
ਦੋ ਕੁ ਦਹਾਕੇ ਪਹਿਲਾਂ ਪੰਜਾਬ ਵਿਚ ਨਵੰਬਰ ਦੇ ਅੱਧ ਤੋਂ ਲੈ ਕੇ ਫ਼ਰਵਰੀ ਮਹੀਨੇ ਦੇ ਆਖ਼ਰ ਤਕ ਖੇਤਾਂ ਵਿਚ ਵੱਡੇ-ਵੱਡੇ ਪੰਛੀਆਂ ਦੇ ਝੁੰਡ ਘੁੰਮਦੇ ਇੰਜ ਲਗਦੇ ਜਿਵੇਂ .........
ਪੰਜਾਬ : ਦੋ ਕੁ ਦਹਾਕੇ ਪਹਿਲਾਂ ਪੰਜਾਬ ਵਿਚ ਨਵੰਬਰ ਦੇ ਅੱਧ ਤੋਂ ਲੈ ਕੇ ਫ਼ਰਵਰੀ ਮਹੀਨੇ ਦੇ ਆਖ਼ਰ ਤਕ ਖੇਤਾਂ ਵਿਚ ਵੱਡੇ-ਵੱਡੇ ਪੰਛੀਆਂ ਦੇ ਝੁੰਡ ਘੁੰਮਦੇ ਇੰਜ ਲਗਦੇ ਜਿਵੇਂ ਫ਼ੌਜੀ ਪਰੇਡ ਕਰ ਰਹੇ ਹੋਣ। ਅਨੁਸ਼ਾਸਨ ਵਿਚ ਬੱਝੇ ਇਨ੍ਹਾਂ ਪੰਛੀਆਂ ਨੂੰ 'ਕੂੰਜ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅੱਜ ਤੋਂ 25-30 ਸਾਲ ਪੁਰਾਣੇ ਪੰਜਾਬੀ ਸਾਹਿਤ ਵਿਚ 'ਕੂੰਜ' ਸ਼ਬਦ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਕਿਉਂਕਿ ਉਸ ਸਮੇਂ ਹਰ ਇਕ ਵਿਅਕਤੀ ਕੂੰਜਾਂ ਨੂੰ ਬੜੇ ਹੀ ਚਾਅ ਨਾਲ ਦੇਖ ਦਾ ਸੀ। ਇਕ ਕਤਾਰ ਵਿਚ ਅਸਮਾਨ ਵਿਚ ਉਡਦੀਆਂ ਕੂੰਜਾਂ ਨੂੰ ਦੇਖ ਕੇ ਨਵ ਵਿਆਹੀਆਂ ਮੁਟਿਆਰਾਂ ਨੂੰ ਅਪਣੇ ਪੇਕਿਆਂ ਦੀ ਯਾਦ ਆ ਜਾਂਦੀ, ਜਿਨ੍ਹਾਂ ਦੇ ਮਾਹੀ ਪ੍ਰਦੇਸ਼ ਗਏ ਹੁੰਦੇ ਉਹ ਕੂੰਜਾਂ ਹੱਥ ਸੁਨੇਹੇ ਘਲਦੀਆਂ। ਉਸ ਵੇਲੇ ਸੋਹਣੀਆਂ, ਪਤਲੀਆਂ, ਕੋਮਲ, ਨਾਜ਼ੁਕ, ਅੱਲ੍ਹੜ, ਉੱਚੀਆਂ-ਲੰਮੀਆਂ ਮੁਟਿਆਰਾਂ ਦੀ ਤੁਲਨਾ ਕੂੰਜਾਂ ਨਾਲ ਕੀਤੀ ਜਾਂਦੀ ਸੀ। ਪੰਜਾਬੀ ਦੇ ਪੁਰਾਣੇ ਗੀਤਾਂ ਵਿਚ ਕੂੰਜਾਂ ਬਾਰੇ ਕਈ ਥਾਵਾਂ 'ਤੇ ਜ਼ਿਕਰ ਮਿਲ ਜਾਂਦਾ ਹੈ ਕਿਉਂਕਿ ਕੁਰਲਾਉਂਦੀ ਕੂੰਜ ਵਿਚੋਂ ਹਰ ਇਕ ਨੂੰ ਅਪਣਾ ਬਿਰਹਾ ਨਜ਼ਰ ਆਉਂਦਾ ਸੀ। ਭਾਵੇਂ ਕਈ ਨਵੇਂ ਗੀਤਾਂ 'ਚ ਵੀ ਕੂੰਜਾਂ ਦਾ ਜ਼ਿਕਰ ਆਉਂਦਾ ਹੈ ਪਰ ਅਫ਼ਸੋਸ ਨਵੀਂ ਪੀੜ੍ਹੀ ਨੂੰ ਨਾ ਕੂੰਜ ਬਾਰੇ ਪਤਾ ਹੈ ਤੇ ਨਾ ਹੀ ਉਸ ਦੀ ਮਹੱਤਤਾ ਬਾਰੇ--ਇਸੇ ਲਈ ਅੱਜ ਦੀ ਪੀੜ੍ਹੀ ਦੇ ਨੌਜਵਾਨ ਗ਼ੈਰ ਅਨੁਸ਼ਾਸਿਤ ਹੋ ਕੇ ਬੇਲਗਾਮ ਹੋਏ ਫਿਰਦੇ ਹਨ।
Crane birdਉਂਜ, ਕੂੰਜਾਂ ਦੀ ਉੱਡਾਰੀ, ਨਾਚ, ਗਾਣਾ, ਵਫ਼ਾਦਾਰੀ ਅਤੇ ਇਨ੍ਹਾਂ ਦੇ ਵਿਰਲਾਪ ਦੀਆਂ ਕਹਾਣੀਆਂ ਨਾਲ ਪੰਜਾਬ ਦਾ ਹੀ ਨਹੀਂ ਬਲਕਿ ਦੁਨੀਆਂ ਭਰ ਦਾ ਸਾਹਿਤ ਭਰਿਆ ਪਿਆ ਹੈ। ਵਾਰਸ ਸ਼ਾਹ ਨੇ ਅਪਣੀ ਸ਼ਾਹਕਾਰ ਰਚਨਾ 'ਹੀਰ' ਵਿਚ ਸਿਆਲਾਂ ਦੀ ਮੁਟਿਆਰ ਹੀਰ ਦੀ ਤਸਬੀਹ ਕੂੰਜ ਨਾਲ ਕੀਤੀ ਹੈ। ਜਦੋਂ ਖੇੜੇ ਹੀਰ ਨੂੰ ਵਿਆਹ ਕੇ ਲਿਜਾਣ ਲਗਦੇ ਹਨ ਤਾਂ ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਇਕ ਬਾਜ ਕੂੰਜ ਨੂੰ ਦਬੋਚ ਕੇ ਲਿਜਾ ਰਿਹਾ ਹੋਵੇ। ਬਿਰਹਾ ਵਿਚ ਕਰੰਗ ਹੋਏ ਵਿਅਕਤੀ ਦੇ ਵਿਰਲਾਪ ਦੀ ਤੁਲਨਾ ਵੀ ਕੂੰਜ ਦੇ ਕੁਰਲਾਉਣ ਨਾਲ ਕੀਤੀ ਜਾਂਦੀ ਹੈ।
Crane bird flyingਕੂੰਜ ਨੂੰ ਵੱਖ-ਵੱਖ ਧਰਮਾਂ ਵਿਚ ਵੀ ਚਿੰਨ੍ਹਤ ਕੀਤਾ ਗਿਆ ਹੈ। ਕਹਿੰਦੇ ਹਨ ਕਿ ਜਦੋਂ ਇਕ ਸ਼ਿਕਾਰੀ ਨੇ ਕੂੰਜਾਂ ਦੀ ਜੋੜੇ ਵਿਚੋਂ ਇਕ ਨੂੰ ਤੀਰ ਮਾਰ ਕੇ ਮਾਰ ਦਿਤਾ ਸੀ ਤਾਂ ਦੂਜੀ ਕੂੰਜ ਦਾ ਕੁਰਲਾਉਣਾ ਸੁਣ ਕੇ ਬਾਬਾ ਬਾਲਮੀਕ ਨੂੰ ਰਮਾਇਣ ਲਿਖਣ ਦੀ ਪ੍ਰੇਰਨਾ ਮਿਲੀ ਸੀ। ਕੂੰਜਾਂ ਦਾ ਜ਼ਿਕਰ ਕੁਰਾਨ ਵਿਚ ਆਉਣ ਨਾਲ ਇਸਲਾਮ ਨੂੰ ਮੰਨਣ ਵਾਲੇ ਇਨ੍ਹਾਂ ਨੂੰ ਪਵਿੱਤਰ ਪੰਛੀ ਮੰਨਦੇ ਹਨ ਅਤੇ ਇਨ੍ਹਾਂ ਦੀ ਰਾਖੀ ਕਰਦੇ ਹਨ। ਇਨ੍ਹਾਂ ਪੰਛੀਆਂ ਦਾ 'ਕੂੰਜ' ਨਾਮ ਸੰਸਕ੍ਰਿਤ ਦੇ ਲਫ਼ਜ਼ 'ਕਰਾਉਚ' ਤੋਂ ਬਣਿਆ ਹੈ। ਹਿੰਦੀ ਵਿਚ ਕੂੰਜਾਂ ਨੂੰ 'ਕਰਕਰਾਂ' ਅਤੇ ਅੰਗਰੇਜ਼ੀ ਵਿਚ 'ਕਰੇਨਸ' ਕਿਹਾ ਜਾਂਦਾ ਹੈ। ਧਰਤੀ 'ਤੇ ਕੁੱਲ 15 ਪ੍ਰਕਾਰ ਦੀਆਂ ਕੂੰਜਾਂ ਮਿਲਦੀਆਂ ਹਨ। ਇਨ੍ਹਾਂ ਵਿਚੋਂ ਸੱਤ ਜਾਤੀਆਂ ਦੀ ਹੋਂਦ ਖ਼ਤਰੇ ਦੇ ਕੰਢੇ ਉੱਤੇ ਪਹੁੰਚ ਚੁਕੀ ਹੈ।
Crane bird ਭਾਰਤ ਵਿਚ ਚਾਰ ਪ੍ਰਕਾਰ ਦੀਆਂ ਕੂੰਜਾਂ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਕੇਵਲ 'ਸਾਰਸ' ਨਾਂ ਦੀ ਜਾਤੀ ਦੀ ਕੂੰਜ ਹੀ ਸਾਰਾ ਸਾਲ ਇਥੇ ਰਹਿੰਦੀ ਹੈ ਤੇ ਬਾਕੀ ਦੀਆਂ ਤਿੰਨ ਜਾਤੀਆਂ ਸਿਰਫ਼ ਸਰਦੀਆਂ ਕੱਟਣ ਇੱਥੇ ਆਉਂਦੀਆਂ ਹਨ। ਪਰ ਹੁਣ ਉਹ ਵੀ ਕਿਤੇ ਦਿਖਾਈ ਨਹੀਂ ਦਿੰਦੀਆਂ। ਕੂੰਜਾਂ ਦੀ ਗਿਣਤੀ ਵੱਡੇ ਅਤੇ ਸਰੀਫ਼ ਪੰਛੀਆਂ ਵਿਚ ਕੀਤੀ ਜਾਂਦੀ ਹੈ। ਇਨ੍ਹਾਂ ਦੇ ਸਿਰ ਛੋਟੇ, ਧੌਣ ਲੰਮੀ ਅਤੇ ਲੱਤਾਂ ਲੰਮੀਆਂ ਹੁੰਦੀਆਂ ਹਨ। ਛੋਟੀਆਂ ਕੂੰਜਾਂ ਦੀ ਉਚਾਈ 75 ਸੈਂਟੀਮੀਟਰ, ਸਰੀਰ ਦੀ ਲੰਬਾਈ 85 ਤੋਂ 100 ਸੈਂਟੀਮੀਟਰ, ਪਰਾਂ ਦਾ ਪਸਾਰ 155 ਤੋਂ 180 ਸੈਂਟੀਮੀਟਰ ਅਤੇ ਭਾਰ 2 ਤੋਂ 3 ਕਿਲੋ ਤਕ ਹੁੰਦਾ ਹੈ। ਇਨ੍ਹਾਂ ਦੇ ਕਾਲੇ ਸਿਰ ਹੇਠਾਂ ਠੋਡੀ ਤੋਂ ਲੰਮੀ ਗਰਦਨ ਦੀ ਜੜ੍ਹ ਤਕ ਕਾਲੇ ਲੰਮੇ ਖੰਭਾਂ ਦੀ ਦਾੜ੍ਹੀ ਜਿਹੀ ਹੁੰਦੀ ਹੈ। ਕੂੰਜਾਂ ਦੀਆਂ ਲਾਲ ਅੱਖਾਂ ਦੇ ਪਿੱਛੋਂ ਕੰਨਾਂ ਉੱਤੇ ਥੱਲਿਉਂ ਅੱਗੇ ਨੂੰ ਮੁੜੇ ਹੋਏ ਕੋਈ 4-5 ਇੰਚ ਲੰਮੇ ਕੁਝ ਦੁੱਧ ਚਿੱਟੇ ਖੰਭ ਹੁੰਦੇ ਹਨ। ਗਰਦਨ ਦਾ ਪਿੱਠ ਵਾਲਾ ਪਾਸਾ ਚਿੱਟਾ ਹੁੰਦਾ ਹੈ। ਇਨ੍ਹਾਂ ਪੰਛੀਆਂ ਪੂਛ ਕਾਲੀ ਹੁੰਦੀ ਹੈ।
Crane bird drawing ਚੁੰਝ ਪਤਲੀ ਅਤੇ ਲੱਤਾਂ ਖੁਰਦਰੀਆਂ ਤੇ ਕਾਲੀਆਂ ਹੀ ਹੁੰਦੀਆਂ ਹਨ। ਭਾਰਤ ਵਿਚ ਆਉਣ ਵਾਲੀਆਂ ਛੋਟੀਆਂ ਕੂੰਜਾਂ ਮੰਗੋਲੀਆ, ਚੀਨ ਅਤੇ ਮੱਧ-ਯੂਰਪ ਵਿਚ ਅਪਣੀਆਂ ਗਰਮੀਆਂ ਕਟਦੀਆਂ ਹਨ ਅਤੇ ਉੱਥੇ ਹੀ ਬੱਚੇ ਦਿੰਦੀਆਂ ਹਨ। ਵੱਡੇ ਕਾਫ਼ਲਿਆਂ ਵਿਚ ਇਹ ਅੰਗਰੇਜ਼ੀ ਦੇ ਅੱਖ਼ਰ 'ਵੀ' ਦੇ ਆਕਾਰ ਵਿਚ 5,000 ਤੋਂ 8,000 ਮੀਟਰ ਦੀ ਉਚਾਈ 'ਤੇ ਉਡਦੀਆਂ ਹਿਮਾਲਿਆ ਨੂੰ ਪਾਰ ਕਰ ਕੇ ਅਕਤੂਬਰ ਦੇ ਸ਼ੁਰੂ ਵਿਚ ਭਾਰਤ ਪਹੁੰਚ ਜਾਂਦੀਆਂ ਹਨ। ਕੂੰਜਾਂ ਦਾ ਮੁੱਖ ਭੋਜਨ ਘਾਹ ਫੂਸ ਹੀ ਹੁੰਦਾ ਹੈ। ਠੰਢੇ ਇਲਾਕਿਆਂ ਵਿਚ ਇਹ ਖ਼ੁਸ਼ਕ ਘਾਹ ਦੇ ਮੈਦਾਨਾਂ ਵਿਚ ਹਰਿਆਵਲ ਹੀ ਖਾਂਦੀਆਂ ਹਨ ਪਰ ਭਾਰਤ ਵਿਚ ਇਹ ਝੀਲਾਂ, ਛੱਪੜਾਂ ਅਤੇ ਦਰਿਆਵਾਂ ਨੇੜੇ ਰਹਿੰਦੀਆਂ ਹਨ ਅਤੇ ਖੇਤਾਂ ਵਿਚੋਂ ਪੁੰਗਰਦੀ ਕਣਕ, ਮੂੰਗਫਲੀ, ਦਾਣੇ, ਕੀੜੇ-ਮਕੌੜੇ, ਡੱਡੂ, ਕਿਰਲੀਆਂ, ਸੱਪ ਆਦਿ ਖਾਂਦੀਆਂ ਹਨ।ਮਾਰਚ ਦੇ ਮਹੀਨੇ ਵਿਚ ਉਸੇ ਰਸਤੇ ਵਾਪਸ ਅਪਣੇ ਗਰਮੀਆਂ ਵਾਲੇ ਅੱਡੇ ਵਲ ਚਲ ਪੈਂਦੀਆਂ ਹਨ।
clouds of cranesਕੂੰਜਾਂ ਦੀ ਜਣਨ ਪ੍ਰਕਿਰਿਆ ਵੀ ਵਿਲੱਖਣ ਹੈ। ਮਾਦਾ ਦੋ ਫਿੱਕੀ ਪੀਲੀ ਭਾਹ ਵਾਲੇ ਸਲੇਟੀ ਅੰਡੇ ਦਿੰਦੀ ਹੈ। ਨਰ ਅਤੇ ਮਾਦਾ ਵਾਰੀ-ਵਾਰੀ 27 ਤੋਂ 29 ਦਿਨ ਅੰਡੇ ਸੇਕ ਕੇ ਚੂਚੇ ਕੱਢ ਲੈਂਦੇ ਹਨ। ਚੂਚੇ 55 ਤੋਂ 65 ਦਿਨਾਂ ਵਿਚ ਉੱਡਣ ਦੇ ਕਾਬਲ ਹੋ ਜਾਂਦੇ ਹਨ ਪਰ ਪੂਰਾ ਇਕ ਸਾਲ ਉਹ ਰਹਿੰਦੇ ਅਪਣੇ ਮਾਂ-ਬਾਪ ਦੀ ਡਾਰ ਵਿਚ ਹੀ ਹਨ।
ਰਾਜਸਥਾਨ ਦੇ 'ਕੀਚਨ' ਪਿੰਡ ਦੇ ਲੋਕੀਂ ਕੂੰਜਾਂ ਨੂੰ ਦਾਣੇ ਪਾਉਂਦੇ ਹਨ ਅਤੇ ਉੱਥੇ ਸਰਦੀਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕੂੰਜਾਂ ਆਉਂਦੀਆਂ ਹਨ। ਸੈਲਾਨੀ ਇਨ੍ਹਾਂ ਕੂੰਜਾਂ ਨੂੰ ਦੇਖਣ ਦੂਰੋਂ-ਦੂਰੋਂ ਪਿੰਡ ਕੀਚਨ ਜਾਂਦੇ ਹਨ। 'ਸਾਰਸ ਕੂੰਜ' ਦੇ ਖ਼ਤਰੇ ਦੇ ਕਗਾਰ ਉੱਤੇ ਪਹੁੰਚਣ ਕਰ ਕੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਨੂੰ ਅਪਣਾ 'ਰਾਜ ਪੰਛੀ' ਐਲਾਨਿਆ ਹੈ।
Crane birdਕੂੰਜਾਂ ਇਕ ਅਜਿਹਾ ਪੰਛੀ ਹੈ ਜਿਸ ਤੋਂ ਮਨੁੱਖ ਨੂੰ ਅਨੁਸ਼ਾਸਨ ਸਿਖਣਾ ਚਾਹੀਦਾ ਹੈ। ਇਹ ਇਕੋ ਲੀਡਰ ਦੀ ਅਗਵਾਈ ਵਿਚ ਲੰਮਾ ਪੈਂਡਾ ਤੈਅ ਕਰਦੀਆਂ ਹਨ ਤੇ ਕਿਸੇ ਇਕ ਪੰਛੀ ਨੂੰ ਮਨਮਰਜ਼ੀ ਨਹੀਂ ਕਰਨ ਦਿੰਦੀਆਂ। ਜੇਕਰ ਕੋਈ ਕੂੰਜ ਅਪਣੀ ਮਨਮਰਜ਼ੀ ਕਰ ਕੇ ਡਾਰ ਤੋਂ ਇਧਰ ਉਧਰ ਹੋ ਜਾਂਦੀ ਹੈ ਤਾਂ ਉਹ ਬਕਾਇਦਾ ਉਸ ਨੂੰ ਇਕੱਲੀ ਕੱਢ ਕੇ ਸਜ਼ਾ ਦਿੰਦੀਆਂ ਹਨ। ਅੱਜ ਦੇ ਮਨੁੱਖ ਨੂੰ ਕੂੰਜ ਦੀ ਇਸ ਕਲਾ ਨੂੰ ਅਪਣਾਉਣਾ ਚਾਹੀਦਾ ਹੈ। ਅੱਜ ਇੰਜ ਲਗਦਾ ਹੈ ਕਿ ਜਿਵੇਂ ਕੂੰਜਾਂ ਦਾ ਜ਼ਿਕਰ ਕਿਤਾਬਾਂ ਵਿਚ ਹੀ ਰਹਿ ਗਿਆ ਹੈ। ਅੱਜ ਪੰਜਾਬ ਦੇ ਖੇਤਾਂ ਵਿਚ ਕੂੰਜਾਂ ਨਜ਼ਰ ਨਹੀਂ ਆਉਂਦੀਆਂ। ਲਗਦਾ ਹੈ ਕਿ ਜਿਵੇਂ ਵੱਡਾ ਸ਼ਿਕਰਾ ਇਨ੍ਹਾਂ ਨੂੰ ਦਬੋਚ ਕੇ ਲੈ ਗਿਆ ਹੈ। ਇਹ ਸ਼ਿਕਰਾ ਕੋਈ ਹੋਰ ਨਹੀਂ ਬਲਕਿ ਅਸੀਂ ਹੀ ਹਾਂ ਤੇ ਸਾਡੇ ਕਿਸਾਨ ਭਰਾ ਹਨ। ਕਿਸਾਨਾਂ ਨੇ ਖੇਤਾਂ ਵਿਚ ਅੰਨ੍ਹਵਾਹ ਜ਼ਹਿਰੀਲੀਆਂ ਦਵਾਈਆਂ ਛਿੜਕ-ਛਿੜਕ ਕੇ ਇਨ੍ਹਾਂ ਪੰਛੀਆਂ ਨੂੰ ਅਪਣੇ ਅਤੇ ਸਾਹਿਤ ਤੋਂ ਇੰਨਾ ਦੂਰ ਕਰ ਦਿਤਾ ਕਿ ਇਹ ਮੁੜ ਕਦੇ ਨਹੀਂ ਆਉਣਗੀਆਂ। ਸਰਕਾਰਾਂ ਤੇ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਕੂੰਜਾਂ ਨੂੰ ਮੋੜ ਲਿਆਉਣ ਤੇ ਸਾਡੇ ਨਿਆਣਿਆਂ ਨੂੰ ਇਹ ਪੁਛਣ ਦੀ ਲੋੜ ਨਾ ਪਵੇ ਕਿ ਕੂੰਜਾਂ ਕਿਹੋ ਜਿਹੀਆਂ ਹੁੰਦੀਆਂ ਹਨ।
ਭੋਲਾ ਸਿੰਘ ਪ੍ਰੀਤ