ਬੜੇ ਚੇਤੇ ਆਉਂਦੇ ਨੇ, ਪਿੰਡਾਂ 'ਚ ਖੇਡੇ ਗਏ ਡਰਾਮੇ
Published : Aug 7, 2017, 2:59 pm IST
Updated : Mar 29, 2018, 1:57 pm IST
SHARE ARTICLE
Drama
Drama

ਗੱਲ ਉਨ੍ਹਾਂ ਸਮਿਆਂ ਦੀ ਹੈ ਜਦੋਂ ਪਿੰਡਾਂ ਵਿਚ ਰੇਡੀਉ ਅਤੇ ਟੀ.ਵੀ. ਅਜੇ ਨਹੀਂ ਸਨ ਆਏ। ਮੋਬਾਈਲਾਂ ਦਾ ਤਾਂ ਚਿਤ ਚੇਤਾ ਵੀ ਨਹੀਂ ਸੀ। ਪਰ ਕੁਦਰਤੀ ਤੌਰ ਤੇ ਮਨੋਰੰਜਨ ਲਈ..

ਗੱਲ ਉਨ੍ਹਾਂ ਸਮਿਆਂ ਦੀ ਹੈ ਜਦੋਂ ਪਿੰਡਾਂ ਵਿਚ ਰੇਡੀਉ ਅਤੇ ਟੀ.ਵੀ. ਅਜੇ ਨਹੀਂ ਸਨ ਆਏ। ਮੋਬਾਈਲਾਂ ਦਾ ਤਾਂ ਚਿਤ ਚੇਤਾ ਵੀ ਨਹੀਂ ਸੀ। ਪਰ ਕੁਦਰਤੀ ਤੌਰ ਤੇ ਮਨੋਰੰਜਨ ਲਈ ਮਨੁੱਖ ਦੀ ਮਾਨਸਿਕ ਭੁੱਖ ਤਾਂ ਹੁੰਦੀ ਹੀ ਸੀ। ਇਸ ਦਾ ਹੱਲ ਪੰਜਾਬ ਦੇ ਸੱਭ ਪਿੰਡਾਂ ਵਿਚ ਨਾਚ ਮੰਡਲੀਆਂ, ਡਰਾਮਾਟਿਕ ਕਲੱਬ ਅਤੇ ਨਾਚ ਅਖਾੜੇ ਪੂਰਾ ਕਰਦੇ ਸਨ। ਪੰਜਾਬ ਦੇ ਵੱਡੇ ਪਿੰਡਾਂ ਵਿਚ ਤਾਂ ਪਿੰਡ ਦੇ ਨੌਜਵਾਨ ਜਾਂ ਪੜ੍ਹੇ-ਲਿਖੇ ਕੁੱਝ ਸਿਆਣੇ ਆਦਮੀ ਮਿਲ ਕੇ ਡਰਾਮਾਟਿਕ ਕਲੱਬ ਬਣਾ ਲੈਂਦੇ ਜਾਂ ਇਸ ਨੂੰ ਰਾਮ ਲੀਲਾ ਕਮੇਟੀ ਦਾ ਨਾਂ ਦੇ ਲੈਂਦੇ। ਇਹ ਕਲੱਬ ਸਟੇਜਾਂ ਤੇ ਲੋਕਾਂ ਦੇ ਮਨੋਰੰਜਨ ਲਈ ਚੰਗੇ ਡਰਾਮੇ ਪੇਸ਼ ਕਰਦੇ। ਇਸ ਨਾਲ ਪਿੰਡ ਵਾਲਿਆਂ ਨੂੰ ਅਪਣੀ ਰੂਹ ਦੀ ਖ਼ੁਰਾਕ ਮਿਲ ਜਾਂਦੀ।
1950-60 ਦੇ ਦਹਾਕੇ ਵਿਚ ਸਾਡੇ ਪਿੰਡ ਵੀ ਬਹੁਤ ਸਾਰੇ ਨੌਜਵਾਨਾਂ ਅਤੇ ਪੜ੍ਹੇ-ਲਿਖੇ ਵਿਅਕਤੀਆਂ ਨੇ ਪਿੰਡ ਵਿਚ ਇਕ ਵਧੀਆ ਡਰਾਮਾ ਕਲੱਬ ਬਣਾਇਆ ਹੋਇਆ ਸੀ ਅਤੇ ਇਹ ਕਲੱਬ ਪਿੰਡ ਦੇ ਲੋਕਾਂ ਦੇ ਮਨੋਰੰਜਨ ਲਈ ਹਰ ਸਾਲ ਅਕਤੂਬਰ-ਨਵੰਬਰ ਦੇ ਮਹੀਨੇ ਥੋੜ੍ਹੀ-ਥੋੜ੍ਹੀ ਠੰਢ ਦੇ ਦਿਨਾਂ ਵਿਚ ਡਰਾਮੇ ਕਰਦੇ। ਪਰਦੇ ਵਗੈਰਾ ਲਾ ਕੇ ਚੰਗੀ ਖ਼ੂਬਸੂਰਤ ਸਟੇਜ ਤਿਆਰ ਕੀਤੀ ਜਾਂਦੀ। ਹਾਂ, ਉਨ੍ਹਾਂ ਦਿਨਾਂ ਵਿਚ ਲਾਊਡ ਸਪੀਕਰ ਪਿੰਡਾਂ ਵਿਚ ਆ ਚੁਕੇ ਸਨ, ਇਸ ਲਈ ਡਰਾਮੇ ਦੀ ਆਵਾਜ਼ ਦੂਰ ਤਕ ਪਹੁੰਚਾਉਣ ਲਈ ਹਰ ਰੋਜ਼ ਲਾਊਡ ਸਪੀਕਰ ਦਾ ਪੱਕਾ ਪ੍ਰਬੰਧ ਹੁੰਦਾ। ਇਹ ਡਰਾਮੇ ਲਗਾਤਾਰ 10-12 ਦਿਨ ਚਲਦੇ ਅਤੇ ਇਨ੍ਹਾਂ ਦਿਨਾਂ ਵਿਚ ਪਿੰਡ ਵਿਚ ਵਿਆਹ ਵਰਗਾ ਮਾਹੌਲ ਹੁੰਦਾ। ਭਾਵੇਂ ਇਨ੍ਹਾਂ ਡਰਾਮਿਆਂ ਦੇ ਕਿਰਦਾਰ ਪਿੰਡ ਦੇ ਮੁੰਡੇ ਹੀ ਹੁੰਦੇ ਸਨ ਪਰ ਇਹ ਏਨੇ ਰੋਚਕ ਹੁੰਦੇ ਸਨ ਕਿ ਪਿੰਡ ਵਾਲੇ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਅਪਣਾ ਸਾਰਾ ਕੰਮ ਖ਼ਤਮ ਕਰ ਲੈਂਦੇ। ਔਰਤਾਂ ਰੋਟੀ ਟੁੱਕ ਦਾ ਕੰਮ ਜਲਦੀ ਨਿਬੇੜ ਕੇ ਵਿਹਲੀਆਂ ਹੋ ਜਾਂਦੀਆਂ। ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਸਕੂਲ ਤੋਂ ਆਉਂਦੇ ਹੀ ਅਪਣਾ ਘਰ ਦਾ ਕੰਮ ਕਰ ਲੈਂਦੇ ਤਾਕਿ ਡਰਾਮਾ ਵੇਖਣ ਲਈ ਕੋਈ ਉਨ੍ਹਾਂ ਨੂੰ ਨਾ ਰੋਕੇ। ਏਨਾ ਚਾਅ ਹੁੰਦਾ ਸੀ ਡਰਾਮਾ ਵੇਖਣ ਦਾ ਪਿੰਡ ਦੇ ਹਰ ਜੀਅ ਨੂੰ।
ਪਿੰਡ ਵਿਚ ਇਹ ਡਰਾਮੇ ਰਾਤ ਨੂੰ ਖੇਡੇ ਜਾਂਦੇ ਸਨ ਪਰ ਉਨ੍ਹਾਂ ਦਿਨਾਂ ਵਿਚ ਪਿੰਡਾਂ 'ਚ ਅਜੇ ਬਿਜਲੀ ਨਹੀਂ ਸੀ ਆਈ। ਇਸ ਲਈ ਰੌਸ਼ਨੀ ਲਈ ਵੱਡੀਆਂ-ਵੱਡੀਆਂ ਗੈਸਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਲਈ ਵਿਸ਼ੇਸ਼ ਕਾਰੀਗਰਾਂ ਦੀ ਪੱਕੀ ਡਿਊਟੀ ਹੁੰਦੀ ਸੀ।
ਰਾਤ ਪੈਂਦਿਆਂ ਹੀ ਜਦੋਂ ਗੈਸਾਂ ਦੀ ਰੌਸ਼ਨੀ ਵਿਚ ਸਟੇਜ ਉਤੇ ਰੰਗਦਾਰ ਪਰਦਿਆਂ ਦੀ ਚਮਕ ਵਿਚ ਸਪੀਕਰ ਤੇ ਮਿੱਠੇ-ਮਿੱਠੇ ਗਾਣੇ ਸ਼ੁਰੂ ਹੁੰਦੇ, ਪਿੰਡ ਵਾਲੇ ਛੇਤੀ ਛੇਤੀ ਆ ਕੇ ਅਪਣੀ ਥਾਂ ਮਲਣੀ ਸ਼ੁਰੂ ਕਰ ਦੇਂਦੇ ਕਿਉਂਕਿ ਨਾਲ ਦੇ ਕਈ ਪਿੰਡਾਂ ਤੋਂ ਵੀ ਲੋਕ ਇਹ ਡਰਾਮੇ ਵੇਖਣ ਆਉਂਦੇ ਅਤੇ ਚੰਗਾ ਇਕੱਠ ਹੋ ਜਾਂਦਾ। ਬੱਚੇ ਤਾਂ ਘਰ ਤੋਂ ਬੋਰੀਆਂ ਲਿਆ ਕੇ ਪਹਿਲਾਂ ਹੀ ਸਟੇਜ ਦੇ ਨੇੜੇ ਥਾਂ ਮੱਲ ਲੈਂਦੇ। ਪਿੰਡ ਦੀਆਂ ਔਰਤਾਂ ਟੋਲਿਆਂ ਦੇ ਰੂਪ ਵਿਚ ਡਰਾਮੇ ਵੇਖਣ ਪੁਜਦੀਆਂ ਅਤੇ ਉਨ੍ਹਾਂ ਦੇ ਬੈਠਣ ਲਈ ਵਖਰਾ ਪ੍ਰਬੰਧ ਹੁੰਦਾ ਸੀ। ਭਲੇ ਦਿਨ ਸਨ ਇਸ ਲਈ ਪੁਲਿਸ ਵਾਲਿਆਂ ਦੀ ਡਿਊਟੀ ਦੀ ਲੋੜ ਨਹੀਂ ਸੀ ਹੁੰਦੀ।
ਡਰਾਮੇ ਦੇ ਕਿਰਦਾਰ ਭਾਵੇਂ ਪਿੰਡ ਦੇ ਵਿਅਕਤੀ ਹੀ ਨਿਭਾਉਂਦੇ ਸਨ ਪਰ ਮਨੋਰੰਜਨ ਵਿਚ ਵਾਧਾ ਕਰਨ ਲਈ ਡਾਂਸਰ ਜਾਂ ਦੋਗਾਣਾ ਬੋਲਣ ਵਾਲੇ ਬਾਹਰ ਤੋਂ ਪੈਸਿਆਂ ਤੇ ਆਉਂਦੇ ਸਨ ਅਤੇ 10-12 ਦਿਨ ਪਿੰਡ ਵਿਚ ਹੀ ਵਸੇਬਾ ਕਰਦੇ। ਮੈਨੂੰ ਯਾਦ ਹੈ ਕਿ ਸਾਡੇ ਪਿੰਡ ਪੰਜਾਬ ਦੇ ਪ੍ਰਸਿੱਧ ਪੰਜਾਬ ਸਿਲੈਕਟ ਡਾਂਸਰ ਬਡਹੇੜੀ ਵਾਲੇ ਮੁੰਦਰੀ ਅਤੇ ਪ੍ਰੇਮ ਦੀ ਜੋੜੀ ਲਗਾਤਾਰ ਕਈ ਸਾਲ ਆਉਂਦੀ ਰਹੀ। ਉਨ੍ਹਾਂ ਵਲੋਂ ਪਿੰਡ ਦੇ ਡਰਾਮਿਆਂ ਵਿਚ ਗਾਏ ਕਈ ਗੀਤ ਮੈਨੂੰ ਅੱਜ ਵੀ ਯਾਦ ਆਉਂਦੇ ਹਨ। ਪਿੰਡ ਵਿਚ ਕੀਤੇ ਗਏ ਡਰਾਮੇ ਬਹੁਤ ਹੀ ਉੱਚ ਪੱਧਰ ਦੇ, ਸਿਖਿਆਦਾਇਕ, ਮਨੋਰੰਜਕ ਅਤੇ ਅਸ਼ਲੀਲਪੁਣੇ ਤੋਂ ਕਿਤੇ ਦੂਰ ਹੁੰਦੇ ਸਨ ਜਿਵੇਂ ਡਰਾਮਾ ਅਮਰ ਸਿੰਘ ਰਾਠੌਰ, ਰਾਣੀ ਪਦਮਣੀ, ਪੂਰਨ ਭਗਤ, ਮਹਾਰਾਣਾ ਪ੍ਰਤਾਪ ਆਦਿ। ਡਰਾਮਿਆਂ ਦੇ ਹਰ ਸੀਨ ਦੇ ਖ਼ਤਮ ਹੋਣ ਤੇ ਹੁੰਦਾ ਸੀ ਡਾਂਸਰਾਂ ਦਾ ਦੋਗਾਣਾ, ਜੋ ਸੱਭ ਦਾ ਮਨ ਮੋਹ ਲੈਂਦਾ। ਡਾਂਸ ਦੇ ਨਾਲ-ਨਾਲ ਦੋਗਾਣੇ ਦੇ ਮਿੱਠੇ ਅਤੇ ਸਵਾਦਲੀ ਬੋਲ ਦਰਸ਼ਕਾਂ ਦੇ ਮਨਾਂ ਨੂੰ ਕੀਲ ਹੀ ਜਾਂਦੇ।
ਇਨ੍ਹਾਂ ਡਰਾਮਿਆਂ ਵਿਚ ਸੱਭ ਤੋਂ ਵੱਧ ਦਿਲਚਸਪ ਗੱਲ ਹੁੰਦੀ ਸੀ ਪਿੰਡ ਦੇ ਹੀ ਮੁੰਡਿਆਂ ਵਲੋਂ ਕੀਤੇ ਗਏ ਮਜ਼ਾਕੀਆ ਕਿਰਦਾਰ, ਚੁਟਕਲੇ, ਹੱਸਣ ਹਸਾਉਣ ਲਈ ਕੀਤੇ ਨਾਟਕੀ ਡਰਾਮੇ। ਇਹ ਗੱਲ ਵੀ ਹੁਣ ਤਕ ਚੇਤੇ ਆਉਂਦੀ ਹੈ ਕਿ ਪਿੰਡ ਦਾ ਹੀ ਇਕ ਮੁੰਡਾ 'ਬਾਈ ਅਜਮੇਰ' ਇਨ੍ਹਾਂ ਸਾਲਾਨਾ ਡਰਾਮਿਆਂ ਵਿਚ ਬਹੁਤ ਹੀ ਹਸਾਉਂਦਾ ਅਤੇ ਦਰਸ਼ਕਾਂ ਦੇ ਢਿੱਡੀਂ ਪੀੜ ਪਾ ਦੇਂਦਾ। ਇਕ ਸਾਲ ਦੀ ਗੱਲ ਹੈ ਕਿ ਉਸ ਨੇ ਰਾਤ ਨੂੰ ਅਪਣਾ ਭੇਸ ਬਦਲ ਬਦਲ ਕੇ ਦਰਸ਼ਕਾਂ ਨੂੰ ਏਨਾ ਹਸਾਇਆ ਕਿ ਦੂਜੇ ਦਿਨ ਦੂਜੇ ਪਿੰਡਾਂ ਦੇ ਲੋਕ ਆ ਕੇ ਕਹਿਣ ਲੱਗੇ, ''ਅਸੀ ਉਸ ਮੁੰਡੇ ਨੂੰ ਮਿਲਣ ਆਏ ਹਾਂ ਜਿਸ ਨੇ ਰਾਤ ਡਰਾਮੇ ਵਿਚ ਬਹੁਤ ਹਸਾਇਆ ਸੀ।'' ਇਹੋ ਜਿਹਾ ਹੁੰਦਾ ਸੀ ਡਰਾਮਿਆਂ ਦੇ ਦਿਨਾਂ ਵਿਚ ਪੰਜਾਬ ਦੇ ਪਿੰਡਾਂ ਦਾ ਮਾਹੌਲ।
ਜਿਵੇਂ ਦਸਿਆ ਗਿਆ ਹੈ ਕਿ ਉਨ੍ਹਾਂ ਦਿਨਾਂ ਵਿਚ ਲੋਕਾਂ ਦੇ ਮਨੋਰੰਜਨ ਦੇ ਸਾਧਨ ਬਹੁਤ ਸੀਮਤ ਹੁੰਦੇ ਸਨ ਤਾਂ ਕਮਿਊਨਿਸਟਾਂ ਦੀ ਪਾਰਟੀ ਵੀ ਪੰਜਾਬ ਦੇ ਪਿੰਡਾਂ ਵਿਚ ਸਿਆਸੀ ਡਰਾਮੇ ਖੇਡਦੀ ਅਤੇ ਅਪਣੀ ਸਿਆਸੀ ਗੱਲ ਨੂੰ ਡਰਾਮਿਆਂ ਰਾਹੀਂ ਲੋਕਾਂ ਨੂੰ ਦੱਸਣ ਦਾ ਯਤਨ ਕਰਦੀ। ਇਨ੍ਹਾਂ ਡਰਾਮਿਆਂ ਵਿਚ ਉਹ ਬਹੁਤ ਹੀ ਮਨੋਰੰਜਕ ਗੀਤ ਗਾ ਕੇ ਲੋਕਾਂ ਦੇ ਮਨਾਂ ਉਤੇ ਅਪਣੀ ਛਾਪ ਛੱਡਣ ਦਾ ਯਤਨ ਕਰਦੇ। ਅਪਣੀ ਮਨੋਰੰਜਨ ਦੀ ਭੁੱਖ ਨੂੰ ਮਿਟਾਉਣ ਲਈ ਕਈ-ਕਈ ਪਿੰਡਾਂ ਦੇ ਲੋਕ ਉਨ੍ਹਾਂ ਦੇ ਡਰਾਮਿਆਂ ਨੂੰ ਵੇਖਣ ਜਾਂਦੇ। ਗ਼ਰੀਬ ਲੋਕਾਂ ਦੇ ਪੱਖ ਦੀਆਂ ਗੱਲਾਂ ਡਰਾਮਿਆਂ ਅਤੇ ਗੀਤਾਂ ਰਾਹੀਂ ਸੁਣਨ ਲਈ ਲੋਕ ਅਪਣਾ ਕਾਰੋਬਾਰ ਛੱਡ ਕੇ ਕਾਮਰੇਡਾਂ ਦੇ ਡਰਾਮੇ ਜ਼ਰੂਰ ਵੇਖਣ ਜਾਂਦੇ। ਲੰਮੇ ਸਮੇਂ ਤੋਂ ਸੱਤਾ ਉਤੇ ਕਾਬਜ਼ ਪਾਰਟੀਆਂ ਲਈ ਉਹ ਲੋਕਾਂ ਨੂੰ ਗੀਤ ਰਾਹੀਂ ਦਸਦੇ-
ਨੀ ਉਤਰ ਕਾਟੋ, ਮੈਂ ਚੜ੍ਹਾਂ
ਹੁਣ ਕਿੰਨਾ ਚਿਰ ਰਹਿਣਾ ਚੜ੍ਹ ਕੇ?
ਜਾਂ ਫਿਰ ਗ਼ਰੀਬ ਤੋਂ ਗ਼ਰੀਬ ਦੀ ਦੁਖਦੀ ਰਗ ਨੂੰ ਟਟੋਲਦਿਆਂ ਉਹ ਮਹਿੰਗਾਈ ਉਪਰ ਟਕੋਰ ਕਰਦੇ ਹੋਏ ਗਾਣਾ ਗਾਉਂਦੇ-
ਖੰਭ ਲਾ ਕੇ ਖੰਡ ਉਡ ਗਈ,
ਖਾਲੀ ਛਾਲਾਂ ਮਾਰਦਾ ਏ ਗੁੜ ਦਾ ਭੜੌਲਾ।
ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਝੰਡਿਆਂ ਦੇ ਰੰਗਾਂ ਦੇ ਨਾਲ-ਨਾਲ ਉਹ ਅਪਣੀ ਪਾਰਟੀ ਦੇ ਝੰਡੇ ਦਾ ਜ਼ਿਕਰ ਕਰਦੇ ਹੋਏ ਵੀ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕਰਦੇ-
ਲਾਲ ਝੰਡੇ ਵਾਲਿਆ ਵੇ, ਤੂੰ ਵੀ ਕੁੱਝ ਦਸ ਲੈ
ਕਿੱਦਾਂ ਤੂੰ ਰਾਜ ਨੂੰ ਚਲਾਵੇਂਗਾ?
ਕਿੱਦਾਂ ਸ਼ਾਨ ਸੋਹਣੇ ਦੇਸ਼ ਦੀ ਵਧਾਵੇਂਗਾ?
ਇਸ ਤਰ੍ਹਾਂ ਉਨ੍ਹਾਂ ਦਾ ਪੱਖ ਕੋਈ ਵੀ ਹੋਵੇ ਪਰ ਉਹ ਲੋਕਾਂ ਦਾ ਮਨੋਰੰਜਨ ਜ਼ਰੂਰ ਕਰਦੇ। ਲੋਕ ਵੀ ਉਨ੍ਹਾਂ ਦੇ ਇਨ੍ਹਾਂ ਡਰਾਮਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰੀ ਭਰਦੇ।
ਹੌਲੀ ਹੌਲੀ ਪਿੰਡਾਂ ਵਿਚ ਸਰਕਾਰੀ ਫ਼ਿਲਮਾਂ ਵਿਖਾਉਣ ਵਾਲੇ ਜਾਣ ਲੱਗ ਪਏ ਜੋ ਸਰਕਾਰੀ ਨੀਤੀਆਂ ਬਾਰੇ ਲੋਕਾਂ ਨੂੰ ਦਸਦੇ। ਇਨ੍ਹਾਂ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਪ੍ਰਮੁੱਖ ਸਨ। ਇਨ੍ਹਾਂ ਨੂੰ ਵੀ ਪਿੰਡਾਂ ਦੇ ਲੋਕ ਬੜੀ ਦਿਲਚਸਪੀ ਨਾਲ ਵੇਖਦੇ। ਫਿਰ ਜਿਉਂ ਹੀ ਪਿੰਡਾਂ ਵਿਚ ਰੇਡੀਉ, ਨਾਲ ਦੇ ਸ਼ਹਿਰਾਂ ਦੇ ਸਿਨੇਮਿਆਂ ਵਿਚ ਫ਼ਿਲਮਾਂ ਅਤੇ ਫਿਰ ਘਰ ਘਰ ਟੀ.ਵੀ. ਪਹੁੰਚ ਗਏ ਤਾਂ ਉਹ ਪੁਰਾਣੇ ਡਰਾਮੇ ਅਲੋਪ ਹੀ ਹੋ ਗਏ। ਪਿੰਡਾਂ ਦੇ ਨੌਜੁਆਨਾਂ ਦਾ ਧਿਆਨ ਡਰਾਮਿਆਂ ਵਲੋਂ ਹਟ ਗਿਆ ਅਤੇ ਖ਼ਤਮ ਹੋ ਗਏ ਪਿੰਡਾਂ ਦੇ ਡਰਾਮਾਟਿਕ ਕਲੱਬ, ਜਿਨ੍ਹਾਂ ਦੇ ਨਾਲ ਹੀ ਖ਼ਤਮ ਹੋ ਗਏ 'ਬਾਈ ਅਜਮੇਰ' ਵਰਗੇ ਲੋਕਾਂ ਨੂੰ ਹਸਾਉਣ ਵਾਲੇ ਪੇਂਡੂ ਕਲਾਕਾਰ।
ਠੀਕ ਹੈ ਕਿ ਰੇਡੀਉ, ਟੀ.ਵੀ. ਸੀਰੀਅਲ, ਸਿਨੇਮਾ ਫ਼ਿਲਮਾਂ ਅਤੇ ਮੋਬਾਈਲ ਲੋਕਾਂ ਦਾ ਦਿਲ ਪ੍ਰਚਾਵਾ ਕਰਦੇ ਹਨ ਪਰ ਸਾਡਾ ਪਿਛੋਕੜ ਪੇਂਡੂ ਸਭਿਆਚਾਰ ਤਾਂ ਖ਼ਤਮ ਹੁੰਦਾ ਜਾ ਰਿਹਾ ਹੈ। ਸਰਕਾਰ ਦੀ ਇਹ ਡਿਊਟੀ ਹੈ ਕਿ ਪਿੰਡਾਂ ਦੇ ਹੁਨਰ ਅਤੇ ਸਭਿਆਚਾਰਕ ਕਲਾਕਾਰੀ ਨੂੰ ਉਭਾਰਨ ਲਈ ਪੇਂਡੂ ਸਭਿਆਚਾਰ ਨੂੰ ਜ਼ਰੂਰ ਉਤਸ਼ਾਹਿਤ ਕਰੇ। ਪਿੰਡਾਂ ਦੇ ਲੋਕਾਂ ਨੂੰ ਅਪਣੇ ਪੁਰਾਣੇ ਪੁਸ਼ਤੀ ਸਭਿਆਚਾਰ ਨਾਲ ਜੋੜਨ ਦਾ ਇਹ ਇਕ ਚੰਗਾ ਉਪਰਾਲਾ ਹੋਵੇਗਾ। ਸੰਪਰਕ : 98764-52223

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement