ਅਲੋਪ ਹੋ ਗਿਆ ਹੈ ਵਿਰਸੇ ਦਾ ਅਹਿਮ ਅੰਗ ਸੰਦੂਕ
Published : Aug 29, 2021, 2:03 pm IST
Updated : Aug 29, 2021, 2:03 pm IST
SHARE ARTICLE
Sandook
Sandook

ਤਰਖ਼ਾਣ ਕਾਰੀਗਰ ਅਪਣੀ ਪੂਰੀ ਕਲਾ ਕਿਰਤ ਅਤੇ ਮਹਾਨ ਮੀਨਾਕਾਰੀ ਰਾਹੀਂ ਸੰਦੂਕ ਤਿਆਰ ਕਰਦੇ ਸਨ।

ਸੰਦੂਕ ਨਿੰਮ ਜਾਂ ਟਾਹਲੀ ਦੀ ਲੱਕੜੀ ਦਾ ਬਣਿਆ ਹੁੰਦਾ ਸੀ। ਇਸ ਲੱਕੜ ਨੂੰ ਘੁਣ ਜਾਂ ਕੀੜਾ ਨਹੀਂ ਸੀ ਲਗਦਾ। ਸੰਦੂਕ ਲਈ ਕਾਲੀ ਟਾਹਲੀ ਦੀ ਲੱਕੜ ਸੱਭ ਤੋਂ ਉਤਮ ਮੰਨੀ ਜਾਂਦੀ ਸੀ ਪਰ ਟਾਹਲੀ ਨੂੰ ਕਾਲੀ ਹੋਣ ’ਤੇ ਬਹੁਤ ਸਮਾਂ ਲਗਦਾ ਸੀ। ਇਸ ਲਈ ਇਹ ਲੱਕੜ ਬਹੁਤ ਮੁਸ਼ਕਲ ਨਾਲ ਮਿਲਦੀ ਸੀ। ਇਸ ਤੋਂ ਬਣੇ ਸੰਦੂਕ ਬਹੁਤ ਸੋਹਣੇ, ਚਮਕਦਾਰ ਤੇ ਮਜ਼ਬੂਤ ਹੁੰਦੇ ਸਨ। ਲੱਕੜੀ ਦੇ ਕੰਮ ਵਿਚ ਨਿਪੁੰਨ ਕਾਰੀਗਰ ਸੰਦੂਕ ਨੂੰ ਬੜੀਆਂ ਰੀਝਾਂ ਨਾਲ ਬਣਾਉਂਦੇ ਸਨ।

Photo

ਵਿਆਹ ਤੋਂ ਦੋ ਤਿੰਨ ਮਹੀਨੇ ਪਹਿਲਾਂ ਮਾਹਰ ਤਰਖ਼ਾਣ ਨੂੰ ਘਰ ਬਿਠਾਇਆ ਜਾਂਦਾ ਸੀ। ਤਰਖ਼ਾਣ ਕਾਰੀਗਰ ਅਪਣੀ ਪੂਰੀ ਕਲਾ ਕਿਰਤ ਅਤੇ ਮਹਾਨ ਮੀਨਾਕਾਰੀ ਰਾਹੀਂ ਸੰਦੂਕ ਤਿਆਰ ਕਰਦੇ ਸਨ। ਸੰਦੂਕ ਦਾ ਪਿਛਲਾ ਹਿੱਸਾ ਬਿਲਕੁਲ ਸਾਫ਼ ਅਤੇ ਸਾਧਾਰਣ ਰਖਿਆ ਜਾਂਦਾ ਸੀ। ਸਾਹਮਣੇ ਵਾਲੇ ਪਾਸੇ ਅਤੇ ਪਾਸਿਆਂ ਵਾਲੇ ਹਿੱਸੇ ਉੱਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਸਨ। 

Sandook

ਸੰਦੂਕ ਨੂੰ ਹੋਰ ਸ਼ਿੰਗਾਰਨ ਲਈ ਮਾਹਰ ਕਾਰੀਗਰ ਪਿੱਤਲ ਦੀਆਂ ਮੇਖਾਂ, ਸ਼ੀਸ਼ਿਆਂ ਦੇ ਟੁਕੜੇ ਅਤੇ ਰੰਗਾਂ ਦਾ ਪ੍ਰਯੋਗ ਵੀ ਕਰਦੇ ਸਨ। ਪਹਿਲਾਂ-ਪਹਿਲ ਵਰਗਾਕਾਰ ਸਾਦੇ ਜਿਹੇ ਛੋਟੇ ਸੰਦੂਕ ਬਣਾਏ ਜਾਂਦੇ ਸਨ ਪਰ ਹੌਲੀ-ਹੌਲੀ ਸਮੇਂ ਦੇ ਬਦਲਾਅ ਨਾਲ ਛੱਜਿਆਂ ਵਾਲੇ ਲੰਮੇ 7-8 ਫੁੱਟੇ ਸੰਦੂਕ ਬਣਾਏ ਜਾਣ ਲੱਗੇ। ਫਿਰ ਦੋ ਛੱਤੇ ਜਾਂ ਰਖਣਿਆਂ ਵਾਲੇ ਸੰਦੂਕ ਬਹੁਤ ਮਸ਼ਹੂਰ ਹੋਏ। ਦੋ ਛੱਤੇ ਸੰਦੂਕਾਂ ਦੇ ਹੇਠਲੇ ਪਾਸੇ ਬਿਸਤਰੇ ਰੱਖੇ ਜਾਂਦੇ ਸਨ। ਉਪਰਲੇ ਖਾਨੇ ਵਿਚ ਘਰ ਜਾਂ ਔਰਤ ਦੇ ਨਿਤ ਵਰਤੋਂ ਦਾ ਸਾਮਾਨ ਸਾਂਭਿਆ ਜਾਂਦਾ ਸੀ।

Sandook

ਸੰਦੂਕ ਵਿਚ ਇਕ-ਦੋ ਸ਼ੈਲਫ਼ਾਂ ਵੀ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਫੱਟੀਆਂ ਕਿਹਾ ਜਾਂਦਾ ਸੀ। ਸੰਦੂਕ ਨੂੰ ਕਮਰੇ ਦੇ ਦਰਵਾਜ਼ੇ ਵਾਂਗ ਨਿੱਕੇ ਤਖ਼ਤਿਆਂ ਵਾਲਾ ਇਕ ਦਰਵਾਜ਼ਾ ਲੱਗਿਆ ਹੁੰਦਾ ਸੀ, ਜਿਸ ਨੂੰ ਲੋਹੇ ਦਾ ਇਕ ਕੁੰਡਾ ਲਾਇਆ ਜਾਂਦਾ ਸੀ। ਪੁਰਾਣੇ ਸੰਦੂਕਾਂ ਨੂੰ ਆਮ ਕਰ ਕੇ ਮੁੱਠੀਨੁਮਾ ਜਿੰਦੇ ਲਗਾਏ ਜਾਂਦੇ ਸਨ। ਹਰ ਘਰ ਵਿਚ ਚਾਹੇ ਕੋਈ ਗ਼ਰੀਬ ਹੈ ਜਾਂ ਅਮੀਰ ਹੈ ਸਮਾਨ ਰੱਖਣ ਲਈ ਕੁੱਝ ਨਾ ਕੁੱਝ ਜ਼ਰੂਰ ਹੁੰਦਾ ਹੈ । ਸਮੇਂ ਦੇ ਬਦਲਾਅ ਦੇ ਨਾਲ ਨਾਲ ਸਮਾਨ ਵੀ ਬਦਲਦਾ ਰਹਿੰਦਾ ਹੈ ਅਤੇ ਸਮਾਨ ਰੱਖਣ ਵਾਲੀਆਂ ਚੀਜ਼ਾਂ ਵੀ।

Sandook

ਅੱਜਕਲ ਘਰ ਬਣਾਉਂਦੇ ਸਾਰ ਹੀ ਸੀਮਿੰਟ ਦੀਆਂ ਅਲਮਾਰੀਆਂ ਬਣਾ ਲਈਆਂ ਜਾਂਦੀਆਂ ਹਨ । ਲੋਹੇ ਦੀਆਂ ਚੱਕਵੀਆਂ ਅਲਮਾਰੀਆਂ ਵੀ ਮਿਲਦੀਆਂ ਹਨ, ਜੋ ਜਗ੍ਹਾ ਦੇ ਹਿਸਾਬ ਨਾਲ ਟਿਕਾ ਲਈਆਂ ਜਾਂਦੀਆਂ ਹਨ। ਪਰ ਕਿਸੇ ਵੇਲੇ ਘਰਾਂ ਵਿਚ ਲੱਕੜ ਦੇ ਸੰਦੂਕ ਹੋਇਆ ਕਰਦੇ ਸੀ, ਅੱਜ ਵੀ ਕਈ ਘਰਾਂ ਵਿਚ ਸੰਦੂਕ ਵੇਖਣ ਨੂੰ ਮਿਲਦੇ ਹਨ ਜਿਵੇਂ ਕਿ ਅਸੀਂ ਪੁਰਾਣੀਆਂ ਚੀਜ਼ਾਂ ਦੀ ਸਾਂਭ-ਸੰਭਾਲ ਦੇ ਪੱਖੋਂ ਅਵੇਸਲੇ ਹਾਂ, ਇਸ ਕਰ ਕੇ ਬਹੁਤੇ ਲੋਕਾਂ ਨੇ ਅਪਣੇ ਆਪ ਨੂੰ ਮਾਡਰਨ ਦਿਖਾਉਣ ਲਈ ਸੰਦੂਕ ਨੂੰ ਇਕ ਫ਼ਾਲਤੂ ਚੀਜ਼ ਸਮਝ ਕੇ ਘਰੋਂ ਕੱਢ ਦਿਤਾ ਹੈ। ਸੰਦੂਕ ਆਮ ਹੀ ਦਿਤੇ ਜਾਣ ਵਾਲੇ ਦਾਜ ਵਿਚ ਹੁੰਦਾ ਸੀ ਅਤੇ ਘਰ ਦੀਆਂ ਸੁਆਣੀਆਂ ਇਸ ਨੂੰ ਅਪਣੇ ਪੇਕਿਆਂ ਦੀ ਦਿਤੀ ਚੀਜ਼ ਸਮਝ ਕੇ ਬੜਾ ਸਾਂਭ ਕੇ ਰੱਖਦੀਆਂ ਸਨ। 

Photo

ਲੱਗੇ ਖੂੰਜੇ ਬੇਬੇ ਮਗਰੋਂ, 
ਚਰਖਾ ਤੇ ਸੰਦੂਕ ਕੌਣ ਕੱਤੇ ਸੂਤ, 
ਨਾਲੇ ਸਾਂਭੇ ਸੰਦੂਕ ਬਣਾ ਕੇ ਖੇਸ, 
ਕਿਹੜਾ ਵੱਟੇ ਕੰਬਲ ਮੁਕਾਉ ਸਿਆਪਾ, 
ਲਿਆਉ ਸ਼ਹਿਰੋਂ ਕੰਬਲ 

Photo

ਛੋਟੇ ਸੰਦੂਕ ਨੂੰ ਸੰਦੂਕੜੀ ਕਿਹਾ ਜਾਂਦਾ ਸੀ, ਜਿਸ ਵਿਚ ਘਰੇਲੂ ਵਰਤੋਂ ਵਾਲਾ ਸਮਾਨ ਰੱਖਣ ਲਈ ਵਰਤਿਆ ਜਾਂਦਾ ਸੀ । ਸੰਦੂਕ ਨੂੰ ਪੰਜਾਬੀ ਬੋਲੀ ਵਿਚ ਸੰਦੂਕੜੀ ਵੀ ਕਿਹਾ ਜਾਂਦਾ ਹੈ। ਸੰਦੂਕ ਲੱਕੜ ਦਾ ਬਣਾਇਆ ਜਾਂਦਾ ਸੀ। ਜ਼ਿਆਦਾਤਰ ਨਿੰਮ, ਟਾਹਲੀ ਜਾਂ ਕਿੱਕਰ ਦੀ ਲੱਕੜ ਵਰਤੋਂ ਵਿਚ ਲਿਆਈ ਜਾਂਦੀ ਸੀ ਕਿਉਂਕਿ ਇਹ ਲੱਕੜ ਹੰਢਣਸਾਰ ਅਤੇ ਘੁਣ ਆਦਿ ਤੋਂ ਬਚੀ ਰਹਿਣ ਵਾਲੀ ਲੱਕੜ ਹੋਣ ਕਰ ਕੇ ਇਸ ਦਾ ਸੰਦੂਕ ਬਣਾਇਆ ਜਾਂਦਾ ਸੀ। ਸੰਦੂਕ ਦੇ ਚਾਰ ਪਾਵੇ ਹੁੰਦੇ ਸਨ, ਇਸ ਨੂੰ ਢਾਂਚੇ ਵਿਚ ਫਿੱਟ  ਕਰ ਕੇ ਇਸ ਦੀਆਂ ਲਰਾਂ ਵਿਚ ਚੌਰਸ ਫੱਟੀਆਂ ਨਾਲ ਪੂਰਾ ਕਰ ਕੇ ਇਸ ਨੂੰ ਅੰਤਮ ਰੂਪ ਦਿਤਾ ਜਾਂਦਾ ਸੀ ।

Photo

ਇਸ ਨੂੰ ਕਾਰੀਗਰ ਬੜੀ ਰੀਝ ਨਾਲ ਬਣਾਉਂਦੇ ਸਨ ਅਤੇ ਇਸ ਦੇ ਹਾਰ ਸ਼ਿੰਗਾਰ ਲਈ ਕਈ ਪ੍ਰਕਾਰ ਦੇ ਚਮਕਦਾਰ ਕੋਕੇ, ਨਿੱਕੇ ਨਿੱਕੇ ਸ਼ੀਸ਼ੇ ਅਤੇ ਪਿੱਤਲ ਦੀਆਂ ਮੇਖਾਂ ਲਾਉਂਦੇ ਸਨ। ਜੇ ਸੰਦੂਕ ਛੋਟਾ ਹੁੰਦਾ ਸੀ ਤਾਂ ਇਸ ਦੀ ਇਕ ਖਿੜਕੀ ਹੁੰਦੀ ਸੀ ਤੇ ਜੇਕਰ ਵੱਡਾ ਹੁੰਦਾ ਸੀ ਤਾਂ ਇਸ ਨੂੰ ਦੋ ਖਿੜਕੀਆਂ ਵੀ ਲਾਈਆਂ ਜਾਂਦੀਆਂ ਸਨ। ਸੰਦੂਕ ਵਿਚ ਘਰ ਦੀਆਂ ਸੁਆਣੀਆਂ ਹਰ ਪ੍ਰਕਾਰ ਦਾ ਸਮਾਨ ਜਿਵੇਂ ਗਹਿਣਾ ਗੱਟਾ, ਖੇਸ, ਚਾਦਰਾਂ, ਰਜਾਈਆਂ ਤਲਾਈਆਂ, ਦਰੀਆਂ, ਫੁਲਕਾਰੀ ਅਤੇ ਸਰ੍ਹਾਣੇ ਆਦਿ ਰਖਦੀਆਂ ਸਨ। 

ਸੰਦੂਕ ਦਾ ਸਬੰਧ ਸਾਡੇ ਸਭਿਆਚਾਰ ਨਾਲ ਵੀ ਬੜੀ ਨੇੜਤਾ ਵਾਲਾ ਹੈ, ਕਿਉਂਕਿ ਇਸ ਤੇ ਕਈ ਪ੍ਰਕਾਰ ਦੇ ਗੀਤ, ਬੋਲੀਆਂ ਤੇ ਟੱਪੇ ਆਦਿ ਵੀ ਸਭਿਆਚਾਰ ਦੇ ਸੰਗੀਤ ਨੂੰ ਚਾਰ ਚੰਨ ਲਾਉਂਦੇ ਹਨ, ਜਿਵੇਂ ਨੂੰਹ ਸੱਸ ਦੇ ਰਿਸ਼ਤੇ ਵਿਚ ਨੂੰਹ ਸੱਸ ਤੋਂ ਤੰਗ ਆ ਕੇ ਉਸ ਨੂੰ ਸੰਦੂਕ ਉਹਲੇ ਘੋਟਣੇ ਨਾਲ ਕੁੱਟਣਾ ਚਾਹੁੰਦੀ ਹੈ ਤਾਕਿ ਬਾਹਰ ਵੀ ਭਾਫ਼ ਨਾ ਨਿਕਲੇ 
ਛੋਲੇ ਛੋਲੇ ਛੋਲੇ, ਨਿੰਮ ਦਾ ਘੜਾਇਆ ਘੋਟਣਾ
‘ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਉਹਲੇ’ 

Photo

ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਸਾਡੇ ਦਾਜ ਲੈਣਾ ਤੇ ਦੇਣਾ ਆਮ ਹੈ। ਇਸ ਲਈ ਦਾਜ ਵਿਚ ਅੱਜ ਵਾਂਗ ਕਾਰਾਂ, ਸਕੂਟਰ ਜਾਂ ਟੀ ਵੀ ਫਰਿੱਜਾਂ ਆਦਿ ਦੀ ਜਗ੍ਹਾ ਕਿਸੇ ਵੇਲੇ ਪੀੜ੍ਹਾ, ਪਲੰਘ, ਚਰਖਾ ਤੇ ਸੰਦੂਕ ਹੀ ਮੁੱਖ ਹੁੰਦਾ ਸੀ । ਅੱਜ ਸੰਦੂਕ ਪੰਜਾਬ ਦੇ ਘਰਾਂ ਵਿਚੋਂ ਅਪਣੀ ਹੋਂਦ ਗੁਆ ਚੁੱਕਾ ਹੈ। ਇਸ ਦੀ ਹੋਂਦ ਗੁਆਚਣ ਦੇ ਨਾਲ ਨਾਲ ਪੰਜਾਬੀ ਵਿਰਸੇ ਦਾ ਇਕ ਅਨਿੱਖੜਵਾਂ ਅੰਗ ਗਵਾਚ ਗਿਆ ਹੈ ਭਾਵ ਪੰਜਾਬੀ ਵਿਰਸਾ, ਸੰਦੂਕ ਬਿਨਾਂ ਅੰਗਹੀਣ ਹੋ ਗਿਆ ਹੈ। ਸਿਵਾਏ ਅਜਾਇਬ ਘਰਾਂ ਦੇ ਸੰਦੂਕ ਲੱਭਣਾ ਬਹੁਤ ਮੁਸ਼ਕਲ ਹੈ।

-ਮਾਸਟਰ ਪ੍ਰੇਮ ਸਰੂਪ ਛਾਜਲੀ, 
ਗੋਬਿੰਦਗੜ੍ਹ ਖੋਖਰ (ਸੰਗਰੂਰ)
9417134982    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement