ਸਫ਼ਰ-ਏ-ਸ਼ਹਾਦਤ -ਜ਼ੁਲਮ ਦੀ ਇੰਤਹਾ ਸਾਕਾ ਸਰਹਿੰਦ

By : GAGANDEEP

Published : Dec 28, 2022, 7:14 am IST
Updated : Dec 16, 2023, 1:55 pm IST
SHARE ARTICLE
Saka Sirhind
Saka Sirhind

ਸਫ਼ਰ-ਏ-ਸ਼ਹਾਦਤ -ਦੁਨੀਆਂ ਦੇ ਇਤਿਹਾਸ ਵਿਚ ਇਹੋ ਜਿਹੀ ਅਸਾਵੀਂ ਜੰਗ ਦਾ ਕਿਧਰੇ ਕੋਈ ਜ਼ਿਕਰ ਨਹੀਂ ਮਿਲਦਾ

ਦੁਨੀਆਂ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਜਿੰਨੇ ਸ਼ਹੀਦ ਸਿੱਖ ਧਰਮ ਵਿਚ ਹੋਏ ਹਨ, ਉਨੇ ਕਿਸੇ ਹੋਰ ਧਰਮ ਵਿਚ ਨਹੀਂ ਹੋਏ। ਸਿੱਖ ਧਰਮ ਦੀ ਬੁਨਿਆਦ ਹੀ ਸ਼ਹੀਦੀਆਂ ਤੇ ਰੱਖੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਬਾਣੀਕਾਰਾਂ ਨੇ ਸੱਚੀ ਸੁੱਚੀ ਪ੍ਰੀਤ ਦਾ ਆਧਾਰ ਸ਼ਹੀਦੀ ਨੂੰ ਮੰਨਿਆ ਹੈ (ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਉ॥) ਇਸ ਧਰਮ ਦੇ ਅਨੁਆਈਆਂ ਵਿਚ ਜੇਕਰ ਵੱਡੀ ਉਮਰ ਵਾਲੇ ਅਤੇ ਬਜ਼ੁਰਗਾਂ ਦੀਆਂ ਅਣਗਿਣਤ ਕੁਰਬਾਨੀਆਂ ਹਨ ਉੱਥੇ ਛੋਟੇ ਅਤੇ ਮਾਸੂਮ ਬੱਚਿਆਂ ਨੇ ਵੀ ਹੱਕ-ਸੱਚ ਦੀ ਖ਼ਾਤਰ ਜੂਝ ਮਰਨ ਨੂੰ ਤਰਜੀਹ ਦਿਤੀ। ‘ਸਾਕਾ ਸਰਹਿੰਦ’ ਇਕ ਇਹੋ ਜਿਹੀ ਹੀ ਲੂੰ-ਕੰਡੇ ਖੜੇ ਕਰ ਦੇਣ ਵਾਲੀ ਦਾਸਤਾਨ ਹੈ ਜਿਸ ਵਿਚ ਨਿੱਕੀਆਂ ਅਤੇ ਮਾਸੂਮ ਜਿੰਦਾਂ ਨੇ ਅਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਸਿੱਖ ਧਰਮ ਦੀ ਨੀਂਹ ਪੱਕੀ ਕੀਤੀ। 

ਦਸਮੇਸ਼ ਪਿਤਾ (1666-1708) ਆਨੰਦਪੁਰ ਦਾ ਕਿਲ੍ਹਾ ਖ਼ਾਲੀ ਕਰਨ ਪਿਛੋਂ ਜਦੋਂ ਸਰਸਾ ਨਦੀ ਤੋਂ ਪਾਰ ਹੋਏ ਤਾਂ ਉਨ੍ਹਾਂ ਦਾ ਪ੍ਰਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਅਪਣੇ ਗੁਰੂ-ਪਿਤਾ ਸਮੇਤ ਚਮਕੌਰ ਵਲ ਚਲੇ ਗਏ। ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਚਲੇ ਗਏ। ਦੁੱਧ-ਸ਼ੀਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜਿਨ੍ਹਾਂ ਦੀ ਉਮਰ ਸਿਰਫ਼ ਸੱਤ ਅਤੇ ਨੌਂ ਸਾਲ ਦੀ ਸੀ, ਅਪਣੀ ਬਜ਼ੁਰਗ ਦਾਦੀ ਮਾਤਾ ਗੁਜਰੀ ਜੀ ਨਾਲ ਸਰਹਿੰਦ ਵਲ ਚਲੇ ਗਏ।

ਪੋਹ ਦਾ ਸਾਰਾ ਹੀ ਮਹੀਨਾ ਸਿੱਖ ਸ਼ਹੀਦੀਆਂ ਦੀ ਦਿਲ-ਕੰਬਾਊ ਘਟਨਾ ਹੈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਕਰਬਲਾ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਇਥੇ ਇਕ ਪਾਸੇ ਭੁੱਖੇ ਪਿਆਸੇ ਤੇ ਥਕਾਵਟ ਨਾਲ ਚੂਰ ਗਿਣਤੀ ਦੇ ਚਾਲੀ ਕੁ ਸਿੰਘ ਸਨ ਜਦਕਿ ਦੂਜੇ ਪਾਸੇ ਦਸ ਲੱਖ ਦੀ ਮੁਗ਼ਲ ਫ਼ੌਜ ਸੀ। ਦੁਨੀਆਂ ਦੇ ਇਤਿਹਾਸ ਵਿਚ ਇਹੋ ਜਿਹੀ ਅਸਾਵੀਂ ਜੰਗ ਦਾ ਕਿਧਰੇ ਕੋਈ ਜ਼ਿਕਰ ਨਹੀਂ ਮਿਲਦਾ। ਇਹ ਵਾਕਿਆ 22 ਦਸੰਬਰ 1704 ਈ. ਦਾ ਹੈ। ‘ਗੰਜਿ ਸਹੀਦਾਂ’ ਦੇ ਕਰਤਾ ਅੱਲ੍ਹਾ ਯਾਰ ਖ਼ਾਂ ਜੋਗੀ ਨੇ ਇਸ ਪ੍ਰਸੰਗ ਨੂੰ ਇਉਂ ਚਿਤਰਿਆ ਹੈ :

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।
ਇਸ ਘਟਨਾ ਤੋਂ ਪੰਜ ਦਿਨ ਪਿੱਛੋਂ, 27 ਦਸੰਬਰ ਨੂੰ ਛੋਟੇ ਸਾਹਿਬਜ਼ਾਦੇ ਵਜ਼ੀਰ ਖ਼ਾਂ ਸੂਬਾ ਸਰਹਿੰਦ ਦੇ ਹੁਕਮ ਨਾਲ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿਤੇ ਗਏ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਨੂੰ ਇਤਿਹਾਸ ਵਿਚ ‘ਸਾਕਾ ਸਰਹਿੰਦ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਾਕੇ ਨੂੰ ਪੜ੍ਹਨ-ਸੁਣਨ ਵਾਲਾ ਕੋਈ ਵੀ ਇਨਸਾਨ ਅੱਖਾਂ ’ਚੋਂ ਹੰਝੂ ਵਹਾਏ ਬਿਨਾਂ ਨਹੀਂ ਰਹਿ ਸਕਦਾ। 
    ਪ੍ਰਵਾਰ ਨਾਲੋਂ ਅੱਡ ਹੋਣ ਪਿੱਛੋਂ ਦਾਦੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦਾ ਪੁਰਾਣਾ ਰਸੋਈਆ ਗੰਗੂ ਅਪਣੇ ਪਿੰਡ ਖੇੜੀ ਲੈ ਗਿਆ। ਪਹਿਲੀ ਰਾਤ ਤਿੰਨਾਂ ਨੇ ਕੁੰਮੇ ਮਾਸ਼ਕੀ ਤੇ ਘਰ ਬਿਤਾਈ। ਗੰਗੂ ਦੇ ਦਿਲ ਵਿਚ ਬੇਈਮਾਨੀ ਆ ਗਈ ਤੇ ਉਹਨੇ ਮਾਤਾ ਗੁਜਰੀ ਜੀ ਦੀ ਹੀਰੇ- ਜਵਾਹਰਾਂ ਦੀ ਥੈਲੀ ਚੁਰਾ ਲਈ। ਪਿਛੋਂ ਲੋਭ-ਲਾਲਚ ਵਿਚ ਅੰਨ੍ਹਾ ਹੋ ਕੇ ਉਹਨੇ ਤਿੰਨਾਂ ਨੂੰ ਗਿ੍ਰਫ਼ਤਾਰ ਕਰਵਾ ਦਿਤਾ। ਪਹਿਲਾਂ ਇਨ੍ਹਾਂ ਨੂੰ ਮੋਰਿੰਡਾ ਵਿਖੇ ਹਿਰਾਸਤ ਵਿਚ ਰਖਿਆ ਗਿਆ, ਪਿਛੋਂ ਜਲੂਸ ਦੀ ਸ਼ਕਲ ਵਿਚ ਸਰਹਿੰਦ ਪਹੁੰਚਾ ਦਿਤਾ ਗਿਆ। 

ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਂ ਜੋ ਚਮਕੌਰ ਦੀ ਜੰਗ ’ਚੋਂ ਨਿਰਾਸ਼ ਪਰਤਿਆ ਸੀ ਨੇ ਤਿੰਨਾਂ ਜਣਿਆਂ ਨੂੰ ਠੰਢੇ ਬੁਰਜ ਵਿਚ ਕੈਦ ਕਰਵਾ ਦਿਤਾ ਤੇ ਆਸ-ਪਾਸ ਸਖ਼ਤ ਪਹਿਰਾ ਲਾ ਦਿਤਾ। ਸਰਦੀਆਂ ਦੀਆਂ ਭਿਆਨਕ ਠੰਢੀਆਂ ਯਖ਼ ਰਾਤਾਂ ਵਿਚ ਬਜ਼ੁਰਗ ਦਾਦੀ ਅਤੇ ਪੋਤਿਆਂ ਨੂੰ ਠੰਢ ਤੋਂ ਬਚਣ ਲਈ ਕੋਈ ਗਰਮ ਕਪੜੇ ਨਹੀਂ ਦਿਤੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਖਾਣ-ਪੀਣ ਨੂੰ ਕੱੁਝ ਦਿਤਾ ਗਿਆ। ਵਜ਼ੀਰ ਖ਼ਾਂ ਦਾ ਖ਼ਿਆਲ ਸੀ ਕਿ ਠੰਢ ਅਤੇ ਭੁੱਖ ਦੇ ਪ੍ਰਕੋਪ ਤੋਂ ਆਤੁਰ ਹੋ ਕੇ ਬੱਚੇ ਇਸਲਾਮ ਧਰਮ ਕਬੂਲ ਕਰਨ ਲਈ ਹਾਂ ਕਰ ਦੇਣਗੇ। ਪਰ ਉਹ ਨਹੀਂ ਸੀ ਜਾਣਦਾ ਕਿ ਇਨ੍ਹਾਂ ਮਾਸੂਮਾਂ ਦੀਆਂ ਰਗਾਂ ਵਿਚ ਗੁਰੂ ਗੋਬਿੰਦ ਸਿੰਘ ਜਿਹੇ ਮਹਾਨ ਸੂਰਬੀਰ ਦਾ ਖ਼ੂਨ ਹੈ ਤੇ ਇਨ੍ਹਾਂ ਦਾ ਦਾਦਾ (ਗੁਰੂ ਤੇਗ਼ ਬਹਾਦਰ) ਅਤੇ ਪੜਦਾਦਾ (ਗੁਰੂ ਅਰਜਨ ਦੇਵ) ਪਹਿਲਾਂ ਹੀ ਸ਼ਹੀਦੀ ਦੀ ਮਿਸਾਲ ਕਾਇਮ ਕਰ ਚੁੱਕੇ ਹਨ।
ਗੁਰੂ ਗੋਬਿੰਦ ਸਿੰਘ ਦੇ ਇਕ ਸ਼ਰਧਾਲੂ ਮੋਤੀ ਰਾਮ ਮਹਿਰਾ ਨੇ ਪਹਿਰੇਦਾਰਾਂ ਨੂੰ ਧਨ ਅਤੇ ਗਹਿਣਿਆਂ ਦੀ ਰਿਸ਼ਵਤ ਦੇ ਕੇ ਬੱਚਿਆਂ ਅਤੇ ਮਾਤਾ ਜੀ ਲਈ ਦੁੱਧ ਦੀ ਸੇਵਾ ਕੀਤੀ।

ਵਜ਼ੀਰ ਖ਼ਾਂ ਦੇ ਦਰਬਾਰ ਵਿਚ ਤਿੰਨ ਦਿਨ ਬੱਚਿਆਂ ਨੂੰ ਪੇਸ਼ ਕੀਤਾ ਗਿਆ। ਪਹਿਲੇ ਦਿਨ ਵਜ਼ੀਰ ਖ਼ਾਂ ਦੇ ਇਕ ਟੋਡੀ ਸੁੱਚਾ ਨੰਦ ਨੇ ਮੁੱਖ ਦਰਵਾਜ਼ਾ ਬੰਦ ਕਰ ਕੇ ਛੋਟੀ ਖਿੜਕੀ ਖੋਲ੍ਹ ਦਿਤੀ ਤਾਕਿ ਬੱਚੇ ਜਦੋਂ ਖਿੜਕੀ ਰਾਹੀਂ ਪ੍ਰਵੇਸ਼ ਕਰਨ ਤਾਂ ਸਿਰ ਝੁਕਾ ਕੇ ਅੰਦਰ ਆਉਣ। ਪਰ ਸਾਹਿਬਜ਼ਾਦੇ ਮੁਗ਼ਲਾਂ ਦੀ ਚਾਲ ਨੂੰ ਭਾਂਪ ਗਏ ਤੇ ਉਨ੍ਹਾਂ ਨੇ ਪਹਿਲਾਂ ਸਿਰ ਅੰਦਰ ਕਰਨ ਦੀ ਥਾਂ ਅਪਣੇ ਪੈਰ ਦੀ ਜੁੱਤੀ ਵਜ਼ੀਰ ਖ਼ਾਂ ਨੂੰ ਵਿਖਾਈ ਤੇ ਅੰਦਰ ਜਾਂਦਿਆਂ ਹੀ ਬੁਲੰਦ ਆਵਾਜ਼ ਵਿਚ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ’ ਦਾ ਨਾਅਰਾ ਲਗਾਇਆ, ਜਿਸ ਨੂੰ ਸੁਣਦਿਆਂ ਹੀ ਵਜ਼ੀਰ ਖ਼ਾਂ ਤੇ ਉਹਦੇ ਅਹਿਲਕਾਰਾਂ ਨੂੰ ਸੱਤੀਂ-ਕਪੜੀਂ ਅੱਗ ਲੱਗ ਗਈ। ਸੂਬੇਦਾਰ ਨੇ ਮਾਸੂਮਾਂ ਨੂੰ ਲਾਲਚ ਅਤੇ ਡਰਾਵੇ ਦੇ ਕੇ ਈਨ ਮੰਨਣ ਨੂੰ ਕਿਹਾ। ਪਰ ਇਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਸਨ ਜੋ ਸਿਰ ਕਟਾਉਣਾ ਤਾਂ ਜਾਣਦੇ ਸਨ ਪਰ ਸਿਰ ਝੁਕਾਉਣਾ ਨਹੀਂ।

ਸੂਬੇ ਦੀ ਕਚਹਿਰੀ ਵਿਚ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਂ, ਦੀਵਾਨ ਸੁੱਚਾ ਨੰਦ ਅਤੇ ਕਾਜ਼ੀ ਮੌਜੂਦ ਸਨ। ਸੂਬੇ ਨੇ ਨਵਾਬ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਮਾਰ ਕੇ ਇਨ੍ਹਾਂ ਦੇ ਪਿਤਾ ਤੋਂ ਅਪਣੇ ਭਰਾ ਨਾਹਰ ਖ਼ਾਨ ਦੀ ਚਮਕੌਰ-ਜੰਗ ਵਿਚ ਹੋਈ ਮੌਤ ਦਾ ਬਦਲਾ ਲੈ ਲਵੇ। ਪਰ ਨਵਾਬ ਨੇ ਇਤਰਾਜ਼ ਕੀਤਾ “ਕਸੂਰ ਬਾਪ ਦਾ, ਸਜ਼ਾ ਮਾਸੂਮ ਬੱਚਿਆਂ ਨੂੰ - ਇਹ ਕਿਥੋਂ ਦਾ ਇਨਸਾਫ਼ ਹੈ?’’ ਨਵਾਬ ਨੇ ਮਾਸੂਮਾਂ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਿਆ। ਦੀਵਾਨ ਸੁੱਚਾ ਨੰਦ ਦੇ ਉਕਸਾਉਣ ਤੇ ਕਾਜ਼ੀ ਨੇ ਫ਼ਤਵਾ ਦੇ ਕੇ ਬੱਚਿਆਂ ਨੂੰ ਜਿਊਂਦੇ ਜੀਅ ਕੰਧਾਂ ਵਿਚ ਚਿਣਨ ਦੀ ਗੱਲ ਕੀਤੀ ਤੇ ਵਜ਼ੀਰ ਖ਼ਾਨ ਨੇ ਇਸ ਦੀ ਪ੍ਰਵਾਨਗੀ ਦੇ ਦਿਤੀ।  ਜਦੋਂ ਤੀਜੇ ਦਿਨ ਵੀ ਬੱਚੇ ਅਪਣੇ ਧਰਮ ਤੇ ਅਡਿੱਗ ਰਹੇ ਤਾਂ ਸੂਬੇਦਾਰ ਨੇ ਉਪ੍ਰੋਕਤ ਹੁਕਮ ਦੀ ਤਾਮੀਲ ਕਰਨ ਨੂੰ ਕਿਹਾ। ਖ਼ੂਨੀ ਦੀਵਾਰ ਜਦੋਂ ਸਾਹਿਬਜ਼ਾਦਿਆਂ ਦੀ ਗਰਦਨ ਤਕ ਪਹੁੰਚ ਗਈ ਤਾਂ ਸ਼ਾਸ਼ਲ ਬੇਗ਼ ਤੇ ਬਾਸ਼ਲ ਬੇਗ਼ ਨਾਮੀਂ ਦੋ ਜੱਲਾਦਾਂ ਨੇ ਮਾਸੂਮਾਂ ਦੇ ਸੀਸ ਧੜ ਨਾਲੋਂ ਵੱਖ ਕਰ ਦਿਤੇ। ਠੰਢੇ ਬੁਰਜ ਵਿਚ ਕੈਦ ਬਜ਼ੁਰਗ ਮਾਤਾ ਗੁਜਰੀ ਜੀ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਅਪਣੇ ਵੀ ਪ੍ਰਾਣ ਤਿਆਗ ਦਿਤੇ। 

ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਮ ਸਸਕਾਰ ਲਈ ਗੁਰੂ-ਘਰ ਦੇ ਅਨਿਨ ਸੇਵਕ ਦੀਵਾਨ ਟੋਡਰ ਮੱਲ ਨੇ ਖੜੇ ਦਾਅ ਸੋਨੇ ਦੀਆਂ ਮੋਹਰਾਂ ਅਦਾ ਕਰ ਕੇ ਜ਼ਮੀਨ ਖ਼ਰੀਦੀ। ਜ਼ਿਕਰਯੋਗ ਹੈ ਕਿ ਸੰਸਾਰ ਦੇ ਇਤਿਹਾਸ ਵਿਚ ਇਹ ਸੱਭ ਤੋਂ ਮਹਿੰਗੀ ਜ਼ਮੀਨ ਹੈ। ਜਿਸ ਥਾਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਮ ਸਸਕਾਰ ਹੋਇਆ ਉੱਥੇ ਅੱਜਕਲ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਤ ਹੈ।  ਇਹ ਖ਼ਬਰ ਜਦੋਂ ਨੂਰਾ ਮਾਹੀ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਕਾਹੀ ਦੇ ਬੂਟੇ ਨੂੰ ਜੜ੍ਹੋਂ ਪੁਟਦਿਆਂ ਫ਼ੁਰਮਾਇਆ, “ਹੁਣ ਮੁਗ਼ਲ ਸਾਮਰਾਜ ਦੀ ਜੜ੍ਹ ਪੁੱਟੀ ਜਾ ਚੁੱਕੀ ਹੈ।’’ ਇਸ ਵਾਕਿਆ ਤੋਂ ਛੇ ਸਾਲ ਬਾਅਦ ਦਸ਼ਮੇਸ਼ ਪਿਤਾ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲੀਆ ਸਲਤਨਤ ਦੇ ਬਖੀਏ ਉਧੇੜ ਦਿਤੇ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿਤੀ। ਚੱਪੜਚਿੜੀ ਦੇ ਅਸਥਾਨ ਤੇ ਹੋਈ ਗਹਿਗੱਚ ਲੜਾਈ ਵਿਚ ਵਜ਼ੀਰ ਖ਼ਾਂ ਨੂੰ ਮਾਰ ਕੇ ਬਾਬਾ ਬੰਦਾ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਲਿਆ।

ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਹਰ ਸਾਲ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਦਿਨ (11 ਤੋਂ 13 ਪੋਹ ਤਕ) ਸ਼ਹੀਦੀ ਜੋੜ-ਮੇਲਾ ਲਗਦਾ ਹੈ। ਇਥੇ ਨਿੱਕੀਆਂ ਮਾਸੂਮ ਜ਼ਿੰਦਾਂ ਦੀ ਲਾਸਾਨੀ ਤੇ ਬੇਨਜ਼ੀਰ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਸਿੱਖ ਸੰਗਤਾਂ ਦੂਰ ਦੁਰਾਡਿਉਂ ਵਹੀਰਾਂ ਘੱਤ ਕੇ ਆਉਂਦੀਆਂ ਹਨ।
ਇਕ ਮੁਸਲਮਾਨ ਸ਼ਾਇਰ ਅੱਲ੍ਹਾ ਯਾਰ ਖ਼ਾਂ ਜੋਗੀ ਨੇ 1915 ਈ. ਵਿਚ ਲਿਖੀ ਅਪਣੀ ਇਕ ਲੰਮੀ ਕਵਿਤਾ ‘ਸ਼ਹੀਦਾਨਿ ਵਫ਼ਾ’ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਹੈ:
ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ। 
ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪੇ ਉਠਾ ਚਲੇ।
ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। 
ਗੱਦੀ ਤੋ ਤਖ਼ਤ ਬਸ ਅਬ ਕੌਮ ਪਾਏਗੀ। 
ਦੁਨੀਆਂ ਮੇਂ ਜ਼ਾਲਮੋਂ ਕਾ ਨਿਸ਼ਾਂ ਤਕ ਮਿਟਾਏਗੀ। 
- ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, 
ਅਕਾਲ ਯੂਨੀਵਰਸਟੀ, ਤਲਵੰਡੀ ਸਾਬੋ (ਬਠਿੰਡਾ)   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement