ਼ਬਦ 'ਆਜ਼ਾਦੀ' ਨੂੰ ਸੁਤੰਤਰਤਾ ਆਖਣ ਦੀ?

ਇਹ ਸ਼ਬਦ ਸਿਰਫ਼ ਡਾਕਟਰਾਂ ਨੇ ਅਪਣੀ ਲੋੜ ਲਈ ਹੀ ਪੰਜਾਬੀ ਵਿਚ ਵਾੜਿਆ ਹੈ। ਵਰਨਾ ਇਸ ਨੂੰ ਨਾ ਤਾਂ ਮੇਰੇ ਵਰਗੇ ਅਨਪੜ੍ਹ ਅਤੇ ਪਿੰਡਾਂ ਵਾਲੇ ਸਮਝਦੇ ਨੇ ਅਤੇ ਨਾ ਹੀ ਲਹਿੰਦੇ ਪੰਜਾਬ ਦਾ ਇਸ ਡਾਕਟਰੀ ਤੋਂ ਕੋਈ ਜਾਣੂ ਹੈ। ਕਿਹੜੀ ਲੋੜ ਹੈ ਬਾਰਡਰ ਤੋਂ ਪਰਲੇ ਪਾਸੇ ਵਸਣ ਵਾਲੇ ਪੰਜਾਬੀ ਭਰਾਵਾਂ ਨੂੰ ਵੱਖ ਕਰਨ ਦੀ? ਬੋਲੀ ਵਖਰੀ ਹੋ ਗਈ ਤਾਂ ਆਪੇ ਹੀ ਪਾੜ ਪੈ ਜਾਣਗੇ।

ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਤਾਂ ਵਿਦਵਾਨਾਂ ਨੇ ਆਜ਼ਾਦੀ ਦਾ ਨਾਂ ਸੁਤੰਤਰਤਾ ਰੱਖ ਦਿਤਾ। ਸਦਕੇ ਜਾਵਾਂ, ਇਸ ਪੰਜਾਬੀ ਬੋਲੀ ਨੂੰ ਗਤਾਵੇ ਦੀ ਖੁਰਲੀ ਤੋਂ ਖੋਲ੍ਹ ਕੇ ਫੱਕ ਵਾਲੀ ਖੁਰਲੀ ਤੇ ਬੰਨ੍ਹਣ ਵਾਲਿਆਂ ਤੋਂ। ਸੋਚਦਾ ਹਾਂ ਕਿ ਕਲ ਨੂੰ ਜੁੱਤੀ, ਰੋਟੀ, ਮੰਜੀ ਅਤੇ ਧੋਤੀ-ਕੁੜਤੇ ਦਾ ਨਾਂ ਪਤਾ ਨਹੀਂ ਕੀ ਰਖਿਆ ਜਾਵੇਗਾ? ਇਸ ਐਮ.ਏ. ਪਾਸ ਕੁੜੀ ਦੀ ਗੱਲ ਦੱਸਣ ਦੀ ਲੋੜ ਇਸ ਕਰ ਕੇ ਪਈ ਹੈ ਕਿ ਕੋਈ ਡਾਕਟਰ ਪਾਠਕ ਮੈਨੂੰ ਇਹ ਨਾ ਆਖੇ ਕਿ ਸਾਨੂੰ ਸ਼ਕਰਕੰਦੀ, ਕੁਮੀਆਂ, ਮੁੰਜਰਾਂ, ਸੰਘਾੜੇ, ਖਾਰੇ ਚੜ੍ਹਨਾ, ਵਾਗ ਫੜਾਈ ਜਾਂ ਕੱਟੀਆਂ-ਵੱਛੀਆਂ, ਵਛੇਰੇ-ਵਛੇਰੀਆਂ ਜਾਂ ਪੱਠਾਂ ਪਠੂਰਿਆਂ ਨਾਲ ਕੀ ਤਅਲੁੱਕ ਵਾਸਤਾ ਹੈ।

ਇਥੇ ਮੈਂ ਇਹ ਹੀ ਆਖਾਂਗਾ ਕਿ ਜੇ ਨੀਅਤ ਦੀ ਅੱਖ ਵਿਚ ਫੋਲਾ ਅਤੇ ਇਨਸਾਫ਼ ਦੀ ਤਕੜੀ ਵਿਚ ਪਾਸਕੂ ਨਾ ਹੋਵੇ ਤਾਂ ਇਹ ਸੱਭ ਕੁੱਝ ਹੀ ਤਾਂ ਪੰਜਾਬੀਅਤ ਹੈ। ਯਾਦ ਰਹੇ ਕਿ ਇੰਜ ਦਾ ਆਰਾ ਪਾਉਣਾ ਜਾਂ ਵੇਦਾ ਵਿਢਣਾ ਮੇਰਾ ਸ਼ੌਕ ਨਹੀਂ ਮਜਬੂਰੀ ਹੈ। ਜਦੋਂ ਵੀ ਕਿਧਰੇ ਕੋਈ ਪੰਜਾਬੀ ਬੋਲੀ ਬਾਰੇ ਧੁਖਣੀ ਲਾਉਂਦਾ ਹੈ ਤਾਂ ਮੇਰੀਆਂ ਸੋਚਾਂ ਦੀ ਕੁੱਖ ਵਿਚੋਂ ਇੰਜ ਦੀ ਸੜੀ-ਬਲੀ ਲਿਖਤ ਜਨਮ ਲੈਂਦੀ ਹੈ।

ਅੱਜ ਦੀ ਖੁੱਤ ਛੇੜਨ ਵਾਲੇ ਵੀਰ ਸੁਭਾਸ਼ ਪਰਿਹਾਰ ਦੀ ਗੱਲ ਤਾਂ ਅੱਗੇ ਜਾ ਕੇ ਕਰਾਂਗਾ, ਪਹਿਲਾਂ ਉਸ ਵਿਚਾਰੀ ਐਂਕਰ ਕੁੜੀ ਦੀ ਨਮੋਸ਼ੀ ਨੂੰ ਬਿੱਲੇ ਲਾਉਂਦੇ ਹੋਏ ਇਹ ਤਾਂ ਦੱਸਾਂ ਕਿ ਜੇ ਕਿਸੇ ਦੁਸ਼ਮਣ ਵਰਗੇ ਸੱਜਣ ਦਾ ਇਸ ਮਾਂ ਬੋਲੀ ਨਾਲ ਸਾਜ਼ਸ਼ ਸ਼ਰਾਰਤ ਕਰਨ ਦਾ ਇਰਾਦਾ ਨਾ ਹੁੰਦਾ ਅਤੇ ਘੱਟੋ-ਘੱਟ ਐਮ.ਏ. ਕਰਨ ਵਾਲੇ ਬਾਲਾਂ ਨੂੰ ਸਿਰਫ਼ ਸ਼ਿਵ ਕੁਮਾਰ ਜਾਂ ਪ੍ਰੋਫ਼ੈਸਰ ਮੋਹਨ ਸਿੰਘ ਦਾ ਹੀ ਪੂਰਾ ਕਲਾਮ ਘੋਟ ਕੇ ਪਿਆ ਦਿਤਾ ਹੁੰਦਾ ਤਾਂ ਬੋਲੀ ਦੀ ਕਣਕ ਵਿਚ ਇੰਜ ਦਾ ਬਗਾਟ ਨਾ ਉਗਦਾ। ਕਲ ਨੂੰ ਲਹਿੰਦੇ ਪੰਜਾਬ ਵਾਲੇ ਜੁੱਤੀ ਨੂੰ ਪਾਪੋਸ਼, ਚਿਮਟੇ ਨੂੰ ਦਸਤਪਨਾਹ ਅਤੇ ਥਾਲੀ ਨੂੰ ਤਸ਼ਤਰੀ ਲਿਖਣ ਲੱਗ ਪਏ ਤਾਂ ਬੋਲੀ ਦੀ ਸਾਂਝ ਵਾਲਾ ਚੁੱਲ੍ਹਾ ਤਾਂ ਆਪੇ ਹੀ ਵਖਰਾ ਹੋ ਜਾਵੇਗਾ।

ਸਿਆਸੀ ਕੰਧਾਂ ਤਾਂ ਵੱਜ ਗਈਆਂ ਪਰ ਤੁਸੀ ਅਪਣਾ ਚੌਂਤਰਾ ਵਖਰਾ ਤਾਂ ਨਾ ਕਰੋ। ਇੰਜ ਤਾਂ ਸਾਡੀ ਰੋਟੀ-ਬੇਟੀ ਵੀ ਇਕ ਨਹੀਂ ਰਹੇਗੀ। ਫਿਰ ਮੈਨੂੰ ਅੰਮ੍ਰਿਤਸਰ ਤੇ ਤੁਹਾਨੂੰ ਲਾਹੌਰ ਵੇਖਣ ਦਾ ਚਾਅ ਵੀ ਮੁੱਕ ਜਾਏਗਾ। ਕਿਥੇ ਗਏ ਉਹ ਉਚੇ ਖਨਵਾਦੇ ਦੇ ਲੋਕ ਪ੍ਰੋਫ਼ੈਸਰ ਮੋਹਨ ਸਿੰਘ ਨੇ 1932 ਵਿਚ ਉਰਦੂ, ਫ਼ਾਰਸੀ ਵਿਚ ਐਮ.ਏ. ਕੀਤੀ ਪਰ ਅਪਣੀ ਮਾਂ ਬੋਲੀ ਦੀ ਹੀ ਉਂਗਲੀ ਫੜੀ ਰੱਖੀ। ਡਾਕਟਰਾਂ ਵਾਲਾ ਰਲਾਅ ਵੀ ਨਾ ਪਾਇਆ। ਇਸ ਕਰ ਕੇ ਹੀ ਤਾਂ ਉਹ ਸਵਰਗੀ ਜ਼ਿੰਦਾ ਹੈ ਅਤੇ ਅਮਰ ਹੋ ਗਿਆ ਸ਼ਿਵ ਕੁਮਾਰ ਬਟਾਲਵੀ ਵਾਂਗ।

ਜੇ ਅੱਜ ਦੀ ਪੰਜਾਬੀ ਬੋਲੀ ਇੰਜ ਹੀ ਸਾਡੀ ਬੋਲੀ ਦੀਆਂ ਬੇੜੀਆਂ ਵਿਚ ਵੱਟੇ ਪਾਉਂਦੀ ਰਹੀ ਤਾਂ ਵਾਹਗੇ ਦੇ ਆਰ-ਪਾਰ ਵਾਲੀ ਸਾਂਝ ਮੁੱਕ ਜਾਏਗੀ। ਪਰ ਯਾਦ ਰਖਿਉ, ਇਹ ਜਜ਼ਬਾਤੀ ਸੱਟ ਅਤੇ ਘਾਟੇ ਦੀ ਡਾਂਗ ਸਿਰਫ਼ ਪੰਜਾਬੀਆਂ ਨੂੰ ਹੀ ਵੱਜੇਗੀ। ਸਾਜ਼ਸ਼ਾਂ-ਸ਼ਰਾਰਤਾਂ ਵਾਲਿਆਂ ਦੇ ਘਰ ਤਾਂ ਲੁੱਡੀ ਪਵੇਗੀ ਅਤੇ ਚਰਾਗ਼ ਬਾਲੇ ਜਾਣਗੇ। ਜਿਊਂਦੇ ਜਾਗਦੇ ਲੋਕ ਮਾਂ ਦੀ ਬੋਲੀ ਨੂੰ ਵੀ ਮਾਂ ਹੀ ਸਮਝਦੇ ਨੇ ਤੇ ਜੇ ਵਾਕਿਆ ਹੀ ਇਹ ਮਾਂ ਹੈ ਤਾਂ ਫਿਰ ਕੋਈ ਪੁੱਤਰ ਵੀ ਮਾਂ ਦੇ ਨੈਣ-ਪ੍ਰੈਣ, ਰੰਗ-ਰੂਪ ਅਤੇ ਚਾਲ-ਢਾਲ ਜਾਂ ਮਾਣ-ਤਰਾਣ ਨਹੀਂ ਗਵਾਚਣ ਦੇਂਦਾ।

ਜ਼ਰਾ ਝਾਤੀ ਮਾਰੋ ਕਿ ਪ੍ਰੋਫ਼ੈਸਰ ਮੋਹਨ ਸਿੰਘ ਜਿਹੇ ਕੈਸੇ ਲੋਕ ਸਨ ਜਿਹੜੇ ਐਮ.ਏ. ਉਰਦੂ ਫ਼ਾਰਸੀ ਹੋ ਕੇ ਵੀ ਆਖ ਗਏ ਕਿ 'ਮੇਰੇ ਮਰਨ ਤੋਂ ਬਾਅਦ ਮੇਰੀ ਆਖ਼ਰੀ ਨਿਸ਼ਾਨੀ ਨੂੰ ਵੀ ਗੰਗਾ ਦੀ ਬਜਾਏ ਝਨਾਅ ਦੇ ਹਵਾਲੇ ਕਰਿਉ ਤਾਕਿ ਮੈਂ ਪੰਜਾਬੀਅਤ ਵਿਚ ਹੀ ਗ਼ਰਕ ਹੋਵਾਂ।' ਇਹ ਜਜ਼ਬਾਤੀ ਗੱਲਾਂ ਕਦੀ ਕਦੀ ਪਾਣੀ ਬਣ ਕੇ ਅੱਖਾਂ ਵਿਚੋਂ ਵੱਗ ਪੈਂਦੀਆਂ ਨੇ। ਇਹ ਖ਼ਿਆਲ ਅਕਸਰ ਮੈਨੂੰ ਸਵਾਲ ਕਰਦਾ ਹੈ ਕਿ ਇੰਜ ਦੀਆਂ ਬਾਰੀਕ ਅਤੇ ਮਹੀਨ ਸੋਚਾਂ ਦੀ ਚੌਂਭੜ ਕਿਸੇ ਹੋਰ ਨੂੰ ਵੀ ਲਗਦੀ ਹੈ ਜਾਂ ਸਰਫ਼ ਮੈਂ ਹੀ ਅਪਣੇ ਅਹਿਸਾਸ ਦੀ ਇਸ ਤਪਦੀ ਭੱਠੀ ਵਿਚ ਪੰਜਾਬੀਅਤ ਦੇ ਗ਼ਮ ਦਾ ਬਾਲਣ ਡਾਹੀ ਜਾਂਦਾ ਹਾਂ।

ਪਰ ਚਲੋ! ਪਾਣੀ ਪਾਈ ਜਾਂਦਾ ਹਾਂ, ਫ਼ਸਲ ਉਤੇ ਬੂਰ ਲੱਗੇ ਨਾ ਲੱਗੇ।
“ਮੰਗਤੇ ਦਾ ਕੰਮ ਸੱਦ ਲਗਾਣਾ ਹਰ ਬੂਹਾ ਖੜਕਾਵੇ, 
ਸਖ਼ੀਆਂ ਦਾ ਕੰਮ ਖ਼ੈਰ ਹੈ ਪਾਣਾ, ਪਾਵੇ ਜਾਂ ਨਾ ਪਾਵੇ''
ਪੰਜਾਬੀ ਵੀਰੋ! ਵਾਹਗੇ ਦੀ ਸਿਆਸੀ ਲਕੀਰ ਤਾਂ ਵੱਜ ਗਈ, ਕਿਧਰੇ ਸਾਡੇ ਭਾਈਚਾਰੇ ਅਤੇ ਸਭਿਆਚਾਰਕ ਭਿਆਲੀ ਵਿਚ ਪਾੜੇ ਨਾ ਪੈ ਜਾਣ।

ਰੱਬ ਕਰੇ ਮੇਰੀ ਇਸ ਸੋਹਲ ਜਿਹੀ ਸੋਚ ਨੂੰ ਕਿਧਰੇ ਠੇਡਾ ਨਾ ਲੱਗ ਜਾਏ। ਮਾਂ ਬੋਲੀ ਦੀ ਸਾਂਝ ਇਕ ਕੁੰਜੀ ਹੈ, ਜੇ ਗਵਾਚ ਗਈ ਤਾਂ ਸਦੀਆਂ ਦੇ ਯਰਾਨੇ ਦੇ ਜੰਦਰੇ ਨੂੰ ਜੰਗਾਲ ਲੱਗ ਜਾਏਗਾ। ਦੋਸਤੋ! ਇਥੋਂ ਤੀਕ ਹੀ ਨਹੀਂ, ਮੈਂ ਆਖਾਂਗਾ ਕਿ ਰੱਬ ਕਰੇ ਦਿੱਲੀ ਹਸਦੀ ਰਹੇ, ਇਸਲਾਮਾਬਾਦ ਵਸਦਾ ਰਹੇ। ਗੰਗਾ ਕਦੀ ਨਾ ਸੁੱਕੇ ਤੇ ਝਨਾਅ ਵਗਦਾ ਰਹੇ। ਅੰਮ੍ਰਿਤਸਰ ਬੋਲਦਾ ਰਹੇ ਤੇ ਲਾਹੌਰ ਹੰਗੂਰਾ ਦੇਂਦਾ ਰਹੇ।

ਹਿੰਦੀ, ਸੰਸਕ੍ਰਿਤ, ਉਰਦੂ ਅਤੇ ਪੰਜਾਬੀ ਚਾਰੇ ਹੀ ਅਪਣੇ ਅਪਣੇ ਘਰ ਆਬਾਦ ਰਹਿਣ ਅਤੇ ਰਲ ਕੇ ਈਦ, ਦੀਵਾਲੀ, ਮਸਿਆ ਵਿਸਾਖੀ ਤੇ ਜਾਇਆ ਕਰਨ। ਇਹ ਹੀ ਮੇਰੀ ਸੱਭ ਤੋਂ ਵੱਡੀ ਇੱਛਾ ਤੇ ਖ਼ਾਹਿਸ਼ ਹੈ। ਕਿਉਂ ਜੇ ਮੈਂ ਇਕ ਅਜਿਹੀ ਕੁੜੀ ਹਾਂ ਜਿਹੜੀ ਅੰਮ੍ਰਿਤਸਰ ਦੇ ਪੇਕੇ ਘਰੋਂ ਉਧਲ ਨਾ ਸਕੀ ਅਤੇ ਲਾਹੌਰ ਦੇ ਸਹੁਰੇ ਘਰੋਂ ਲਿਖਤ ਨਾ ਲੈ ਸਕੀ। ਕੀ ਕਰਾਂ! ਮੈਨੂੰ ਦੋਹਾਂ ਦੀ ਲੱਜ ਪਿਆਰੀ ਹੈ।(ਚਲਦਾ)   ਸੰਪਰਕ- 0208 5192139

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement