
Punjab News: ਸਮਾਜ ਦਾ ਢਹਿੰਦੀ ਕਲਾ ’ਚ ਜਾਣਾ ਕਿਸੇ ਵੀ ਪੱਖੋਂ ਸਹੀ ਸੰਕੇਤ ਨਹੀਂ ਹੈ। ਸਮਾਜ ਦਾ ਬਹੁਤ ਵੱਡਾ ਹਿੱਸਾ ਮਾਨਸਕ ਤੌਰ ’ਤੇ ਪ੍ਰੇਸ਼ਾਨ ਹੈ।
Suicides are increasing in every age and every class News: ਸਮਾਜ ਦਾ ਢਹਿੰਦੀ ਕਲਾ ’ਚ ਜਾਣਾ ਕਿਸੇ ਵੀ ਪੱਖੋਂ ਸਹੀ ਸੰਕੇਤ ਨਹੀਂ ਹੈ। ਸਮਾਜ ਦਾ ਬਹੁਤ ਵੱਡਾ ਹਿੱਸਾ ਮਾਨਸਕ ਤੌਰ ’ਤੇ ਪ੍ਰੇਸ਼ਾਨ ਹੈ। ਡੀਪਰੈਸ਼ਨ ਨੇ ਸਮਾਜ ਨੂੰ ਪੂਰੀ ਤਰ੍ਹਾਂ ਜਕੜ ਲਿਆ ਹੈ। ਮਾਨਸਕ ਪ੍ਰੇਸ਼ਾਨੀਆਂ ਹੀ ਖ਼ੁਦਕਸ਼ੀਆਂ ਦਾ ਕਾਰਨ ਬਣ ਰਹੀਆਂ ਹਨ। ਹਾਂ, ਇਸ ਦੇ ਵੀ ਬਹੁਤ ਸਾਰੇ ਕਾਰਨ ਹਨ। ਕਿਧਰੇ ਆਰਥਕ ਪ੍ਰੇਸ਼ਾਨੀ ਕਰਜ਼ੇ ਕਰ ਕੇ ਹੈ, ਕਿਧਰੇ ਨੌਕਰੀ ਨਾ ਮਿਲਣ ਕਰ ਕੇ ਤੇ ਕਿਧਰੇ ਵਿਖਾਵੇ ਤੇ ਫ਼ੁਕਰੇਪਣ ਕਰ ਕੇ ਹੈ। ਗੱਲ ਕੀ ਖ਼ੁਦਕਸ਼ੀਆਂ ਦਾ ਵਧਦਾ ਰੁਝਾਨ ਬੇਹੱਦ ਚਿੰਤਾ ਦਾ ਵਿਸ਼ਾ ਹੈ। ਹਰ ਉਮਰ ਤੇ ਹਰ ਵਰਗ ’ਚ ਖ਼ੁਦਕਸ਼ੀਆਂ ਵੱਧ ਰਹੀਆਂ ਹਨ।
ਇਸ ਨੂੰ ਸਮਾਜ ਜਾਂ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦੈ। ਕੁੱਝ ਕਦਮ ਸਮਾਜ ਨੂੰ ਚਕਣੇ ਚਾਹੀਦੇ ਹਨ ਤੇ ਕੁੱਝ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਸਮਾਜ ਵਿਖਾਵੇ ਦੀ ਅੰਨ੍ਹੀ ਦੌੜ ’ਚ ਲੱਗਾ ਹੋਇਆ ਹੈ। ਬਰੈਂਡਿਡ ਸਮਾਨ ਨੇ ਲੋਕਾਂ ਨੂੰ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡੀ। ਇਹ ਬੀਮਾਰੀ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਬੁਰੀ ਤਰ੍ਹਾਂ ਫੈਲੀ ਹੋਈ ਹੈ। ਨੌਜਵਾਨ ਪੀੜ੍ਹੀ ਮੋਟਰਸਾਈਕਲ ਤੇ ਕਾਰਾਂ ਤੋਂ ਹੇਠਾਂ ਉਤਰਦੀ ਹੀ ਨਹੀਂ। ਵਿਆਹਾਂ ’ਚ ਫ਼ਜ਼ੂਲ ਖ਼ਰਚਿਆਂ ਦਾ ਕੋਈ ਅੰਤ ਨਹੀਂ। ਕਰਜ਼ਾ ਲੈ ਕੇ ਜਾਂ ਅਪਣੀ ਸਾਰੀ ਬੱਚਤ ਵਿਆਹਾਂ ’ਚ ਲਗਾ ਦਿਤੀ ਜਾਂਦੀ ਹੈ। ਜਿਊਂਦੇ ਮਾਪਿਆਂ ਪੁਛਿਆ ਨਹੀਂ ਜਾਂਦਾ ਤੇ ਮਰਨ ਤੋਂ ਬਾਅਦ ਭੋਗ ਤੇ ਵਿਖਾਵੇ ਲਈ ਫ਼ਜ਼ੂਲ ਪੈਸੇ ਖ਼ਰਚ ਦਿੰਦੇ ਹਨ। ਕਰਜ਼ਾ ਉਤਾਰਨਾ ਔਖਾ ਹੋ ਜਾਂਦੈ ਤੇ ਫਿਰ ਖ਼ੁਦਕਸ਼ੀ ਦੇ ਰਾਹ ਨੂੰ ਚੁਣਦੇ ਹਨ। ਸਮਾਜ ਨੂੰ ਫ਼ਜ਼ੂਲ ਖ਼ਰਚ, ਵਿਖਾਵੇ ਤੇ ਰੋਕ ਲਗਾਉਣੀ ਚਾਹੀਦੀ ਹੈ। ਇਹ ਕੰਮ ਪਿੰਡ, ਮੋਹਤਬਰਾਂ ਤੇ ਪੰਚਾਇਤ ਪੱਧਰ ’ਤੇ ਹੋਣੇ ਚਾਹੀਦੇ ਹਨ। ਸਰਕਾਰਾਂ ਨੂੰ ਮਹਿੰਗਾਈ ਤੇ ਕਾਬੂ ਪਾਉਣ, ਰੁਜ਼ਗਾਰ ਦੇਣ ਵਲ ਗੰਭੀਰ ਹੋਣਾ ਚਾਹੀਦੈ।
ਪਿਛਲੇ ਦਿਨੀਂ ਇਕ ਨੌਜਵਾਨ ਜੋੜੇ ਨੇ ਅਪਣੇ ਬੇਟੇ ਸਮੇਤ ਖ਼ੁਦਕਸ਼ੀ ਕਰ ਲਈ। ਦਿਲ ਦਹਿਲਾ ਦੇਣ ਵਾਲੀ ਖ਼ਬਰ ਸੀ ਇਹ। ਇਸ ਤੋਂ ਪਹਿਲਾਂ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਕਿਸੇ ਵੀ ਮਾੜੀ ਖ਼ਬਰ ਤੋਂ ਕੋਈ ਸਬਕ ਨਹੀਂ ਸਿਖਦੇ। ਮੁਆਫ਼ ਕਰਨਾ, ਸਾਡੇ ’ਚ ਇਨਸਾਨੀਅਤ ਖ਼ਤਮ ਹੋ ਗਈ ਹੈ। ਅਸੀਂ ਉਸ ਖ਼ਬਰ ਨੂੰ ਮਹਿਸੂਸ ਕਰ ਕੇ ਪੜ੍ਹਦੇ ਹੀ ਨਹੀਂ। ਦੂਸਰੇ ਦੇ ਘਰ ਲੱਗੀ ਅੱਗ ਬਸੰਤਰ ਦੇਵਤਾ ਹੁੰਦੀ ਹੈ ਪਰ ਜਦੋਂ ਅਪਣੇ ਘਰ ਲੱਗੇ ਤਾਂ ਸੇਕ ਮਹਿਸੂਸ ਹੁੰਦੈ। ਅਜਿਹਾ ਕਿਸੇ ਨਾਲ ਨਾ ਹੋਵੇ, ਇਸ ਲਈ ਸਮਾਜ ਨੂੰ ਹੀ ਪਹਿਲ ਕਦਮੀ ਕਰਨੀ ਪਵੇਗੀ।
- ਪ੍ਰਭਜੋਤ ਕੌਰ ਢਿੱਲੋਂ ਮੁਹਾਲੀ,
ਮੋਬਾਈਲ : 98150-30221