
Festivals News: ਅਕਤੂਬਰ ਮਹੀਨੇ ਵਿਚ ਨਵਰਾਤਰਿਆਂ ਦੇ ਆਰੰਭ ਨਾਲ ਹੀ ਤਿਉਹਾਰਾਂ ਦਾ ਸੀਜਨ ਸ਼ੁਰੂ ਹੋ ਜਾਂਦਾ ਹੈ।
Digital Yuga and societal changes have changed the form of festivals: ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ। ਹਰ ਤਿਉਹਾਰ ਭਾਰਤੀ ਬੜੀ ਸ਼ਿੱਦਤ ਨਾਲ ਮਨਾਉਂਦੇ ਹਨ। ਤਿਉਹਾਰ ਸਾਡੇ ਧਾਰਮਕ ਤੇ ਸਮਾਜਕ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਹੁੰਦੇ ਹਨ। ਭਾਰਤ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਹਰ ਇਕ ਤਿਉਹਾਰ ਮਨਾਉਣ ਦੀ ਅਪਣੀ ਵਖਰੀ ਵਿਧੀ ਹੈ। ਹਰ ਤਿਉਹਾਰ ਪਿੱਛੇ ਕੁੁੱਝ ਨਾ ਕੱੁਝ ਇਤਿਹਾਸ ਜਾਂ ਮਿਥਿਹਾਸ ਜੁੜਿਆ ਹੁੰਦਾ ਹੈ। ਤਿਉਹਾਰਾਂ ਨਾਲ ਧਾਰਮਕ ਪ੍ਰਸੰਗ ਵੀ ਜੁੜਿਆ ਹੁੰਦਾ ਹੈ ਜੋ ਸਾਨੂੰ ਸਾਡੇ ਗੁਰੂਆਂ ਪੀਰਾਂ, ਫ਼ਕੀਰਾਂ ਨਾਲ ਜੋੜ ਕੇ ਰੱਖਣ ’ਚ ਅਹਿਮ ਯੋਗਦਾਨ ਪਾਉਂਦੇ ਹਨ। ਕੱੁਝ ਤਿਉਹਾਰ ਫ਼ਸਲ ਨਾਲ ਸਬੰਧਤ ਹੁੰਦੇ ਹਨ, ਕਈ ਤਿਉਹਾਰ ਸਾਡੇ ਰਹਿਣ ਸਹਿਣ ਨਾਲ ਸਬੰਧਤ ਹੁੰਦੇ ਹਨ ਤੇ ਕਈ ਤਿਉਹਾਰ ਕਿਸੇ ਖ਼ਾਸ ਗੁਰੂ ਜਾਂ ਫ਼ਕੀਰ ਨਾਲ ਸਬੰਧਤ ਹੁੰਦੇ ਹਨ। ਹਰ ਤਿਉਹਾਰ ਦਾ ਅਪਣਾ ਵਖਰਾ ਮਹੱਤਵ ਹੁੰਦਾ ਹੈ।
ਅਕਤੂਬਰ ਮਹੀਨੇ ਵਿਚ ਨਵਰਾਤਰਿਆਂ ਦੇ ਆਰੰਭ ਨਾਲ ਹੀ ਤਿਉਹਾਰਾਂ ਦਾ ਸੀਜਨ ਸ਼ੁਰੂ ਹੋ ਜਾਂਦਾ ਹੈ। ਨਵਰਾਤਰਿਆਂ ਦੇ ਖ਼ਤਮ ਹੁੰਦੇ ਹੀ ਦੁਸ਼ਹਿਰਾ ਆ ਜਾਂਦਾ ਹੈ, ਉਸ ਮਗਰੋਂ ਦੀਵਾਲੀ ਅਤੇ ਦੀਵਾਲੀ ਮਗਰੋਂ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ਆ ਜਾਂਦਾ ਹੈ। ਫਿਰ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਜਾਂਦਾ ਹੈ ਤੇ ਨਵੇਂ ਸਾਲ ਦੇ ਪਹਿਲੇ ਮਹੀਨੇ ਹੀ ਲੋਹੜੀ ਆ ਜਾਂਦੀ ਹੈ। ਦੀਵਾਲੀ ਸੱਭ ਧਰਮਾਂ ਦਾ ਸਾਂਝਾ ਤਿਉਹਾਰ ਹੈ। ਹਿੰਦੂ ਇਸ ਨੂੰ ਇਸ ਲਈ ਮਨਾਉਂਦੇ ਹਨ ਕਿਉਂਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ ਮਾਤਾ ਸੀਤਾ ਤੇ ਲਛਮਣ ਜੀ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਵਾਪਸ ਆਯੁਧਿਆ ਅਪਣੇ ਘਰ ਪਰਤੇ ਸਨ। ਉਨ੍ਹਾਂ ਦੇ ਵਾਪਸ ਪਰਤਣ ’ਤੇ ਲੋਕਾਂ ਨੇ ਦੀਪਮਾਲਾ ਕਰ ਕੇ ਖ਼ੁਸ਼ੀ ਮਨਾਈ ਸੀ। ਇਸੇ ਦਿਨ ਸਿੱਖਾਂ ਦੇ ਛੇਵੇਂ ਪਾਤਸਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਵੰਜਾ ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਸਨ। ਸਿੱਖਾਂ ਵਲੋਂ ਇਸ ਖ਼ੁਸ਼ੀ ਵਿਚ ਦੀਪਮਾਲਾ ਕੀਤੀ ਜਾਂਦੀ ਹੈ।
ਸਾਨੂੰ ਸੱਭ ਨੂੰ ਸਾਰੇ ਤਿਉਹਾਰ ਖ਼ੁਸ਼ੀ ਖ਼ੁਸ਼ੀ ਮਨਾਉਣੇ ਚਾਹੀਦੇ ਹਨ ਪਰ ਪਤਾ ਨਹੀਂ ਕਿਉਂ ਸਾਡਾ ਤਿਉਹਾਰ ਮਨਾਉਣ ਦਾ ਢੰਗ ਹੁਣ ਕਾਫ਼ੀ ਬਦਲ ਗਿਆ ਹੈ। ਸਾਡੇ ਤਿਉਹਾਰ ਮਨਾਉਣ ਦੇ ਤਰੀਕੇ ਵਿਚ ਤਬਦੀਲੀਆਂ ਆ ਗਈਆਂ ਹਨ। ਜਿਵੇਂ-ਜਿਵੇਂ ਸਾਇੰਸ ਨੇ ਵਿਕਾਸ ਕੀਤਾ ਹੈ, ਤਿਉਹਾਰ ਮਨਾਉਣ ਦੇ ਢੰਗ ਵੀ ਦਿਨੋ-ਦਿਨ ਬਦਲ ਗਏ ਹਨ। ਤੇਜ਼ ਰਫ਼ਤਾਰ ਜ਼ਿੰਦਗੀ, ਡਿਜੀਟਲੀਕਰਨ ਤੇ ਪੈਸੇ ਦੀ ਦੌੜ ਨੇ ਤਿਉਹਾਰਾਂ ਦੀ ਮਹੱਤਤਾ ਹੀ ਘਟਾ ਦਿਤੀ ਹੈ। ਸੱਭ ਕੱੁਝ ਇਕ ਵਿਖਾਵਾ ਬਣ ਕੇ ਰਹਿ ਗਿਆ ਹੈ। ਇਸ ਨੂੰ ਸ਼ੋਰ ਸਰਾਬੇ ਤੇ ਚਮਕ ਦਮਕ ਦਾ ਰੂਪ ਦੇ ਦਿਤਾ ਗਿਆ ਹੈ।
ਅਸੀਂ ਤਿਉਹਾਰਾਂ ਦੇ ਅਸਲ ਮੰਤਵ ਨੂੰ ਹੀ ਭੁੱਲ ਗਏ ਹਨ। ਤਿਉਹਾਰ ਸਾਨੂੰ ਆਪਸੀ ਮਿਲਵਰਤਣ ਤੇ ਪਿਆਰ ਨਾਲ ਰਹਿਣ ਦੀ ਜਾਚ ਸਿਖਾਉਂਦੇ ਹਨ ਪਰ ਅਸੀਂ ਇਸ ਦਿਨ ਨਸ਼ਿਆਂ ਵਿਚ ਗਲਤਾਨ ਹੋ ਕੇ ਲੜਾਈ ਝਗੜੇ ਕਰਦੇ ਹਾਂ। ਵੱਡੇ-ਵੱਡੇ ਪਟਾਕੇ ਚਲਾ ਕੇ ਜ਼ਹਿਰੀਲੇ ਧੂੰਏਂ ਨਾਲ ਵਾਤਾਵਰਣ ਨੂੰ ਪਲੀਤ ਕਰਦੇ ਹਾਂ। ਪਟਾਕਿਆਂ ਨਾਲ ਸੱਟਾਂ ਫੇਟਾਂ ਲੱਗ ਜਾਂਦੀਆਂ ਹਨ ਤੇ ਕਈ ਵਾਰ ਬੱਚੇ ਅੰਨ੍ਹੇ ਵੀ ਹੋ ਜਾਂਦੇ ਹਨ। ਜ਼ਿਆਦਾ ਆਵਾਜ਼ ਵਾਲੇ ਪਟਾਕੇ ਹਾਰਟ ਦੇ ਮਰੀਜ਼ਾਂ ਲਈ ਬਹੁਤ ਘਾਤਕ ਸਾਬਤ ਹੁੰਦੇ ਹਨ। ਬਾਰੂਦ ਵਾਲਾ ਧੂੰਆਂ ਸਾਹ ਲੈਣ ਵਿਚ ਦਿਕਤ ਪੈਦਾ ਕਰਦਾ ਹੈ। ਪੈਸੇ ਦੀ ਬਰਬਾਦੀ ਹੁੰਦੀ ਹੈ। ਦੀਵਾਲੀ ਵਾਲੇ ਦਿਨ ਵੱਡੀ ਪੱਧਰ ’ਤੇ ਜੂਆ ਵੀ ਖੇਡਿਆ ਜਾਂਦਾ ਹੈ, ਜਿਸ ਕਾਰਨ ਕਈ ਲੋਕ ਸੱਭ ਕੱੁਝ ਹਾਰ ਕੇ ਅਪਣਾ ਦਿਵਾਲਾ ਕਢਵਾ ਲੈਂਦੇ ਹਨ। ਇਸ ਪਾਸੇ ਸਮਾਜਸੇਵੀ ਸੰਸਥਾਵਾਂ ਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਤਿਉਹਾਰਾਂ ਨੂੰ ਸਾਦੇ ਰੂਪ ਵਿਚ ਮਨਾਉਣ ਲਈ ਲੋਕਾਂ ਨੂੰ ਪ੍ਰੇਰਤ ਕਰਨਾ ਚਾਹੀਦਾ ਹੈ। ਤਿਉਹਾਰਾਂ ਵਿਚ ਘਟੀਆ ਕਿਸਮ ਦੇ ਘਿਉ, ਤੇਲ ਤੇ ਘਟੀਆ ਕਿਸਮ ਦੇ ਨਕਲੀ ਮਾਵੇ ਨਾਲ ਬਣਾਈਆਂ ਮਠਿਆਈਆਂ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ।
ਪੁਰਾਤਨ ਸਮਿਆਂ ਵਿਚ ਅਸੀ ਸਾਰੇ ਬਹੁਤ ਹੀ ਸਾਦੇ ਤਰੀਕੇ ਨਾਲ ਤਿਉਹਾਰ ਮਨਾਇਆ ਕਰਦੇ ਸਨ ਪਰ ਅੱਜਕਲ ਤਾਂ ਤਿਉਹਾਰ ਮਨਾਉਣ ਦੇ ਤਰੀਕੇ ’ਚ ਉਹ ਗੱਲਬਾਤ ਹੀ ਨਹੀਂ ਰਹੀ। ਡਿਜ਼ੀਟਲ ਯੁੱਗ ਅਤੇ ਸੋਸ਼ਲ ਮੀਡੀਆ, ਵਪਾਰੀਕਰਨ, ਸੀਮਤ ਪ੍ਰਵਾਰ, ਵਿਅਸਤ ਜ਼ਿੰਦਗੀ, ਟੈਕਨੋਲੋਜੀ ਆਦਿ ਕਾਰਨ ਤਿਉਹਾਰ ਮਨਾਉਣ ਦੇ ਢੰਗ ਤਰੀਕਿਆਂ ਵਿਚ ਤਬਦੀਲੀ ਆਈ ਹੈ। ਪੁਰਾਣੇ ਸਮਿਆਂ ਵਿਚ ਲੋਕੀ ਇਕ-ਦੂਜੇ ਨੂੰ ਮੁਬਾਰਕਾਂ ਵਧਾਈਆਂ ਭੇਜਣ ਲਈ ਚਿੱਠੀਆਂ ਭੇਜਿਆ ਕਰਦੇ ਸਨ। ਜਦੋਂ ਕਿਸੇ ਕੋਲ ਚਿੱਠੀ ਰਾਹੀਂ ਤਿਉਹਾਰ ਦੀਆਂ ਵਧਾਈਆਂ ਪਹੁੰਚਦੀਆਂ ਸਨ ਤਾਂ ਪੜ੍ਹਨ ਵਾਲੇ ਨੂੰ ਬਹੁਤ ਹੀ ਚੰਗਾ ਅਹਿਸਾਸ ਹੁੰਦਾ ਸੀ ਤੇ ਫਿਰ ਉਹ ਵੀ ਚਿੱਠੀ ਲਿਖ ਕੇ ਜੁਆਬ ਦਿੰਦਾ ਸੀ। ਇਸ ਨਾਲ ਇਕ-ਦੂਜੇ ਨਾਲ ਮੋਹ ਪਿਆਰ ਵਧਦਾ ਸੀ ਤੇ ਆਪਸੀ ਰਿਸ਼ਤੇ ਵੀ ਮਜ਼ਬੂਤ ਹੁੰਦੇ ਸੀ, ਪਰ ਅਜਕਲ ਸਾਡੇ ਸੱਭ ਦੇ ਹੱਥਾਂ ਵਿਚ ਮੋਬਾਈਲ ਫ਼ੋਨ ਹੈ। ਅਸੀ ਇਕ ਦੂਜੇ ਨੂੰ ਸਿਰਫ਼ ਵੀਡੀਉ, ਤਸਵੀਰ ਜਾਂ ਲਿਖ ਕੇ ਵਧਾਈਆਂ ਭੇਜ ਦਿੰਦੇ ਹਾਂ, ਅਗਲਾ ਭਾਵੇਂ ਪੜ੍ਹੇ ਜਾਂ ਨਾ ਪੜ੍ਹੇ। ਇਸ ਸੱਭ ਨੇ ਸਾਡੇ ਰਿਸ਼ਤਿਆਂ ਤੇ ਤਿਉਹਾਰ ਮਨਾਉਣ ਦੇ ਢੰਗ ਨੂੰ ਕਮਜ਼ੋਰ ਕਰ ਦਿਤਾ ਹੈ।
ਵਪਾਰੀਕਰਨ ਵੀ ਤਿਉਹਾਰ ਮਨਾਉਣ ਦੇ ਢੰਗ ਨੂੰ ਘੁਣ ਵਾਂਗ ਖਾ ਗਿਆ ਹੈ। ਅਸੀਂ ਤਿਉਹਾਰਾਂ ’ਚ ਵਪਾਰ ਕਰਨ ਲੱਗ ਜਾਂਦੇ ਹਾਂ। ਅੱਜਕਲ ਲੋਕ ਤਿਉਹਾਰਾਂ ’ਚ ਇਕ ਦੂਜੇ ਨੂੰ ਮਹਿੰਗੇ ਤੋਂ ਮਹਿੰਗੇ ਤੋਹਫ਼ੇ ਆਦਿ ਦੇਣ ’ਚ ਜ਼ਿਆਦਾ ਰੁਚੀ ਰਖਦੇ ਹਨ। ਲੋਕੀ ਤਿਉਹਾਰਾਂ ’ਤੇ ਮਹਿੰਗੇ ਬ੍ਰਾਂਡਾਂ ਦੀਆਂ ਚੀਜ਼ਾਂ ਖ਼ਰੀਦਦੇ ਹਨ ਤੇ ਇਕ ਦੂਜੇ ਨੂੰ ਗਿਫ਼ਟ ਵਜੋਂ ਦਿੰਦੇ ਹਨ। ਇਸ ਨਾਲ ਇਕ ਤਾਂ ਸਾਡੇ ਪੈਸੇ ਦਾ ਨੁਕਸਾਨ ਹੁੰਦਾ ਤੇ ਦੂਜਾ ਤਿਉਹਾਰ ਦੀ ਚਲਦੀ ਰੀਤ ਧੁੰਦਲੀ ਹੁੰਦੀ ਜਾ ਰਹੀ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀ ਮਹਿੰਗੇ ਬ੍ਰਾਂਡ ਨਾ ਖ਼ਰੀਦ ਕੇ ਘਰ ਵਿਚ ਮੌਜੂਦ ਚੀਜ਼ਾਂ ਵਸਤਾਂ ਆਦਿ ਨਾਲ ਤਿਉਹਾਰ ਮਨਾਈਏ।
ਅਗਲੀ ਗੱਲ ਆਉਂਦੀ ਹੈ ਮਸ਼ਰੂਫ਼ ਜ਼ਿੰਦਗੀ ਦੀ। ਅੱਜ ਦੇ ਸਮੇਂ ’ਚ ਮੈਨੂੰ ਨਹੀਂ ਲਗਦਾ ਕਿ ਕਿਸੇ ਕੋਲ ਇਕ ਦੂਜੇ ਨਾਲ ਗੱਲ ਕਰਨ ਦਾ ਵੀ ਸਮਾਂ ਹੈ। ਘਰ ਦੇ ਤਕਰੀਬਨ ਸਾਰੇ ਹੀ ਮੈਂਬਰ ਕੰਮ ਲਈ ਜਾਂਦੇ ਹਨ। ਜਦੋਂ ਕਿਸੇ ਕੋਲ ਇਕ ਦੂਜੇ ਲਈ ਸਮਾਂ ਹੀ ਨਹੀਂ ਹੋਵੇਗਾ ਤਾਂ ਤਿਉਹਾਰ ਮਨਾਉਣ ਦੇ ਤਰੀਕਿਆਂ ’ਚ ਤਬਦੀਲੀ ਆਵੇਗੀ ਹੀ। ਜਦੋਂ ਇਕ ਬੰਦਾ ਦੂਜੇ ਕੋਲ ਜਾਏਗਾ ਹੀ ਨਹੀਂ ਤਾਂ ਫਿਰ ਉਹ ਤਿਉਹਾਰ ਨਹੀਂ ਮਨਾ ਸਕੇਗਾ ਤੇ ਨਾ ਹੀ ਉਸ ਦੀ ਮਹੱਤਤਾ ਨੂੰ ਸਮਝ ਸਕਦਾ ਹੈ।
ਅੱਜਕਲ ਪ੍ਰਵਾਰ ਸੀਮਤ ਹੋ ਗਏ ਹਨ। ਜਦੋਂ ਪ੍ਰਵਾਰ ਸੀਮਤ ਹੋ ਜਾਂਦਾ ਹੈ ਤਾਂ ਉਹ ਫਿਰ ਇਕ-ਦੂਜੇ ਦੇ ਘਰ ’ਚ ਤਿਉਹਾਰ ਨਹੀਂ ਮਨਾ ਸਕਦੇ, ਉਹ ਅਪਣੇ ਘਰ ’ਚ ਹੀ ਤਿਉਹਾਰ ਮਨਾਉਂਦੇ ਹਨ। ਬੱਚਿਆਂ ਨੂੰ ਅਪਣੇ ਤਾਇਆ ਤਾਈ, ਚਾਚਾ-ਚਾਚੀ ਦੀ ਪਹਿਚਾਣ ਤਕ ਨਹੀਂ ਹੈ।
ਫਿਰ ਉਹ ਰਿਸ਼ਤਿਆਂ ਨੂੰ ਕਿਵੇਂ ਸਮਝਣਗੇ? ਪਹਿਲਾਂ ਲੋਕੀ ਤਿਉਹਾਰ ਸਾਰੇ ਰਲ-ਮਿਲ ਕੇ ਮਨਾਉਂਦੇ ਸੀ। ਆਂਢ ਗੁਆਂਢ, ਗਲੀ-ਮੁਹੱਲੇ ’ਚੋਂ ਲੋਕ ਇਕੱਠੇ ਹੋ ਜਾਂਦੇ ਸੀ ਤੇ ਫਿਰ ਰਲ ਕੇ ਤਿਉਹਾਰ ਮਨਾਉਂਦੇ ਸੀ, ਪਰ ਅੱਜਕਲ ਇਹ ਸਭ ਉਲਟ ਹੋ ਗਿਆ ਹੈ ਜਿਸ ਕਾਰਨ ਤਿਉਹਾਰ ਦੀ ਮਹੱਤਤਾ ਕਿਸੇ ਨੂੰ ਪਤਾ ਹੀ ਨਹੀਂ ਹੁੰਦੀ। ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਰਲ ਮਿਲ ਕੇ, ਪੁਰਾਤਨ ਰਸਮਾਂ ਅਨੁਸਾਰ ਤਿਉਹਾਰ ਮਨਾਈਏ ਤਾਂ ਜੋ ਸਾਡੇ ਬੱਚੇ ਤਿਉਹਾਰ ਮਨਾਉਣ ਦੀ ਰੀਤ ਨੂੰ ਪਹਿਚਾਣ ਸਕਣ ਤੇ ਉਹ ਅਪਣਾ ਵਿਰਸਾ ਯਾਦ ਰੱਖ ਸਕਣ। ਸਾਰੀਆਂ ਧਾਰਮਕ ਸੰਸਥਾਵਾਂ ਨੂੰ ਇਸ ਕਾਰਜ ਲਈ ਅੱਗੇ ਆ ਕੇ ਲੋਕਾਂ ਨੂੰ ਪ੍ਰੇਰਤ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੀਦਾ ਹੈ ਕਿ ਆਉ ਆਪਾਂ ਪੀਰ ਪੈਗ਼ੰਬਰਾਂ ਦੇ ਦੱਸੇ ਸੱਚ ਦੇ ਮਾਰਗ ਉਤੇ ਚਲੀਏ ਤੇ ਸਾਰੇ ਤਿਉਹਾਰਾਂ ਨੂੰ ਆਪਸੀ ਮਿਲਵਰਤਣ ਨਾਲ ਮਨਾ ਕੇ ਪਿਆਰ ਦਾ ਇਜ਼ਹਾਰ ਕਰੀਏ ਤੇ ਕਿਸੇ ਨੂੰ ਇਹ ਨਾ ਕਹਿਣਾ ਪਵੇ :- ‘‘ਸਦਾ ਦੀਵਾਲੀ ਸਾਧ ਦੀ’’, ਸਗੋਂ ਇਹ ਕਹਿਣ :
ਸਦਾ ਦੀਵਾਲੀ ਸਮਾਜ ਦੀ
ਰੀਝਾਂ ਨਾਲ ਮਨਾਈਏ,
ਏਕਤਾ ਦਾ ਦੀਵਾ ਬਾਲ ਕੇ
ਹਾਸਿਆਂ ਦਾ ਤੇਲ ਪਾਈਏ,
ਖ਼ੁਸ਼ੀਆਂ ਦੀ ਖ਼ੁਸ਼ਬੋ ਨਾਲ
ਸੱਭ ਥਾਈਂ ਰੁਸ਼ਨਾਈਏ।।
- ਗੁਰਿੰਦਰ ਪਾਲ ਸਿੰਘ ਰਾਜਪੁਰਾ
ਮੋ. 9781508968 ਅਤੇ
ਅਮਰੀਕ ਸੈਦੋਕੇ, ਤਲਵੰਡੀ ਰੋਡ ਸੈਦੋਕੇ (ਮੋਗਾ)
ਮੋ. 97795 27418