
ਸਕੂਲ ਦੀ ਘੰਟੀ ਵੱਜੀ। ਸਾਰੇ ਬੱਚੇ ਭੱਜ ਕੇ ਗਰਾਊਂਡ ਵਿਚ ਜਮਾਤਵਾਰ ਲਾਈਨਾਂ ਬਣਾ ਕੇ ਖੜੇ ਹੋ ਗਏ। ਪਹਿਲਾਂ ਕੌਮੀ ਗੀਤ ਗਾਇਆ, ਫਿਰ ਸ਼ਬਦ ਬੁਲਾਇਆ ਗਿਆ। ਬੱਚਿਆਂ...
ਸਕੂਲ ਦੀ ਘੰਟੀ ਵੱਜੀ। ਸਾਰੇ ਬੱਚੇ ਭੱਜ ਕੇ ਗਰਾਊਂਡ ਵਿਚ ਜਮਾਤਵਾਰ ਲਾਈਨਾਂ ਬਣਾ ਕੇ ਖੜੇ ਹੋ ਗਏ। ਪਹਿਲਾਂ ਕੌਮੀ ਗੀਤ ਗਾਇਆ, ਫਿਰ ਸ਼ਬਦ ਬੁਲਾਇਆ ਗਿਆ। ਬੱਚਿਆਂ ਨੂੰ ਜਮਾਤਾਂ ਵਲ ਤੋਰਨ ਹੀ ਲੱਗੀ ਸਾਂ ਕਿ ਬਾਹਰ ਗੇਟ ਉਤੇ ਦੋ ਬੰਦਿਆਂ ਦੀ ਆਮਦ ਹੋਈ। ਮੈਂ ਚਪੜਾਸੀ ਨੂੰ ਕਿਹਾ, ''ਜਾਹ! ਜਾ ਕੇ ਪੁੱਛ ਕੇ ਆ ਕਿਸ ਨੂੰ ਮਿਲਣਾ ਹੈ?'' ਉਸ ਨੇ ਆ ਕੇ ਦਸਿਆ ਕਿ ਮੈਡਮ ਇਕ ਜਣਾ ਆਖਦੈ ਕਿ ''ਮੈਂ ਕਿਸੇ ਸਕੂਲ ਦਾ ਲੈਕਚਰਾਰ ਹਾਂ ਤੇ ਬੱਚਿਆਂ ਨੂੰ ਸੰਬੋਧਨ ਕਰਨਾ ਹੈ।''
ਮੈਨੂੰ ਕੁੱਝ ਸ਼ੱਕ ਜਿਹਾ ਪਿਆ। ਪਤਾ ਨਹੀਂ ਕੀ ਸੁੱਝੀ, ਕਿਹਾ ਬੱਚਿਉ ਪਿੱਛੇ ਵਲ ਮੂੰਹ ਕਰ ਕੇ ਚੌਂਕੜੀ ਮਾਰ ਕੇ ਆਰਾਮ ਨਾਲ ਆਉਣ ਵਾਲੇ ਦਾ ਭਾਸ਼ਣ ਸੁਣੋ। ਆਏ ਮਹਿਮਾਨ ਦੀ ਖ਼ੁਸ਼ੀ ਵਿਚ ਤਾੜੀਆਂ ਲਗਾ ਕੇ ਉਨ੍ਹਾਂ ਦਾ ਸਵਾਗਤ ਕਰੋ।ਬਸ ਫਿਰ ਕੀ ਸੀ ਆਉਣ ਵਾਲੇ ਨੇ ਸੋਚਿਆ ਕਿ ਗੱਲ ਤਾਂ ਪੁੱਠੀ ਪੈ ਗਈ। ਉਸ ਨੇ ਇਸ਼ਾਰੇ ਨਾਲ ਚਪੜਾਸੀ ਨੂੰ ਬੁਲਾਇਆ ਤੇ ਉਸ ਦੇ ਕੰਨ ਵਿਚ ਲੱਗਾ ਘੁਸਰ-ਮੁਸਰ ਕਰਨ। ਮੈਂ ਵੀ ਪੁਲਿਸ ਵਾਲੇ ਦੀ ਧੀ ਸੀ ਸਮਝ ਗਈ ਕਿ ਦਾਲ ਵਿਚ ਕੁੱਝ ਕਾਲਾ ਹੈ। ਚਪੜਾਸੀ ਆ ਕੇ ਕਹਿਣ ਲੱਗਾ ਇਹ ਤਾਂ ਤੁਹਾਨੂੰ ਮਿਲਣ ਆਇਆ ਹੈ।
ਬੱਚੇ ਜਮਾਤਾਂ ਵਿਚ ਭੇਜੇ। ਮੈਂ ਹੋਰ ਮੈਡਮਾਂ ਦੀ ਚਾਹ ਦੀ ਡਿਊਟੀ ਲਗਾ ਕੇ, ਉਨ੍ਹਾਂ ਨੂੰ ਦਫ਼ਤਰ ਵਿਚ ਬਿਠਾ ਦਿਤਾ, ਮੈਂ ਆਪ ਸਹਿਜ ਹੋ ਕੇ ਦਫ਼ਤਰ ਚਲੀ ਗਈ। ਮੈਂ ਜਾ ਕੇ ਨਮਸਤੇ ਬੁਲਾਈ ਤੇ ਕੁਰਸੀ ਲੈ ਕੇ ਬੈਠ ਗਈ। ਸਾਹਮਣੇ ਵੇਖਿਆ, ਵਾਹ ਕੀ ਕੰਬੀਨੇਸ਼ਨ ਹੈ, ਪ੍ਰਿੰਟਿਡ ਪੱਗ ਨਾਲ ਕੱਢੀ ਹੋਈ ਜੁੱਤੀ ਜਿਵੇਂ ਕਿਧਰੇ ਮੇਲਾ ਵੇਖਣ ਆਏ ਹੋਣ। ਬਾਰੀ ਵਿਚੋਂ ਦੀ ਇਕ ਮੈਡਮ ਬੋਲੀ ਕਿ ''ਮਰਚਾਂ ਪਾ ਦੇ ਚਾਹ ਕੁੱਝ ਕਰਾਰੀ ਬਣਾ ਦੇਈਏ?'' ਹਾਸਾ ਰੋਕ ਮੈਂ ਉਨ੍ਹਾਂ ਨੂੰ ਪੁਛਿਆ ''ਕਿਵੇਂ ਆਏ ਹੋ ਤੇ ਆਪ ਜੀ ਦੀ ਤਾਰੀਫ਼?'' ਉਸ ਨੇ ਅਪਣੀ ਪਛਾਣ ਦਸੀ ਤੇ ਕਿਹਾ ''ਨਾਲ ਵਾਲਾ ਬੰਦਾ ਉਸ ਦਾ ਰਿਸ਼ਤੇਦਾਰ ਹੈ।''
ਪੰਜ ਕੁ ਮਿੰਟ ਵਿਚ ਉਹ ਰਿਸ਼ਤੇਦਾਰ ਤਾਂ ਮੇਰਾ ਬਾਹਰ ਗਰਾਊਂਡ ਵਿਚ ਕੁਰਸੀ ਲੈ ਕੇ ਬਹਿ ਗਿਆ। ਹੁਣ ਅਸੀ ਕਮਰੇ ਵਿਚ ਦੋਵੇਂ ਹੀ ਸਾਂ। ਸਵਾਲਾਂ ਦੀ ਬੁਝਾਰਤ ਸ਼ੁਰੂ ਹੋਈ ''ਤੁਹਾਡਾ ਨਾਂ ਕੀ ਹੈ? ਦਸਵੀ ਦੇ ਨੰਬਰ ਕਿੰਨੇ ਹਨ?'' ''ਲਉ ਜੀ ਨੰਬਰ ਤਾਂ ਦਸਵੀਂ ਦੇ ਇਕੋ ਜਿੰਨੇ ਨਾ ਇਕ ਘੱਟ ਨਾ ਵੱਧ।'' ਮੈਨੂੰ ਹੌਸਲਾ ਜਿਹਾ ਹੋ ਗਿਆ। ਏਨੇ ਨੂੰ ਇਕ ਬੱਚਾ ਮੇਜ਼ ਉਤੇ ਦੋ ਕੱਪ ਢਕੇ ਹੋਏ ਰੱਖ ਗਿਆ। ਉਸ ਨੇ ਢੱਕਣ ਚੁਕਿਆ ਤਾਂ ਵਿਚ ਇਕ ਚਿੱਟ ਸੀ। ਹੱਸ ਕੇ ਚਿੱਟ ਪੜ੍ਹ ਕੇ ਖ਼ੁਸ਼ ਹੋਇਆ। ਮੈਂ ਹੈਰਾਨ ਸਾਂ ਕਿ ਚਾਹ ਏਨੀ ਜਲਦੀ ਕਿਵੇਂ ਬਣ ਗਈ। ਮੈਂ ਵੀ ਕੱਪ ਚੁਕਿਆ ਵੇਖਿਆ, ਚਿੱਟ ਉਤੇ ਲਿਖਿਆ ਸੀ, 'ਬੈਸਟ ਆਫ਼ ਲੱਕ', ਪੜ੍ਹ ਕੇ ਹੈਰਾਨੀ ਹੋਈ। ਫਿਰ ਕਹਿਣ ਲੱਗੇ, ''ਤੁਹਾਡਾ ਕੱਦ ਕਿੰਨਾ ਹੈ?
ਵਾਲ ਕਿੰਨੇ ਕੁ ਲੰਮੇ ਹਨ?'' ਮੇਰੇ ਦਫ਼ਤਰ ਵਿਚ ਇਕ ਮੀਟਰ ਰਾਡ ਪਈ ਸੀ ਮੈਂ ਉਹ ਚੁੱਕ ਕੇ ਕਿਹਾ ਕਿ ''ਹਾਥ ਕੰਗਣ ਕੋ ਆਰਸੀ ਕਿਆ, ਆਹ ਲਉ ਆਪਾਂ ਹੁਣੇ ਮਿਣ ਲੈਂਦੇ ਹਾਂ। ਮੇਰਾ ਕੱਦ ਪੰਜ ਫੁੱਟ ਤਿੰਨ ਇੰਚ ਹੈ।'' ਉਹ ਕਹਿਣ ਲੱਗੇ ਕਿ ''ਓਹ, ਗੌਡ! ਮੈਂ ਇਸ ਤਰ੍ਹਾਂ ਨਹੀਂ ਸੀ ਕਿਹਾ।'' ਫਿਰ ਬੋਲੇ ਕਿ ''ਅੱਛਾ ਤੁਸੀ ਗੋਹਾ ਕੂੜਾ ਸੁੱਟ ਲਿਆ ਕਰੋਗੇ, ਅਸੀ ਡੰਗਰ ਰੱਖੇ ਹੋਏ ਹਨ।'' ਮੈਂ ਕਿਹਾ, ''ਜੇ ਮੱਖਣ ਖਾਣੈ ਤਾਂ ਗੋਹਾ ਸੁੱਟਣ ਵਿਚ ਕੀ ਹਰਜ ਹੈ।'' ਹੋਰ ਤੁਸੀ ਪੇਂਡੂਆਂ ਨਾਲ ਕਿਵੇਂ ਨਿਭਾਉਗੇ? ਮੈਂ ਕਿਹਾ ਇਹ ਤਾਂ ਵਕਤ ਦਸੇਗਾ।
ਹੁਣ ਕੁੜੀਆਂ ਚਾਹ ਲੈ ਕੇ ਆ ਗਈਆਂ। ਉਨ੍ਹਾਂ ਦਸਿਆ ਕਿ ''ਮੈਡਮ ਤੁਹਾਡਾ ਆਹ ਕੱਪ ਹੈ। ਦੂਜਾ ਉਨ੍ਹਾਂ ਦਾ।'' ਉਸ ਦੇ ਨਾਲ ਵਾਲਾ ਬੰਦਾ ਵੀ ਚਾਹ ਪੀਣ ਲਈ ਅੰਦਰ ਬੁਲਾ ਲਿਆ। ਉਸ ਦੇ ਅੰਦਰ ਆਉਣ ਤੋਂ ਪਹਿਲਾਂ ਕੱਪ ਵਟਾ ਲਏ। ਸ਼ਾਇਦ ਮਿਰਚਾਂ ਵਾਲੀ ਗੱਲ ਸੁਣ ਲਈ ਸੀ। ਚਾਹ ਪੀਤੀ, ਮਿਠਾਈ ਖਾਧੀ। ਉਹ ਦੋਵੇਂ ਖ਼ੁਸ਼ ਲੱਗ ਰਹੇ ਸਨ। ਮੇਰੇ ਦਫ਼ਤਰ ਵਿਚ ਇਕ ਫੋਟੋ ਬਾਬੇ ਨਾਨਕ ਦੀ ਲੱਗੀ ਹੋਈ ਸੀ ਜਿਸ ਵਿਚ ਉਨ੍ਹਾਂ ਉਪਦੇਸ਼ ਦੇਣ ਲਈ ਇਕ ਹੱਥ ਅੱਗੇ ਕੀਤਾ ਹੋਇਆ ਸੀ।
ਉਹ ਬਜ਼ੁਰਗ ਫੋਟੋ ਵਲ ਵੇਖ ਰਿਹਾ ਸੀ ਤੇ ਮੈਨੂੰ ਮੁਖਾਤਿਬ ਹੋ ਕੇ ਬੋਲਿਆ,
''ਏਕ ਬਾਤ ਮੁਝੇ ਭੀ ਬਤਾ ਦੋ ਕਿ ਬਾਬਾ ਜੀ ਕਿਆ ਕਹਿਨੇ ਚਾਹਤੇ ਹੈਂ?'' ਮੈਂ ਤਾਂ ਅਪਣੀ ਜਾਚੇ ਸਾਰੇ ਸਵਾਲਾਂ ਦੇ ਉਤਰ ਦੇ ਕੇ ਨਿਸ਼ਚਿੰਤ ਹੋ ਗਈ ਸਾਂ ਪਰ ਉਸ ਬਜ਼ੁਰਗ ਦੇ ਪੁੱਛੇ ਸਵਾਲ ਨੇ ਤਾਂ ਮੈਨੂੰ ਸੋਚਾਂ ਵਿਚ ਪਾ ਦਿਤਾ। ਸਮਝ ਨਾ ਆਵੇ ਕੀ ਕਹਾਂ...? ਮੈਥੋਂ ਤਾਂ ਇਕਦਮ ਇਹੀ ਕਿਹਾ ਗਿਆ ਕਿ ਬਾਬਾ ਜੀ ਕਹਿ ਰਹੇ ਨੇ, ''ਕੁੜੀਏ ਤਸੱਲੀ ਰੱਖ ਫ਼ਿਕਰ ਦੀ ਕੋਈ ਲੋੜ ਨਹੀਂ।'' ਉਹ ਦੋਵੇਂ ਵੈਰੀਗੁੱਡ ਆਖ ਕੁਰਸੀਆਂ ਤੋਂ ਉਠੇ, ਦਫ਼ਤਰ ਵਿਚੋਂ ਬਾਹਰ ਨਿਕਲੇ ਤੇ ਗੇਟ ਦੇ ਬਾਹਰ ਚਲੇ ਗਏ। ਇਹ ਸਾਡੀ ਪਹਿਲੀ ਮਿਲਣੀ ਸੀ। ਸੰਪਰਕ : 8284020628