
''ਮੁਸਲਮਾਨਾਂ ਵਲੋਂ ਭਾਰਤ ਉਤੇ ਹਮਲਾ ਕਰਨ ਤੋਂ ਪਹਿਲਾਂ ਕਿਸੇ ਵੀ ਗ੍ਰੰਥ ਵਿਚ 'ਹਿੰਦੂ' ਸ਼ਬਦ ਨਹੀਂ ਮਿਲਦਾ''
ਜਦੋਂ ਦੀ ਕੇਂਦਰ ਵਿਚ ਭਾਜਪਾ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਦੇਸ਼ ਵਿਚ ਦੋ ਸ਼ਬਦ ਤਰ੍ਹਾਂ-ਤਰ੍ਹਾਂ ਦੇ ਰੂਪਾਂ ਵਿਚ ਸੁਣਨ ਨੂੰ ਰੋਜ਼ ਹੀ ਮਿਲ ਰਹੇ ਹਨ। ਪਹਿਲਾ ਹਿੰਦੂ, ਹਿੰਦੂਤਵ, ਹਿੰਦੂ ਰਾਸ਼ਟਰ, ਹਿੰਦੂ ਧਰਮ, ਗਰਵ ਨਾਲ ਕਹੋ ਕਿ 'ਹਮ ਹਿੰਦੂ ਹੈਂ' ਆਦਿ ਤੇ ਦੂਜਾ ਹੈ ਭਾਰਤ, ਭਾਰਤ ਵਰਸ਼, ਭਾਰਤ ਮਾਤਾ, ਭਾਰਤ ਮਾਤਾ ਦੀ ਜੈ, ਭਾਰਤ ਭੂਮੀ ਆਦਿ। ਇਨ੍ਹਾਂ ਦੋ ਸ਼ਬਦਾਂ ਨੇ ਸਾਰੇ ਦੇਸ਼ ਵਾਸੀਆਂ ਲਈ ਭਾਰੀ ਮੁਸੀਬਤਾਂ ਖੜੀਆਂ ਕਰ ਦਿਤੀਆਂ ਹਨ।
ਭਾਜਪਾ ਦੇ ਆਗੂਆਂ, ਐਮ.ਐਲ.ਏ, ਮੈਂਬਰ ਪਾਰਲੀਮੈਂਟ, ਸਾਧੂ, ਸੰਤ ਤੇ ਲੱਠਮਾਰ ਧੜਿਆਂ ਗੁੰਡਿਆਂ ਨੇ ਦੇਸ਼ ਵਾਸੀਆਂ ਖ਼ਾਸ ਕਰ ਕੇ ਘੱਟ ਗਿਣਤੀਆਂ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ। ਕਈ ਤਰ੍ਹਾਂ ਦੇ ਫਸਾਦਾਂ, ਕਤਲਾਂ, ਗੁੰਡਾਗਰਦੀ ਦਾ ਤਾਂਡਵ ਵੇਖਣ ਨੂੰ ਮਿਲਦਾ ਹੈ। ਭਾਜਪਾ ਆਗੂ ਕਹਿੰਦੇ ਹਨ ਕਿ ਭਾਰਤ ਮਾਤਾ ਦੀ ਜੈ ਨਾ ਕਹਿਣ ਵਾਲੇ ਮੁਸਲਮਾਨ, ਇਸਾਈ ਤੇ ਹੋਰ ਘੱਟ ਗਿਣਤੀ ਦੇ ਲੋਕ ਦੇਸ਼ ਵਿਚੋਂ ਚਲੇ ਜਾਣ ਜਾਂ ਕੱਢ ਦੇਣੇ ਚਾਹੀਦੇ ਹਨ ਜਿਸ ਕਰ ਕੇ ਇਹ ਲੋੜ ਬਣ ਗਈ ਹੈ ਕਿ ਇਨ੍ਹਾਂ ਦੋ ਸ਼ਬਦਾਂ ਦੇ ਪਿਛੋਕੜ ਬਾਰੇ ਮਹਾਨ ਲੋਕਾਂ ਨੂੰ ਦਸਿਆ ਜਾਵੇ।
ਪਹਿਲਾ 'ਹਿੰਦੂ' ਸ਼ਬਦ ਨੂੰ ਇਕ ਵਿਸ਼ੇਸ਼ ਧਰਮ ਨਾਲ ਜੋੜਦੇ ਹਨ। ਉਹ ਕਈ ਵਾਰ ਦੇਸ਼ ਦੇ ਸਮੁੱਚੇ ਲੋਕਾਂ ਨੂੰ ਹੀ ਹਿੰਦੂ ਗਰਦਾਨ ਦਿੰਦੇ ਹਨ ਅਤੇ ਕਈ ਵਾਰ ਆਮ ਤੌਰ ਤੇ ਇਕ ਵਖਰੇ ਧਰਮ ਵਿਸ਼ੇਸ਼ ਨੂੰ ਹਿੰਦੂ ਦੇ ਨਾਂ ਨਾਲ ਜੋੜ ਦਿੰਦੇ ਹਨ। ਭਾਜਪਾ ਲੋਕ ਅਪਣੇ ਆਪ ਨੂੰ ਹਿੰਦੂ ਧਰਮ ਦੇ ਪੈਰੋਕਾਰ ਅਖਵਾਉਂਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਹ ਦੇਸ਼ ਦੇ ਮਾਲਕ ਹਨ। ਉਹ ਆਮ ਐਲਾਨ ਕਰਦੇ ਰਹਿੰਦੇ ਹਨ ਕਿ ਜਦੋਂ ਦੀ ਭਾਜਪਾ ਦੀ ਸਰਕਾਰ ਬਣੀ ਹੈ, ਇਹ 800 ਸਾਲਾਂ ਪਿਛੋਂ ਪਹਿਲੀ ਨਰੋਲ ਹਿੰਦੂਆਂ ਦੀ ਸਰਕਾਰ ਬਣੀ ਹੈ।
ਬੁਨਿਆਦੀ ਤੌਰ ਉਤੇ ਹਿੰਦੂ ਸ਼ਬਦ ਇਕ ਦਰਿਆ, ਜਿਸ ਨੂੰ ਸਿੰਧ ਦਰਿਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੇ ਨਾਂ ਤੋਂ ਬਣਿਆ ਹੈ। ਇਸ ਦਰਿਆ ਬਾਰੇ ਪਰਸ਼ੀਅਨ ਇਰਾਨੀ ਲੋਕ ਸਿੰਧ ਦੇ ਸ਼ਬਦ ਨੂੰ ਹਿੰਦ ਦੇ ਨਾਂ ਨਾਲ ਸੰਬੋਧਨ ਕਰਦੇ ਸਨ, ਕਿਉਂਕਿ ਉਹ 'ਸ' ਨੂੰ 'ਹ' ਦੇ ਰੂਪ ਵਿਚ ਬੋਲ ਚਾਲ ਵਿਚ ਵਰਤੋਂ ਕਰਦੇ ਸਨ। ਇਸ ਤਰ੍ਹਾਂ ਸਿੰਧੂ ਦਰਿਆ ਹਿੰਦੂ ਦਰਿਆ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗ ਪਿਆ। ਸਪੱਸ਼ਟ ਹੈ ਕਿ ਇਹ ਇਕ ਦਰਿਆ ਦਾ ਨਾਂ ਸੀ, ਇਹ ਨਾਂ ਕਿਸੇ ਵਿਸ਼ੇਸ਼ ਧਰਮ ਜਾਂ ਵਿਸ਼ੇਸ਼ ਨਸਲ ਜਾਂ ਸਭਿਆਚਾਰ ਲਈ ਨਹੀਂ ਸੀ
Swami
ਵਰਤਿਆ ਜਾਂਦਾ ਅਤੇ ਇਹ ਵੀ ਠੀਕ ਹੈ ਕਿ ਇਹ ਹਿੰਦੂ ਸ਼ਬਦ ਆਰੀਆਂ ਦੇ ਦੇਸ਼ ਉਪਰ ਹਮਲਾ ਕਰਨ ਤੋਂ ਪਹਿਲਾਂ ਪ੍ਰਚਲਤ ਸੀ, ਜੋ ਅੱਜ ਅਪਣੇ ਆਪ ਨੂੰ ਆਰੀਆਂ ਨਸਲ ਕਹਿ ਕੇ ਧੁਮਾ ਰਹੇ ਹਨ ਅਤੇ ਦੇਸ਼ ਦੀ ਸਰਕਾਰ ਧਰਮ, ਜ਼ਮੀਨਾਂ, ਵਪਾਰ, ਰਾਜਨੀਤੀ ਅਤੇ ਸਭਿਆਚਾਰ ਉਪਰ ਕਬਜ਼ਾ ਕਰ ਕੇ ਬੈਠੇ ਹੋਏ ਹਨ ਅਤੇ ਅਪਣੇ ਆਪ ਨੂੰ ਹਿੰਦੂ ਅਖਵਾ ਰਹੇ ਹਨ।
ਸਿੰਧ ਦਰਿਆ ਦੇ ਕੰਢੇ ਤੇ ਹੜੱਪਾ ਸਭਿਅਤਾ ਦੇ ਵੱਧਣ ਫੁਲਣ ਕਰ ਕੇ ਅਤੇ ਵਪਾਰ ਦਾ ਕੇਂਦਰ ਹੋਣ ਕਰ ਕੇ ਇਹ ਦਰਿਆ ਮਸ਼ਹੂਰ ਸੀ ਜਿਸ ਕਰ ਕੇ ਵੱਖ-ਵੱਖ ਲੋਕਾਂ ਦੇ ਇਸ ਦਰਿਆ ਦੇ ਸੰਪਰਕ ਵਿਚ ਆਉਣ ਕਾਰਨ ਇਹ ਦਰਿਆ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਸੀ। ਚੀਨੀ ਇਸ ਦਰਿਆ ਨੂੰ 'ਇੰਟੂ' ਕਹਿੰਦੇ ਸਨ। ਗਰੀਕ ਲੋਕ ਜਦੋਂ ਇਸ ਦਰਿਆ ਦੇ ਸੰਪਰਕ ਵਿਚ ਆਏ ਤਾਂ ਉਹ ਇਸ ਦਰਿਆ ਨੂੰ ਫ਼ਾਰਸੀ ਬੋਲਣ ਵਾਲਿਆਂ ਵਾਂਗੂ ਹਿੰਦੂ ਦੀ ਥਾਂ ਤੇ ਇੰਡੋਈ ਕਹਿੰਦੇ ਸਨ। ਰੋਮਨ ਇਸ ਦਰਿਆ ਨੂੰ ਇੰਡੀਆ ਕਹਿੰਦੇ ਸਨ।
ਭੁਗੋਲਕ ਤੌਰ ਤੇ ਇਸ ਇਲਾਕੇ ਨੂੰ ਇੰਡਸ ਵੈਲੀ ਕਿਹਾ ਜਾਂਦਾ ਸੀ। ਸਾਰਾ ਕੁੱਝ ਸਿੰਧ ਜਾਂ ਸਿੰਧੂ ਦਰਿਆ ਨਾਲ ਸਬੰਧਤ ਸੀ ਨਾ ਕਿ ਕਿਸੇ ਧਰਮ, ਜਾਤ ਜਾਂ ਵਿਸ਼ੇਸ਼ ਸਭਿਅਤਾ ਨਾਲ ਸਬੰਧਤ ਸੀ।
(ਹਵਾਲਾ-ਓਨ ਇੰਡੀਆ, ਪਿਆਰਾ ਲਾਲ ਸਰਾਫ਼, ਸਫ਼ਾ 70)
ਇਸ ਬਾਰੇ ਸਵਾਮੀ ਵਿਵੇਕਾ ਨੰਦ ਜੀ ਲਿਖਦੇ ਹਨ ਕਿ ਜਿਸ ਹਿੰਦੂ ਨਾਮ ਤੋਂ ਵਾਕਫ ਹੋਣਾ ਅਜਕਲ ਸਾਡੇ ਲੋਕਾਂ ਵਿਚ ਪ੍ਰਚਲਤ ਹੈ, ਇਸ ਦੀ ਕੋਈ ਸਾਰਥਕਤਾ ਨਹੀਂ ਹੈ, ਕਿਉਂਕਿ ਇਸ ਸ਼ਬਦ ਦਾ ਕੇਵਲ ਇਹ ਅਰਥ ਹੈ ਕਿ :
ਸਿੰਧੂ-ਨਦ ਦੇ ਪਾਰ ਵੱਸਣ ਵਾਲੇ। ਪ੍ਰਾਚੀਨ ਫ਼ਾਰਸੀਆਂ ਦੇ ਗ਼ਲਤ ਉਚਾਰਨ ਨਾਲ 'ਸਿੰਧੂ' ਸ਼ਬਦ 'ਹਿੰਦੂ' ਹੋ ਗਿਆ। ਇਹ ਸਿੰਧੂ ਨਦ ਦੇ ਇਸ ਪਾਰ ਰਹਿਣ ਵਾਲੇ ਸਾਰੇ ਲੋਕਾਂ ਨੂੰ ਹੀ ਹਿੰਦੂ ਕਹਿੰਦੇ ਸਨ।
ਇਸ ਪ੍ਰਕਾਰ ਹਿੰਦੂ ਸ਼ਬਦ ਸਾਨੂੰ ਮਿਲਿਆ। ਇਹ ਮੁਸਲਮਾਨਾਂ ਦੇ ਸ਼ਾਸਨ ਕਾਲ ਵਿਚ ਅਸੀ ਆਪ ਇਹ ਸ਼ਬਦ ਅਪਣੇ ਲਈ ਸਵੀਕਾਰ ਕਰ ਲਿਆ।
ਲਗਦਾ ਹੈ ਕਿ ਇਸ ਸ਼ਬਦ ਦੀ ਵਰਤੋਂ ਭੈੜੇ ਵਿਵਹਾਰ ਲਈ ਹੋਣੀ ਸੀ। ਪਰ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਹੁਣ ਇਸ ਸ਼ਬਦ ਦੀ ਸਾਰਥਕਤਾ ਨਹੀਂ ਰਹੀ, ਕਿਉਂਕਿ ਆਪ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਵਰਤਮਾਨ ਸਮੇਂ ਵਿਚ ਸਿੰਧੂ-ਨਦ ਦੇ ਇਸ ਪਾਰ ਵਾਲੇ ਸੱਭ ਲੋਕ ਪ੍ਰਾਚੀਨ ਕਾਲ ਦੀ ਤਰ੍ਹਾਂ ਇਕ ਹੀ ਧਰਮ ਨੂੰ ਨਹੀਂ ਮੰਨਦੇ।
ਇਸ ਲਈ ਇਸ ਸ਼ਬਦ ਨਾਲ ਕੇਵਲ ਹਿੰਦੂ ਮਾਤਰ ਦਾ ਬੋਧ ਨਹੀਂ ਹੁੰਦਾ, ਬਲਕਿ ਮੁਸਲਮਾਨ ਇਸਾਈ, ਜੈਨ ਤਥਾਂ ਭਾਰਤ ਦੇ ਆਦਿਵਾਸੀਆਂ ਦਾ ਵੀ ਹੁੰਦਾ ਹੈ। ਇਸ ਲਈ ਮੈਂ ਹਿੰਦੂ ਸ਼ਬਦ ਦੀ ਵਰਤੋਂ ਨਹੀਂ ਕਰਾਂਗਾ। ਤਾਂ ਫਿਰ ਅਸੀ ਕਿਸ ਸ਼ਬਦ ਦੀ ਵਰਤੋਂ ਕਰੀਏ? ਅਸੀ ਵੈਦਿਕ ਅਰਥ ਵੇਦ ਦੇ ਮੰਨਣ ਵਾਲੇ 'ਵੈਦਾਨਤਕ' ਸ਼ਬਦ ਦਾ, ਉਸ ਨਾਲੋਂ ਵੀ ਚੰਗਾ ਹੈ।
(ਨੋਟ : ਅਰਥਾਤ ਸਾਨੂੰ ਹਿੰਦੂ ਦੀ ਥਾਂ ਵੈਦਾਨਤਕ ਸ਼ਬਦ ਵਰਤਣਾ ਚਾਹੀਦਾ ਹੈ।)
(ਹਵਾਲਾ : ਸਵਾਮੀ ਵਿਵੇਕਾਨੰਦ ਜੀ, ਪੁਸਤਕ 'ਹਿੰਦੂ ਧਰਮ' ਤੇ ਹਿੰਦੂ ਧਰਮ ਦੇ ਮੂਲ ਤਤਵ ਚੈਪਟਰ ਦੇ ਵਿਵੇਕ ਬਾਣੀ ਸਫ਼ਾ 25) ਇਕ ਹੋਰ ਵੇਖੋ : ''ਸੱਭ ਤੋਂ ਪਹਿਲਾਂ, ਸਾਨੂੰ ਇਸ ਮਹੱਤਵਪੂਰਨ ਤੱਥ ਨੂੰ ਸਮਝਣਾ ਹੋਵੇਗਾ ਕਿ ਹਿੰਦੂ ਸਮਾਜ ਇਕ ਮਿਥ ਮਾਤਰ ਹੈ। ਹਿੰਦੂ ਨਾਮ ਅਪਣੇ ਆਪ ਵਿਚ ਵਿਦੇਸ਼ੀ ਨਾਂ ਹੈ। ਇਹ ਨਾਂ ਭਾਰਤ ਵਾਸੀਆਂ ਨੂੰ ਮੁਸਲਮਾਨਾਂ ਨੇ ਦਿਤਾ ਤਾਕਿ ਉਹ ਅਪਣੇ ਆਪ ਨੂੰ ਇਨ੍ਹਾਂ ਤੋਂ ਅਲੱਗ ਕਰ ਸਕਣ। ਮੁਸਲਮਾਨਾਂ ਦੇ ਭਾਰਤ ਉਪਰ ਹਮਲਾ ਕਰਨ ਤੋਂ ਪਹਿਲਾਂ ਕਿਸੇ ਵੀ ਸੰਸਕ੍ਰਿਤ ਦੇ ਗ੍ਰੰਥ ਵਿਚੋਂ ਇਸ ਨਾਂ ਦਾ ਜ਼ਿਕਰ ਨਹੀਂ ਮਿਲਦਾ।
ਉਨ੍ਹਾਂ ਨੂੰ ਅਪਣੇ ਆਪ ਲਈ ਕਿਸੇ ਸਮਾਨ ਨਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ, ਕਿਉਂਕਿ ਉਨ੍ਹਾਂ ਨੂੰ ਨਹੀਂ ਲਗਦਾ ਸੀ ਕਿ ਉਹ ਕਿਸੇ ਵਿਸ਼ੇਸ਼ ਸਮਦਾਏ ਦੇ ਹਨ। ਅਸਲੀਅਤ ਇਹ ਹੈ ਕਿ ਹਿੰਦੂ ਸਮਾਜ ਕੋਈ ਵਸਤੂ ਹੈ ਹੀ ਨਹੀਂ।''
(ਹਵਾਲਾ-ਜਾਤੀ ਕਿਉਂ ਨਹੀਂ ਜਾਂਦੀ? ਸਫ਼ਾ 35)
ਉਪਰੋਕਤ ਲਿਖਤਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਹਿੰਦੂ ਸ਼ਬਦ ਵੇਦ, ਉਪਨਿਸ਼ਟ, ਬ੍ਰਾਹਮਣ ਗ੍ਰੰਥਾਂ, ਰਮਾਇਣ, ਮਹਾਂਭਾਰਤ ਤੇ ਸਿਮਰਤੀਆਂ ਵਿਚ ਕਿਤੇ ਵੀ ਨਹੀਂ ਲਭਦਾ। ਜੈਨ ਵਾਡਮਯ ਤੇ ਬੋਧ ਤ੍ਰਿਪਿਟਕ ਵਿਚ ਵੀ ਇਹ ਸ਼ਬਦ ਵਿਖਾਈ ਨਹੀਂ ਦਿੰਦਾ। ਇਹ ਸ਼ਬਦ ਬਿਨਾਂ ਸੋਚੇ ਸਮਝੇ ਬਿਨਾਂ ਪੜਤਾਲ ਕੀਤਿਆਂ ਸਵੀਕਾਰ ਕਰਨ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਸੀ ਕਿ ਇਸ ਸ਼ਬਦ ਦਾ ਪਿਛੋਕੜ ਕੀ ਹੈ? ਕਿਉਂਕਿ ਫ਼ਾਰਸੀ ਭਾਸ਼ਾ ਵਿਚ 'ਹਿੰਦੂ' ਸ਼ਬਦ ਦਾ ਅਰਥ ਕਾਲਾ ਚੋਰ, ਨੱਗ, ਡਾਕੂ ਆਦਿ ਹੈ।
(ਹਵਾਲਾ : ਸ਼ਾਸਤਰੀ ਰਜਨੀਕਾਂਤ ਹਿੰਦੂ ਜਾਤੀ ਦਾ ਉਥਾਨ ਤੇ ਪਤਨ ਸਫ਼ਾ-3)
ਇਸੇ ਕਿਤਾਬ ਵਿਚ ਗਿਆਸਲੋਗਾਤ ਲਿਖਦੇ ਹਨ ਕਿ : ''ਹਿੰਦੂ ਦਰ ਮੁਹਾਵਰੇ ਫ਼ਾਰਸੀਆ ਬਮਾਨੀ ਦੁਜਦ ਵਾ ਰਹਿਮਾਨ ਸੀ ਆਯਦ'' ਅਰਥਾਤ ਫ਼ਾਰਸੀ ਭਾਸ਼ਾ ਦੇ ਮੁਹਾਵਰੇ ਵਿਚ ਹਿੰਦੂ ਸ਼ਬਦ ਚੋਰ ਡਾਕੂ ਲਈ ਆਉਂਦਾ ਹੈ।
ਇਕ ਵਿਸ਼ੇਸ਼ ਪ੍ਰਸਿੱਧ ਸ਼ਬਦ ਕੋਸ਼ ਵਿਚ ਹਿੰਦੂ ਸ਼ਬਦ ਦਾ ਅਰਥ : 'ਹਿੰਦੋਸਤਾਨੀ ਕਾਲਾ ਨੌਕਰ, ਗ਼ੁਲਾਮ, ਚੋਰ, ਡਾਕੂ ਲਈ ਆਉਂਦਾ ਹੈ।
(ਹਵਾਲਾ : ਏ ਕੰਪਰਹੈਨਸਿਵ ਪਰਸ਼ੀਅਨ ਇੰਗਲਿਸ਼ ਡਿਕਸ਼ਨਰੀ-ਸਟੇਨਗਾਸ ਸਫ਼ਾ 1514 (1981)
ਨਵੀਂ ਦਿਲੀ)
ਵੈਦਿਕ ਧਰਮ ਵਿਚ ਹਿੰਦੂ ਸ਼ਬਦ ਦੀ ਥਾਂ ਤੇ ਆਰੀਆਂ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਇਹ ਸ਼ਬਦ ਇਤਿਹਾਸਕ, ਸਾਰਥਕ ਤੇ ਸਭਿਆਚਾਰ ਵਿਰਾਸਤ ਲਈ ਹੈ। ਆਰੀਆਂ ਸਮਾਜ ਦੇ ਪ੍ਰੇਰਣਾ ਸਰੋਤ ਤੇ ਸੰਸਥਾਪਕ ਮਹਾਂਰਿਸ਼ੀ ਸਵਾਮੀ ਦਯਾਨੰਦ 'ਹਿੰਦੂ' ਸ਼ਬਦ ਦੇ ਹਮੇਸ਼ਾ ਵਿਰੋਧੀ ਰਹੇ ਹਨ।
ਇਕ ਵਾਰ ਸਵਾਮੀ ਜੀ ਨੇ ਹਿੰਦੂ ਸ਼ਬਦ ਨੂੰ ਅਪਣੇ ਪੂਨਾ ਵਿਚ ਦਿਤੇ ਭਾਸ਼ਣ ਵਿਚ ਮੂਲ ਰੂਪ ਵਿਚ ਪ੍ਰਯੋਗ ਕਰ ਲਿਆ। ਉਸ ਲਈ ਉਨ੍ਹਾਂ ਨੇ ਅਪਣੀ ਭੁੱਲ ਸਵੀਕਾਰ ਕਰਦੇ ਹੋਏ, ਹਿੰਦੂ ਸ਼ਬਦ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ, ''ਇਸ ਦਾ ਵਿਚਾਰ ਸਾਨੂੰ ਹਿੰਦੂਆਂ ਨੂੰ, ਨਹੀਂ ਮੈਂ ਭੁੱਲ ਗਿਆ, ਸਾਨੂੰ ਆਰੀਆਂ ਨੂੰ ਕਰਨਾ ਚਾਹੀਦਾ ਹੈ। ਹਿੰਦੂ ਸ਼ਬਦ ਦਾ ਉਚਾਰਣ ਮੈਂ ਭੁੱਲ ਨਾਲ ਕੀਤਾ ਹੈ, ਕਿਉਂਕਿ ਇਹ ਹਿੰਦੂ ਨਾਂ ਸਾਨੂੰ ਮੁਸਲਮਾਨਾਂ ਨੇ ਦਿਤਾ ਹੈ
ਜਿਸ ਦਾ ਅਰਥ ਹੈ 'ਕਾਲਾ' ਕਾਇਰ, ਚੋਰ ਆਦੀ। ਸੋ ਮੈਂ ਮੂਰਖ਼ਤਾ ਨਾਲ ਇਸ ਸ਼ਬਦ ਨੂੰ ਸਵੀਕਾਰ ਕੀਤਾ ਹੈ। ਆਰੀਆਂ ਅਰਥਾਤ ਸ੍ਰੇਸ਼ਠ, ਇਹ ਸਾਡਾ ਅਸਲ ਨਾਂ ਹੈ। (ਹਵਾਲਾ : ਮਹਾਂਰਿਸ਼ੀ ਦਯਾਨੰਦ ਉਪਦੇਸ਼ ਮੰਜਰੀ ਧਰਮਾ ਧਰਮ ਵਿਸ਼ਾ ਸਫ਼ਾ 20 ਪੂਨਾ)
ਪੰਜਾਬ ਵਿਚ ਵੀਰ ਪ੍ਰਤਾਪ ਅਖ਼ਬਾਰ ਦੇ ਮਾਲਕ ਅਤੇ ਸੰਪਾਦਕ ਸ੍ਰੀ ਵਰਿੰਦਰ ਜੀ ਅਪਣੇ ਅਖ਼ਬਾਰ ਵਿਚ ਬਹੁਤ ਵਾਰ ਹਿੰਦੂ ਸ਼ਬਦ ਨਾਂ ਵਰਤਣ ਲਈ ਧਰਮ ਦੇ ਸ਼ਰਧਾਲੂਆਂ ਲਈ ਲੇਖ ਲਿਖਦੇ ਰਹੇ ਸਨ,
ਪਰ ਸੱਭ ਬੇਕਾਰ ਸਾਬਤ ਹੋਇਆ। ਇਸੇ ਤਰ੍ਹਾਂ ਦੇਸ਼ ਦਾ ਨਾਂ ਜੋ ਭਾਰਤ ਹੈ, ਵੀ ਕਿਸੇ ਤਰ੍ਹਾਂ ਤਰਕ ਸੰਗਤ ਨਹੀਂ ਹੈ। ਇਹ ਨਾਂ ਦੇਸ਼ ਵਾਸੀਆਂ ਨੂੰ ਅਪਮਾਨਤ ਕਰਦਾ ਹੈ। ਇਸ ਲਈ ਜਿਸ ਦੇ ਨਾਂ ਤੇ ਇਸ ਦੇਸ਼ ਦਾ ਨਾਂ ਪ੍ਰਚਾਰਿਆ ਗਿਆ ਹੈ, ਉਸ ਬਾਰੇ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਭਰਤ ਜਾਂ ਭਾਰਤ ਕੌਣ ਸੀ? ਭਰਤ ਜਾਂ ਭਾਰਤ ਇਕ ਵਿਦੇਸ਼ੀ ਆਰੀਆਂ ਰਾਜਾ ਸੀ, ਜਿਸ ਦਾ ਰਾਜ ਰਾਵੀ ਦਰਿਆ ਦੇ ਆਸ ਪਾਸ ਸੀ।
ਭਾਰਤ ਬਾਰੇ ਮਹਾਂਭਾਰਤ ਗ੍ਰੰਥ ਵਿਚ ਜੋ ਕਥਾ ਸ੍ਰੀ ਕ੍ਰਿਸ਼ਨ ਸਤਯਕ ਨੂੰ ਸੁਣਾਉਂਦੇ ਹਨ, ਉਸ ਅਨੁਸਾਰ ਵਿਸ਼ਵਾਮਿੱਤਰ ਤਪੱਸਿਆ ਲਈ ਜੰਗਲ ਵਿਚ ਜਾਂਦੇ ਹਨ। ਜੰਗਲ ਵਿਚ ਮੇਨਕਾ ਨਾਂ ਦੀ ਔਰਤ ਨਾਲ ਉਸ ਦਾ ਮੇਲ ਹੋ ਜਾਂਦਾ ਹੈ। ਵਿਸ਼ਵਾਮਿੱਤਰ ਨੂੰ ਜਦੋਂ ਅਪਣੀ ਤਪੱਸਿਆ ਦਾ ਖ਼ਿਆਲ ਆਉਂਦਾ ਹੈ, ਉਹ ਉਥੋਂ ਦੌੜ ਜਾਂਦੇ ਹਨ। ਮੇਨਕਾ ਇਕ ਕੰਨਿਆ ਨੂੰ ਜਨਮ ਦਿੰਦੀ ਹੈ ਪਰ ਉਹ ਵੀ ਉਸ ਬੱਚੀ ਨੂੰ ਦੁੱਧ ਪਿਆਏ ਬਿਨਾਂ ਹੀ ਭੱਜ ਜਾਂਦੀ ਹੈ। ਉਤੰਗ ਮੁੰਨੀ ਉਸ ਕੰਨਿਆਂ ਨੂੰ ਪਾਲਦੇ ਹਨ। ਜਦੋਂ ਉਹ ਜਵਾਨ ਹੋ ਜਾਂਦੀ ਹੈ
ਤਾਂ ਇਕ ਦਿਨ ਰਾਜਾ ਦੁਸ਼ਯੰਤ ਉਥੇ ਆਉਂਦੇ ਹਨ। ਉਹ ਉਸ ਕਨਿੰਆ ਸ਼ਕੁੰਤਲਾ ਉਤੇ ਮੋਹਿਤ ਹੋ ਜਾਂਦੇ ਹਨ ਤੇ ਗਧੰਰਵ ਵਿਆਹ ਕਰ ਲੈਂਦੇ ਹਨ। ਕੁੱਝ ਦਿਨਾਂ ਤੋਂ ਉਪਰੰਤ ਰਾਜਾ ਦੁਸ਼ਯੰਤ ਅਪਣੇ ਰਾਜ ਵਿਚ ਵਾਪਸ ਚਲੇ ਜਾਂਦੇ ਹਨ। ਇਸ ਪਿਛੋਂ ਸ਼ਕੁੰਤਲਾ ਇਕ ਪੁੱਤਰ ਨੂੰ ਜਨਮ ਦਿੰਦੀ ਹੈ ਜਿਸ ਦਾ ਨਾਂ ਭਰਤ ਰਖਿਆ ਜਾਂਦਾ ਹੈ। ਜਦੋਂ ਭਰਤ ਜਵਾਨ ਹੋ ਜਾਂਦਾ ਹੈ ਤਾਂ ਉਤੰਗ ਮੁੰਨੀ ਸ਼ਕੁੰਤਲਾ ਸਮੇਤ ਰਾਜਾ ਦੁਸ਼ਯੰਤ ਦੇ ਦਰਬਾਰ ਚਲੇ ਜਾਂਦੇ ਹਨ ਤੇ ਰਾਜਾ ਦੁਸ਼ਯੰਤ ਨੂੰ ਦਸਦੇ ਹਨ ਕਿ ਭਰਤ ਉਸ ਦਾ ਪੁੱਤਰ ਹੈ। ਨਾਹ ਨੁਕਰ ਕਰਨ ਉਪਰੰਤ ਦੁਸ਼ਯੰਤ ਭਰਤ ਅਤੇ ਸ਼ਕੁੰਤਲਾ ਨੂੰ ਸਵੀਕਾਰ ਕਰ ਲੈਂਦਾ ਹੈ।
(ਹਵਾਲਾ : ਮਹਾਂਭਾਰਤ ਉਦਯੋਗਪਰਵ)
ਇਸ ਸਬੰਧੀ ਇਹ ਪ੍ਰਚਾਰਿਆ ਗਿਆ ਹੈ ਕਿ ਇਹ ਇਲਾਕਾ 'ਭਰਤਰ ਵਰਸ਼' ਹੈ ਅਰਥਾਤ ਉਹ ਇਲਾਕਾ ਜਿਥੇ ਭਰਤ ਜਾਂ ਭਾਰਤ ਦੇ ਵੰਸ਼ਜ ਰਹਿੰਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿਸ ਆਧਾਰ ਉਤੇ ਇਹ ਸਾਬਤ ਹੁੰਦਾ ਹੈ ਕਿ ਇਥੇ ਰਹਿਣ ਵਾਲੇ ਭਰਤ ਦੇ ਵੰਸ਼ਜ ਹਨ? ਇਤਿਹਾਸ ਦਸਦਾ ਹੈ ਕਿ ਭਾਰਤ ਆਰੀਆਂ ਕਬੀਲੇ ਦਾ ਨਾਂ ਸੀ,
ਜੋ ਕਿ ਗ਼ੁਲਾਮਾਂ ਦੇ ਮਾਲਕ ਸਨ ਤੇ ਗ਼ੁਲਾਮਾਂ ਵਿਚ ਹੋਰ ਵਾਧਾ ਕਰਨ ਤੇ ਲੁਟਮਾਰ ਕਰਨ ਲਈ ਆਂਢ-ਗੁਆਂਢ ਦੇ ਰਾਜਾਂ ਨਾਲ ਲੜਾਈਆਂ ਕਰਦੇ ਹੀ ਰਹਿੰਦੇ ਸਨ। ਰਿਗ ਵੇਦ V999-੧੮-੩੩-੮੩ ਸਲੋਕਾਂ ਅਨੁਸਾਰ ਭਰਤ ਦਾ ਰਾਜ ਰਾਵੀ ਦਰਿਆ ਦੇ ਆਸ ਪਾਸ ਸੀ, ਜੋਕਿ ਦਸ ਗ਼ੁਲਾਮ ਮਾਲਕਾਂ ਦੇ ਰਾਜਾਂ ਨਾਲ ਇਸ ਲਈ ਲੜਦੇ ਰਹਿੰਦੇ ਸਨ ਕਿ ਵੱਧ ਤੋਂ ਵੱਧ ਗ਼ੁਲਾਮ ਹਾਸਲ ਕੀਤੇ ਜਾ ਸਕਣ ਤੇ ਵੱਧ ਤੋਂ ਵੱਧ ਧਨ ਮਾਲ ਲੁਟਿਆ ਜਾ ਸਕੇ। ਇਸ ਤਰ੍ਹਾਂ ਭਾਰਤ ਜਾਂ ਭਰਤ ਕਬੀਲਾ ਅਤੇ ਰਾਜਾ ਲੁੱਟ ਖਸੁਟ ਕਰਨ ਵਾਲਾ ਲੁਟੇਰਿਆਂ ਦਾ ਸਮੂਹ ਸੀ,
ਜੋ ਕਿ ਗ਼ੁਲਾਮਾਂ ਤੇ ਧਨ ਦੌਲਤ ਲਈ ਲੜਾਈਆਂ ਲੜਦਾ ਅਤੇ ਕਤਲੇਆਮ ਕਰਦਾ ਰਹਿੰਦਾ ਸੀ। ਇਸ ਲਈ ਕਿਸੇ ਲੁਟੇਰੇ ਦਾ ਨਾਂ ਤੇ ਕਿਸੇ ਦੇਸ਼ ਦਾ ਨਾਂ ਰਖਣਾ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ। ਸੰਸਾਰ ਵਿਚ ਕਿਸੇ ਵਿਅਕਤੀ ਦੇ ਨਾਂ ਤੇ ਕਿਸੇ ਦੇਸ਼ ਦਾ ਨਾਂ ਨਹੀਂ ਹੈ। ਜਿਥੋਂ ਤਕ ਭਾਰਤ ਮਾਤਾ ਦੇ ਨਾਂ ਦਾ ਸਬੰਧ ਹੈ ਤਾਂ ਸਪੱਸ਼ਟ ਹੈ ਕਿ ਭਰਤ ਜਾਂ ਭਾਰਤ ਦੀ ਮਾਤਾ ਸ਼ਕੁੰਤਲਾ ਸੀ। ਉਸ ਦੀ ਜੈ ਜੈਕਾਰ ਕਰਨ ਲਈ ਉਸ ਦੇ ਵੰਸ਼ਜ ਜੇ ਕੋਈ ਯਤਨ ਕਰਦੇ ਹਨ ਤਾਂ ਉਹ ਕਰੀ ਜਾਣ, ਬਾਕੀ ਦੇ ਲੁੱਟੇ ਪੁਟੇ ਲੋਕ ਉਸ ਦੀ ਜੈ-ਜੈਕਾਰ ਕਿਉਂ ਕਰਨ? ਇਹ ਲੁਟੇਰਿਆਂ ਦੇ ਵੰਸ਼ਜਾਂ ਦਾ ਸਾਡੇ ਉਤੇ ਧੱਕੇ ਨਾਲ ਥੋਪਿਆ ਫ਼ੈਸਲਾ ਹੈ ਜੋ ਕਿ ਮੰਨਣਯੋਗ ਨਹੀਂ।
ਸਾਰੇ ਘਟਨਾਕ੍ਰਮ ਨੂੰ ਵਾਚਣ ਤੋਂ ਇਹ ਸਿੱਟਾ ਕਢਿਆ ਜਾ ਸਕਦਾ ਹੈ ਕਿ ਦੇਸ਼ ਦਾ ਨਾਂ ਭਾਰਤ ਸ਼ਬਦ ਨੂੰ ਸਵੀਕਾਰ ਕਰਨ ਵਾਲੇ ਇਸ ਦੇ ਪਿਛੋਕੜ ਤੋਂ ਅਣਜਾਣ ਸਨ ਜਾਂ ਉਨ੍ਹਾਂ ਨੂੰ ਅਣਜਾਣ ਰਖਿਆ ਗਿਆ ਸੀ। ਹਿੰਦੋਸਤਾਨ ਦਾ ਨਾਂ ਵੀ ਸਾਨੂੰ ਵਿਦੇਸ਼ੀਆਂ ਨੇ ਦਿਤਾ ਸੀ ਤੇ ਇਹ ਨਾਂ ਕਾਫ਼ੀ ਸਮਾਂ ਪ੍ਰਚੱਲਤ ਵੀ ਰਿਹਾ ਹੈ। ਬਾਬਾ ਨਾਨਕ ਵੀ ਬਾਬਰਬਾਣੀ ਵਿਚ ਹਿੰਦੋਸਤਾਨ ਨਾਂ ਦਾ ਹੀ ਇਸਤੇਮਾਲ ਕਰਦੇ ਹਨ:
''ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ£''
(ਸ੍ਰੀ ਗੁਰੂ ਗ੍ਰੰਥ ਸਾਹਿਬ)
ਪਰ ਹਿੰਦੋਸਤਾਨ ਸ਼ਬਦ ਦਾ ਵੀ ਵਿਰੋਧ ਹੁੰਦਾ ਰਿਹਾ ਹੈ, ਜਿਸ ਨੂੰ ਮਿਥਿਆ ਤੇ ਸਰਾਸਰ ਗ਼ਲਤ ਕਿਹਾ ਜਾਂਦਾ ਰਿਹਾ ਹੈ। ਸਵਾਮੀ ਦਯਾਨੰਦ ਜੀ ਇਸ ਬਾਰੇ ਉਪਦੇਸ਼ ਦਿੰਦੇ ਹਨ ਕਿ : ''ਇਹੋ ਜਹੀ ਵਿਵਸਥਾ ਹੁੰਦਿਆਂ ਸਾਡੇ ਦੇਸ਼ ਦਾ ਨਾਂ ਆਰੀਆਂ ਸਥਾਨ ਜਾਂ ਆਰੀਆਂ ਖੰਡ ਹੋਣਾ ਚਾਹੀਦਾ ਸੀ।
ਉਸ ਨੂੰ ਛੱਡ ਕੇ ਨਾ ਜਾਣੇ ਹਿੰਦੋਸਤਾਨ ਨਾਂ ਕਿਥੋਂ ਆ ਗਿਆ? ਭਾਈ ਸਰੋਤਾ ਗਣੋ, ਹਿੰਦੂ ਸ਼ਬਦ ਦਾ ਅਰਥ ਕਾਲਾ, ਕਾਇਰ, ਚੋਰ ਆਦੀ ਹੈ। ਹਿੰਦੋਸਤਾਨ ਕਹਿਣ ਨਾਲ ਕਾਲੇ, ਕਾਫ਼ਰ, ਚੋਰ ਲੋਕਾਂ ਦੀ ਜਗ੍ਹਾ ਵਾਲਾ ਦੇਸ਼, ਇਹ ਅਰਥ ਹੁੰਦਾ ਹੈ, ਤਾਂ ਭਾਈ ਅਸੀ ਇਸ ਪ੍ਰਕਾਰ ਬੁਰਾ ਨਾਂ ਕਿਉਂ ਅਪਣਾਉਂਦੇ ਹਾਂ?''
ਅੰਤ ਵਿਚ ਮਹਾਂਰਿਸ਼ੀ ਦਯਾਨੰਦ ਜੀ ਕਹਿੰਦੇ ਹਨ, ''ਅਸਤੂ, ਸੱਜਣ ਜਨੋ ਅੱਜ ਤੋਂ ਹਿੰਦੂ ਨਾਮ ਦਾ ਤਿਆਗ ਕਰੋ।'' ''ਗੁਣ ਭ੍ਰਿਸ਼ਟ ਅਸੀ ਲੋਕ ਹੋਏ ਤਾਂ ਹੋਏ, ਲੇਕਿਨ ਨਾਂ ਭ੍ਰਿਸ਼ਟ ਤਾਂ ਸਾਨੂੰ ਹੋਣਾ ਨਹੀਂ ਚਾਹੀਦਾ। ਅਜਿਹੀ ਮੇਰੀ ਸੱਭ ਨੂੰ ਪ੍ਰਾਰਥਨਾ ਹੈ।''
(ਹਵਾਲਾ : ਮਹਾਂਰਿਸ਼ੀ ਦਯਾਨੰਦ, ਉਪਦੇਸ਼ ਮੰਜਰੀ ਧਰਮਾ ਧਰਮੀ ਵਿਸ਼ੇ ਸਫ਼ਾ : 60 ਤੇ 21)
ਇਥੇ ਹਿੰਦੂ ਅਤੇ ਭਾਰਤ ਸ਼ਬਦ ਦੇ ਨਾਵਾਂ ਦਾ ਪਿਛੋਕੜ ਦੱਸਣ ਦੀ ਥੋੜੀ ਜਹੀ ਕੋਸ਼ਿਸ਼ ਕੀਤੀ ਗਈ ਹੈ। ਬਾਕੀ ਫ਼ੈਸਲਾ ਤਾਂ ਲੋਕਾਂ ਨੇ ਖ਼ੁਦ ਕਰਨਾ ਹੈ।
ਸੰਪਰਕ : 98726-45650