ਸਿੱਖੀ ਕੀ ਨੀਂਹ ਹਮ ਸਰੋਂ ਪਰ ਉਠਾ ਚਲੇ
Published : Dec 26, 2020, 7:52 am IST
Updated : Dec 26, 2020, 7:57 am IST
SHARE ARTICLE
Sahibzaade
Sahibzaade

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪ੍ਰੰਤ ਮਾਤਾ ਗੁਜਰੀ ਜੀ ਵੀ ਸਵਾਸ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ

ਮੁਹਾਲੀ: ਦੁਨੀਆਂ ਦੇ ਇਤਿਹਾਸ ਵਿਚ ਜਿੰਨੇ ਵੀ ਯੁੱਧ ਲੜੇ ਗਏ ਉਹ ਸੱਭ ਜ਼ਰ, ਜ਼ੋਰੂ ਜਾਂ ਜ਼ਮੀਨ ਖ਼ਾਤਰ ਜਾਂ ਅਪਣੇ ਨਿਜੀ ਫ਼ਾਇਦੇ ਖ਼ਾਤਰ ਹੀ ਲੜੇ ਗਏ, ਪ੍ਰੰਤੂ ਸਿੱਖ ਇਤਿਹਾਸ ਹੀ ਇਕ ਅਜਿਹਾ ਸ਼ਹੀਦਾਂ ਦੇ ਖ਼ੂਨ ਨਾਲ ਰੰਗਿਆ ਹੋਇਆ ਇਤਿਹਾਸ ਹੈ ਜਿਥੇ ਸਾਰੇ ਹੀ ਯੁੱਧ ਅਤੇ ਸ਼ਹਾਦਤਾਂ ਸਮੁੱਚੀ ਮਨੁੱਖਤਾ ਦੇ ਭਲੇ ਲਈ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਤੇ ਗ਼ਰੀਬ ਮਜ਼ਲੁੂਮਾਂ ਉਤੇ ਹੁੰਦੇ ਜ਼ੁਲਮਾਂ ਵਿਰੁਧ ਲੜੇ ਗਏ ਪ੍ਰੰਤੂ ਵਿਸ਼ੇਸ਼ ਕਰ ਕੇ ਦਸੰਬਰ ਮਹੀਨੇ ਵਿਚ ਹੋਈਆਂ ਮਾਸੂਮ ਤੇ ਗੋਰਵਮਈ ਸ਼ਹਾਦਤਾਂ ਦੀ ਗਾਥਾ ਏਨੀ ਵੈਰਾਗਮਈ ਹੈ ਕਿ ਦੁਨੀਆਂ ਦਾ ਹਰ ਜਾਗਦੀ ਜ਼ਮੀਰ ਵਾਲਾ ਇਨਸਾਨ ਇਹ ਗਾਥਾ ਸੁਣ ਕੇ ਅੱਜ ਸ਼ਰਧਾ ਨਾਲ ਸੀਸ ਝੁਕਾਉਂਦਾ ਹੈ। ਦਸੰਬਰ ਮਹੀਨੇ ਦੀਆਂ ਇਨ੍ਹਾਂ ਸ਼ਹਾਦਤਾਂ ਦੀ ਗੌਰਵਮਈ ਗਾਥਾ ਜੋ 19-20 ਦਸੰਬਰ 1704 ਤੋਂ ਸ਼ੁਰੂ ਹੁੰਦੀ ਹੈ ਦਾ ਜ਼ਿਕਰ ਬਹੁਤ ਹੀ ਦੁਖਦਾਈ ਹੈ। ਇਤਿਹਾਸਕਾਰ ਲਿਖਦੇ ਹਨ ਕਿ 15 ਮਈ ਤੋਂ ਲੈ ਕੇ 18 ਦਸੰਬਰ 1704 ਈ. ਤਕ 10 ਲੱਖ ਮੁਗ਼ਲ ਫ਼ੌਜਾਂ ਦਾ ਘੇਰਾ ਆਨੰਦਗੜ੍ਹ ਕਿਲ੍ਹੇ ਨੂੰ ਪਿਆ ਰਿਹਾ।

Chaar SahibzaadeChaar Sahibzaade

ਅੰਦਰ ਬੈਠੇ ਸੂਰਮੇ ਸਿੰਘ ਭੁੱਖੇ ਭਾਣੇ ਜਾਨਾਂ ਤੋੜ ਕੇ ਲੜੇ ਪਰ ਦੁਸ਼ਮਣ ਨੂੰ ਕਿਲ੍ਹੇ ਵਿਚ ਦਾਖ਼ਲ ਨਹੀਂ ਹੋਣ ਦਿਤਾ। ਆਖ਼ਰ ਦੁਸ਼ਮਣ ਹਾਕਮਾਂ ਵਲੋਂ ਕਸਮਾਂ ਖਾਣ ਤੇ ਗੁਰੂ ਜੀ ਨੇ ਅਪਣੇ ਪ੍ਰਵਾਰ ਤੇ ਬਾਕੀ ਸਿੱਖਾਂ ਸਮੇਤ 19-20 ਦਸੰਬਰ 1704 ਦੀ ਰਾਤ ਨੂੰ ਅਨੰਦਗੜ੍ਹ ਕਿਲ੍ਹਾ ਛੱਡਣ ਉਪਰੰਤ ਰੋਪੜ ਵਲ ਚਾਲੇ ਪਾ ਦਿਤੇ ਪਰ ਦੁਸ਼ਮਣ ਕਸਮਾਂ ਤੋੜ ਕੇ ਪਿੱਛੋਂ ਹਮਲਾਵਰ ਹੋ ਗਏ। ਰਸਤੇ ਵਿਚ ਪੈਂਦੀ ਹੜ੍ਹ ਨਾਲ ਨਕੋ ਨੱਕ ਭਰੀ ਸਰਸਾ ਨਦੀ ਤੇ ਕੰਢੇ ਉਤੇ 20 ਦਸੰਬਰ 1704 ਦੀ ਰਾਤ ਨੂੰ ਘਮਸਾਨ ਦੇ ਹੋਏ ਯੁੱਧ ਵਿਚ ਕਈ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ, ਬਹੁਤ ਸਾਰੀਆਂ ਔਰਤਾਂ, ਬੱਚੇ ਤੇ ਗੁਰੂ ਜੀ ਵਲੋਂ ਰਚਿਤ ਕਈ ਗ੍ਰੰਥ ਵੀ ਹੜ ਵਿਚ ਰੁੜ੍ਹ ਗਏ ਤੇ ਇਥੇ ਹੀ ਗੁਰੂ ਜੀ ਦਾ ਪ੍ਰਵਾਰ ਵਿੱਛੜ ਕੇ ਖੇਰੂੰ-ਖੇਰੂੰ ਹੋ ਗਿਆ ਸੀ। ਗੁਰੂ ਜੀ 40 ਸਿੰਘਾਂ ਸਮੇਤ 21 ਦਸੰਬਰ ਦੀ ਸ਼ਾਮ ਨੂੰ ਚਮਕੌਰ ਸਾਹਿਬ ਪੁੱਜ ਗਏ ਤੇ ਇਥੇ ਇਕ ਕੱਚੀ ਹਵੇਲੀ ਜੋ ਇਤਿਹਾਸ ਵਿਚ ਚਮਕੌਰ ਦੀ ਗੜ੍ਹੀ ਵਜੋਂ ਜਾਣੀ ਜਾਂਦੀ ਹੈ, ਇਥੇ ਮੋਰਚੇ ਸੰਭਾਲ ਲਏ ਜਿਥੇ 22 ਦਸੰਬਰ ਦੀ ਸਵੇਰ ਨੂੰ 40 ਸਿੰਘਾਂ ਤੇ 10 ਲੱਖ ਮੁਗ਼ਲ ਫ਼ੌਜਾਂ ਵਿਚ ਸੰਸਾਰ ਦਾ ਅਨੋਖਾ ਯੁੱਧ ਹੋਇਆ ਜਿਸ ਵਿਚ ਹੋਰ ਸਿੰਘਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ 18 ਸਾਲ ਤੇ ਜੁਝਾਰ ਸਿੰਘ 14 ਸਾਲ ਜੰਗ ਵਿਚ ਜੂੁਝਦੇ ਸ਼ਹੀਦ ਹੋ ਗਏ। ਚਮਕੌਰ ਗੜ੍ਹੀ ਦੀ ਨਾਜ਼ੁਕ ਸਥਿਤੀ ਨੂੰ ਵੇਖ ਕੇ ਪੰਜ ਸਿੰਘਾਂ ਵਲੋਂ ਸਿੱਖੀ ਦੇ ਭਵਿੱਖ ਲਈ ਦਿਤੇ ਆਦੇਸ਼ ਅਨੁਸਾਰ ਗੁਰੂ ਜੀ 22 ਦਸੰਬਰ ਦੀ ਰਾਤ ਨੂੰ 3 ਸਿੰਘਾਂ ਸਮੇਤ ਗੜ੍ਹੀ ਛੱਡ ਕੇ ਮਾਛੀਵਾੜੇ ਵਲ ਚਲੇ ਗਏ ਸਨ। 

Sikh History Sikh History

ਹੁਣ ਜਦੋਂ ਸਾਕਾ ਸਰਹੰਦ ਦੀ ਅਤਿ ਦਰਦਨਾਕ ਅਤੇ ਦਿਲ ਕੰਬਾਊੁ ਗਾਥਾ ਦਾ ਜ਼ਿਕਰ ਆਉਂਦਾ ਹੈ ਤਾਂ ਹਰ ਇਨਸਾਨ ਦੇ ਲੂੰ-ਕੰਡੇ ਖੜੇ ਹੋ ਜਾਂਦੇ ਹਨ ਕਿ ਕਿਵੇਂ ਸਰਸਾ ਨਦੀ ਤੇ ਰਾਤ ਨੂੰ ਵਿਛੜੇ ਦਾਦੀ ਮਾਤਾ ਤੇ ਛੋਟੇ ਸਾਹਿਬਜ਼ਾਦੇ ਨਦੀ ਦੇ ਨਾਲ-ਨਾਲ ਜਾ ਰਹੇ ਸਨ। ਦਸੰਬਰ (ਪੋਹ) ਮਹੀਨੇ ਦੀ ਅਤਿ ਠੰਢੀ, ਕਿਣ-ਮਿਣ ਕਰਦੀ ਕਾਲੀ ਬੋਲੀ ਰਾਤ ਸੀ। ਉਨ੍ਹਾਂ ਦੇ ਬਸਤਰ ਵੀ ਭਿੱਜ ਚੁੱਕੇ ਸਨ, ਦਾਦੀ-ਮਾਂ ਛੋਟੇ ਲਾਲਾਂ ਜ਼ੋਰਾਵਰ ਸਿੰਘ 9 ਸਾਲ, ਫ਼ਤਿਹ ਸਿੰਘ 7 ਸਾਲ, ਮਾਸੂਮ ਉਮਰ  ਪਰ ਉੱਚੇ ਹੌਂਸਲੇ ਵਾਲੀਆਂ ਇਹ ਜਿੰਦਾਂ ਨੂੰ ਦੋਵੇਂ ਪਾਸੇ ਅਪਣੇ ਨਾਲ ਲਗਾ ਕੇ ਉਂਗਲਾਂ ਫੜ ਕੇ ਲਈ ਜਾ ਰਹੀ ਸੀ। ਕਿਤੇ ਜੇ ਪਾਣੀ ਆ ਜਾਂਦਾ ਤਾਂ ਦਾਦੀ ਚੁੱਕ ਵੀ ਲੈਂਦੀ ਸੀ। ਇਹ ਸੀਨ ਬੜਾ ਦਰਦਨਾਕ ਸੀ। ਇਥੇ ਬੇਨਤੀ ਹੈ ਉਨ੍ਹਾਂ ਦਾਦੇ-ਦਾਦੀਆਂ ਨੂੰ ਜੋ ਅਪਣੇ ਪੋਤਰੇ ਪੋਤਰੀਆਂ ਨੂੰ ਇਨ੍ਹਾਂ ਬਰਫ਼ੀਲੀਆਂ ਠੰਢੀਆਂ ਰਾਤਾਂ ਨੂੰ ਅਪਣੀਆਂ ਬੁੱਕਲਾਂ ਵਿਚ ਲਪੇਟ ਕੇ ਰਖਦੇ ਹਨ ਤੇ ਬੱਚਿਆਂ ਦੇ ਮਾਂ-ਬਾਪ ਵੀ ਇਨ੍ਹਾਂ ਨੂੰ ਕੰਡਾ ਨਹੀਂ ਚੁਭਣ ਦਿੰਦੇ ਪਰ ਜ਼ਰਾ ਕਲਪਨਾ ਕਰੀਏ ਉਸ ਅਵਸਥਾ ਦੀ ਜੋ ਦਾਦੀ-ਮਾਂ ਨੂੰ ਅਪਣੇ ਇਨ੍ਹਾਂ ਪਿਆਰੇ ਪੋਤਿਆਂ ਨਾਲ ਬਿਤਾਉਣੀ ਪਈ ਤੇ ਵਾਹਿਗੁਰ ਦਾ ਭਾਣਾ ਮਿੱਠਾ ਕਰ ਕੇ ਮੰਨਿਆ ਪਰ ਹਾਰ ਨਹੀਂ ਕਬੁੂਲੀ। 

Guru Gobind Singh JiGuru Gobind Singh Ji

ਛੋਟੇ ਸਹਿਬਜ਼ਾਦੇ ਤੇ ਦਾਦੀ ਮਾਂ ਦੀਆਂ ਸ਼ਹਾਦਤਾਂ ਦੇ ਇਸ ਦੁਖਦਾਈ ਪੰਨੇ ਨੂੰ ਹੋਰ ਅੱਗੇ ਫਰੋਲਿਆਂ ਪਤਾ ਲਗਦਾ ਹੈ ਕਿ ਅਸਲ ਵਿਚ ਇਸ ਸੱਭ ਦੇ ਮੁੱਖ ਗੁਨਾਹਗਾਰ ਗੰਗੂ ਤੇ ਸੁੱਚਾ ਨੰਦ ਹੀ ਸਨ। ਹੈਰਾਨੀ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਤਿਲਕ ਜੰਞੂ ਦੀ ਖ਼ਾਤਰ ਇਨ੍ਹਾਂ ਲਾਲਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਨੇ ਅਪਣਾ ਬਲੀਦਾਨ ਦਿਤਾ ਸੀ, ਉਨ੍ਹਾਂ ਵਿਚੋਂ ਹੀ ਇਕ ਗੰਗੂ ਰਸੋਈਏ ਨੇ ਇਨ੍ਹਾਂ ਨੂੰ ਰਾਤ ਘਰ ਵਿਚ ਰੱਖ ਕੇ ਧੋਖੇ ਨਾਲ ਗ੍ਰਿਫ਼ਤਾਰ ਕਰਵਾਇਆ ਤੇ ਉਨ੍ਹਾਂ ਲੋਕਾਂ ਵਿਚੋਂ ਹੀ ਇਕ ਸੁੱਚਾ ਨੰਦ ਨੇ ਗੁਰੂ ਜੀ ਦੇ ਲਾਲਾਂ ਨੂੰ ਸੱਪ ਦੇ ਬੱਚੇ ਆਖ਼ ਕੇ ਖ਼ਤਮ ਕਰ ਦੇਣ ਲਈ ਸੂਬਾ ਸਰਹਿੰਦ ਨੂੰ ਭੜਕਾਇਆ ਸੀ। ਵੇਖੋ, ਧੰਨ ਹੈ ਦਾਦੀ ਮਾਤਾ ਜਿਸ ਨੇ ਬੱਚਿਆਂ ਨੂੰ ਅਜਿਹੀ ਪ੍ਰੇਰਣਾ ਤੇ ਅਡੋਲ ਦ੍ਰਿੜਤਾ ਦਾ ਪਾਠ ਪੜ੍ਹਾਇਆ ਕਿ ਉਹ ਠੰਢੇ ਬੁਰਜ ਦੀ ਕੈਦ ਵੇਲੇ ਕਸ਼ਟ ਵਿਚ ਰਹਿ ਕੇ ਵੀ 12-13-14 ਪੋਹ ਨੂੰ ਵਜ਼ੀਰ ਖਾਂ ਦੀ ਕਚਿਹਰੀ ਵਿਚ ਅਨੇਕਾਂ ਡਰ, ਲਾਲਚਾਂ ਤੋਂ ਬਿਲਕੁਲ ਨਾ ਡੋਲੇ ਤੇ ਆਖ਼ਰ 27 ਦਸੰਬਰ ਨੂੰ ਹਕੁੂਮਤ ਵਲੋਂ ਕੰਧਾਂ ਵਿਚ ਚਿਣਵਾ ਕੇ ਦਿਤੀ ਗਈ ਸ਼ਹੀਦੀ ਨੂੰ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਪ੍ਰਵਾਨ ਕੀਤਾ।

Thanda BurjThanda Burj

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪ੍ਰੰਤ ਮਾਤਾ ਗੁਜਰੀ ਜੀ ਵੀ ਸਵਾਸ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਕ ਲਿਖਾਰੀ ਭਾਈ ਦੁਨਾ ਸਿੰਘ ਹਡੂਰੀਆ ਨੇ ਅਪਣੀ ਪੁਸਤਕ ‘ਕਥਾ ਗੁਰੂ ਜੀ ਕੇ ਸੁਤਨ ਕੀ’ ਵਿਚ ਲਿਖਿਆ ਹੈ ‘ਰਜ ਕੋ ਪਾਇ ਪੀਪਲਹ ਬਾਂਧੇ, ਦੁਸ਼ਟ ਗੁਲੇਲੇ ਤੀਰ ਸੁ ਸਾਂਧੇ’ ਭਾਵ ਕਿ ਜ਼ਾਲਮਾਂ ਨੇ ਸ਼ਹਾਦਤ ਤੋਂ ਪਹਿਲਾਂ ਇਨ੍ਹਾਂ ਮਾਸੂਮ ਬੱਚਿਆਂ ਨੂੰ ਪਿੱਪਲ ਨਾਲ ਬਨ੍ਹ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਗੁਲੇਲਾਂ ਨਾਲ ਪੱਥਰ ਮਾਰੇ ਗਏ ਸਨ ਤੇ ਉਨ੍ਹਾਂ ਨੂੰ ਚਾਬੁਕ ਤੇ ਕੋਰੜੇ ਵੀ ਸਨ। ਇਕ ਇਤਿਹਾਸਕਾਰ ਅਪਣੀ ਲਿਖਤ ‘ਗੁਰਪ੍ਰਣਾਲੀ ਗੁਲਾਬ ਸਿੰਘ’ ਵਿਚ ਲਿਖਦਾ ਹੈ ਕਿ ‘ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ’ ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ, ਜੋ ਸਮਾਂ ਸਵੇਰੇ 9.45 ਤੋਂ 11 ਵਜੇ ਤਕ ਇਤਿਹਾਸਕਾਰਾਂ ਨੇ ਬਣਾਇਆ ਤੇ ਇਹ ਸਮਾਂ ਸਮੁੱਚੀ ਸਿੱਖ ਕੌਮ ਤੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਲਈ ਗੁਰਬਾਣੀ ਨਾਲ ਜੁੜਨ ਅਤੇ ਗੰਭੀਰਤਾ ਨਾਲ ਇਨ੍ਹਾਂ ਦਰਦਨਾਕ ਪਲਾਂ ਦਾ ਅਹਿਸਾਸ ਕਰਨ ਦਾ ਸਮਾਂ ਹੁੰਦਾ ਹੈ।

 ਇਸ ਸ਼ਹੀਦੀ ਸਥਾਨ ਉਪਰ ਤਾਂ ਅੱਜ ਗੁਰਦਵਾਰਾ ਸਾਹਿਬ ਜੋਤੀ ਸਰੂਪ ਸੁਸ਼ੋਭਤ ਹੈ ਜਿਥੇ ਲੱਖਾਂ ਹੀ ਸੰਗਤਾਂ ਸ਼ਹੀਦੀ ਦਿਨਾਂ ਵਿਚ ਸੀਸ ਝੁਕਾ ਕੇ ਸ਼ਰਧਾ ਦੇੇ ਫੁੱਲ ਭੇਟ ਕਰਦੀਆਂ ਹਨ ਪਰ ਦੂਜੇ ਪਾਸੇ ਗੰਗੂ ਤੇ ਸੁੱਚਾ ਨੰਦ ਜਹੇ ਵਿਸ਼ਵਾਸ ਘਾਤੀਆਂ ਦੇ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਲਭਦੇ। ਇਥੇ ਹੀ ਧੰਨ ਹਨ ਉਹ ਸੱਚੇ ਤੇ ਗੁਰੂ ਹਮਦਰਦੀ ਵਿਚ ਰੰਗੇ ਇਨਸਾਨ ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਜਿਨ੍ਹਾਂ ਨੇ ਮੁਗ਼ਲ ਸਲਤਨਤ ਦੇ ਨੌਕਰ ਹੁੰਦੇ ਹੋਏ ਵੀ ਅਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਮਾਤਾ ਗੁਜਰੀ ਜੀ ਅਤੇ ਇਨ੍ਹਾਂ ਲਾਲਾਂ ਦੀ ਸੇਵਾ ਕੀਤੀ। ਬਾਬਾ ਮੋਤੀ ਰਾਮ ਮਹਿਰਾ ਮਾਤਾ ਤੇ ਬੱਚਿਆਂ ਨੂੰ ਠੰਢੇ ਬੁਰਜ ਵਿਚ ਚੋਰੀ ਦੁਧ ਪਿਆਉਂਦੇ ਰਹੇ ਜਿਸ ਦੀ ਸਜ਼ਾ ਵਜੋਂ ਹਕੂਮਤ ਨੇ ਉਨ੍ਹਾਂ ਨੂੰ ਪ੍ਰਵਾਰ ਸਮੇਤ ਤਸੀਹੇ ਦੇ-ਦੇ ਕੇ ਸ਼ਹੀਦ ਕਰ ਦਿਤਾ ਸੀ। ਉਨ੍ਹਾਂ ਦੀ ਯਾਦਗਾਰ ਵਜੋਂ ਇਥੇ ਗੁਰਦਵਾਰਾ ਬਣਿਆ ਹੋਇਆ ਹੈ ਜਿਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ।

ਇਵੇਂ ਹੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਕੋਈ ਵੀ ਪ੍ਰਵਾਰ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਦੀ ਹਿੰਮਤ ਹਕੂਮਤ ਦੇ ਡਰੋਂ ਨਹੀਂ ਕਰ ਰਿਹਾ ਸੀ ਪਰ ਦੀਵਾਨ ਟੋਡਰ ਮੱਲ ਨੇ ਦੁਨੀਆਂ ਦੀ ਸੱਭ ਤੋਂ ਮਹਿੰਗੀ ਜ਼ਮੀਨ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਕੇ ਖ਼ਰੀਦੀ ਸੀ ਤੇ ਪ੍ਰਵਾਰ ਨੂੰ ਨਾਲ ਲੈ ਕੇ ਇਨ੍ਹਾਂ ਸ਼ਹੀਦਾਂ ਦਾ ਸਸਕਾਰ ਕੀਤਾ ਸੀ। ਉਸ ਦੀ ਯਾਦ ਵਿਚ ਵੀ ਅੱਜ ‘ਦੀਵਾਨ ਟੋਡਰ ਮਲ ਹਾਲ’ ਬਣਿਆ ਹੋਇਆ ਹੈ ਜੋ ਉਸ ਦੀ ਸੇਵਾ ਸ਼ਰਧਾ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਤੇ ਹਰ ਇਨਸਾਨ ਨੂੰ ਇਕ ਸਿਖਿਆ ਵੀ ਦਿੰਦਾ ਹੈ। ਇਸੇ ਤਰ੍ਹਾਂ ਇਕ ਹੋਰ ਸੱਚੇ ਮੁਸਲਮਾਨ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਦਾ ਜ਼ਿਕਰ ਕਰਨਾ ਵੀ ਅਤਿ ਫ਼ਖ਼ਰਯੋਗ ਹੈ ਜਿਸ ਨੇ ਇਨ੍ਹਾਂ ਛੋਟੇ ਲਾਲਾਂ ਨੂੰ ਕੰਧਾਂ ਵਿਚ ਚਿਣੇ ਜਾਣ ਦਾ ਵਿਰੋਧ ਕਰਦੇ ਹੋਏ ਵਜ਼ੀਰ ਖਾਂ ਨਾਲ ਇਸ ਗੱਲੋਂ ਬਹਿਸ ਵੀ ਕੀਤੀ ਸੀ ਕਿ ਸਾਡਾ ਕੁਰਾਨ ਸ਼ਰੀਫ਼ ਨਿਹਥੇ, ਔਰਤਾਂ ਤੇ ਬੱਚਿਆਂ ਉਪਰ ਅਜਿਹਾ ਜ਼ੁਲਮ ਕਰਨ ਦੀ ਆਗਿਆ ਨਹੀਂ ਦਿੰਦਾ। ਇਸ ਰੋਸ ਵਜੋਂ ਉਹ ਉਠ ਕੇ ਚਲੇ ਗਏ ਸਨ।

 ਵੇਖਿਆ ਜਾਵੇ ਤਾਂ ਅੱਜ ਇਨ੍ਹਾਂ ਲਹੂ ਭਿੱਜੀਆਂ ਵੈਰਾਗਮਈ ਸ਼ਹਾਦਤਾਂ ਨੂੰ ਪੜ੍ਹ ਸੁਣ ਕੇ ਕੋਈ ਵੀ ਇਨਸਾਨ ਭਾਵੇਂ ਉਹ ਗ਼ੈਰ ਸਿੱਖ, ਗ਼ੈਰ ਪੰਜਾਬੀ, ਭਾਰਤੀ ਜਾਂ ਵਿਦੇਸ਼ੀ ਕਿਉਂ ਨਾ ਹੋਵੇ ਅਪਣੀਆਂ ਅੱਖਾਂ ਦੇ ਅੱਥਰੂ ਰੋਕ ਨਹੀਂ ਸਕਦਾ ਜਿਸ ਤੱਥ ਦੀ ਗਵਾਹੀ ਇਹ ਹੈ ਕਿ ਕੁੱਝ ਸਾਲ ਪਹਿਲਾਂ ਪੰਜਾਬ ਦੇ ਇਕ ਵਿਦਵਾਨ ਨੇ ਦਸਿਆ ਕਿ ਉਸ ਨੂੰ ਅਪਣੀ ਅਮਰੀਕਾ ਯਾਤਰਾ ਦੌਰਾਨ ਉਥੋਂ ਦੇ ਇਕ ਸੈਮੀਨਾਰ ਹਾਲ ਵਿਚ ਪ੍ਰਭੂ ਯਿਸੂ-ਮਸੀਹ ਦੇ ਸ਼ਹੀਦੀ ਦਿਹਾੜੇ ਉਪਰ ਬੋਲਣ ਦਾ ਜਦੋਂ ਮੌਕਾ ਮਿਲਿਆ ਸੀ ਤਾਂ ਉਨ੍ਹਾਂ ਨੇ ਇਸ ਪ੍ਰਤੀ ਬੋਲਦੇ ਹੋਏ ਅਪਣੇ ਭਾਸ਼ਣ ਨੂੰ ਸਰਹਿੰਦ ਦੀ ਸ਼ਹੀਦੀ ਦਾਸਤਾਨ ਦੱਸਣੀ ਸ਼ੁਰੂ ਕੀਤੀ ਤਾਂ ਸਾਹਮਣੇ ਬੈਠੇ ਸਰੋਤੇ ਬਹੁਤ ਭਾਵੁਕ ਹੋ ਗਏ ਸਨ ਤੇ ਔਰਤਾਂ ਅਪਣੇ ਬੱਚਿਆਂ ਨੂੰ ਵਾਰ-ਵਾਰ ਅਪਣੀ ਛਾਤੀ ਨਾਲ ਘੁਟਦੇ ਹੋਏ ਅੱਖਾਂ ਵਿਚ ਅੱਥਰੂ ਭਰੀ ਬੈਠੀਆਂ ਸਨ ਤੇ ਉਥੇ ਸਨਾਟਾ ਛਾਇਆ ਹੋਇਆ ਸੀ। ਜਾਪਦਾ ਸੀ ਕਿ ਉਹ ਲੋਕ ਪ੍ਰਭੂ ਯਿਸੂ-ਮਸੀਹ ਦੀ ਸ਼ਹਾਦਤ ਨਾਲੋਂ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਗਾਥਾ ਪ੍ਰਤੀ ਜ਼ਿਆਦਾ ਪੀੜਾ ਮਹਿਸੂਸ ਕਰ ਰਹੇ ਸਨ। ਭਾਸ਼ਣ ਖ਼ਤਮ ਹੋਣ ਉਪਰੰਤ ਉਹ ਸਾਰੇ ਬੜੇ ਭਾਵੁਕ ਹੋ ਕੇ ਇਹ ਪੁੱਛਣ ਲਗੇ ਕਿ ਕ੍ਰਿਪਾ ਕਰ ਕੇ ਦੱਸੋ ਕਿ ਗੁਰੂ ਜੀ ਦੇ ਇਹ ਸਾਹਿਬਜ਼ਾਦੇ ਇਸ ਤੋਂ ਪਹਿਲਾਂ ਅਜਿਹੀ ਕਿਹੜੀ ਸੰਗਤ ਵਿਚ ਰਹੇ ਜਿਥੋਂ ਇਨ੍ਹਾਂ ਨੂੰ ਏਨੇ ਤਿਆਗ ਤੇ ਅਟੱਲ ਇਰਾਦੇ ਵਾਲੀ ਸਿਖਿਆ ਮਿਲੀ। ਦੂਜਾ ਸਵਾਲ ਉਨ੍ਹਾਂ ਦਾ ਇਹ ਸੀ ਕਿ ਤੁਸੀ ਸਿੱਖ ਕੌਮ ਇਸ ਸ਼ਹਾਦਤ ਦੇ ਦਿਹਾੜੇ ਵੇਲੇ ਇਨ੍ਹਾਂ ਪਲਾਂ ਨੂੰ ਕਿਸ ਤਰ੍ਹਾਂ ਬਿਤਾਉਂਦੇ ਹੋ? 

ਉਸ ਵਿਦਵਾਨ ਨੇ ਕਿਹਾ ਕਿ ਪਹਿਲਾ ਜਵਾਬ ਤਾਂ ਮੈਂ ਬੜੇ ਅਰਾਮ ਨਾਲ ਦੇ ਦਿਤਾ ਕਿ ਦਾਦੀ ਮਾਤਾ ਗੁਜਰੀ ਜੀ ਇਨ੍ਹਾਂ ਨੂੰ ਅਪਣੇ ਦਾਦੇ ਦੇ ਦਾਦੇ ਗੁਰੂ ਅਰਜਨ ਦੇਵ ਜੀ ਤੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਰਾਂ ਦੇ ਬਲੀਦਾਨਾਂ ਬਾਰੇ ਤੇ ਹੋਰ ਸਿੱਖੀ ਸਿੱਦਕ ਵਾਲੇ ਸ਼ਹੀਦਾਂ ਬਾਰੇ ਸਿਖਿਆ ਦਿੰਦੇ ਰਹੇ ਸਨ ਪਰ ਦੂਜੇ ਸਵਾਲ ਦਾ ਜਵਾਬ ਮੈਂ ਕਿਵੇਂ ਦਿੰਦਾ ਕਿ ਸਾਡੀ ਸਿੱਖ ਕੌਮ ਇਨ੍ਹਾਂ ਪਲਾਂ ਨੂੰ ਕਿਵੇਂ ਮਨਾਉਂਦੀ ਹੈ ਕਿਉਂਕਿ ਅੱਜ ਸਾਡੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਨਤਮਸਤਕ ਹੁੰਦੀਆਂ ਸੰਗਤਾਂ ਦਰਮਿਆਨ ਸਾਡੇ ਸਿੱਖ ਅਖਵਾਉਣ ਵਾਲੇ ਪ੍ਰਵਾਰਾਂ ਦੇ ਬਹੁ-ਗਿਣਤੀ ਨੌਜੁਆਨ ਦਾੜ੍ਹੀ ਕੇਸਾਂ ਤੋਂ ਰਹਿਤ ਹੋ ਕੇ ਸਵਾਦੀ ਲੰਗਰ (ਚਾਹ-ਪਕੌੜੇ, ਖੀਰ ਆਦਿ) ਛਕਦੇ, ਸੀਟੀਆਂ ਵਜਾਉਂਦੇ, ਇਕ ਦੂਜੇ ਨੂੰ ਮਖੌਲਾਂ ਕਰਦੇ, ਨਚਦੇ-ਟਪਦੇ ਫਿਰਦੇ ਵੇਖੇ ਜਾ ਸਕਦੇ ਹਨ ਜਿਵੇਂ ਉਹ ਕਿਸੇ ਵਿਆਹ ਵਿਚ ਆਏ ਹੋਣ। ਇਨ੍ਹਾਂ ਦੇ ਦਿਲਾਂ ਵਿਚ ਇਨ੍ਹਾਂ ਦਰਦਨਾਕ ਸ਼ਹਾਦਤਾਂ ਦਾ ਕੋਈ ਸੋਗ ਨਹੀਂ ਹੈ ਜਿਸ ਦਾ ਕਾਰਨ ਇਹ ਜਾਪਦਾ ਹੈ ਕਿ ਅਸੀ ਮਾਂ-ਬਾਪ ਨੇ ਅਤੇ ਸਾਡੇ ਧਰਮ ਪ੍ਰਚਾਰ ਸਿਸਟਮ ਨੇ ਇਨ੍ਹਾਂ ਨੂੰ ਇਸ ਵਿਰਸੇ ਨਾਲ ਜੋੜਨ ਲਈ ਗੰਭੀਰਤਾ ਨਹੀਂ ਵਰਤੀ, ਬੇਸ਼ਕ ਕਿੰਨੇ ਹੀ ਧਰਮ ਪ੍ਰਚਾਰ ਤੇ ਅਮ੍ਰਿੰਤ ਪ੍ਰਚਾਰ ਸੰਮੇਲਨ ਕਰਵਾਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ। 

ਇਹ ਸੱਚ ਹੈ ਕਿ ਪਿੰਡ ਖੇੜੀ ਗੰਗੂ ਰਸੋਈਏ ਦਾ ਪਿੰਡ ਸੀ ਜਿਥੋਂ ਉਸ ਨੇ ਅਪਣੇ ਘਰੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾਇਆ ਸੀ, ਕੋਤਵਾਲੀ ਮੋਰਿੰਡਾ ਜਿਥੇ ਉਨ੍ਹਾਂ ਨੂੰ ਰਾਤ ਰਖਿਆ ਗਿਆ ਸੀ ਤੇ ਸਰਹਿੰਦ ਜਿਥੇ ਇਹ ਸ਼ਹੀਦ ਹੋਏ ਸਨ, ਇਨ੍ਹਾਂ ਦੇ ਆਸ-ਪਾਸ ਵਾਲੇ ਪਿੰਡਾਂ ਦੇ ਲੋਕ ਇਨ੍ਹਾਂ ਸ਼ਹੀਦੀ ਦਿਨਾਂ ਵਿਚ ਸੋਗ ਵਜੋਂ ਕੋਈ ਵਿਆਹ ਜਾਂ ਖ਼ੁਸ਼ੀ ਸਮਾਰੋਹ ਨਹੀਂ ਸੀ ਕਰਦੇ ਪਰ ਅੱਜ ਤਾਂ ਸੱਭ ਕੁੱਝ ਹੋ ਰਿਹਾ ਹੈ। ਅੱਜ ਤਾਂ ਸਾਡੇ ਕਈ ਧਾਰਮਕ ਆਗੂ ਵੀ ਸਿਆਸਤ ਦੇ ਪ੍ਰਭਾਵ ਹੇਠ ਇਥੇ ਹੁੰਦੀਆਂ ਕਾਨਫ਼ਰੰਸਾਂ ਵੇਲੇ ਗ਼ੈਰ ਸਭਿਅਕ ਲਫ਼ਜ਼ਾਂ ਨਾਲ ਇਕ ਦੂਜੇ ਉਪਰ ਦੁੂਸ਼ਣਬਾਜ਼ੀ ਦਾ ਚਿੱਕੜ ਜ਼ਿਆਦਾ ਸੁੱਟਦੇ ਹਨ ਪਰ ਸ਼ਹੀਦੀ ਇਤਿਹਾਸ ਦਾ ਜ਼ਿਕਰ ਘੱਟ ਕਰਦੇ ਹਨ ਜਦੋਂ ਕਿ ਈਸਾਈ ਧਰਮ ਦੇ ਲੋਕ ਅੱਜ ਕਰੀਬ ਦੋ ਹਜ਼ਾਰ ਸਾਲਾਂ ਬਾਅਦ ਵੀ ਅਪਣੇ ਪ੍ਰਭੂ ਯਿਸੂ-ਮਸੀਹ ਨੂੰ ਸਲੀਬ ਉਪਰ ਟੰਗੇ ਹੋਏ ਮਹਿਸੂਸ ਕਰਦੇ ਹਨ। ਇਵੇਂ ਹੀ ਮੁਸਲਿਮ ਲੋਕ ਅੱਜ 1322 ਸਾਲ ਬਾਅਦ ਵੀ ਮੁਹੱਰਮ ਵਾਲੇ ਦਿਨ ਅਪਣੇ ਆਪ ਨੂੰ ‘ਕਰਬਲਾ’ ਦੀ ਦਰਦਨਾਕ ਸ਼ਹੀਦੀ ਘਟਨਾ ਦੇ ਦਰਦ ਦਾ ਦਿਲੋਂ ਅਹਿਸਾਸ ਕਰਦੇ ਹਨ ਕਿਉਂਕਿ ਇਸ ਦਿਨ ਉਨ੍ਹਾਂ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਦੋ ਛੋਟੇ ਮਾਸੂਮ ਬੱਚਿਆਂ ਨੂੰ ਕਈ ਦਿਨ ਭੁੱਖੇ ਰੱਖ ਕੇ ਤੇ ਬੜੇ ਤਸੀਹੇ ਦੇ ਕੇ ਇਥੇ ਸ਼ਹੀਦ ਕੀਤਾ ਗਿਆ ਸੀ, ਪ੍ਰੰਤੂ ਬਹੁਤ ਅਫ਼ਸੋਸ ਤੇ ਦੁੱਖ ਦੀ ਗੱਲ ਹੈ ਕਿ ਅਸੀ ਤਾਂ ਅੱਜ ਤੋਂ ਕੇਵਲ 315 ਸਾਲ ਪਹਿਲਾਂ ਹੀ ਵਾਪਰੇ ਇਸ ਅਤਿ ਦਰਦਨਾਕ ਸਾਕਾ ਸਰਹਿੰਦ ਨੂੰ ਏਨੀ ਗੰਭੀਰਤਾ ਨਾਲ ਨਹੀਂ ਮਨਾਉਂਦੇ। ਜ਼ਰਾ ਸੋਚੋ ਕਿ ਸਰਬੰਸਦਾਨੀ ਦਸਮੇਸ਼ ਗੁਰੂ ਜੀ ਨੇ ਤਾਂ ਇਨ੍ਹਾਂ ਸ਼ਹਾਦਤਾਂ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕੀਤਾ ਸੀ ਕਿ: 
ਮੁਝ ਸੇ ਆਜ ਤੇਰੀ ਅਮਾਨਤ ਅਦਾ ਹੂਈ।
ਬੇਟੋਂ ਕੀ ਜਾਂਅ ਧਰਮ ਕੀ ਖਾਤਰ ਫ਼ਿਦਾ ਹੁਈ। 
ਗੁਰੂ ਜੀ ਨੇ ਤਾਂ ਇਹ ਵੀ ਫਰਮਾਇਆ ਸੀ ਕਿ :
ਇਨ ਪੁਤਰਨ ਕੇ ਨਾਮ ਪਰ ਵਾਰ ਦੀਏ ਸੁਤ ਚਾਰ,
ਚਾਰ ਮੁੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ।
ਅੱਜ ਜਦੋਂ ਇਸ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਦੇ ਹਾਂ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸ਼ਹੀਦੀ ਦੀਵਾਰ ਵਿਚੋਂ ਇਹ ਆਵਾਜ਼ਾਂ ਆ ਰਹੀਆਂ ਹੋਣ: 
ਹਮ ਜਾਨ ਦੇਕਰ ਦੇਸ਼ ਕੌਮ ਕੀ ਜਾਨੇ ਬਚਾ ਚਲੇ,
ਸਿੱਖੀ  ਕੀ  ਨ੍ਹੀਂਵ  ਹਮ  ਸਰੋਂ ਪਰ ਉਠਾ ਚਲੇ । 
ਸੋ ਅੱਜ ਅਸੀ ਵੇਖਣਾ ਹੈ ਕਿ ਜੋ ਗੁਰੂ ਜੀ ਨੇ ਸਾਨੂੰ ਅਪਣੇ ਪੁੱਤਰ ਬਣਾਇਆ ਸੀ ਤਾਂ ਅਸੀ ਉਨ੍ਹਾਂ ਪ੍ਰਤੀ ਅਪਣਾ ਕੀ ਫ਼ਰਜ਼ ਨਿਭਾ ਰਹੇ ਹਾਂ ਤੇ ਇਨ੍ਹਾਂ ਸ਼ਹੀਦੀ ਦਿਨਾਂ ਦੌਰਾਨ ਜੋ ਪੰਜਾਬ ਵਿਚ ਮੀਟ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿੰਦੇ ਹਨ, ਉਨ੍ਹਾਂ ਨੂੰ ਰੋਕਣ ਲਈ ਅਸੀ ਕੀ ਉਪਰਾਲੇ ਕੀਤੇ ਅਤੇ ਕਰ ਰਹੇ ਹਾਂ।                                                ਦਲਬੀਰ ਸਿੰਘ ਧਾਲੀਵਾਲ, ਸੰਪਰਕ : 99155-21037

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM
Advertisement