
ਮਥੁਰਾ ਵਰਿੰਦਾਵਨ ਦੇ ਮੰਦਰਾਂ ਨੂੰ ਮਨਜ਼ੂਰ ਨਹੀਂ ਮੁਸਲਮਾਨਾਂ ਦਾ ਬਾਈਕਾਟ
ਮਥੁਰਾ : ਕਿ੍ਰਸ਼ਨ ਕਨੱੲ੍ਹੀਆ ਦੀ ਕਰਮਭੂਮੀ ਮਥੁਰਾ ਅਤੇ ਵਰਿੰਦਾਵਨ ਦੇ ਬਹੁਤੇ ਮੰਦਰਾਂ ਨੇ ਨਫ਼ਰਤ ਦੀ ਬੋਲੀ ਨੂੰ ਮੂਲੋਂ ਹੀ ਖਾਰਜ ਕਰ ਦਿਤਾ ਹੈ। ਨਫ਼ਰਤ ਕਰਨ ਵਾਲਿਆਂ ਦਾ ‘ਮੁਸਲਮਾਨਾਂ ਦੇ ਬਾਈਕਾਟ ਕਰਨ’ ਦਾ ਸੁਨੇਹਾ ਦੋਵੇਂ ਸ਼ਹਿਰਾਂ ਦੇ ਮੰਦਰਾਂ ਦੇ ਪ੍ਰਬੰਧਕਾਂ ਵਲੋਂ ਇਹ ਕਹਿ ਕੇ ਰੱਦ ਕਰ ਦਿਤਾ ਗਿਆ ਹੈ ਕਿ ਭਗਤੀ ਤੇ ਮੁਹੱਬਤ ਲਈ ਕੋਈ ਵੀ ਧਰਮ ਜਾਂ ਜਾਤ ਅੜਿੱਗਾ ਨਹੀਂ ਬਣ ਸਕਦੀ ਹੈ ਅਤੇ ਕਿ੍ਰਸ਼ਨ ਦੇ ਨਾਮ ਦੇ ਰੰਗ ਵਿਚ ਰੰਗੇ ਇਨ੍ਹਾਂ ਮੰਦਰਾਂ ਵਿਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਪਹਿਲਗਾਮ ਘਟਨਾ ਮਗਰੋਂ ਦੇਸ਼ ਭਰ ਵਿਚ ਮੰਦਰਾਂ ਵਿਚ ਦਾਖ਼ਲੇ ਜਾਂ ਮੁਲਸਮਾਨਾਂ ਨਾਲ ਕੋਈ ਵੀ ਕਾਰੋਬਾਰ ਕਰਨ ਦੇ ਬਾਈਕਾਟ ਦੇ ਸੁਰ ਲਗਾਤਾਰ ਉੱਚੇ ਹੋ ਰਹੇ ਸਨ। ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ਦੇ ਰਾਜਭੋਗ ਸੇਵਾ ਅਧਿਕਾਰੀ ਗਿਆਨੇਂਦਰ ਕਿਸ਼ੋਰ ਗੋਸਵਾਮੀ ਨੇ ਬਾਈਕਾਟ ਦੇ ਇਸ ਸੱਦੇ ਦੇ ਜਵਾਬ ਵਿਚ ਕਿਹਾ, ‘‘ਬ੍ਰਜਮੰਡਲ ਵਿਚ ਭਗਤੀ ਸਭ ਤੋਂ ਉੱਪਰ ਹੈ। ਇਹ ਤਾਂ ਗਿਆਨ ਤੇ ਇਥੋਂ ਤਕ ਕਿ ਵੈਰਾਗ ਤੋਂ ਵੀ ਅੱਗੇ ਦੀ ਗੱਲ ਹੈ। ਜੇਕਰ ਕਿਸੇ ਦਾ ਅਕੀਦਾ ਹੈ ਅਤੇ ਉਹ ਦਰਸ਼ਨ ਕਰਨ ਮੰਦਰ ਆਉਂਦਾ ਹੈ ਤਾਂ ਅਸੀਂ ਕਿਉਂ ਵਿਰੋਧ ਕਰੀਏ?’’ ਉਨ੍ਹਾਂ ਸ੍ਰੀਮਦ ਭਾਗਵਤ ਦਾ ਹਵਾਲਾ ਦੇ ਕੇ ਕਿਹਾ ਕਿ ਇਸ ਸਬੰਧੀ ਪਹਿਲੇ ‘ਸਕੰਦ’ ਵਿਚ ਸਪਸ਼ਟ ਕੀਤਾ ਗਿਆ ਹੈ। ਇਤਿਹਾਸ ਦਾ ਜ਼ਿਕਰ ਕਰਦਿਆਂ ਗੋਸਵਾਮੀ ਨੇ ਕਿਹਾ, ‘‘ਬਾਂਕੇ ਬਿਹਾਰੀ ਨੇ ਸਾਨੂੰ ਵਿਤਕਰਾ ਕਰਨਾ ਨਹੀਂ ਸਿਖਾਇਆ ਸੀ। ਜਦੋਂ ਅਕਬਰ ਸਵਾਮੀ ਹਰੀਦਾਸ ਨੂੰ ਮਿਲਣ ਆਇਆ ਸੀ ਤਾਂ ਉਸ ਨੇ ਮੂਰਤੀ ਲਈ ਇਤਰ ਭੇਟ ਕੀਤਾ ਸੀ, ਜੋ ਸਵਾਮੀ ਜੀ ਨੇ ਸਵੀਕਾਰ ਕੀਤਾ ਸੀ।’’ ਗੋਸਵਾਮੀ ਨੇ ਜ਼ੋਰਦਾਰ ਸ਼ਬਦਾਂ ਵਿਚ ਕਿਹਾ ਕਿ ਮੰਦਰਾਂ ਦੀਆਂ ਰਵਾਇਤਾਂ ਵਿਚ ਮੁਸਲਮਾਨਾਂ ਨੇ ਇਤਿਹਾਸਕ ਭੂਮਿਕਾ ਨਿਭਾਈ ਸੀ। ਉਹ ਠਾਕੁਰ ਜੀ ਲਈ ਨਫ਼ੀਰੀ ਵਜਾਉਂਦੇ ਅਤੇ ਭਜਨ ਗਾਉਂਦੇ ਸਨ। ਕਿ੍ਰਸ਼ਨ ਜੀ ਦੇ ਸਜਾਇਆ ਜਾਂਦਾ ਮੁਕਟ ਅਤੇ ਸੋਹਣੇ ਵਸਤਰਾਂ ਉੱਤੇ ਕਢਾਈ ਵੀ ਜ਼ਿਆਦਾਤਰ ਮੁਸਲਮਾਨ ਹੀ ਕਰਦੇ ਰਹੇ ਹਨ।
ਗੋਵਰਧਨ ਦੇ ਦਾਨ ਘਾਟੀ ਮੰਦਰ ਦੇ ਪੁਜਾਰੀ ਲਾਲ ਪੰਡਿਤ ਦਾ ਕਹਿਣਾ ਸੀ, ‘‘ਜਦੋਂ ਭਗਵਾਨ ਨੇ ਰਸਖਾਨ ਅਤੇ ਰਹੀਮ ਨੂੰ ਭਜਨ ਰਚਣੋਂ ਨਹੀਂ ਰੋਕਿਆ ਤਾਂ ਅਸੀਂ ਭਗਤੀ ਤੋਂ ਕਿਸੇ ਨੂੰ ਰੋਕਣ ਵਾਲੇ ਕੌਣ ਹਾਂ? ਕਿ੍ਰਸ਼ਨ ਮੁਹੱਬਤ ਦੇ ਰੱਬ ਹਨ, ਉਨ੍ਹਾਂ ਦੀ ਭੋਇੰ ਵਿਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।’’
ਮਥੁਰਾ ਦੇ ਕਾਲੀ ਮੰਦਰ ਦੇ ਮਹੰਤ ਦਿਨੇਸ਼ ਚਤੁਰਵੇਦੀ ਨੇ ਵੀ ਇਹੋ ਸੁਰ ਉਚਾਰੇ, ‘‘ਅਸੀਂ ਕਿਸੇ ਸ਼ਰਧਾਲੂ ਨੂੰ ਮੰਦਰ ’ਚ ਆਉਣੋਂ ਕਿਵੇਂ ਰੋਕ ਸਕਦੇ ਹਾਂ। ਮੰਦਰ ਸਭ ਤੇ ਸਾਂਝੇ ਹੁੰਦੇ ਹਨ। ਹਰ ਧਰਮ ਵਿਚ ਮਾੜੇ ਚੰਗੇ ਲੋਕ ਹੁੰਦੇ ਹਨ।’’
ਇਸ ਬਾਈਕਾਟ ਦੀ ਵਿਹਾਰਿਕਤਾ ’ਤੇ ਬੋਲਦਿਆਂ ਉਨ੍ਹਾਂ ਕਿਹਾ, ‘‘ਕੋਈ ਵੀ ਚੀਜ਼ ਖਰੀਦਣ ਲਗਿਆਂ ਅਸੀਂ ਦੁਕਾਨਦਾਰਾਂ ਦੇ ਧਰਮ ਨਹੀਂ ਪੁੱਛ ਸਕਦੇ। ਇਸ ਤੋਂ ਇਲਾਵਾ ਕਸ਼ਮੀਰ ਵਿਚ ਬਹੁਤ ਸਾਰੇ ਸੈਲਾਨੀਆਂ ਦੀ ਮੁਸਲਮਾਨਾਂ ਨੇ ਹੀ ਮਦਦ ਕੀਤੀ ਸੀ। ਸਾਰਿਆਂ ਨੂੰ ਇਕੋ ਰੱਸੇ ਵਿਚ ਨਹੀਂ ਬੰਨਿ੍ਹਆ ਜਾ ਸਕਦਾ।’’
ਬਲਦੇਵ ਦੇ ਦੌਜੀ ਮੰਦਰ ਦੇ ਪੁਜਾਰੀ ਗੋਵਿੰਦ ਪਾਂਡੇ ਮੁਤਾਬਕ ਜੋ ਵੀ ਦਰਸ਼ਨਾਂ ਨੂੰ ਆਉਂਦਾ ਹੈ ਮੰਦਰ ਵਿਚ ਉਸ ਦਾ ਸਵਾਗਤ ਹੈ। ਇਥੋਂ ਦੇ ਮੁਸਲਮਾਨਾਂ ਨੂੰ ਉਨ੍ਹਾਂ ਨੇ ਭਾਈਚਾਰਾ ਕਰਾਰ ਦਿਤਾ।
ਵਰਿੰਦਾਵਨ ਦੇ ਰਾਧਾ ਵੱਲਭ ਮੰਦਰ ਦੇ ਮੋਹਿਤ ਗੋਸਵਾਮੀ ਨੂੰ ਮੁਸਲਮਾਨਾਂ ਦਾ ਬਾਈਕਾਟ ਸਹੀ ਲਗਦਾ ਹੈ, ਪਰ ਨਾਮਵਰ ਜੋਤਿਸ਼ੀ ਅਤੇ ਭਾਗਵਤ ਦੇ ਕਥਾਕਾਰ ਕੇਸ਼ਵ ਆਚਾਰੀਆ ਨੇ ਕਿਹਾ, ‘‘ਜਾਤ-ਪਾਤ ਪੋਂਛੇ ਨਾ ਕੋਈ, ਜੋ ਹਰੀ ਕੋ ਭਜੇ ਸੋ ਹੀਰ ਨਾ ਹੋਇ।’’ ਉਨ੍ਹਾਂ ਨੇ ਵੀ ਮੁਸਲਿਮ ਕਵੀਆਂ ਦੇ ਮੰਦਰਾਂ ਵਿਚ ਗਾਏ ਜਾਂਦੇ ਭਜਨਾਂ ਦੇ ਹਵਾਲੇ ਦਿਤੇ। ਪਰ ਨਾਲ ਹੀ ਬਗੈਰ ਸ਼ਰਧਾ ਤੋਂ ਸਿਰਫ਼ ਵਪਾਰ ਕਰਨ ਵਾਲਿਆਂ ਲਈ ਝਿਜਕ ਵੀ ਉਨ੍ਹਾਂ ਨੇ ਪ੍ਰਗਟਾਈ।
ਮਥੁਰਾ ਦੇ ਦਵਾਰਕਾਧੀਸ਼ ਮੰਦਰ ਦੇ ਰਾਕੇਸ਼ ਚਤੁਰਵੇਦੀ ਅਨੁਸਾਰ, ‘‘ਜੋ ਵੀ ਦਰਸ਼ਨ ਕਰਨ ਆਉਂਦਾ ਹੈ, ਉਹ ਦਰਸ਼ਨ ਅਭਿਲਾਸ਼ੀ ਹੁੰਦਾ ਹੈ। ਸਾਨੂੰ ਮੁਸਲਮਾਨਾਂ ਤੋਂ ਸਮਾਨ ਖ਼ਰੀਦਣ ਵਿਚ ਕੋਈ ਉਜਰ ਨਹੀਂ। ਕੁੱਝ ਲੋਕ ਭਾਈਚਾਰੇ ਵਿਚ ਫੁੱਟ ਦੇ ਬੀਜ ਬੀਜਣ ਦੇ ਯਤਨਾਂ ’ਚ ਲੱਗੇ ਰਹਿੰਦੇ ਹਨ। ਸਾਨੂੰ ਤਾਂ ਦਰਸ਼ਨ ਕਰਨ ਆਉਂਦੇ ਸ਼ਰਧਾਲੂ ਚੰਗੇ ਲਗਦੇ ਹਨ।’’