ਦਲਿਤਾਂ ਨਾਲ ਖਾਣ-ਪੀਣ ਵਿਚ ਵੀ ਵਿਤਕਰਾ
Published : Aug 6, 2017, 4:23 pm IST
Updated : Mar 29, 2018, 5:30 pm IST
SHARE ARTICLE
Dalits
Dalits

ਪਿਛੇ ਜਿਹੇ ਹੋਈਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਇਸ ਵਾਰ ਨਾਂਹ ਦੇ ਬਰਾਬਰ ਪ੍ਰਚਾਰ ਕੀਤਾ ਸੀ।

 

ਪਿਛੇ ਜਿਹੇ ਹੋਈਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਇਸ ਵਾਰ ਨਾਂਹ ਦੇ ਬਰਾਬਰ ਪ੍ਰਚਾਰ ਕੀਤਾ ਸੀ। ਪਰ ਜਿੰਨਾ ਕੀਤਾ ਉਸ ਵਿਚ ਅਪਣੇ ਨਾਲ ਸਬੰਧ ਰਖਦੀ ਇਕ ਮਹੱਤਵਪੂਰਨ ਗੱਲ ਇਹ ਦੱਸੀ ਸੀ ਕਿ ਸਿਆਸਤ ਦੇ ਸ਼ੁਰੂਆਤੀ ਦਿਨਾਂ ਵਿਚ ਜਦ ਉਹ ਪਿੰਡ ਪਿੰਡ ਘੁੰਮਦੇ ਮੁਚੈਰਾਹ ਪਿੰਡ ਪਹੁੰਚੇ ਸਨ ਤਾਂ ਉਥੇ ਉਨ੍ਹਾਂ ਨੇ ਛੋਟੀ ਜਾਤ ਵਾਲਿਆਂ ਦਾ ਦਿਤਾ ਗੁੜ ਖਾ ਲਿਆ ਸੀ। ਇਸ ਤੇ ਉਨ੍ਹਾਂ ਦੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪ੍ਰਵਾਰ ਦਾ ਬਾਈਕਾਟ ਕਰ ਦਿਤਾ ਸੀ। ਬਾਅਦ ਵਿਚ ਪਿੰਡ ਦੇ ਸਰਪੰਚ ਦੀ ਦਖ਼ਲਅੰਦਾਜ਼ੀ ਨਾਲ ਮਾਮਲਾ ਠੰਢਾ ਹੋਇਆ।
ਇਹ ਵਖਰੀ ਗੱਲ ਹੈ ਕਿ ਮੁਲਾਇਮ ਸਿੰਘ ਯਾਦਵ ਨੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਰਹਿੰਦੇ ਹੋਏ ਕਦੇ ਇਸ ਮਹੱਤਵਪੂਰਨ ਘਟਨਾ ਦਾ ਜ਼ਿਕਰ ਨਹੀਂ ਕੀਤਾ ਪਰ ਕੀ ਲਗਭਗ 40 ਸਾਲ ਬਾਅਦ ਪਿੰਡਾਂ ਕਸਬਿਆਂ ਅਤੇ ਇਕ ਹੱਦ ਤਕ ਸ਼ਹਿਰਾਂ ਤੋਂ ਵੀ ਇਸ ਤਰ੍ਹਾਂ ਦੀ ਛੂਆਛੂਤ ਬੰਦ ਹੋ ਗਈ ਹੈ? ਇਹ ਨਾ ਤਾਂ ਮੁਲਾਇਮ ਸਿੰਘ ਯਾਦਵ ਕਹਿ ਸਕਦੇ ਹਨ ਅਤੇ ਨਾ ਹੀ ਬਸਪਾ ਮੁਖੀ ਮਾਇਆਵਤੀ ਹੀ ਦਾਅਵਾ ਕਰ ਸਕਦੇ ਹਨ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਤਾਂ ਕਿਸੇ ਤਰ੍ਹਾਂ ਦੀ ਉਮੀਦ ਕਰਨਾ ਹੀ ਬੇਕਾਰ ਹੈ।
ਸੱਚ ਤਾਂ ਇਹ ਹੈ ਕਿ ਜਾਤੀਗਤ ਛੂਆਛੂਤ, ਵਿਤਕਰਾ ਅਤੇ ਜ਼ੋਰ-ਜ਼ੁਲਮ ਧਰਮ ਦੀ ਦੇਣ ਹਨ। ਲੀਡਰ ਤਾਂ ਇਸ ਦੇ ਤਵੇ ਉਤੇ ਅਪਣੀਆਂ ਰੋਟੀਆਂ ਸੇਕਦੇ ਹਨ। ਸਾਲ 2016 ਵਿਚ ਲੀਡਰਾਂ ਵਿਚ ਤਾਂ ਦੌੜ ਜਿਹੀ ਲੱਗ ਗਈ ਸੀ ਕਿ ਕੌਣ ਦਲਿਤਾਂ ਦੇ ਘਰ ਜਾ ਕੇ ਵੱਧ ਤੋਂ ਵੱਧ ਖਾਣਾ ਖਾਂਦਾ ਹੈ। ਇਸ ਵਿਚ ਵੀ ਖ਼ਾਸ ਮੁਕਾਬਲਾ ਭਾਜਪਾ ਮੁਖੀ ਅਮਿਤ ਸ਼ਾਹ ਅਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵਿਚਕਾਰ ਸੀ। ਦੋਹਾਂ ਨੇ ਹੀ ਦਲਿਤਾਂ ਦੇ ਘਰ ਜਾ ਕੇ ਖਾਣਾ ਖਾਧਾ ਸੀ ਅਤੇ ਇਹ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਹੀ ਦਲਿਤਾਂ ਦੇ ਸੱਚੇ ਹਮਦਰਦ ਹਨ।
ਦਲਿਤਾਂ ਦੇ ਘਰ ਜਾ ਕੇ ਉਨ੍ਹਾਂ ਦੀਆਂ ਔਰਤਾਂ ਦੇ ਹੱਥਾਂ ਦਾ ਬਣਿਆ ਖਾਣਾ ਖਾ ਕੇ ਕੀਤੀ ਜਾਣ ਵਾਲੀ ਸਿਆਸਤ ਇਸ ਪੱਖੋਂ ਵੀ ਗ਼ੌਰ ਕਰਨ ਦੇ ਕਾਬਲ ਹੈ ਕਿ ਉੱਚੀ ਜਾਤ ਵਾਲੇ ਲੀਡਰ ਹੀ ਦਲਿਤਾਂ ਦੇ ਘਰ ਗਏ। ਦੂਜੀ ਗੱਲ ਇਹ ਕਿ ਅੱਜ ਵੀ ਪਿੰਡਾਂ ਕਸਬਿਆਂ ਵਿਚ ਦਲਿਤਾਂ ਨਾਲ ਦੂਜੀਆਂ ਜ਼ਿਆਦਤੀਆਂ/ਵਧੀਕੀਆਂ ਸਮੇਤ ਖਾਣ-ਪੀਣ ਵਿਚ ਵੀ ਵਿਤਕਰਾ ਕੀਤਾ ਜਾਂਦਾ ਹੈ ਜਿਸ ਤੋਂ ਉਨ੍ਹਾਂ ਵਿਚ ਉਨ੍ਹਾਂ ਦੇ ਦਲਿਤ ਯਾਨੀ ਕਿ ਸ਼ੂਦਰ ਅਤੇ ਪਿਛਲੇ ਜਨਮ ਦੇ ਪਾਪੀ ਹੋਣ ਦਾ ਡਰ ਭਰਿਆ ਰਹੇ।
ਮਾਇਆਵਤੀ, ਰਾਮਵਿਲਾਸ ਪਾਸਵਾਨ ਜਾਂ ਕੋਈ ਹੋਰ ਦਲਿਤ ਕਿਸੇ ਦਲਿਤ ਦੇ ਘਰ ਜਾ ਕੇ ਖਾਣਾ ਖਾਂਦਾ ਤਾਂ ਬਹੁਤਾ ਤਾਂ ਕੀ ਮਾਮੂਲੀ ਵੀ ਹੱਲਾਗੁੱਲਾ ਨਹੀਂ ਮਚਣਾ ਸੀ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਹੱਲਾ ਇਸ ਲਈ ਮਚਦਾ ਹੈ ਕਿ ਉੱਚੀ ਜਾਤ ਵਾਲੇ ਲੀਡਰ ਦਲਿਤਾਂ ਦੇ ਘਰ ਜਾ ਕੇ ਖਾਣਾ ਖਾਂਦੇ ਹਨ ਯਾਨੀ ਕਿ ਉਨ੍ਹਾਂ ਉਤੇ ਅਹਿਸਾਨ ਕਰਦੇ ਹਨ। ਠੀਕ ਇਸੇ ਤਰ੍ਹਾਂ ਹੀ ਜਿਵੇਂ ਸ੍ਰੀ ਰਾਮ ਨੇ ਇਕ ਦਲਿਤ ਔਰਤ ਸਬਰੀ ਦੇ ਦਿਤੇ ਜੂਠੇ ਬੇਰ ਖਾ ਕੇ ਉਸ ਉਤੇ ਅਹਿਸਾਨ ਕੀਤਾ ਸੀ।
ਦਲਿਤ ਦੇ ਘਰ ਗੁੜ ਖਾਣ ਤੇ ਮੁਲਾਇਮ ਸਿੰਘ ਯਾਦਵ ਦੇ ਪ੍ਰਵਾਰ ਦਾ ਬਾਈਕਾਟ ਸੈਫ਼ਈ ਪਿੰਡ ਵਿਚ ਹੋਇਆ ਸੀ। ਇਹ ਗੱਲ ਬਿਲਕੁਲ ਵੀ ਹੈਰਾਨੀ ਵਾਲੀ ਨਹੀਂ। ਅਜਿਹਾ ਅੱਜ ਵੀ ਵੱਡੀ ਮਾਤਰਾ ਵਿਚ ਹੁੰਦਾ ਹੈ ਕਿ ਦਲਿਤ ਦੇ ਘਰ ਖਾਣਾ ਤਾਂ ਦੂਰ ਦੀ ਗੱਲ ਹੈ, ਉੱਚੀ ਜਾਤ ਵਾਲੇ ਉਨ੍ਹਾਂ ਦੇ ਸਾਹਮਣੇ ਮਿਲਣ ਤੋਂ ਵੀ ਕਰਤਾਉਂਦੇ ਹਨ ਕਿਉਂਕਿ ਧਾਰਮਕ ਕਿਤਾਬਾਂ ਵਿਚ ਲਿਖਿਆ ਹੈ ਕਿ ਸਵੇਰੇ ਸਵੇਰੇ ਉਨ੍ਹਾਂ ਦਾ ਚਿਹਰਾ ਵੇਖਣ ਨਾਲ ਧਰਮ ਭ੍ਰਿਸ਼ਟ ਹੋ ਜਾਂਦਾ ਹੈ।
ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਵਿਚ ਇਕ ਮੁਹੱਲਾ ਹੈ, ਜਿਸ ਦਾ ਨਾਂ ਸਾਹੂ ਮੁਹੱਲਾ ਹੈ। ਹੁਣ ਤੋਂ ਲਗਭਗ 20 ਸਾਲ ਪਹਿਲਾਂ ਤਕ ਇਸ ਵੱਡੇ ਸ਼ਹਿਰ ਦੇ ਲੋਕ ਸਵੇਰੇ-ਸਵੇਰੇ ਇਸ ਮੁਹੱਲੇ 'ਚੋਂ ਹੋ ਕੇ ਨਹੀਂ ਲੰਘਦੇ ਸਨ ਕਿਉਂਕਿ ਸਵੇਰੇ ਸਾਹੂ ਯਾਨੀ ਕਿ ਤੇਲੀਆਂ ਦਾ ਚਿਹਰਾ ਵੇਖਣ ਨਾਲ ਦਿਨ ਚੰਗਾ ਨਹੀਂ ਲੰਘਦਾ, ਅਜਿਹਾ ਮੰਨਿਆ ਜਾਂਦਾ ਹੈ। ਸਾਹੂ ਜਾਂ ਤੇਲੀ ਜਾਤ ਪੂਰੀ ਤਰ੍ਹਾਂ ਅਛੂਤਾਂ ਦੀ ਜਮਾਤ ਵਿਚ ਨਹੀਂ ਆਉਂਦੀ ਸਗੋਂ ਉਨ੍ਹਾਂ ਦੀ ਗਿਣਤੀ ਪਿਛੜੇ ਵਰਗ ਵਿਚ ਹੁੰਦੀ ਹੈ।
ਅੱਜ ਉਸੇ ਜਬਲਪੁਰ ਸਮੇਤ ਸਾਰੇ ਦੇਸ਼ ਦੇ ਲੋਕ ਸਵੇਰੇ ਸਵੇਰੇ ਜਦੋਂ ਟੈਲੀਵਿਜ਼ਨ ਵੇਖਦੇ ਹਨ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਵੇਖਣ ਤੋਂ ਪਰਹੇਜ਼ ਨਹੀਂ ਹੁੰਦਾ, ਉਲਟਾ ਸਾਰੇ ਦੇਸ਼ ਵਿਚ ਲੋਕ ਉਨ੍ਹਾਂ ਦੇ ਪੈਰੀਂ ਪੈਂਦੇ ਹਨ। ਹਾਲਾਂਕਿ ਲੋਕਾਂ ਦੇ ਦਿਲ-ਦਿਮਾਗ਼ ਵਿਚ ਬੈਠੀ ਛੂਆਛੂਤ ਦੀ ਸੱਚਾਈ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਉੱਤਰ ਪ੍ਰਦੇਸ਼ ਚੋਣ ਪ੍ਰਚਾਰ ਦੌਰਾਨ ਹੀ ਇਹ ਕਹਿੰਦੇ ਹੋਏ ਦੱਸੀ ਸੀ ਕਿ ਕਿਉਂਕਿ ਉਹ ਛੋਟੀ ਜਾਤ ਦੇ ਹਨ ਅਤੇ ਪ੍ਰਧਾਨ ਮੰਤਰੀ ਬਣ ਗਏ ਹਨ, ਤਾਂ ਕਈਆਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ।
ਇਧਰ ਪਿੰਡਾਂ ਵਿਚ ਹਾਲਤ ਇਹ ਹੈ ਕਿ ਜੇਕਰ ਕੋਈ ਦਲਿਤ ਸਾਹਮਣੇ ਆ ਜਾਵੇ ਤਾਂ ਉੱਚੀ ਜਾਤ ਵਾਲੇ ਨੱਕ-ਮੂੰਹ ਚੜ੍ਹਾ ਲੈਂਦੇ ਹਨ। ਹਰ ਪਿੰਡ ਵਿਚ ਬਿਜਲੀ ਅਤੇ ਸੜਕ ਆ ਜਾਣ ਤੋਂ ਬਾਅਦ ਵੀ ਦਲਿਤ ਮੁਹੱਲੇ ਅੱਡ ਹਨ ਕਿਉਂਕਿ ਦਲਿਤਾਂ ਨੂੰ ਉੱਚੀ ਜਾਤ ਵਾਲਿਆਂ ਦੇ ਬਰਾਬਰ ਰਹਿਣ ਦਾ ਹੱਕ ਅੱਜ ਵੀ ਹਾਸਲ ਨਹੀਂ।
ਵਿਦਿਸ਼ਾ ਕੋਲ ਇਕ ਪਿੰਡ ਢੋਲਖੇੜੀ ਵਿਚ ਹੁਣ ਇਕ ਹੀ ਬ੍ਰਾਹਮਣ ਪ੍ਰਵਾਰ ਬਚਿਆ ਹੈ ਜਿਸ ਦੇ ਇਕ ਨੌਜਵਾਨ ਦਾ ਕਹਿਣਾ ਹੈ ਕਿ ਅੱਜ ਵੀ ਉਸ ਦੇ ਪਿਤਾ ਜਾਂ ਚਾਚੇ ਨੂੰ ਮਜਬੂਰੀ ਵਿਚ ਜੇਕਰ ਦਲਿਤ ਮੁਹੱਲੇ ਤੋਂ ਹੋ ਕੇ ਲੰਘਣਾ ਪੈਂਦਾ ਹੈ ਤਾਂ ਉਹ ਘਰ ਆ ਕੇ ਇਸ਼ਨਾਨ ਕਰਦੇ ਹਨ। ਇਸ ਨੌਜਵਾਨ ਅਨੁਸਾਰ, ਜਦ ਉੱਚੀ ਜਾਤ ਵਾਲੇ ਦੇ ਘਰ ਤੇਰ੍ਹਵੀਂ (ਮਰਨ ਮਗਰੋਂ ਤੇਰ੍ਹਵੇਂ ਦਿਨ ਕੀਤੀ ਜਾਣ ਵਾਲੀ ਰਸਮ) ਹੁੰਦੀ ਹੈ ਤਾਂ ਛੋਟੀ ਜਾਤ ਵਾਲਿਆਂ ਨੂੰ ਪੂਜਾ-ਪਾਠ ਦੀ ਥਾਂ ਤੋਂ ਬਹੁਤ ਦੂਰ ਬਿਠਾ ਕੇ ਖਾਣਾ ਖੁਆਇਆ ਜਾਂਦਾ ਹੈ, ਜਿਸ ਨਾਲ ਭਗਵਾਨ ਦਾ ਅਤੇ ਉੱਚੀ ਜਾਤ ਵਾਲਿਆਂ ਦਾ ਧਰਮ ਭ੍ਰਿਸ਼ਟ ਨਾ ਹੋਵੇ।
ਦਲਿਤਾਂ ਨੂੰ ਖਾਣਾ ਤਾਂ ਅੱਡ ਦੂਰ ਬਿਠਾ ਕੇ ਖੁਆਇਆ ਹੀ ਜਾਂਦਾ ਹੈ ਪਰ ਇਸ ਉਤੇ ਵੀ ਸ਼ਰਤ ਇਹ ਹੈ ਕਿ ਦਲਿਤ ਅਪਣੇ ਭਾਂਡੇ ਅਲੱਗ ਤੋਂ ਲੈ ਕੇ ਆਉਣਗੇ, ਜਿਸ ਤੋਂ ਉਨ੍ਹਾਂ ਦੇ ਜੂਠੇ ਭਾਂਡੇ ਧੋਣ ਦਾ ਪਾਪ ਉੱਚੀ ਜਾਤ ਵਾਲਿਆਂ ਨੂੰ ਨਾ ਲੱਗੇ। ਪਿੰਡ ਵਿਚ ਤੇਰ੍ਹਵੀਂ ਨੂੰ ਸਾਰੇ ਪਿੰਡ ਨੂੰ ਸੱਦਾ ਦੇਣਾ ਆਮ ਗੱਲ ਹੈ, ਜਿਸ ਵਿਚ ਛੂਆਛੂਤ ਦੀ ਨੁਮਾਇਸ਼ ਖੁਲੇਆਮ ਹੁੰਦੀ ਹੈ। ਅਪਣੀ ਬਰਾਦਰੀ ਤੇ ਬਰਾਬਰੀ ਵਾਲਿਆਂ ਨੂੰ ਤੰਬੂ ਵਿਚ ਬਿਠਾਇਆ ਜਾਂਦਾ ਹੈ ਪਰ ਦਲਿਤਾਂ ਨੂੰ ਦੂਰ ਰਖਿਆ ਜਾਂਦਾ ਹੈ। ਦਲਿਤ ਕਿਉਂ ਉੱਚੀ ਜਾਤ ਵਾਲਿਆਂ ਦੇ ਘਰ ਤੇਰ੍ਹਵੀਂ ਵਿਚ ਖਾਣਾ ਖਾਣ ਜਾਂਦੇ ਹਨ, ਇਹ ਭਾਵੇਂ ਅਲੱਗ ਬਹਿਸ ਦੀ ਗੱਲ ਹੈ ਪਰ ਭੋਪਾਲ ਦੇ ਨੇੜੇ ਬੈਰਸੀਆਂ ਦੇ ਰਹਿਣ ਵਾਲੇ ਇਕ ਦਲਿਤ ਮੰਸ਼ਾਰਾਮ ਦੀ ਮੰਨੀਏ ਤਾਂ ਇਹ ਰਿਵਾਜ ਪੀੜ੍ਹੀਆਂ ਤੋਂ ਚਲਿਆ ਆ ਰਿਹਾ ਹੈ। ਜੇਕਰ ਉਹ ਉਨ੍ਹਾਂ ਦੇ ਘਰ ਨਾ ਜਾਣ ਤਾਂ ਉਨ੍ਹਾਂ ਉਤੇ ਹੋਰ ਵੱਧ ਜ਼ੁਲਮ ਢਾਹੇ ਜਾਂਦੇ ਹਨ।
ਗੱਲ ਅਜੀਬ ਹੈ ਪਰ ਹੈ ਸੱਚ। ਇਸ ਦੇ ਪਿਛੇ ਇੱਛਾ ਇਹ ਹੈ ਕਿ ਦਲਿਤਾਂ ਨੂੰ ਬੇਇੱਜ਼ਤ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦਲਿਤ ਹੋਣ ਦਾ ਅਹਿਸਾਸ ਕਰਾਉਣ ਦਾ ਕੋਈ ਮੌਕਾ ਉੱਚੀ ਜਾਤ ਵਾਲੇ ਨਹੀਂ ਛਡਦੇ। ਤੇਰ੍ਹਵੀਂ ਵਿਚ ਤਾਂ ਬੁਲਾਉਂਦੇ ਹਨ ਪਰ ਇਹ ਉੱਚੀ ਜਾਤ ਵਾਲੇ ਵਿਆਹਾਂ ਵਿਚ ਦਲਿਤਾਂ ਨੂੰ ਆਮ ਤੌਰ ਤੇ ਨਹੀਂ ਬੁਲਾਉਂਦੇ ਕਿਉਂਕਿ ਇਹ ਸ਼ੁੱਭ ਅਤੇ ਖ਼ੁਸ਼ੀ ਦਾ ਮੌਕਾ ਹੁੰਦਾ ਹੈ। ਦਲਿਤ ਜੇਕਰ ਮਹਿੰਗੇ ਵਿਆਹ ਕਰਨ ਤਾਂ ਵੀ ਹਾਏ-ਤੌਬਾ ਮਚਾਉਣ ਦੀਆਂ ਖ਼ਬਰਾਂ ਰੋਜ਼ਾਨਾ ਸਾਰੇ ਦੇਸ਼ ਤੋਂ ਆਉਂਦੀਆਂ ਰਹਿੰਦੀਆਂ ਹਨ। ਦਲਿਤ ਲਾੜਿਆਂ ਦੇ ਘੋੜੀ ਉਤੇ ਚੜ੍ਹਨ ਨੂੰ ਲੈ ਕੇ ਹਰ ਥਾਂ ਉਨ੍ਹਾਂ ਨੂੰ ਕੁਟਿਆ-ਮਾਰਿਆ ਜਾਂਦਾ ਹੈ ਅਤੇ ਡਰਾਇਆ-ਧਮਕਾਇਆ ਵੀ ਜਾਂਦਾ ਹੈ।
ਧਰਮ ਦੇ ਨਾਂ ਤੇ ਦਲਿਤਾਂ ਉਤੇ ਜ਼ੋਰ-ਜ਼ੁਲਮ ਕਰਨ ਦੀ ਬਿਮਾਰੀ ਕਦੇ ਦੂਰ ਹੋਵੇਗੀ, ਅਜਿਹਾ ਨਹੀਂ ਜਾਪਦਾ। ਇਸ ਦਾ ਕਾਰਨ ਸਿਆਸਤ ਘੱਟ, ਧਰਮ ਜ਼ਿਆਦਾ ਹੈ। ਪ੍ਰਸਿੱਧ ਲੀਡਰ ਦਲਿਤਾਂ ਦੇ ਘਰ ਜਾ ਕੇ ਖਾਣਾ ਖਾਂਦੇ ਹਨ, ਉਨ੍ਹਾਂ ਦਾ ਉਦੇਸ਼ ਭਾਵੇਂ ਹੀ ਸਿਆਸੀ ਹੋਵੇ ਪਰ ਕਦੇ ਕਿਸੇ ਸ਼ੰਕਰਾਚਾਰੀਆ ਜਾਂ ਧਾਰਮਕ ਆਗੂ ਨੇ ਕਿਉਂ ਇਸ ਤਰ੍ਹਾਂ ਦੀਆਂ ਸੁਰਖ਼ੀਆਂ ਵਿਚ ਆਉਣ ਦੀ ਕੋਸ਼ਿਸ਼ ਨਹੀਂ ਕੀਤੀ? ਇਸ ਸਵਾਲ ਦਾ ਜਵਾਬ ਸਾਫ਼ ਹੈ ਕਿ ਅਜਿਹੇ ਲੋਕ ਹੀ ਛੂਆਛੂਤ, ਵਿਤਕਰੇ ਅਤੇ ਜਾਤੀਗਤ ਅਤਿਆਚਾਰ ਬਣਾਈ ਰਖਣਾ ਚਾਹੁੰਦੇ ਹਨ। ਜੇਕਰ ਉਹ ਵੀ ਲੀਡਰਾਂ ਵਾਂਗ, ਵਿਖਾਵੇ ਲਈ ਹੀ ਸਹੀ, ਦਲਿਤਾਂ ਦੇ ਘਰ ਖਾਣਾ ਖਾਣ ਲੱਗਣਗੇ ਤਾਂ ਪੰਡਿਆਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ, ਜੋ ਕਿ ਧਰਮ ਦੇ ਨਾਂ ਤੇ ਹੀ ਚਲਦੀਆਂ ਹਨ।
ਅਮਿਤ ਸ਼ਾਹ ਜਾਂ ਰਾਹੁਲ ਗਾਂਧੀ ਦੇ ਦਲਿਤਾਂ ਦੇ ਘਰ ਖਾਣਾ ਖਾਣ ਤੇ ਮਾਇਆਵਤੀ ਦੁਖੀ ਹੋ ਕੇ ਕਹਿੰਦੀ ਹੈ ਕਿ ਖਾਣਾ ਖਾਣ ਤੋਂ ਬਾਅਦ ਉਹ ਘਰ ਜਾ ਕੇ ਨਹਾਏ ਸਨ ਤਾਂ ਇਹ ਦੋਸ਼ ਸਿਆਸੀ ਹੋ ਸਕਦਾ ਹੈ ਪਰ ਅਸਲ ਵਿਚ ਮਾਇਆਵਤੀ ਇਕ ਸੱਚ ਵੀ ਕਹਿ ਰਹੀ ਹੁੰਦੀ ਹੈ ਕਿ ਹਾਲੇ ਵੀ ਸਵਰਣ ਕਿਸ ਹੱਦ ਤਕ ਦਲਿਤਾਂ ਨਾਲ ਵੈਰ ਰਖਦੇ ਹਨ।
ਇਹ ਉਹ ਦੌਰ ਹੈ ਜਦ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦਲਿਤ ਹੋਣ ਦੇ ਅਰਥ ਬਦਲਣ ਦੀ ਕੋਸ਼ਿਸ਼, ਜਿਸ ਨੂੰ ਸਾਜ਼ਸ਼ ਕਹਿਣਾ ਠੀਕ ਹੋਵੇਗਾ, ਰਚ ਰਹੇ ਹਨ ਕਿ ਪੈਸੇ ਵਾਲੇ ਦਲਿਤਾਂ ਨੂੰ ਉੱਚੀ ਜਾਤ ਦਾ ਮੰਨ ਲਿਆ ਜਾਵੇ। ਇਸ ਨਾਲ ਹਿੰਦੂਆਂ ਦੀ ਗਿਣਤੀ ਵੀ ਵਧੇਗੀ ਅਤੇ ਪੰਡਤਾਂ ਨੂੰ ਚੰਗੀ-ਚੋਖੀ ਦੱਛਣਾ ਵੀ ਮਿਲੇਗੀ।
ਜੇਕਰ ਇਨ੍ਹਾਂ ਦੀ ਇੱਛਾ ਸੱਚਮੁਚ ਸਮਾਜ ਅਤੇ ਦੇਸ਼ 'ਚੋਂ ਛੂਆਛੂਤ ਅਤੇ ਜਾਤੀਗਤ ਵਿਤਕਰਾ ਖ਼ਤਮ ਕਰਨ ਦੀ ਹੁੰਦੀ ਤਾਂ ਇਹ ਪਹਿਲਾਂ ਭੀਮ ਰਾਉ ਅੰਬੇਦਕਰ ਦੀ ਸੁਰ ਨਾਲ ਸੁਰ ਮਿਲਾ ਕੇ, ਧਾਰਮਕ ਕਿਤਾਬਾਂ ਸਾੜਨ ਦੀ ਗੱਲ ਕਰਦੇ ਕਿਉਂਕਿ ਆਦਮੀ ਨੂੰ ਆਦਮੀ ਨਾ ਮੰਨਣ ਦਾ ਰੋਗ ਆਇਆ ਤਾਂ ਇਨ੍ਹਾਂ ਕਿਤਾਬਾਂ ਤੋਂ ਹੀ ਹੈ। ਸੱਚ ਤਾਂ ਇਹ ਹੈ ਕਿ ਭਗਵਾਂ ਬ੍ਰਿਗੇਡ ਨੂੰ ਇਕ ਵੱਡਾ ਡਰ ਇਹ ਸਤਾ ਰਿਹਾ ਹੈ ਕਿ ਜੇਕਰ ਪੜ੍ਹੇ-ਲਿਖੇ ਅਤੇ ਪੈਸੇ ਵਾਲੇ ਦਲਿਤਾਂ ਨੂੰ ਸਮਾਂ ਰਹਿੰਦਿਆਂ ਅਪਣੀ ਜ਼ੱਦ ਵਿਚ ਨਾ ਲਿਆ ਗਿਆ ਤਾਂ ਇਹ ਲੋਕ ਉੱਚੀ ਜਾਤ ਵਾਲਿਆਂ ਨੂੰ ਹੀ ਅਛੂਤ ਬਣਾ ਕੇ ਅਪਣਾ ਇਕ ਅੱਡ ਸਮਾਜ ਬਣਾ ਲੈਣਗੇ। ਇਸ ਕਰ ਕੇ ਉੱਚੀ ਜਾਤ ਵਾਲੇ ਅਤੇ ਅਛੂਤ ਬਹੁਗਿਣਤੀ ਵਾਲੇ ਹੋ ਜਾਣਗੇ ਯਾਨੀ ਕਿ ਇਨਸਾਨੀਅਤ ਜਾਂ ਧਰਮ ਨਹੀਂ ਸਗੋਂ ਅਲੱਗ-ਥਲੱਗ ਪੈ ਜਾਣ ਦਾ ਡਰ ਅਤੇ ਦੱਛਣਾ ਦਾ ਲਾਲਚ ਹੁਣ ਉੱਚੀ ਜਾਤ ਵਾਲਿਆਂ ਨੂੰ ਮਜਬੂਰ ਕਰ ਰਿਹਾ ਹੈ ਕਿ ਉਹ ਅਪਣਾ ਮਨ ਮਾਰਦੇ ਹੋਏ ਕੁੱਝ ਦਲਿਤਾਂ ਦਾ ਹੱਥ ਫੜਨ, ਪਰ ਅਜਿਹਾ ਸੱਚ ਵਿਚ ਨਹੀਂ ਹੋ ਰਿਹਾ ਸਗੋਂ ਵਿਖਾਵੇ ਲਈ ਵੱਧ ਹੋ ਰਿਹਾ ਹੈ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਉੱਚੀ ਜਾਤ ਵਾਲਾ ਹੋਣ ਦਾ ਹੰਕਾਰ ਦੂਰ ਹੋਣ ਵਿਚ ਵੀ ਹਜ਼ਾਰਾਂ ਸਾਲ ਲੱਗ ਜਾਣਗੇ। ਇਸ ਲਈ ਕੁੱਝ ਫ਼ੀ ਸਦੀ ਪੈਸੇ ਵਾਲੇ ਦਲਿਤਾਂ ਨੂੰ ਘੇਰਿਆ ਜਾ ਰਿਹਾ ਹੈ ਜਿਸ ਨਾਲ ਗ਼ਰੀਬ ਦਲਿਤਾਂ ਨੂੰ ਲਤਾੜਿਆ ਜਾ ਸਕੇ।
ਅਨੁਵਾਦਕ : ਪਵਨ ਕੁਮਾਰ ਰੱਤੋਂ
ਸੰਪਰਕ : 94173-71455

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM
Advertisement