
ਅੱਜ ਤੋਂ 4 ਸਾਲ ਪਹਿਲਾਂ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਸਫ਼ਾਈ ਮੁਹਿੰਮ ਦਾ ਆਗ਼ਾਜ਼ ਕੀਤਾ ਸੀ। ਉਨ੍ਹਾਂ ਨੇ ਖ਼ੁਦ ...
ਅੱਜ ਤੋਂ 4 ਸਾਲ ਪਹਿਲਾਂ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਸਫ਼ਾਈ ਮੁਹਿੰਮ ਦਾ ਆਗ਼ਾਜ਼ ਕੀਤਾ ਸੀ। ਉਨ੍ਹਾਂ ਨੇ ਖ਼ੁਦ ਅਪਣੇ ਹੱਥਾਂ ਵਿਚ ਝਾੜੂ ਫੜ ਕੇ ਇਸ ਦੀ ਸ਼ੁਰੂਆਤ ਦਿੱਲੀ ਦੀ ਬਾਲਮੀਕ ਬਸਤੀ ਤੋਂ ਕੀਤੀ। ਪ੍ਰਧਾਨ ਮੰਤਰੀ ਜੀ ਦਾ ਸਵੱਛ ਭਾਰਤ ਬਣਾਉਣ ਦਾ ਸੁਪਨਾ ਸੀ, ਭਾਵੇਂ ਇਸ ਨੂੰ ਬਾਅਦ ਵਿਚ ਬਹੁਤਾ ਹੁੰਗਾਰਾ ਨਾ ਮਿਲਿਆ ਪਰ ਕਦਮ ਸ਼ਲਾਘਾਯੋਗ ਸੀ।
ਸਾਰੇ ਸਰਕਾਰੀ ਅਤੇ ਨੀਮ-ਸਰਕਾਰੀ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਵਿਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਅਪਣੇ ਦਫ਼ਤਰ ਅਤੇ ਆਲੇ-ਦੁਆਲੇ ਦੀ ਸਫ਼ਾਈ ਨੂੰ ਯਕੀਨੀ ਬਣਾਉਣ। ਸਾਡੇ ਮੰਡਲ ਦਫ਼ਤਰ ਵਿਚ ਜਦੋਂ ਹੁਕਮ ਪਹੁੰਚਿਆ ਤਾਂ ਐਕਸੀਅਨ ਜੀ ਨੇ ਉਪ-ਮੰਡਲ ਅਫ਼ਸਰਾਂ ਦੀ ਇਕ ਮੀਟਿੰਗ ਸੱਦੀ ਅਤੇ ਅਪਣੇ-ਅਪਣੇ ਉਪ-ਮੰਡਲਾਂ ਦੀ ਸਫ਼ਾਈ ਲਈ ਹੁਕਮ ਜਾਰੀ ਕੀਤਾ। ਸੱਭ ਨੇ ਇਸ ਕੰਮ ਵਿਚ ਅਪਣਾ ਪੂਰਾ-ਪੂਰਾ ਯੋਗਦਾਨ ਦੇਣ ਦਾ ਪ੍ਰਣ ਕੀਤਾ।
ਮੈਂ ਵੀ ਦਫ਼ਤਰ ਪਹੁੰਚ ਕੇ ਸਾਰੇ ਕਰਮਚਾਰੀਆਂ ਨੂੰ ਇਕੱਠਾ ਕੀਤਾ ਅਤੇ ਕਿਹਾ, ''ਪਿਆਰੇ ਦੋਸਤੋ ਕਲ ਦਾ ਦਿਨ ਆਪਾਂ ਨੇ ਸਫ਼ਾਈ ਦਿਵਸ ਵਜੋਂ ਮਨਾਉਣੈ। ਸਾਰਾ ਦਿਨ ਸਫ਼ਾਈ ਚਲੇਗੀ। ਕਲ੍ਹ ਨੂੰ ਸਾਰੇ ਮੈਂਬਰ ਨਵੇਂ ਨਵੇਂ ਕਪੜੇ ਪਹਿਨ ਕੇ ਅਤੇ ਅਪਣੇ ਹੱਥਾਂ ਵਿਚ ਨਵਾਂ ਝਾੜੂ ਲੈ ਕੇ ਦਫ਼ਤਰ ਆਉਣਗੇ ਕਿਉਂਕਿ ਇਹ ਰਾਸ਼ਟਰ ਹਿੱਤ ਮੁਹਿੰਮ ਹੈ, ਇਸ ਲਈ ਹਦਾਇਤਾਂ ਵੀ ਸਖ਼ਤ ਹਨ। ਕਲ੍ਹ ਨੂੰ ਕਿਸੇ ਨੇ ਛੁੱਟੀ ਨਹੀਂ ਕਰਨੀ।
ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਾਂ, ਇਕ ਗੱਲ ਮੈਂ ਸਾਫ਼ ਕਰ ਦਿੰਦਾ ਹਾਂ ਕਿ ਕਲ੍ਹ ਨੂੰ ਛੁੱਟੀ ਦਾ ਮਤਲਬ ਹੈ ਗ਼ੈਰਹਾਜ਼ਰੀ। ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾ ਸਕਦੈ। ਅਪਣੇ ਕੋਲ ਇਹ ਹਦਾਇਤਾਂ ਲਿਖਤੀ ਰੂਪ ਵਿਚ ਹਨ।'' ਕਰਮਚਾਰੀਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ। ਵਰਮਾ ਜੀ ਨੇ ਕਿਹਾ, ''ਯਾਰ ਸ਼ਰਮਾ, ਮੈਨੂੰ ਤਾਂ ਝਾੜੂ ਮਾਰਨਾ ਨਹੀਂ ਆਉਂਦਾ।''
''ਵਰਮਾ ਜੀ, ਝਾੜੂ ਖਾਣਾ ਤਾਂ ਆਉਂਦਾ ਹੋਣੈ।'' ਸਾਰੇ ਹੱਸ ਪੈਂਦੇ ਹਨ। ਮੈਂ ਫਿਰ ਕਿਹਾ, ''ਵੈਸੇ ਤਾਂ ਹੁਣ ਸਾਡੇ ਸਾਫ਼ ਕਰਨ ਨੂੰ ਬਹੁਤਾ ਕੁੱਝ ਬਚਿਆ ਹੀ ਨਹੀਂ। ਸਾਰਾ ਦੇਸ਼ ਤਾਂ ਰਾਜਿਆਂ-ਮਹਾਰਾਜਿਆਂ ਅਤੇ ਵਿਦੇਸ਼ੀ ਹਮਲਾਵਰਾਂ ਨੇ ਸਾਫ਼ ਕਰ ਦਿਤੈ। ਬਾਕੀ ਰਹਿੰਦਾ-ਖੂੰਹਦਾ ਸਾਡੇ ਨੇਤਾਗਣ ਸੁਆਦ ਸੁਆਦ ਖਾਈ ਜਾ ਰਹੇ ਹਨ, ਫਿਰ ਵੀ ਛਾਤੀ ਠੋਕ ਕੇ ਕਹਿੰਦੇ ਹਨ ਕਿ ਸਾਡਾ ਅਕਸ ਸਾਫ਼-ਸੁਥਰਾ ਹੈ ਅਤੇ ਅਸੀ ਬੇਈਮਾਨ ਨਹੀਂ। ਖ਼ੈਰ, ਸਾਡਾ ਉਦੇਸ਼ ਅੱਜ ਹੋਰ ਹੈ।''
''ਹਾਂ, ਇਕ ਗੱਲ ਰਹਿ ਗਈ ਨੋਟਿਸ ਬੋਰਡ ਤੇ ਲਾ ਦੇਣਾ ਕਿ ਕਲ੍ਹ ਨੂੰ ਸਫ਼ਾਈ ਦਿਵਸ ਕਾਰਨ ਦਫ਼ਤਰ ਆਮ ਜਨਤਾ ਲਈ ਬੰਦ ਰਹੇਗਾ ਇਸ ਖੇਚਲ ਲਈ ਸਾਨੂੰ ਦੁੱਖ ਹੈ। ਮੈਂ ਸੱਭ ਨੂੰ ਅਪਣੇ ਅਪਣੇ ਕੰਮ ਵੰਡ ਦਿੰਦਾ ਹਾਂ, ਤਾਕਿ ਕੰਮ ਦੀ ਵੰਡ ਕਰਨ ਨਾਲ ਕੰਮ ਕਰਨ ਵਿਚ ਆਸਾਨੀ ਹੋ ਜਾਵੇ। ਗੁਲਾਟੀ ਜੀ ਸਾਰੀਆਂ ਕੰਧਾਂ ਤੋਂ ਜਾਲੇ ਉਤਾਰਨਗੇ ਅਤੇ ਉਨ੍ਹਾਂ ਦਾ ਸਹਿਯੋਗ ਊਸ਼ਾ ਮੈਡਮ ਕਰਨਗੇ। ਹਾਂ ਊਸ਼ਾ ਮੈਡਮ ਜੀ ਕਲ ਨੂੰ ਤੁਸੀ ਅਪਣੇ ਬੱਚੇ ਨੂੰ ਬਿਲਕੁਲ ਅਪਣੇ ਨਾਲ ਨਹੀਂ ਲੈ ਕੇ ਆਉਣਾ, ਜ਼ਿਆਦਾਤਰ ਕੰਧਾਂ ਤਾਂ ਉਨ੍ਹਾਂ ਨੇ ਹੀ ਗੰਦੀਆਂ ਕੀਤੀਆਂ ਹਨ।''
''ਕਲ੍ਹ ਸਾਰਿਆਂ ਨੇ ਹਸਦੇ ਹਸਦੇ ਦਫ਼ਤਰ ਆਉਣਾ ਹੈ। ਕਿਸੇ ਕੋਲ ਵੀ ਪੁਰਾਣਾ ਤੇ ਘਸਿਆ ਜਿਹਾ ਝਾੜੂ ਨਹੀਂ ਹੋਣਾ ਚਾਹੀਦਾ। ਸੱਭ ਨੇ ਨਵੇਂ ਝਾੜੂ ਹੱਥਾਂ ਵਿਚ ਫੜ ਕੇ ਆਉਣਾ ਹੈ ਤਾਕਿ ਪਤਾ ਲੱਗ ਸਕੇ ਕਿ ਅਸੀ ਅਪਣੇ ਕੰਮ ਪ੍ਰਤੀ ਕਿੰਨੇ ਗੰਭੀਰ ਹਾਂ। ਕੈਮਰਾਮੈਨ, ਅਖ਼ਬਾਰ ਵਾਲੇ ਠੀਕ 10 ਵਜੇ ਪਹੁੰਚ ਜਾਣਗੇ। ਇਕ ਆਖ਼ਰੀ ਅਤੇ ਅਤਿ ਜ਼ਰੂਰੀ ਗੱਲ ਰਹਿ ਗਈ, ਮੇਰੇ ਕਮਰੇ ਵਿਚ ਗਾਂਧੀ ਜੀ ਦੀ ਵੱਡੀ ਤਸਵੀਰ ਲਟਕ ਰਹੀ ਹੈ, ਉਸ ਨੂੰ ਜ਼ਰੂਰ ਸਾਫ਼ ਕਰ ਦੇਣਾ। ਪਤਾ ਨਹੀਂ ਕਿੰਨੇ ਸਮੇਂ ਤੋਂ ਉਸ ਉਤੇ ਧੂੜ ਜੰਮੀ ਪਈ ਹੈ।''
ਇਕ ਸਟਾਫ਼ ਮੈਂਬਰ ਨੇ ਹੁਸ਼ਿਆਰੀ ਮਾਰਦੇ ਕਿਹਾ, ''ਵੈਸੇ ਤਾਂ ਗਾਂਧੀ ਜੀ ਦੀ ਤਸਵੀਰ ਤੋਂ ਧੂੜ ਨਾ ਹੀ ਹਟਾਈ ਜਾਵੇ, ਨਹੀਂ ਤਾਂ ਉਹ ਸਾਡੇ ਦਫ਼ਤਰ ਦੀ ਅਸਲੀਅਤ ਬਾਰੇ ਨਹੀਂ ਜਾਣ ਸਕਣਗੇ।''
ਮੈਂ ਉਸ ਨੂੰ ਝਿੜਕ ਮਾਰਦਿਆਂ ਕਿਹਾ, ''ਜ਼ਿਆਦਾ ਸਿਆਣਾ ਨਹੀਂ ਬਣੀਦਾ, ਦਫ਼ਤਰ ਤੁਹਾਡੇ ਜਹੇ ਕਲਰਕਾਂ ਕਾਰਨ ਹੀ ਬਦਨਾਮ ਹੁੰਦੇ ਨੇ।''
ਅਗਲੇ ਦਿਨ ਸਾਰੇ ਸਟਾਫ਼ ਨੇ ਬੜੀ ਸ਼ਿੱਦਤ ਨਾਲ ਸਫ਼ਾਈ ਕੀਤੀ। ਇਕ ਫ਼ੋਟੋ ਝਾੜੂ ਨਾਲ ਸਫ਼ਾਈ ਕਰਦੇ ਸਮੇਂ ਖਿਚਾਈ ਅਤੇ ਇਕ ਸਾਰੇ ਸਟਾਫ਼ ਦੀ ਗਰੁੱਪ ਫ਼ੋਟੋ ਖਿੱਚੀ ਗਈ।
ਇਹ ਦੋਵੇਂ ਫੋਟੋਆਂ ਸਫ਼ਾਈ ਮੰਤਰਾਲੇ ਨੂੰ ਕੋਰੀਅਰ ਰਾਹੀਂ ਭੇਜ ਦਿਤੀਆਂ ਗਈਆਂ। ਇਸ ਸਾਰੀ ਪ੍ਰਕਿਰਿਆ ਤੇ ਤਕਰੀਬਨ ਵੀਹ ਹਜ਼ਾਰ ਰੁਪਏ ਖ਼ਰਚ ਹੋ ਗਏ। ਕੁੱਝ ਦਿਨਾਂ ਬਾਅਦ ਸਾਡਾ ਭੇਜਿਆ ਕੋਰੀਅਰ ਵਾਪਸ ਆ ਗਿਆ ਜਿਸ ਤੇ ਵਿਸ਼ੇਸ਼ ਕਥਨ ਦਿਤਾ ਗਿਆ ਸੀ ਕਿ 'ਸਫ਼ਾਈ ਨੂੰ ਮੁੱਖ ਰਖਦੇ ਹੋਏ ਇਹ ਦਫ਼ਤਰ ਕੋਈ ਵੀ ਫ਼ੋਟੋ, ਪੱਤਰ ਜਾਂ ਫ਼ਾਈਲ ਲੈਣ ਤੋਂ ਇਨਕਾਰੀ ਹੈ।'
ਸੰਪਰਕ : 99888-73637