
ਪੰਜਾਬੀ ਗਾਣਿਆਂ ਅਤੇ ਫ਼ਿਲਮਾਂ ਵਿਚ ਪੰਜਾਬੀ ਤੇ ਖਾਸ ਤੌਰ ’ਤੇ ਜੱਟ ਨੂੰ ਬਹੁਤ ਗੁੱਸੇ-ਖ਼ੋਰ, ਬਦਲੇ-ਖ਼ੋਰ ਅਤੇ ਬੇਪ੍ਰਵਾਹ ਵਿਖਾਇਆ ਜਾਂਦਾ ਹੈ
ਅੱਜਕਲ੍ਹ ਗਾਣੇ ਸੁਣ ਕੇ ਲਗਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਕੋਲ ਬੰਦੇ ਵੱਢਣ ਜਾਂ ਕੁੜੀਆਂ ਨੂੰ ਉਧਾਲਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਬਚਿਆ। ਜਣਾ ਖਣਾ ਗਾਇਕ ਹੱਥ ਵਿਚ ਏਕੇ-47, ਦੁਨਾਲੀ ਜਾਂ ਗੰਡਾਸਾ ਫੜ ਕੇ ਵੀਡੀਉ ਬਣਾ ਰਿਹਾ ਹੈ। ਇਨ੍ਹਾਂ ਨੇ ਤਾਂ ਸਾਰੇ ਪੰਜਾਬੀ ਗੁੰਡੇ ਹੀ ਬਣਾ ਕੇ ਰੱਖ ਦਿਤੇ ਹਨ। ਗਾਣੇ ਵੀ ਅਜੀਬ ਕਿਸਮ ਦੇ ਹਨ, ਅਖੇ, “ਜਗ੍ਹਾ ਤੇਰੀ ਡਾਂਗ ਮੇਰੀ।’’ ਕੁੱਝ ਸਾਲ ਪਹਿਲਾਂ ਕਸਬਾ ਲੌਂਗੋਵਾਲ, ਜ਼ਿਲ੍ਹਾ ਸੰਗਰੂਰ ਵਿਚ ਦਿਨ ਦਿਹਾੜੇ ਹੋਏ ਕਤਲ ਕਾਂਡ ਵੇਲੇ ਗੈਂਗਸਟਰ ਨੇ ਇਕ ਫ਼ਾਈਨੈਂਸਰ ਨੂੰ ਮਾਰਨ ਤੋਂ ਬਾਅਦ “ਮਾਰੇ ਹਿੱਕ ਵਿਚ ਫ਼ਾਇਰ ਜੱਟ ਨੇ” ਗਾਉਂਦੇ ਹੋਏ ਅਪਣੀ ਵੀਡੀਉ ਫੇਸਬੁੱਕ ’ਤੇ ਪਾਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਨੇਕਾਂ ਲੋਕਾਂ ਨੇ ਉਸ ਵੀਡੀਉ ਨੂੰ ਲਾਈਕ ਕੀਤਾ ਤੇ ਸ਼ਾਬਾਸ਼ੀ ਭਰੇ ਕਮੈਂਟ ਵੀ ਦਿਤੇ ਸਨ।
Misleading songs
ਪੰਜਾਬੀ ਗਾਣਿਆਂ ਅਤੇ ਫ਼ਿਲਮਾਂ ਵਿਚ ਪੰਜਾਬੀ ਤੇ ਖਾਸ ਤੌਰ ’ਤੇ ਜੱਟ ਨੂੰ ਬਹੁਤ ਗੁੱਸੇ-ਖ਼ੋਰ, ਬਦਲੇ-ਖ਼ੋਰ ਅਤੇ ਬੇਪ੍ਰਵਾਹ ਵਿਖਾਇਆ ਜਾਂਦਾ ਹੈ ਜੋ ਗੱਲ ਗੱਲ ’ਤੇ ਬੰਦਾ ਝਟਕਾ ਦਿੰਦਾ ਹੈ। ਤਕਰੀਬਨ ਹਰ ਗਾਇਕ ਨੇ ਜੱਟਵਾਦ ਅਤੇ ਮਾਰਧਾੜ ਵਾਲੇ ਗਾਣੇ ਜ਼ਰੂਰ ਗਾਏ ਹਨ। ਚੜ੍ਹਦੀ ਉਮਰ ਵਿਚ ਬੰਦੇ ਨੂੰ ਲੜਨ-ਖਹਿਣ ਦਾ ਚਾਅ ਵੈਸੇ ਹੀ ਜ਼ਿਆਦਾ ਹੁੰਦਾ ਹੈ, ਜਿਸ ਨੂੰ ਇਹ ਗਾਇਕ ਹੋਰ ਹਵਾ ਦੇ ਰਹੇ ਹਨ। ਪੰਜਾਬੀ ਫ਼ਿਲਮਾਂ ਵਿਚ ਹੀਰੋ ਨੂੰ ਬੰਦਾ ਮਾਰ ਕੇ ਬੜੀ ਸ਼ਾਨ ਨਾਲ ਬਾਹਵਾਂ ਚੌੜੀਆਂ ਕਰ ਕੇ ਪੁਲਿਸ ਜੀਪ ਵਿਚ, ਥਾਣੇਦਾਰ ਦੇ ਬਰਾਬਰ ਬਿਠਾ ਕੇ ਜਾਂਦਿਆਂ ਵਿਖਾਇਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਪੁਲਿਸ ਥਾਣੇ ਵਿਚ ਜਾ ਰਹੇ ਮੁਲਜ਼ਮ ਨੂੰ ਗੱਡੀ ਦੇ ਫਰਸ਼ ’ਤੇ ਬਿਠਾਉਂਦੀ ਹੈ। ਇਕ ਨੌਜਵਾਨ ਲੜਾਈ ਝਗੜੇ ਕਰਨ ਲਈ ਦੁਕਾਨ ’ਤੇ ਹਥਿਆਰ ਵਜੋਂ ਦਾਤਰ ਖਰੀਦਣ ਗਿਆ।
Misleading songs
ਦੁਕਾਨਦਾਰ ਖੁਦ 307 ਦੇ ਕੇਸ ਵਿਚ ਸਾਲ ਕੁ ਜੇਲ੍ਹ ਵਿਚ ਲਾ ਕੇ ਮਸਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਜਦ ਦਾਤਰ ਖ਼ਰੀਦਣ ਵਾਲੇ ਮੁੰਡੇ ਨੇ ਉਸ ਤੋਂ ਦਾਤਰ ਦਾ ਰੇਟ ਪੁਛਿਆ ਤਾਂ ਉਸ ਦੇ ਤੌਰ ਵੇਖ ਕੇ ਦੁਕਾਨਦਾਰ ਨੇ ਸਮਝਾਇਆ,“ਹੁਣ ਤਾਂ ਪੁੱਤਰਾ ਇਹ ਸਿਰਫ਼ 200 ਰੁਪਏ ਦਾ ਹੈ, ਪਰ ਜਦੋਂ ਕਿਸੇ ’ਤੇ ਚਲਾਏਂਗਾ ਤਾਂ 2 ਲੱਖ ਤੋਂ ਘੱਟ ਨਹੀਂ ਪੈਣਾ।” ਅੱਜ 90 ਫ਼ੀ ਸਦੀ ਗਵੱਈਏ ਜੱਟਾਂ ਦੇ ਅਸਲ ਹਾਲਾਤ ਤੋਂ ਅਣਜਾਣ ਹਨ। ਜੇ ਅੱਜ ਦੇ ਜੱਟ ਗਵੱਈਆਂ ਦੇ ਗਾਣਿਆਂ ਵਿਚ ਦਰਸਾਏ ਜੱਟਾਂ ਵਰਗੇ ਅਮੀਰ, ਵਹਿਸ਼ੀ ਅਤੇ ਬੇਪ੍ਰਵਾਹ ਹੁੰਦੇ ਤਾਂ ਉਹ ਆਤਮ ਹਤਿਆਵਾਂ ਕਿਉਂ ਕਰਦੇ? ਫ਼ਿਲਮਾਂ ਵਿਚ ਆਮ ਤੌਰ ਤੇ ਇਕ ਸੀਨ ਜ਼ਰੂਰ ਹੁੰਦਾ ਹੈ ਕਿ ਪੁਲਿਸ ਕਿਸੇ ਕਾਤਲ ਨੂੰ ਲੈ ਕੇ ਥਾਣੇ ਪਹੁੰਚਦੀ ਹੈ ਤੇ ਉਸ ਦਾ ਵਕੀਲ ਪਹਿਲਾਂ ਹੀ ਜ਼ਮਾਨਤ ਦੇ ਕਾਗਜ਼ਾਤ ਲੈ ਕੇ ਥਾਣੇ ਵਿਚ ਖੜਾ ਹੁੰਦਾ ਹੈ। ਥਾਣੇਦਾਰ ਨੂੰ ਹੈਰਾਨ ਪਰੇਸ਼ਾਨ ਖੜਾ ਛੱਡ ਕੇ ਕਾਤਲ ਮਟਕਦਾ ਹੋਇਆ ਥਾਣੇ ਤੋਂ ਬਾਹਰ ਚਲਾ ਜਾਂਦਾ ਹੈ। ਕਈ ਤਾਂ ਇਹ ਸੀਨ ਵੇਖ ਕੇ ਹੀ ਫਸ ਜਾਂਦੇ ਹਨ ਕਿ ਬੰਦਾ ਮਾਰਨਾ ਤਾਂ ਸੌਖਾ ਹੀ ਬਹੁਤ ਐ।
ਪਰ ਅਸਲ ਜ਼ਿੰਦਗੀ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਕਤਲ ਕੇਸ ਵਿਚ ਅੱਵਲ ਤਾਂ ਮੁਲਜ਼ਮ ਦੀ ਜ਼ਮਾਨਤ ਹੁੰਦੀ ਨਹੀਂ, ਜੇ ਹੋ ਵੀ ਜਾਵੇ ਤਾਂ ਦੋ ਚਾਰ ਸਾਲ ਬਾਅਦ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਦੀ ਹੈ। ਸਿਰਫ਼ ਜ਼ਮਾਨਤ ਕਰਾਉਣ ’ਤੇ ਹੀ ਬੰਦੇ ਦੇ 8-10 ਲੱਖ ਲੱਗ ਜਾਂਦੇ ਹਨ ਅਤੇ ਮੁਕੱਦਮੇ ਦੀ ਹਰ ਤਾਰੀਖ 10-15 ਹਜ਼ਾਰ ਵਿਚ ਪੈਂਦੀ ਹੈ। ਬਰੀ ਹੋਣ ਤਕ ਬੰਦੇ ਦੀ ਦੋ ਚਾਰ ਏਕੜ ਜ਼ਮੀਨ ਵਿਕ ਚੁੱਕੀ ਹੁੰਦੀ ਹੈ। ਜੇ ਹੇਠਲੀ ਅਦਾਲਤ ਤੋਂ ਸਜ਼ਾ ਹੋ ਜਾਵੇ ਤਾਂ ਫਿਰ ਹਾਈ ਕੋਰਟ ਤੇ ਜੇ ਉਥੋਂ ਵੀ ਸਜ਼ਾ ਬਹਾਲ ਰਹੇ ਤਾਂ ਫਿਰ ਸੁਪਰੀਮ ਕੋਰਟ ਵਿਚ ਅਪੀਲ ਕਰਨੀ ਪੈਂਦੀ ਹੈ। ਇਨ੍ਹਾਂ ਅਦਾਲਤਾਂ ਦੇ ਸੀਨੀਅਰ ਵਕੀਲ ਮਿੰਟਾਂ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ। ਇਕ ਗਾਣਾ ਹੈ, “ਕਚਿਹਰੀਆਂ ’ਚ ਮੇਲੇ ਲਗਦੇ, ਜਦੋਂ ਪੈਂਦੀ ਏ ਤਾਰੀਖ ਕਿਸੇ ਜੱਟ ਦੀ।” ਅਸਲ ਵਿਚ ਮੇਲੇ ਜੱਟ ਦੇ ਘਰ ਨਹੀਂ ਸਗੋਂ ਪੁਲਿਸ ਅਤੇ ਵਕੀਲਾਂ ਦੇ ਘਰ ਲਗਦੇ ਹਨ ਤੇ ਜਾਂ ਉਸ ਸ਼ਾਹ ਦੇ ਘਰ ਜੋ ਫਸੇ ਹੋਏ ਮੁਲਜ਼ਮ ਦੀ ਜ਼ਮੀਨ ਸਸਤੇ ਭਾਅ ਲੁੱਟੀ ਜਾਂਦਾ ਹੈ।
ਵੈਸੇ ਆਮ ਬੰਦੇ ਨੂੰ ਪਤਾ ਨਹੀਂ ਕਿ ਲੜਾਈ ਕਰਨ ਤੋਂ ਬਾਅਦ ਹੁੰਦਾ ਕੀ ਹੈ? ਧਾਰਾ 326, 307 (ਮਾਰੂ ਸੱਟ ਮਾਰਨ), ਡਾਕੇ, ਖੋਹ ਅਤੇ ਲੜਕੀ ਉਧਾਲਣ ਦੇ ਗੰਭੀਰ ਜੁਰਮਾਂ ਵਿਚ ਥਾਣੇ ਵਿਚ ਜ਼ਮਾਨਤ ਨਹੀਂ ਹੁੰਦੀ। ਪੁਲਿਸ ਪਹਿਲਾਂ ਤਾਂ ਗ੍ਰਿਫ਼ਤਾਰੀ ਪਾ ਕੇ 5-7 ਦਿਨ ਦਾ ਰਿਮਾਂਡ ਲੈ ਕੇ ਥਾਣੇ ਸੇਵਾ ਕਰਦੀ ਹੈ ਤੇ ਫਿਰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿਤਾ ਜਾਂਦਾ ਹੈ ਤੇ ਕਈ ਸਾਲ ਜ਼ਮਾਨਤ ਨਹੀਂ ਹੁੰਦੀ। ਜੇਲ੍ਹਾਂ ਵੀ ਸ਼ੋਅਲੇ ਫ਼ਿਲਮ ਵਰਗੀਆਂ ਜੇਲ੍ਹਾਂ ਨਹੀਂ ਹੁੰਦੀਆਂ, ਜਿਥੇ ਕੈਦੀ ਮਸਤੀ ਨਾਲ ਗਾਣੇ ਗਾਉਂਦੇ ਫਿਰਦੇ ਹੋਣ ਅਤੇ ਅਸਰਾਨੀ ਵਰਗੇ ਜੇਲ੍ਹਰ ਹੁੰਦੇ ਹੋਣ। ਇਕ ਹਜ਼ਾਰ ਕੈਦੀਆਂ ਲਈ ਬਣੀ ਜੇਲ੍ਹ ਵਿਚ ਦੋ-ਤਿੰਨ ਹਜ਼ਾਰ ਕੈਦੀ ਭਰੇ ਹੋਏ ਹਨ ਤੇ ਰਾਤ ਨੂੰ ਸੌਣ ਲਈ ਜਗ੍ਹਾ ਨਹੀਂ ਮਿਲਦੀ। ਨਹਾਉਣ ਅਤੇ ਰਫ਼ਾ ਹਾਜ਼ਤ ਜਾਣ ਲਈ ਲਾਈਨਾਂ ਲਗਦੀਆਂ ਹਨ।
ਅੰਨ੍ਹੇ ਦੀ ਹਿੱਕ ਵਰਗੀਆਂ ਕੱਚੀਆਂ-ਸੜੀਆਂ ਰੋਟੀਆਂ ਤੇ ਬੇ-ਸਵਾਦੀ ਸਬਜ਼ੀ ਖਾਣੀ ਪੈਂਦੀ ਹੈ। ਗਰਮੀਆਂ ਵਿਚ ਏ.ਸੀ.-ਕੂਲਰ ਨਹੀਂ ਚਲਦੇ ਸਗੋਂ ਪੱਖੇ ਗਰਮ ਹਵਾ ਮਾਰਦੇ ਹਨ। ਜੇਲ੍ਹਾਂ ਵਿਚ ਕਿਸੇ ਨੂੰ ਵਿਹਲਾ ਨਹੀਂ ਬੈਠਣ ਦਿਤਾ ਜਾਂਦਾ ਹਰ ਬੰਦੇ ਨੂੰ ਮੁਸ਼ੱਕਤ ਕਰਨੀ ਪੈਂਦੀ ਹੈ। ਜ਼ਮਾਨਤ ਹੋਣ ਤੋਂ ਬਾਅਦ ਵੀ ਕਈ ਕਈ ਸਾਲ ਕੇਸ ਚਲਦਾ ਹੈ। ਬਿਮਾਰੀ ਅਤੇ ਮੁਕੱਦਮਾ ਤਾਂ ਕਿਸੇ ਦੁਸ਼ਮਣ ਨੂੰ ਵੀ ਨਾ ਪਵੇ। ਘਰ ਦਾ ਬੂਹਾ ਦੂਜੇ ਪਾਸੇ ਲੱਗ ਜਾਂਦਾ ਹੈ ਤੇ ਚੁਲ੍ਹਿਆਂ ਵਿਚ ਘਾਹ ਉੱਗ ਪੈਂਦਾ ਹੈ। ਯਕੀਨ ਨਹੀਂ ਤਾਂ ਪੰਜਾਬ ਦੇ ਮੌਜੂਦਾ ਭਗੌੜੇ ਗੈਂਗਸਟਰਾਂ ਦੇ ਘਰ ਜਾ ਕੇ ਵੇਖਿਆ ਜਾ ਸਕਦਾ ਹੈ। ਕੇਸਾਂ ਦੀ ਪੈਰਵੀ ਕਰਦੀਆਂ ਪਤਨੀਆਂ ਤੇ ਮਾਵਾਂ ਭੈਣਾਂ ਨੂੰ ਮੁਸ਼ਟੰਡੇ ਤਾੜਦੇ ਹਨ। ਜੇਲ੍ਹ ਵਿਚੋਂ ਪੇਸ਼ੀ ਭੁਗਤਣ ਆਏ ਕੈਦੀ ਪ੍ਰਵਾਰ ਦੇ ਗਲ ਲੱਗ ਕੇ ਉੱਚੀ ਉੱਚੀ ਰੋਂਦੇ ਹਨ ਕਿ ਸਾਨੂੰ ਕਿਸੇ ਤਰ੍ਹਾਂ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢੋ।
ਬਦਮਾਸ਼ਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਪੁਲਿਸ ਦਾ ਛੋਟੇ ਤੋਂ ਛੋਟਾ ਮੁਲਾਜ਼ਮ ਵੀ ਉਨ੍ਹਾਂ ਦੀ ਬੇਇਜ਼ਤੀ ਕਰ ਦਿੰਦਾ ਹੈ। ਕੋਈ ਵੱਡਾ ਸਮਗਲਰ-ਬਦਮਾਸ਼ ਅਜਿਹਾ ਨਹੀਂ ਜਿਸ ਨੂੰ ਥਾਣੇ ਕੁੱਟ ਨਾ ਪਈ ਹੋਵੇ। ਜੇ ਕੋਈ ਗਵਈਆ ਮਗਰ ਲੱਗ ਕੇ ਲੜਕੀ ਦੇ ਭਰਾਵਾਂ ਦਾ ਕਤਲ ਕਰ ਦੇਵੇ ਤਾਂ ਫਿਰ ਕੀ ਉਹ ਲੜਕੀ ਉਸ ਨਾਲ ਜ਼ਿੰਦਗੀ ਬਿਤਾਵੇਗਾ? ਗਾਇਕਾਂ ਮਗਰ ਲੱਗ ਕੇ ਕਈ ਲੋਕ ਬਰਬਾਦ ਹੋਏ ਹਨ। ਵਿਆਹਾਂ ਵਿਚ ਜੋਸ਼ੀਲੇ ਗਾਣਿਆਂ ’ਤੇ ਨੱਚਦੇ ਸਮੇਂ ਬੰਦੂਕ ਜਾਂ ਪਿਸਟਲ ਨਾਲ ਫ਼ਾਇਰ ਕਰ ਕੇ ਬੰਦਾ ਮਾਰ ਬੈਠਦੇ ਹਨ। ਲੋਕ ਸਮਝਦੇ ਨਹੀਂ ਕਿ ਗਵੱਈਆਂ ਨੇ ਤਾਂ “ਜਦੋਂ ਤਕ ਨੱਚੀਂ ਜਾਏਂਗੀ ਵਾਰੀ ਜਾਊਗਾ ਨੋਟ, ਤੇਰੇ ਜੀਜੇ ਦਾ ਦਿਲ ਦਰਿਆ ਸਾਲੀਏ” ਵਰਗੇ ਗਾਣੇ ਗਾ ਕੇ ਜੇਬਾਂ ਵਿਚੋਂ ਪੈਸੇ ਕਢਵਾਉਣੇ ਹੁੰਦੇ ਹਨ।
ਪਹਿਲਾਂ ਵਿਦੇਸ਼ੀ ਪਿਸਤੌਲ ਬਹੁਤ ਮਹਿੰਗੇ ਹੁੰਦੇ ਸਨ ਤੇ ਇਨ੍ਹਾਂ ਨੂੰ ਕੋਈ ਅਮੀਰ ਬੰਦਾ ਹੀ ਲੈ ਸਕਦਾ ਸੀ। ਪਰ ਹੁਣ ਤਾਂ ਪਿਸਤੌਲ ਜਣਾ ਖਣਾ ਡੱਬ ਵਿਚ ਅੜਾਈ ਫਿਰਦਾ ਹੈ। ਇਸ ਨੂੰ ਜ਼ਿਆਦਾਤਰ ਵਿਆਹਾਂ ਵਿਚ ਫ਼ੁਕਰੀ ਵਿਖਾਉਣ ਤੇ ਫ਼ਾਇਰ ਕਰਨ ਲਈ ਹੀ ਵਰਤਿਆ ਜਾਂਦਾ ਹੈ, ਜਿਸ ਕਾਰਨ ਹੁਣ ਲੜਾਈ ਝਗੜੇ ਵਧ ਗਏ ਹਨ। ਪੰਜਾਬ ਦੀ ਹਰ ਦੂਸਰੀ ਕੰਧ ਤੇ ਲਿਖਿਆ ਹੁੰਦਾ ਹੈ, ‘‘ਅਫ਼ੀਮ ਡੋਡੇ ਛਡੋ, ਕੋਹੜ ਵੱਢੋ’’ ਤੇ ਹਰ ਤੀਸਰੀ ਕੰਧ ਤੇ ਲਿਖਿਆ ਹੰਦਾ ਹੈ ‘‘ਸ਼ਾਦੀ ਤੋਂ ਘਬਰਾਹਟ ਕਿਉਂ?’’ ਵੇਖ ਕੇ ਵਹਿਮ ਹੋ ਜਾਂਦਾ ਹੈ ਕਿ ਸ਼ਾਇਦ ਅੱਧਾ ਪੰਜਾਬ ਅਮਲੀ ਹੋ ਗਿਆ ਹੈ ਤੇ ਬਾਕੀ ਦਾ ਨਾਮਰਦ।
ਗਵੱਈਆਂ, ਤਾਂਤਰਿਕਾਂ, ਜੋਤਸ਼ੀਆਂ ਅਤੇ ਝੋਲਾ ਛਾਪ ਹਕੀਮਾਂ ਨੇ ਪੰਜਾਬ ਦਾ ਅਕਸ ਹੀ ਬਦਲ ਕੇ ਰੱਖ ਦਿਤਾ ਹੈ। ਗਵੱਈਆਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਭੜਕਾਉਣ ਵਾਲੇ ਅਜਿਹੇ ਗਾਣੇ ਗਾਉਣ ਤੋਂ ਗੁਰੇਜ਼ ਕਰਨ। ਸੱਭ ਤੋਂ ਜ਼ਰੂਰੀ ਗੱਲ ਕਿ ਅਜਿਹੇ ਗਾਣੇ ਗਾਉਣ ਵਾਲੇ ਗਾਇਕ ਨੇ ਆਪ ਕਦੇ ਕਿਸੇ ਕੁੱਤੇ ਨੂੰ ਸੋਟੀ ਤਕ ਨਹੀਂ ਮਾਰੀ ਹੋਣੀ। ਉਸ ਤੋਂ ਇਹ ਜ਼ਰੂਰ ਪੁਛਣਾ ਚਾਹੀਦਾ ਹੈ ਕਿ ਤੂੰ ਕਿੰਨੇ ਬੰਦੇ ਮਾਰੇ ਹਨ? ਉਸ ਦਾ 100 ਫ਼ੀ ਸਦੀ ਇਕ ਹੀ ਜਵਾਬ ਹੋਵੇਗਾ, “ਹੀਂ ਹੀਂ, ਭਾਜੀ ਅਸੀ ਤਾਂ ਕਲਾਕਾਰ ਲੋਕ ਹਾਂ, ਸਾਡਾ ਕੀ ਕੰਮ ਲੜਾਈ ਝਗੜੇ ਨਾਲ?”
ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ, ਸੰਪਰਕ : 95011-00062