ਗੁਆਚੇ ਸੁਪਨਿਆਂ ਦਾ ਭਵਿੱਖ
Published : Aug 29, 2018, 1:07 pm IST
Updated : Aug 29, 2018, 1:07 pm IST
SHARE ARTICLE
Weeping Man
Weeping Man

ਪਿੰਡਾਂ ਦੇ ਹਾਲਾਤ, ਵੇਖਦਿਆਂ-ਵੇਖਦਿਆਂ ਹੀ, ਬਦ ਤੋਂ ਬਦਤਰ ਹੋ ਗਏ ਹਨ। ਪਿਆਰ-ਮੁਹੱਬਤ, ਖੇਡਾਂ-ਹਾਸੇ, ਮੇਲ-ਜੋਲ, ਸੱਥਾਂ, ਮਹਿਫ਼ਲਾਂ ਅਤੇ ਰੌਣਕਾਂ...........

ਪਿੰਡਾਂ ਦੇ ਹਾਲਾਤ, ਵੇਖਦਿਆਂ-ਵੇਖਦਿਆਂ ਹੀ, ਬਦ ਤੋਂ ਬਦਤਰ ਹੋ ਗਏ ਹਨ। ਪਿਆਰ-ਮੁਹੱਬਤ, ਖੇਡਾਂ-ਹਾਸੇ, ਮੇਲ-ਜੋਲ, ਸੱਥਾਂ, ਮਹਿਫ਼ਲਾਂ ਅਤੇ ਰੌਣਕਾਂ ਪਿੰਡਾਂ ਦੀਆਂ ਜੂਹਾਂ ਵਿਚੋਂ ਉਡਾਰੀ ਮਾਰ ਚੁਕੀਆਂ ਹਨ। ਬਚਪਨ ਵਿਚ ਸੁਣਦੇ ਸੀ ਕਿ ਪਿੰਡਾਂ ਵਿਚ ਰੱਬ ਵਸਦਾ ਹੈ, ਪਰ ਰੱਬ ਵਸਦਾ ਕਿਸੇ ਨਹੀਂ ਸੀ ਵੇਖਿਆ। ਹਾਂ ਪਿਡਾਂ ਵਿਚ ਸਿੱਧ-ਪੱਧਰੇ ਲੋਕ, ਫਰੇਬਾਂ ਤੇ ਹੇਰਾ-ਫੇਰੀਆਂ ਤੋਂ ਦੂਰ, ਉਨ੍ਹਾਂ ਦੀ ਸਾਫ਼ਦਿਲੀ ਸੱਚ-ਮੁੱਚ ਰੱਬ ਵਰਗੀ ਹੁੰਦੀ ਸੀ। ਅਪਣੇ ਕੰਮ ਨਾਲ ਵਾਸਤਾ ਰੱਖਣ ਵਾਲੇ ਸੱਚੇ ਸੁੱਚੇ ਲੋਕ ਪਿੰਡਾਂ ਵਿਚ ਵਸਦੇ ਸਨ। ਸੱਚ ਉਤੇ ਪਹਿਰਾ ਦੇਣ ਵਾਲੇ, ਮਾੜੀ ਸੰਗਤ ਤੋਂ ਫਾਸਲਾ ਰੱਖਣ ਵਾਲੇ, ਉਹ ਕਿਸੇ ਦਾ ਵੀ ਉਧਾਰ ਅਪਣੇ ਸਿਰ ਨਹੀਂ ਸੀ ਰਖਦੇ,

ਭਾਵੇਂ ਮੰਗਵੀਂ ਕੁੱਝ ਵੀ ਚੀਜ਼ ਹੋਵੇ। ਅੱਜ ਤਾਂ ਇੰਜ ਲਗਦੈ ਜਿਵੇਂ ਪਿੰਡਾਂ ਵਿਚ ਕੋਈ ਪ੍ਰੇਤ ਫਿਰ ਗਿਆ ਹੋਵੇ। ਅਸਲੀ ਭਾਈਚਾਰਾ ਤਾਂ ਲਗਭਗ ਗੁਆਚ ਹੀ ਗਿਆ ਹੈ। ਹਰ ਕੋਈ ਆਦਮ-ਬੋ, ਆਦਮ-ਬੋ ਕਰਦਾ ਅਪਣੇ ਆਪ ਨੂੰ ਨਾਢੂ ਖਾਂ ਸਮਝਦਾ ਹੈ। ਨੌਜਵਾਨ ਪੀੜ੍ਹੀ ਕੋਈ ਕੰਮ ਕਰ ਕੇ ਰਾਜ਼ੀ ਨਹੀਂ। ਪੜ੍ਹਾਈ ਵਲੋਂ ਵੀ ਬਹੁਤਿਆਂ ਦੀ ਸਲੇਟ ਦਿਨੋ-ਦਿਨ ਸਾਫ਼ ਹੋ ਰਹੀ ਹੈ। ਹਰ ਕੋਈ ਵੈਲੀਆਂ ਵਾਂਗ ਟੌਹਰ ਕੱਢ ਕੇ ਮਸਤ ਰਹਿੰਦਾ ਹੈ। ਪਿੰਡਾਂ ਵਿਚ ਕਿਸੇ ਵੇਲੇ ਚਾਹ ਨੂੰ ਵੀ ਨਸ਼ਾ ਸਮਝਿਆ ਜਾਂਦਾ ਸੀ। ਜਿਨ੍ਹਾਂ ਘਰਾਂ ਵਿਚ ਚਾਹ ਬਣਦੀ ਸੀ, ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਮਾੜੀਆਂ ਹਵਾਈਆਂ ਉਡਾਈਆਂ ਜਾਂਦੀਆਂ ਸਨ।

ਅਜਕਲ ਉਨ੍ਹਾਂ ਹੀ ਪਿੰਡਾਂ ਵਿਚ ਕਾਫ਼ੀ ਨੌਜਵਾਨ ਸਿਗਰਟ ਦੇ ਧੂੰਏਂ ਦਾ ਅੱਠਾ ਬਣਾਉਂਦੇ ਨਜ਼ਰ ਆਉਂਦੇ ਹਨ। ਬਹੁਤੇ ਲੋਕਾਂ ਨੂੰ (ਬੱਚਿਆਂ ਸਮੇਤ) ਨਸ਼ੇ ਵਾਲੀਆਂ ਗੋਲੀਆਂ, ਟੀਕੇ, ਭੁੱਕੀ, ਤਮਾਕੂ, ਸਮੈਕ ਦੀਆਂ ਕਿਸਮਾਂ ਬਾਰੇ ਪੂਰਾ ਗਿਆਨ ਹੈ। ਪਿੰਡਾਂ ਵਿਚੋਂ ਉਹ ਸਿਆਣੇ ਹੁਣ ਮੁਕਦੇ ਜਾ ਰਹੇ ਹਨ ਜਿਨ੍ਹਾਂ ਨੂੰ ਸੰਦੂਕਾਂ ਵਿਚ ਬੰਦ ਕਰ ਕੇ ਲਿਜਾਣ ਦੀਆਂ ਕਹਾਣੀਆਂ ਪ੍ਰਚਲਤ ਸਨ। ਜੋ ਹਵਾ ਦਾ ਰੁਖ਼ ਜਾਂ ਸੂਰਜ ਦੀ ਤਪਸ਼ ਵੇਖ ਕੇ ਆਉਣ ਵਾਲੇ ਮੌਸਮ ਦੀ ਸਹੀ ਜਾਣਕਾਰੀ ਦੱਸ ਦੇਂਦੇ ਸਨ। ਉਦੋਂ ਪੈਸੇ ਵਾਲਿਆਂ ਦੀ ਉਨੀ ਕਦਰ ਨਹੀਂ ਸੀ ਹੁੰਦੀ, ਜਿੰਨੀ ਸਿਆਣੇ ਅਤੇ ਅਕਲਮੰਦ ਬਜ਼ੁਰਗਾਂ ਦੀ ਹੁੰਦੀ ਸੀ।

ਉਹ ਹਰ ਇਕ ਨੂੰ ਰਾਏ ਦੇਣਾ ਅਪਣਾ ਹੱਕ ਸਮਝਦੇ ਸਨ ਤੇ ਉਨ੍ਹਾਂ ਦਾ ਰਾਹੇ ਪਾਇਆ ਬੰਦਾ ਕਦੇ ਵੀ ਅਪਣੀ ਮੰਜ਼ਿਲ ਤੋਂ ਨਹੀਂ ਸੀ ਖੁੰਝਦਾ। ਅੱਜ ਬਜ਼ੁਰਗਾਂ ਤੋਂ ਬਿਨਾਂ ਸਾਰਾ ਘਰ ਹੀ ਸਿਆਣਿਆਂ ਨਾਲ ਭਰਿਆ ਹੁੰਦਾ ਹੈ। ਨੂੰਹ ਸੱਸ ਦੀ ਨਹੀਂ ਸੁਣਦੀ, ਪੁੱਤਰ ਪਿਉ ਦੀ ਨਹੀਂ ਸੁਣਦਾ ਤੇ ਬੱਚੇ ਕਿਸੇ ਦੀ ਵੀ ਨਹੀਂ ਸੁਣਦੇ। ਬਹੁਤੇ ਘਰਾਂ ਵਿਚ ਮਹਾਂ-ਭਾਰਤ ਦਾ ਡਰਾਮਾ ਨਿੱਤ ਚਲਦਾ ਰਹਿੰਦਾ ਹੈ। ਵਿਆਹ ਵਾਲੀ ਕੁੜੀ ਦਾ ਚੂੜਾ ਵੀ ਮੈਲਾ ਨਹੀਂ ਹੁੰਦਾ ਕਿ ਨਵ-ਜੋੜਾ ਅਪਣਾ ਵਖਰਾ ਗੈਸ ਕੁਨੈਕਸ਼ਨ ਲੈ ਲੈਂਦਾ ਹੈ। ਜਦੋਂ ਹਰ ਕਮਰੇ ਵਿਚ ਗੈਸ ਬਲਦੀ ਹੋਵੇ ਤਾਂ ਘਰ ਵਿਚ ਠੰਢ ਅਤੇ ਸ਼ਾਂਤੀ ਦਾ ਵਾਸਾ ਕਿਵੇਂ ਹੋ ਸਕਦਾ ਹੈ?

ਕਦੇ ਵਿਗੜੇ ਬੱਚੇ ਨੂੰ ਵਿਆਹ ਦੇਂਦੇ ਸਨ ਤਾਂ ਉਹ ਠੀਕ ਹੋ ਜਾਂਦਾ ਸੀ, ਅਜਕਲ ਵਿਆਹ ਬਾਅਦ ਚੰਗਾ-ਭਲਾ ਬੱਚਾ ਵਿਗੜ ਜਾਂਦਾ ਹੈ। ਪੰਜਾਬ ਦਾ ਸਫ਼ਰ ਅੱਜ ਜਿਸ ਦਿਸ਼ਾ ਵਲ ਵੱਧ ਰਿਹਾ ਹੈ, ਉਥੇ ਹਨੇਰਿਆਂ ਤੋਂ ਵੱਧ ਕੁੱਝ ਨਜ਼ਰ ਨਹੀਂ ਆ ਰਿਹਾ। ਅਪਣੀ ਸਮਰੱਥਾ ਤੋਂ ਵੱਧ ਵਿਆਹਾਂ ਉਤੇ ਖਰਚਿਆ ਤੇ ਬੇ-ਮਤਲਬ ਤਿੰਨ-ਤਿੰਨ ਮੰਜ਼ਿਲੇ ਮਕਾਨਾਂ ਦੇ ਮਲਬੇ ਨੇ ਹੀ ਕਿਸਾਨਾਂ ਨੂੰ ਕਰਜ਼ੇ ਹੇਠ ਦੱਬ ਦਿਤਾ ਹੈ। ਫ਼ਸਲਾਂ ਦੀ ਉਪਜ ਤੋਂ ਵੱਧ ਖਾਦਾਂ, ਕੀਟਨਾਸ਼ਕ ਦਵਾਈਆਂ, ਬੇਗਾਨੇ ਟਰੈਕਟਰ ਦੀ ਵਾਹੀ ਤੇ ਕੰਬਾਈਨ ਦੀ ਕਟਾਈ ਨੇ ਆਮ ਕਿਸਾਨਾਂ ਦੀ ਜ਼ਿੰਦਗੀ ਨੂੰ ਪਟੜੀ ਤੋਂ ਲਾਹ ਦਿਤਾ ਹੈ।

ਬੇਰੁਜ਼ਗਾਰੀ ਦੀ ਸਮਸਿਆ ਅੱਜ ਸਾਰੀ ਦੁਨੀਆਂ ਉੱਪਰ ਭਾਰੂ ਹੈ। ਬਹੁਤੇ ਮੁਲਕ ਇਸ ਭੰਵਰ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਨ-ਸੰਖਿਆ ਦਾ ਵਾਧਾ ਵੱਡੀ ਰੁਕਾਵਟ ਸਿੱਧ ਹੋ ਰਿਹਾ ਹੈ। ਕਈਆਂ ਕੌਮਾਂ ਦੀ ਬੇਰੁਖ਼ੀ ਵੀ ਇਸ ਸਮੱਸਿਆ ਵਿਚ ਵਾਧਾ ਕਰ ਰਹੀ ਹੈ। ਬੇਰੁਜ਼ਗਾਰੀ ਅਤੇ ਜਨ-ਸੰਖਿਆ ਦਾ ਮਸਲਾ ਸੱਭ ਤੋਂ ਵੱਧ ਭਿਆਨਕ ਹੈ। ਲੋਕਾਂ ਨੂੰ ਇਸ ਬਾਰੇ ਹੋਰ ਜਾਗਰੂਕ ਕਰਨ ਦੀ ਲੋੜ ਹੈ। ਜੇ ਵਕਤ ਰਹਿੰਦੇ ਇਨ੍ਹਾਂ ਦਾ ਹੱਲ ਨਾ ਕਢਿਆ ਗਿਆ ਤਾਂ ਧਰਤੀ ਅਪਣੇ ਭਾਰ ਨਾਲ ਹੀ ਖ਼ਤਮ ਹੋ ਜਾਵੇਗੀ। ਲੋਕਾਂ ਦੀ ਆਪ ਸਹੇੜੀ ਇਕ ਸਮੱਸਿਆ ਹੋਰ ਵੀ ਹੈ। ਹਰ ਕੋਈ ਦਿਨਾਂ ਵਿਚ ਹੀ ਅਮੀਰ ਬਣਨ ਦਾ ਚਾਹਵਾਨ ਹੈ।

ਕੋਈ ਵੀ ਕੰਮ ਜਾਦੂ ਦੀ ਛੜੀ ਨਾਲ ਤਾਂ ਨਹੀਂ ਹੁੰਦਾ। ਬਾਗ਼ ਲਾਉਣ ਵਾਲਿਆਂ ਦੇ ਵੀ ਅਗਲੇ ਦਿਨ ਹੀ ਫਲ ਨਹੀਂ ਵਿਕਣ ਲੱਗ ਪੈਂਦੇ, ਸਮਾਂ ਬੀਤਣ ਉਤੇ ਉਹੀ ਬਾਗ਼ ਉਨ੍ਹਾਂ ਨੂੰ ਮਾਲਾ-ਮਾਲ ਕਰ ਦੇਂਦੇ ਹਨ। ਹਰ ਪੌਦੇ ਨੂੰ ਰੁੱਖ ਬਣਨ ਵਿਚ ਵਕਤ ਲਗਦਾ ਹੈ। ਫਿਰ ਉਹੀ ਰੁੱਖ ਛਾਂ, ਫਲ-ਫੁੱਲ ਵੀ ਅਤੇ ਪੰਛੀਆਂ ਨੂੰ ਰੈਣ-ਬਸੇਰਾ ਵੀ ਦੇਂਦਾ ਹੈ। ਬਸ, ਹੌਂਸਲੇ ਨਾਲ ਮਿਹਨਤ ਤੇ ਇੰਤਜ਼ਾਰ ਕਰਨੀ ਜ਼ਰੂਰੀ ਹੈ। ਦੁਨੀਆਂ ਦੇ ਅਮੀਰ ਨੌਕਰੀ ਨਾਲੋਂ ਸਵੈ-ਰੁਜ਼ਗਾਰ ਨੂੰ ਪਹਿਲ ਦੇਣ ਕਾਰਨ ਹੀ ਅੱਜ ਵਾਲੇ ਮੁਕਾਮ ਉੱਪਰ ਪਹੁੰਚੇ ਹਨ।

ਕਾਰੋਬਾਰ ਵਿਚ ਮਿਹਨਤ ਹੀ ਸੱਭ ਤੋਂ ਵੱਡਾ ਗੁਣ ਹੁੰਦੀ ਹੈ, ਜੋ ਆਦਮੀ ਨੂੰ ਬਹੁਤ ਦੂਰ ਤਕ ਲੈ ਜਾਂਦੀ ਹੈ। ਨੌਕਰੀਆਂ ਕਰਨ ਵਾਲੇ ਸਾਰੇ ਖ਼ੁਸ਼ਹਾਲ ਨਹੀਂ ਹੁੰਦੇ, ਗਿਣੀ-ਮਿੱਥੀ ਤਨਖ਼ਾਹ ਨਾਲ ਇਸ ਮਹਿੰਗਾਈ ਵਿਚ ਬਹੁਤਿਆਂ ਦਾ ਹਾਲ ਬਹੁਤਾ ਵਧੀਆ ਨਹੀਂ ਹੁੰਦਾ। ਹਰ ਇਕ ਨੂੰ ਅਪਣੇ ਰੁਤਬੇ ਮੁਤਾਬਕ ਜੀਵਨ ਪੱਧਰ ਰਖਣਾ ਪੈਂਦਾ ਹੈ। ਨੌਕਰੀ ਵਿਚ ਵਕਤ ਨਾਲ ਹੀ ਤਰੱਕੀ ਮਿਲਦੀ ਹੈ, ਪਰ ਕਾਰੋਬਾਰ ਵਿਚ ਤਰੱਕੀ ਤੁਹਾਡੀ ਮਿਹਨਤ ਉੱਪਰ ਨਿਰਭਰ ਕਰਦੀ ਹੈ। ਅੱਜ ਹੱਥਾਂ ਦੇ ਸੁਜਾਖਿਆਂ ਦਾ ਯੁੱਗ ਹੈ। ਪੱਖੇ ਦਾ ਸਵਿੱਚ ਆਨ ਕਰਨ ਤੇ ਹੀ ਹਵਾ ਆਉਂਦੀ ਹੈ,

ਬੰਦ ਪੱਖੇ ਕਦੇ ਹਵਾ ਨਹੀਂ ਦੇਂਦੇ। ਜ਼ਿੰਦਗੀ ਵਿਚ ਸਹੀ ਪਲਾਨਿੰਗ ਬਣਾਉਣ ਵਾਲਿਆਂ ਨੂੰ ਹੀ ਉਚਾਈਆਂ ਉੱਪਰ ਪਹੁੰਚਣ ਦਾ ਮੌਕਾ ਮਿਲਦਾ ਹੈ। ਜ਼ਿੰਦਗੀ ਦੀ ਔਖੀ ਤੋਂ ਔਖੀ ਮੰਜ਼ਿਲ ਵੀ ਮਿਹਨਤ ਨਾਲ ਸਰ ਕੀਤੀ ਜਾ ਸਕਦੀ ਹੈ, ਪਰ ਬੱਚਿਆਂ ਉੱਪਰ ਹੁਣ ਪਤਾ ਨਹੀਂ ਕਿਹੜੀ ਨਕਾਰਾਤਮਕ ਸੋਚ ਭਾਰੂ ਹੋ ਗਈ ਹੈ ਕਿ ਉਹ ਪੱਕੀ-ਪਕਾਈ ਖਾਣ ਦੇ ਆਦੀ ਹੋ ਗਏ ਹਨ। ਥੋੜੀ ਜਹੀ ਅਸਫ਼ਲਤਾ ਤੋਂ ਹੀ ਉਹ ਢੇਰੀ-ਢਾਅ ਲੈਂਦੇ ਹਨ। ਹਰ ਖੇਤਰ ਵਿਚ ਮੋਹਰੀ ਰਹਿਣ ਵਾਲੀ ਕੌਮ ਅੱਜ ਨਿਰਾਸ਼ਾਵਾਦੀ ਕਿਉਂ ਹੋ ਗਈ ਹੈ?

ਅੱਜ ਤੋਂ 40-50 ਸਾਲ ਪਹਿਲਾਂ ਫ਼ੌਜ ਵਿਚ ਤੇ ਆਈ.ਪੀ.ਐੱਸ., ਆਈ.ਏ.ਐੱਸ. ਜਾਂ ਹੋਰ ਕਿਸੇ ਵੀ ਮਹਿਕਮੇ ਦੇ ਅਫ਼ਸਰਾਂ ਵਿਚ ਪੰਜਾਬੀਆਂ ਦੀ ਬਹੁ-ਗਿਣਤੀ ਹੁੰਦੀ ਸੀ, ਪਰ ਅੱਜ ਪੰਜਾਬ ਦੇ ਜ਼ਿਆਦਾਤਰ ਬੱਚੇ ਸਿਪਾਹੀ ਦੀ ਭਰਤੀ ਤੋਂ ਵੀ ਨਾਕਾਮ ਹੋ ਰਹੇ ਹਨ। ਇਸ ਵਿਚ ਅਤਿਵਾਦ ਦਾ ਕਸੂਰ ਹੈ, ਨਕਲਾਂ ਦਾ ਜਾਂ ਨਸ਼ਿਆਂ ਦਾ ਇਸ ਦਾ ਹਿਸਾਬ ਲਾਉਣ ਦੀ ਬਹੁਤ ਜ਼ਰੂਰਤ ਹੈ। ਉਂਜ ਵੀ ਨਕਲਾਂ ਜਾਂ ਜਾਅਲੀ ਸਰਟੀਫ਼ਿਕੇਟਾਂ ਨਾਲ ਰੁਜ਼ਗਾਰ ਨਹੀਂ ਮਿਲਦੇ। ਉਸ ਲਈ ਮਿਹਨਤ ਕਰਨੀ ਪੈਂਦੀ ਹੈ। ਕਿਧਰੇ ਨਿਜੀ ਸਕੂਲਾਂ ਦਾ ਸਫ਼ਰ ਹੀ ਅੱਜ ਦੇ ਨਿਘਾਰ ਦਾ ਕਾਰਨ ਤਾਂ ਨਹੀਂ?

ਬੱਚਿਆਂ ਦੀ ਕਾਬਲੀਅਤ ਤੋਂ ਔਖੇ ਸਕੂਲਾਂ ਦਾ ਚਾਅ ਹੀ ਬੱਚਿਆਂ ਲਈ ਵੱਡੀ ਅੜਚਨ ਤਾਂ ਨਹੀਂ? ਅੰਗਰੇਜ਼ੀ ਸਕੂਲ, ਬੱਚਿਆਂ ਦੇ ਸੁਪਨੇ ਹੀ ਏਨੇ ਰੰਗੀਨ ਕਰ ਦੇਂਦੇ ਹਨ ਕਿ ਸਾਧਾਰਣ ਜ਼ਿੰਦਗੀ ਉਨ੍ਹਾਂ ਦੇ ਮੇਚ ਹੀ ਨਹੀਂ ਆਉਂਦੀ। ਤੱਪੜਾਂ ਵਾਲੇ ਸਕੂਲਾਂ ਵਿਚ ਪੜ੍ਹਦੇ ਬੱਚੇ ਜ਼ਿਆਦਾ ਸੁਪਨੇ ਨਹੀਂ ਸਨ ਵੇਖਦੇ, ਜਿਸ ਕਰ ਕੇ ਉਹ ਜ਼ਿੰਦਗੀ ਵਿਚ ਸੰਤੁਸ਼ਟ ਰਹਿੰਦੇ ਸਨ। ਅਸੰਭਵ ਸੁਪਨਿਆਂ ਨੂੰ ਹਰ ਕੋਈ ਪੂਰਾ ਨਹੀਂ ਕਰ ਸਕਦਾ। ਜੇਕਰ ਬੱਚੇ ਨੂੰ ਉਸ ਦੀ ਸਮਰੱਥਾ ਤੋਂ ਵੱਧ ਭਾਰ ਚੁਕਾਵਾਂਗੇ ਤਾਂ ਉਹ ਅੱਗੇ ਨਹੀਂ ਵਧੇਗਾ। ਲਾਪਰਵਾਹੀ ਨਾਲ ਨਾ ਰੁੱਖ ਹੀ ਪਲਦੇ ਹਨ ਅਤੇ ਨਾ ਹੀ ਬੱਚੇ।

ਸ਼ੁਰੂਆਤ ਵਿਚ ਇਨ੍ਹਾਂ ਨੂੰ ਵਾੜ ਜਾਂ ਦੇਖ-ਭਾਲ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪਲ ਚੁੱਕੇ ਰੁੱਖਾਂ ਨੂੰ ਵਾੜ ਅਤੇ ਵੱਡੇ ਹੋ ਚੁੱਕੇ ਬੱਚਿਆਂ ਨੂੰ ਹਦਾਇਤਾਂ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਹਾਲ ਬਹੁਤਾ ਵਧੀਆ ਨਹੀਂ ਰਹਿ ਗਿਆ ਤੇ ਨਿਜੀ ਸਕੂਲਾਂ ਦਾ ਖ਼ਰਚਾ ਭਰਨਾ ਆਮ ਲੋਕਾਂ ਦੀ ਹੈਸੀਅਤ ਤੋਂ ਬਾਹਰ ਹੈ। ਸਰਕਾਰਾਂ ਨੇ ਵੀ ਪਿਛਲੇ ਕੁੱਝ ਦਹਾਕਿਆਂ ਤੋਂ  ਸਰਕਾਰੀ ਸਕੂਲਾਂ ਤੇ ਕਾਲਜਾਂ ਵਲ ਕੋਈ ਖ਼ਾਸ ਧਿਆਨ ਨਹੀਂ ਦਿਤਾ। ਉਸ ਦੇ ਮੁਕਾਬਲੇ ਨਿਜੀ ਸਕੂਲ ਅਤੇ ਕਾਲਜ ਧੜਾ-ਧੜ ਬਣ ਰਹੇ ਹਨ। ਫਿਰ ਗ਼ਰੀਬ ਤੇ ਮੱਧ ਵਰਗ ਦੇ ਬੱਚੇ ਕਿਵੇਂ ਤੇ ਕਿਥੇ ਪੜ੍ਹਨਗੇ?

ਜੋ ਇਨ੍ਹਾਂ ਹਾਲਾਤ ਵਿਚ ਵੀ ਪੜ੍ਹ ਜਾਂਦੇ ਹਨ, ਉਨ੍ਹਾਂ ਵਿਚੋਂ ਬਹੁਤਿਆਂ ਨੂੰ ਨੌਕਰੀਆਂ ਨਸੀਬ ਨਹੀਂ ਹੁੰਦੀਆਂ। ਇਸ ਸੁਪਨਿਆਂ ਦੇ ਯੁੱਗ ਵਿਚ ਬੱਚਿਆਂ ਦੀਆਂ ਇੱਛਾਵਾਂ ਬੇਕਾਬੂ ਹੋ ਜਾਂਦੀਆਂ ਹਨ ਅਤੇ ਉਹ ਕੁਰਾਹੇ ਪੈ ਜਾਂਦੇ ਹਨ, ਨਾਲ ਹੀ ਮਾਪਿਆਂ ਦੀਆਂ ਉਮੀਦਾਂ ਮਿੱਟੀ ਹੋ ਜਾਂਦੀਆਂ ਹਨ। ਵਕਤ ਰਹਿੰਦੇ ਬਹੁਤੇ ਲੋਕ ਅਪਣੇ ਬੱਚਿਆਂ ਵਲ ਪੂਰਾ ਧਿਆਨ ਨਹੀਂ ਦੇਂਦੇ। ਜੇ ਮਨੋਵਿਗਿਆਨੀਆਂ ਦੀ ਮੰਨੀਏ ਤਾਂ ਬੱਚੇ ਨੂੰ ਸੁਧਾਰਨ ਤੇ ਸਵਾਰਨ ਦਾ ਸਮਾਂ ਦੋ-ਢਾਈ ਸਾਲ ਦੀ ਉਮਰ ਤੋਂ ਲੈ ਕੇ 13-14 ਸਾਲਾਂ ਤਕ ਦਾ ਹੁੰਦਾ ਹੈ। ਜੋ ਮਾਪੇ ਇਸ ਸਮੇਂ ਦੌਰਾਨ ਅਪਣੇ ਬੱਚਿਆਂ ਲਈ ਚਾਰ-ਦੀਵਾਰੀ ਦਾ ਕੰਮ ਕਰ ਜਾਂਦੇ ਹਨ, ਉਨ੍ਹਾਂ ਦੇ ਬੱਚੇ ਜ਼ਿੰਦਗੀ ਵਿਚ ਘੱਟ ਅਸਫ਼ਲ ਹੁੰਦੇ ਹਨ।

ਜੋ ਮਾਂ-ਬਾਪ ਹਾਈ ਸਕੂਲ ਤੋਂ ਬਾਅਦ ਅਪਣੇ ਬੱਚਿਆਂ ਨੂੰ ਰਾਹੇ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਉਸ ਵਕਤ ਤਕ ਬਸ ਨਿਕਲ ਚੁੱਕੀ ਹੁੰਦੀ ਹੈ। ਜ਼ਿਆਦਾਤਰ ਬੱਚੇ ਫਿਰ ਕਦੇ ਵੀ ਕਾਬੂ ਨਹੀਂ ਆਉਂਦੇ। ਅੱਜ ਜ਼ਿਆਦਾਤਰ ਮਾਵਾਂ ਬੱਚਿਆਂ ਨੂੰ ਖਿਡਾਉਣ ਜਾਂ ਵਰਚਾਉਣ ਦੀ ਥਾਂ ਉਨ੍ਹਾਂ ਨੂੰ ਟੀ.ਵੀ. ਅੱਗੇ ਬਿਠਾ, ਜਾਂ ਉਨ੍ਹਾਂ ਦੇ ਹੱਥ ਮੋਬਾਈਲ ਫੜਾ, ਆਪ ਅਪਣੇ ਕੰਮ ਵਿਚ ਰੁੱਝ ਜਾਂਦੀਆਂ ਹਨ। ਉਹ ਬੱਚੇ ਬੋਲਣਾ ਭਾਵੇਂ ਨਾ ਸਿਖਣ, ਉਂਗਲਾਂ ਉੱਪਰ ਕਰ ਕੇ ਸੰਗੀਤ ਮੁਤਾਬਕ ਸਿਰ ਹਿਲਾਉਣਾ ਜ਼ਰੂਰ ਸਿਖ ਜਾਂਦੇ ਹਨ। ਅਣਜਾਣੇ ਵਿਚ ਬੱਚਿਆਂ ਨੂੰ ਕਿਸ ਰਸਤੇ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ?

ਇਹ ਨਿਰਾਸ਼ਾਵਾਦੀ ਸੋਚ ਨਹੀਂ ਹੈ, ਪਰ ਬੱਚਿਆਂ ਨੂੰ ਉਸੇ ਤਰ੍ਹਾਂ ਦੇ ਸੁਪਨੇ ਵਿਖਾਉਣੇ ਚਾਹੀਦੇ ਹਨ, ਜੋ ਉਨ੍ਹਾਂ ਨੂੰ ਸਹੀ ਰਸਤਾ ਦੱਸਣ ਤੇ ਜਿਨ੍ਹਾਂ ਦੇ ਪੂਰੇ ਹੋਣ ਦੀ ਸੰਭਾਵਨਾ ਵੀ ਹੋਵੇ। ਜਦੋਂ ਗਭਰੇਟ ਉਮਰੇ ਸੁਪਨੇ ਟੁਟਦੇ ਹਨ ਤਾਂ ਸੱਭ ਕੁੱਝ ਚੂਰ-ਚੂਰ ਹੋ ਜਾਂਦਾ ਹੈ। ਅੱਜ ਰਾਜਨੀਤਕ ਢਾਂਚਾ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਲਿਆਕਤਵਾਨ ਬੱਚਿਆਂ ਨਾਲੋਂ ਜੁਗਾੜਬਾਜ਼ ਜ਼ਿਆਦਾ ਸਫ਼ਲ ਹੋ ਰਹੇ ਹਨ। ਜ਼ਿਆਦਾਤਰ ਨੌਕਰੀਆਂ ਲਈ ਕਰਿਆਨੇ ਦੀਆਂ ਦੁਕਾਨਾਂ ਵਾਂਗ ਪੱਕੀ ਰੇਟ ਲਿਸਟ ਲੱਗੀ ਹੁੰਦੀ ਹੈ ਜੋ ਸਾਧਾਰਣ ਲੋਕਾਂ ਦੀ ਪਹੁੰਚ ਤੋਂ ਬਹੁਤ ਉੱਪਰ ਹੁੰਦੀ ਹੈ। ਪੈਸੇ ਤੇ ਸਵਾਰਥ ਦੀ ਦੌੜ ਨੇ ਲੋਕਾਂ ਨੂੰ ਮਤਲਬੀ ਬਣਾ ਦਿਤਾ ਹੈ।

ਬਹੁਤੇ ਲੋਕ ਅਪਣਾ ਕੰਮ ਕੱਢਣ ਲਈ ਦੂਜੇ ਦਾ ਨੁਕਸਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅੱਜ ਜੇਕਰ ਕੋਈ ਭਲੇ ਦਾ ਕੰਮ ਵੀ ਕਰਦਾ ਹੈ, ਤਾਂ ਲੋਕ ਉਸ ਦਾ ਧਨਵਾਦ ਕਰਨ ਦੀ ਥਾਂ, ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੇ ਹਨ ਕਿ ਇਸ ਕੰਮ ਵਿਚ ਉਸ ਦਾ ਕੋਈ ਨਾ ਕੋਈ ਸਵਾਰਥ ਜ਼ਰੂਰ ਛੁਪਿਆ ਹੋਵੇਗਾ।
ਪਿੰਡਾਂ ਵਿਚ ਜ਼ਿਆਦਾਤਰ ਲੋਕ ਕੰਮ ਕਰਨ ਤੋਂ ਇਨਕਾਰੀ ਹੁੰਦੇ ਜਾ ਰਹੇ ਹਨ। ਥੋੜੀ-ਬਹੁਤੀ ਪੜ੍ਹਾਈ ਕਰਨ ਬਾਅਦ ਉਹ ਘਰ ਦਾ ਕੋਈ ਕੰਮ ਕਰਨਾ ਅਪਣੀ ਹੀਣਤਾ ਸਮਝਦੇ ਹਨ। ਖੇਤੀ ਅੱਜ ਬੇਗਾਨੇ ਹੱਥਾਂ ਵਿਚ ਚਲੀ ਗਈ ਹੈ। ਅੱਵਲ ਤਾਂ ਭਈਏ ਖੇਤੀ ਕਰਦੇ ਹਨ ਜਾਂ ਬਹੁਤੇ ਲੋਕ ਜ਼ਮੀਨ ਠੇਕੇ ਉੱਪਰ ਦੇਣ ਲੱਗ ਪਏ ਹਨ।

ਜੋ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਕਦੇ ਘਾਟਾ ਨਹੀਂ ਪੈਂਦਾ। ਅੱਜ ਵੀ ਪਿੰਡਾਂ ਵਿਚ ਜੋ ਸਿਰ ਸੁੱਟ ਕੇ ਕੰਮ ਕਰਦੇ ਹਨ, ਉਹ ਵਧੀਆ ਗੁਜ਼ਾਰਾ ਕਰ ਰਹੇ ਹਨ। ਜੇ ਤਰੀਕੇ ਨਾਲ ਚਲਿਆ ਜਾਵੇ ਤਾਂ ਖੇਤੀ ਦੀ ਉਪਜ ਘੱਟ ਨਹੀਂ ਹੁੰਦੀ, ਹਾਂ, ਉਸ ਦੇ ਮੁਕਾਬਲੇ ਮਹਿੰਗਾਈ ਕੁਝ ਜ਼ਿਆਦਾ ਹੋ ਗਈ ਹੈ ਤੇ ਕਿਸਾਨ ਦੇ ਫ਼ਜ਼ੂਲ ਖਰਚੇ ਵੀ ਵੱਧ ਗਏ ਹਨ। ਇਸ ਲਈ ਸੰਜਮ ਨਾਲ ਚੱਲਣ ਦੀ ਜ਼ਰੂਰਤ ਹੈ। ਜਦੋਂ ਘਰ ਦੇ ਸਾਰੇ ਜੀਅ ਖੇਤੀ ਵਿਚ ਹੱਥ ਵਟਾਉਂਦੇ ਸਨ, ਤਾਂ ਖੇਤੀ ਨੂੰ ਉਤਮ ਧੰਦਾ ਮੰਨਿਆ ਜਾਂਦਾ ਸੀ। ਫੇਰ ਜਦੋਂ ਪੜ੍ਹਾਈ ਦੀ ਜਾਗ ਲੱਗ ਗਈ ਤਾਂ ਲੋਕਾਂ ਦੀਆਂ ਖ਼ਾਹਿਸ਼ਾਂ ਵਧ ਗਈਆਂ ਤੇ ਉਨ੍ਹਾਂ ਪੈਸੇ ਪਿੱਛੇ ਭਜਣਾ ਸ਼ੁਰੂ ਕਰ ਦਿੱਤਾ।

ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਬੰਦਾ ਪੈਸੇ ਲਈ “ਕੁੱਝ ਵੀ” ਕਰਨ ਲਈ ਤਿਆਰ ਹੋ ਜਾਂਦਾ ਹੈ। ਜ਼ਿਆਦਾਤਰ ਲੋਕ ਆਪਣਾ-ਆਪਣਾ ਧੰਦਾ ਛੱਡ ਕੇ ਪਹਿਲਾਂ ਸ਼ਹਿਰਾਂ ਵਲ ਜਾਣੇ ਸ਼ੁਰੂ ਹੋਏ ਸਨ ਅਤੇ ਹੁਣ ਹਰ ਹਾਲਤ ਵਿਚ ਵਿਦੇਸ਼ਾਂ ਵਲ ਨੂੰ ਉਡਾਰੀ ਭਰਨ ਲਈ ਤਿਆਰ ਹਨ। ਪਿਛਲੇ ਸਮਿਆਂ ਵਿਚ ਜੇ ਕਿਸੇ ਕਿਸਾਨ ਦੇ ਚਾਰ ਪੁੱਤਰ ਹੁੰਦੇ ਸਨ ਤਾਂ ਉਹ ਸਿਰਫ਼ ਇਕ ਨੂੰ ਪੜ੍ਹਾ ਕੇ ਨੌਕਰੀ ਕਰਵਾਉਂਦਾ ਸੀ ਤੇ ਬਾਕੀ ਸਾਰੇ ਵਾਹੀ ਕਰਦੇ ਸਨ ਤੇ ਗੁਜ਼ਾਰਾ ਚੰਗਾ ਚਲਦਾ ਸੀ। ਪਰ ਹੁਣ ਸਾਰੇ ਹੀ ਵਾਹੀ ਤੋਂ ਬੇਮੁਖ ਹੋ ਨੌਕਰੀ ਜਾਂ ਬਾਹਰ ਜਾਣ ਦੇ ਚੱਕਰ ਵਿਚ ਭਟਕ ਰਹੇ ਹਨ। ਪਿੰਡਾਂ ਵਿਚ ਜ਼ਿਆਦਾ ਲੋਕ ਹੁਣ ਸੁਪਨੇ ਵੇਖਣ ਤੋਂ ਮੁਕਤ ਹੋ ਗਏ ਹਨ।

ਉਨ੍ਹਾਂ ਦਾ ਜ਼ਿਆਦਾ ਸਮਾਂ ਹੁਣ ਪੁੜੀਆਂ ਉਡੀਕਣ ਵਿਚ ਲੰਘਦਾ ਹੈ। ਉਨ੍ਹਾਂ ਦੀਆਂ ਅੱਖਾਂ ਵਿਚੋਂ ਭਵਿੱਖ ਦੀ ਤਲਬ ਮੁੱਕਦੀ ਜਾ ਰਹੀ ਹੈ। ਸਮਾਜ ਜਾਂ ਸਰਕਾਰ ਕੋਲ ਵੀ ਉਨ੍ਹਾਂ ਦੇ ਸੁਪਨਿਆਂ ਦਾ ਕੋਈ ਹੱਲ ਨਹੀਂ ਰਹਿ ਗਿਆ। ਨੌਕਰੀਆਂ ਦੇ ਥਾਂ ਜੋ ਨਸ਼ੇ ਪਰੋਸ ਰਹੇ ਹਨ, ਉਨ੍ਹਾਂ ਤੋਂ ਹੋਰ ਕਿਸੇ ਗੱਲ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? ਕੋਈ ਵੀ ਬੰਦਾ ਜਮਾਂਦਰੂ ਨਸ਼ਈ ਨਹੀਂ ਹੁੰਦਾ ਤੇ ਨਾ ਹੀ ਨਸ਼ੇ ਉਸ ਦੇ ਘਰ ਜਾਂ ਪਿੰਡ ਦੀ ਉਪਜ ਹਨ।

ਫਿਰ ਨਸ਼ਿਆਂ ਦਾ ਘਰ ਕਿਥੇ ਹੈ? ਉਹ ਲੱਭਣ ਦੀ ਜ਼ਰੂਰਤ ਹੈ। ਨਵੇਂ-ਨਵੇਂ ਬੀਜਾਂ ਨੇ ਕੀਟਨਾਸ਼ਕ ਦਵਾਈਆਂ ਨੇ ਫ਼ਸਲਾਂ ਦੇ ਝਾੜ ਜ਼ਰੂਰ ਵਧਾਏ ਹਨ, ਪਰ ਖਰਚੇ ਵੀ ਬਹੁਤ ਵੱਧ ਗਏ ਹਨ। ਇਸ ਅਖੌਤੀ ਤਰੱਕੀ ਨੇ ਲੋਕਾਂ ਨੂੰ ਜ਼ਿਆਦਾ ਬੇਰੁਜ਼ਗਾਰੀ ਅਤੇ ਖ਼ੁਦਕੁਸ਼ੀ ਵਲ ਹੀ ਧੱਕਿਆ ਹੈ। ਅੱਜ ਪੰਜਾਬ ਦੀ ਔਲਾਦ ਗਵਾਚਦੀ ਜਾ ਰਹੀ ਹੈ, ਉਨ੍ਹਾਂ ਦੇ ਸੁਪਨਿਆਂ ਦੀ ਪੂਰਤੀ ਲਈ ਕੌਣ ਕੀ ਕਰ ਰਿਹਾ ਹੈ?         ਸੰਪਰਕ : 98142-45911

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement