
ਸਰਲ ਅਤੇ ਠੇਠ ਪੰਜਾਬੀ ਭਾਸ਼ਾ ਵਿਚ ਉੱਚੀ ਆਵਾਜ਼ ਵਿਚ ਗੱਲ ਕਰਨੀ ਤੇ ਠਹਾਕਾ ਮਾਰ ਕੇ ਹਸਣਾ ਤੇ ਮਹੌਲ ਖ਼ੁਸ਼ਗਵਾਰ ਬਣਾ ਦੇਣਾ ਇਹ ਗੁਣ ਪੇਂਡੂਆਂ ਦੇ ਹਿੱਸੇ ਹੀ ਆਇਆ ਹੈ
ਸਰਲ ਅਤੇ ਠੇਠ ਪੰਜਾਬੀ ਭਾਸ਼ਾ ਵਿਚ ਉੱਚੀ ਆਵਾਜ਼ ਵਿਚ ਗੱਲ ਕਰਨੀ ਤੇ ਠਹਾਕਾ ਮਾਰ ਕੇ ਹਸਣਾ ਤੇ ਮਹੌਲ ਖ਼ੁਸ਼ਗਵਾਰ ਬਣਾ ਦੇਣਾ ਇਹ ਗੁਣ ਪੇਂਡੂਆਂ ਦੇ ਹਿੱਸੇ ਹੀ ਆਇਆ ਹੈ। ਸ਼ਹਿਰੀਏ ਤਾਂ ਇਨ੍ਹਾਂ ਨੂੰ ਗਵਾਰਪੁਣਾ ਤੇ ਉਜੱਡਪੁਣਾ ਹੀ ਆਖ਼ਦੇ ਨੇ ਕਿਉਂਕਿ ਉਹ ਤਾਂ ਛਿੱਕ ਮਾਰਨਗੇ ਤਾਂ ਸੌਰੀ, ਗੈਸ ਛੱਡਣਗੇ ਤਾਂ ਸੌਰੀ ਕਹਿਣਗੇ। ਭਲਾ ਕੋਈ ਉਨ੍ਹਾਂ ਨੂੰ ਪੁੱਛੇ ਬਾਈ ਆਹ ਸ੍ਰੀਰ ਦੀ ਪ੍ਰੀਕ੍ਰਿਆ ਹੈ, ਇਸ ਵਿਚ ਮਾਫ਼ੀ ਮੰਗਣ ਵਾਲੀ ਕਿਹੜੀ ਗੱਲ ਹੋ ਗਈ? ਕਿਹੜਾ ਗੁਨਾਹ ਹੋ ਗਿਐ? ਭਾਵ ਉਹ ਖਿੜ-ਖਿੜ ਕਰ ਕੇ ਹੱਸਣ ਦੀ ਬਜਾਏ ਮੁਸਕਰਾਉਣਾ ਹੀ ਪਸੰਦ ਕਰਦੇ ਹਨ। ਹਸਣਾ ਤਾਂ ਸਿਹਤ ਲਈ ਬਹੁਤ ਜ਼ਰੂਰੀ ਹੈ। ਜਦੋਂ ਅਸੀ ਹਸਦੇ ਹਾਂ ਤਾਂ ਸਾਡੇ ਫੇਫੜੇ ਪੂਰੇ ਫੈਲਦੇ ਹਨ। ਵੱਧ ਆਕਸੀਜਨ ਅੰਦਰ ਜਾਂਦੀ ਹੈ। ਸਾਡੇ ਸਾਰੇ ਸ੍ਰੀਰ ਦੀ ਕਸਰਤ ਹੁੰਦੀ ਹੈ। ਛੋਟੇ ਹੁੰਦੇ ਇਕ ਰਾਜੇ ਦੀ ਕਹਾਣੀ ਸੁਣਦੇ ਹੁੰਦੇ ਸੀ ਕਿ ਉਸ ਦੀ ਧੀ ਗੁੰਮ-ਸੁੰਮ ਰਹਿੰਦੀ ਸੀ। ਨਾ ਬੋਲਦੀ ਨਾ ਬਹੁਤਾ ਹਸਦੀ। ਰਾਜੇ ਨੇ ਉਸ ਦਾ ਬਥੇਰਾ ਇਲਾਜ ਕਰਵਾਇਆ ਪਰ ਸੱਭ ਵਿਅਰਥ। ਫਿਰ ਇਕ ਦਿਨ ਰਾਜੇ ਨੇ ਹੋਕਾ ਫਿਰਵਾ ਦਿਤਾ ਕਿ ਜਿਹੜਾ ਵੀ ਮੇਰੀ ਧੀ ਨੂੰ ਹਸਾਏਗਾ, ਰਾਜਾ ਉਸ ਨਾਲ ਅਪਣੀ ਧੀ ਦੀ ਸ਼ਾਦੀ ਕਰ ਦਵੇਗਾ। ਕਈਆਂ ਨੇ ਪਾਪੜ ਵੇਲੇ ਪਰ ਰਾਜਕੁਮਾਰੀ ਉਤੇ ਕੋਈ ਅਸਰ ਨਾ ਹੋਇਆ। ਇਕ ਦਿਨ ਰਾਜਕੁਮਾਰੀ ਤਾਕੀ ਵਿਚ ਬੈਠੀ ਬਾਹਰ ਵਲ ਵੇਖ ਰਹੀ ਸੀ। ਅਚਾਨਕ ਊੁਹ ਖਿੜ-ਖਿੜ ਕਰ ਕੇ ਹੱਸਣ ਲਗੀ। ਰਾਜਾ ਕਾਹਲੀ ਨਾਲ ਉੱਠ ਕੇ ਤਾਕੀ ਕੋਲ ਗਿਆ ਤਾਂ ਕੀ ਵੇਖਦਾ ਹੈ ਕਿ ਇਕ ਘੁਮਿਆਰ ਅਪਣੇ ਗਧੇ ਨੂੰ ਮੋਢਿਆਂ ਉਤੇ ਉਲਟਾ ਚੁੱਕ ਕੇ ਲਿਜਾ ਰਿਹਾ ਹੈ। ਰਾਜੇ ਨੇ ਧੀ ਦੀ ਸ਼ਾਦੀ ਉਸ ਨਾਲ ਕਰ ਦਿਤੀ।
ਸੋ ਪਾਠਕੋ ਮੈਂ ਵੀ ਏਸੇ ਖਿੜ-ਖਿੜ ਕੇ ਹੱਸਣ ਦੀਆਂ ਇਕ ਦੋ ਘਟਨਾਵਾਂ ਆਪ ਜੀ ਨਾਲ ਸਾਂਝੀਆਂ ਕਰਾਂਗੀ ਜਦੋਂ ਮੇਰਾ ਹਾਸਾ ਰੋਕਿਆਂ ਨਹੀਂ ਰੁਕਿਆ। ਸੁਣ ਕੇ ਤੁਸੀ ਵੀ ਖ਼ੁਸ਼ ਹੋਵੋਗੇ, ਇਸ ਦਾ ਮੈਨੂੰ ਯਕੀਨ ਹੈ। ਕਈ ਸਾਲ ਪਹਿਲਾਂ ਅਸਾਂ ਇਕ ਵੱਡੀ ਹਵੇਲੀ ਵਿਚ ਕਈ ਕਮਰੇ ਕਿਰਾਏ ਉਤੇ ਲੈ ਕੇ ਰਹਿੰਦੇ ਸਾਂ। ਉਸ ਹਵੇਲੀ ਦਾ ਇਕ ਵੱਡਾ ਦਰਵਾਜ਼ਾ ਸੜਕ ਉਤੇ ਸੀ ਤੇ ਹਵੇਲੀ ਵਿਚ ਦਾਖਲ ਹੋਣ ਲਈ ਇਕ ਵੱਡੀ ਡਿਉੜੀ ਸੀ। ਇਹ ਡਿਉੜੀ ਮੀਂਹ ਕਣੀ ਵਿਚ ਲੰਘਦੇ-ਵੜਦੇ ਲੋਕਾਂ ਦੇ ਰੁਕਣ ਦਾ ਕਾਂ ਵੀ ਬਣ ਜਾਂਦੀ। ਇਥੋਂ ਤਕ ਕਿ ਬਹੁਤੀ ਗਰਮੀ-ਸਰਦੀ ਵਿਚ ਪਸ਼ੂਆਂ ਦੀ ਪਨਾਹਗਾਹ ਹੁੰਦੀ। ਸਰਦੀ ਦੇ ਦਿਨ ਸਨ, ਠੱਕਾ ਚੱਲ ਰਿਹਾ ਸੀ। ਰੁਕ-ਰੁਕ ਕੇ ਬਾਰਸ਼ ਵੀ ਹੋ ਰਹੀ ਸੀ। ਇਕਦਮ ਏਨੀ ਜ਼ੋਰ ਦੀ ਹਨੇਰੀ ਝੱਖੜ ਝੁਲਿਆ ਕਿ ਪਤਾ ਹੀ ਨਾ ਲੱਗਾ ਕਿਧਰੋਂ ਇਕ ਲੋਹੇ ਦੀ ਚੱਦਰ ਉੱਡ ਕੇ ਹਵੇਲੀ ਦੇ ਗੇਟ ਮੂਹਰੇ ਆ ਡਿੱਗੀ। ਖੜਕਾ ਏਨਾ ਸੀ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਢਹਿ ਗਿਐ? ਲਉ ਜੀ ਸਾਡੀ ਡਿਉੜੀ ਵਿਚ ਪਨਾਹ ਲੈ ਰਹੇ ਦੋ ਗਧੇ ਏਨਾ ਡਰੇ ਕਿ ਪੂਰੇ ਜ਼ੋਰ ਨਾਲ ਭੱਜ ਕੇ ਸਾਡੀ ਲਾਬੀ ਵਿਚ ਆ ਖੜੇ। ਉਨ੍ਹਾਂ ਨੂੰ ਇਸ ਹਾਲਤ ਵਿਚ ਵੇਖ ਕੇ ਮੇਰਾ ਤਾਂ ਏਨਾ ਹਾਸਾ ਛੁਟਿਆ ਕਿ ਮੈਨੂੰ ਪਤੀ ਦੇਵ ਦੀ ਗੱਲ ਹੀ ਨਾ ਸੁਣਾਈ ਦੇਵੇ। ਇਹ ਕਹਿਣ, ''ਆਹ ਲਿਆ ਬਈ ਕੁੱਝ ਖਾਣ ਲਈ ਤੇਰੇ ਰਿਸ਼ਤੇਦਾਰ ਆਏ ਨੇ।'' ਮੈਂ ਕਿਹਾ, ''ਠੀਕ ਐ ਰਿਸ਼ਤੇਦਾਰ ਤਾਂ ਹੈਗੇ ਨੇ ਪਰ ਇਹ ਬਣੇ ਵਿਆਹ ਤੋਂ ਬਾਅਦ ਹਨ।'' ਕਦੇ ਬਾਰਸ਼ ਵਾਲੇ ਦਿਨ ਉਹੀ ਨਜ਼ਾਰਾ ਅੱਖਾਂ ਅੱਗੇ ਘੁੰਮਦੈ ਤਾਂ ਹਾਸਾ ਮੱਲੋ ਜ਼ੋਰੀ ਆ ਜਾਂਦੈ।
ਇਕ ਦਿਨ ਅਜਿਹਾ ਮੌਕਾ ਆਇਆ ਕਿ ਮੈਨੂੰ ਖ਼ੁਦ ਨੂੰ ਡੋਲਾ ਚੁੱਕ ਕੇ ਦੁੱਧ ਲੈ ਕੇ ਆਉਣਾ ਪਿਆ। ਡੋਲਾ ਖੋਲ੍ਹਾਂ ਤਾਂ ਉਹ ਖੁੱਲ੍ਹੇ ਨਾ, ਬਥੇਰਾ ਜ਼ੋਰ ਲਾਇਆ। ਦੁਕਾਨਦਾਰ ਨੇ ਡੋਲਾ ਕਾਊਂਟਰ ਤੇ ਰਖਿਆ ਤੇ ਅਪਣੀਆਂ ਦੋਹਾਂ ਹਥੇਲੀਆਂ ਨਾਲ ਉਸ ਦੀਆਂ ਸਾਈਡਾਂ ਤੇ ਸੱਟ ਮਾਰੀ। ਵੇਖਦੇ-ਵੇਖਦੇ ਡੋਲਾ ਤਾਂ ਖੁੱਲ੍ਹ ਗਿਆ ਪਰ ਉਸ ਦਾ ਢੱਕਣ ਬੁੜ੍ਹਕ ਕੇ ਦੋ ਦੁਕਾਨਾਂ ਛੱਡ ਕੇ ਤੀਜੀ ਦੁਕਾਨ ਵਾਲੇ ਦੇ ਦੁੱਧ ਵਾਲੇ ਢੋਲ ਵਿਚ ਜਾ ਡਿੱਗਾ। ਪਤਾ ਨਹੀਂ ਕੀ ਹੋਇਆ ਉੱਡਦੇ ਜਾਂਦੇ ਢੱਕਣ ਵਲ ਵੇਖ ਕੇ ਮੈਂ ਜਿਉਂ ਲੱਗੀ ਹੱਸਣ, ਹਾਸਾ ਰੁਕੇ ਹੀ ਨਾ। ਦੁਕਾਨਦਾਰ ਤੇ ਹੋਰ ਗਾਹਕ ਵੀ ਹਸਦੇ ਰਹੇ। ਨੇੜੇ ਪਈ ਕੁਰਸੀ ਉਤੇ ਬੈਠ ਕੇ ਮਸਾਂ ਹੀ ਸਹਿਜ ਹੋਈ। 'ਢੱਕਣ ਤੁਹਾਨੂੰ ਸ਼ਾਮ ਨੂੰ ਮਿਲੇਗਾ' ਦੁਕਾਨਦਾਰ ਹੱਸ ਕੇ ਬੋਲਿਆ ਤੇ ਮੈਂ ਡੋਲਾ ਫੜ ਕੇ ਸਾਰੇ ਰਾਹ ਹਸਦੀ ਆਈ।
ਲਉ ਜੀ ਇਕਵਾਰ ਸਾਡੇ ਬੀਜੀ ਸਾਨੂੰ ਛੱਡ ਕੇ ਕਿਸੇ ਰਿਸ਼ਤੇਦਾਰੀ ਵਿਚ ਚਲੇ ਗਏ। ਉਦੋਂ ਅਸੀ ਛੋਟੇ ਹੁੰਦੇ ਸੀ। ਉਹ ਸ਼ਾਮ ਨੂੰ ਜਲਦੀ ਵਾਪਸ ਮੁੜਨ ਲਈ ਕਹਿ ਗਏ ਕਿਉਂਕਿ ਅਸੀ ਇਕ ਮੱਝ ਰੱਖੀ ਸੀ ਤੇ ਉਸ ਦੀ ਧਾਰ ਬੀਜੀ ਹੀ ਕਢਦੇ ਸਨ। ਮੱਝ ਉਨ੍ਹਾਂ ਦੇ ਹੱਥ ਪਈ ਹੋਈ ਸੀ। ਹੋਰ ਕਿਸੇ ਨੂੰ ਧਾਰ ਕੱਢਣੀ ਨਹੀਂ ਸੀ ਆਉਂਦੀ। ਸ਼ਾਮ ਹੋ ਗਈ, ਬੀਜੀ ਨਾ ਆਏ। ਮੱਝ ਦੀ ਧਾਰ ਦਾ ਵੇਲਾ ਹੋ ਗਿਆ। ਉਹ ਇੱਧਰ-ਉਧਰ ਘੁੰਮਦੀ ਰਹੀ। ਕੀ ਕੀਤਾ ਜਾਵੇ? ਪਿਤਾ ਜੀ ਕਹਿਣ, ''ਲਿਆਉ ਕੁੜੀਉ ਬਾਲਟੀ ਮੈਂ ਕਰਦਾਂ ਕੋਸ਼ਿਸ਼, ਜੇ ਚੰਨ ਚਾੜ੍ਹੇ ਨਹੀਂ ਤਾਂ ਚੜ੍ਹਦੇ ਤਾਂ ਵੇਖੇ ਨੇ।'' ਬਾਲਟੀ ਲੈ ਕੇ ਮੱਝ ਹੇਠ ਜਾ ਬੈਠੇ। ਉਪਰੋਂ ਹੱਥਾਂ ਦੀ ਛੋਹ, ਬੀਜੀ ਦੀ ਗ਼ੈਰ ਹਾਜ਼ਰੀ, ਮੱਝ ਤਾਂ ਕੌੜ-ਕੌੜ ਵੇਖੇ। ਛਾਲ ਮਾਰ ਪਰੇ ਜਾ ਖਲੋਤੀ ਤੇ ਬੀਜੀ ਨੂੰ ਲੱਗੀ ਤਲਾਸ਼ਣ। ਥੋੜੀ ਦੇਰ ਬਾਅਦ ਖੁਰਲੀ ਵਿਚ ਥੋੜੀ ਚਾਟ ਪੁਆ, ਪਿਤਾ ਜੀ ਫਿਰ ਬਾਲਟੀ ਲੈ ਕੇ ਜਾ ਬੈਠੇ। ਪਾਈਆ ਕੁ ਦੁੱਧ ਮਸਾਂ ਕੱਢਿਆ ਹੋਣੈ। ਪਿਤਾ ਜੀ ਬੁੜ ਬੁੜ ਕਰੀ ਜਾਣ। ਅਖੇ ਸਾਲਾ ਕੋਈ ਥਣ ਹੀ ਨਾ ਟੁੱਟ ਜਾਵੇ ਕਿਤੇ ਮੈਥੋਂ। ਮੱਝ ਨੇ ਫਿਰ ਲੱਤ ਮਾਰੀ ਤੇ ਉੱਚੀ ਥਾਂ ਤੋਂ ਬਾਲਟੀ ਕਿੱਧਰੇ ਰੁੜ੍ਹਦੀ ਫਿਰੇ। ਪਿਤਾ ਜੀ ਅਲੱਗ ਕਪੜੇ ਝਾੜਦੇ ਫਿਰਨ। ਮਸਾਂ ਹੀ ਉਠੇ। ਸਾਡਾ ਦੋਹਾਂ ਭੈਣਾਂ ਦਾ ਰੁੜ੍ਹਦੀ ਬਾਲਟੀ ਵੇਖ ਕੇ ਹਾਸਾ ਛੁਟਿਆ ਕਿ ਰੁਕੇ ਹੀ ਨਾ। ਸਾਰਾ ਦੁੱਧ ਡੁੱਲ੍ਹ ਗਿਆ। ਪਿਤਾ ਜੀ ਨੇ ਸਾਨੂੰ ਥੋੜਾ ਝਿੜਕਿਆ। ਗੁੱਸੇ ਵਿਚ ਆ ਕੇ ਉਹ ਘਰੋਂ ਬਾਹਰ ਚਲੇ ਗਏ। ਅਸਾਂ ਦੋਹਾਂ ਭੈਣਾਂ ਨੇ ਕੁੰਡੀ ਲਗਾਈ ਤੇ ਅੰਦਰ ਮੰਜੇ ਤੇ ਬਹਿ ਕੇ ਲਿਟਦੀਆਂ ਫਿਰੀਏ। ਦਰਵਾਜ਼ਾ ਖੜਕਿਆ, ਜਾ ਕੇ ਖੋਲ੍ਹਿਆ, ਬਾਹਰ ਬੀਜੀ ਸਨ। ਅਸਾਂ ਹੱਸ-ਹੱਸ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਵੀ ਹੱਸੇ ਤੇ ਕਹਿਣ ਲਗੇ, ਜੇ ਸੈਂਸੀਆਂ ਦੇ ਕੁੱਤੇ ਸ਼ਿਕਾਰ ਮਾਰ ਲੈਣ ਤਾਂ ਸਰਦਾਰ ਕਿਉਂ ਕੁੱਤੇ ਰੱਖਣ?
ਸੰਪਰਕ : 82840-20628