
Sikh Politics: ਜੇ ਅਸੀ ਇਕ ਸ਼ਰਧਾਵਾਨ ਸਿੱਖ ਹਾਂ ਫਿਰ ਇਸ ਵਿਸ਼ੇ ਦੀ ਸਮਝ ਤੁਹਾਨੂੰ ਨਹੀਂ ਲੱਗ ਸਕਦੀ
Sikh Politics: ਸਿੱਖਾਂ ਨੂੰ ਪੜ੍ਹਨ ਦੀ ਆਦਤ ਬਹੁਤ ਘੱਟ ਹੈ, ਨਹੀ ਤਾਂ ਉਨ੍ਹਾਂ ਝੱਟ ਸਮਝ ਜਾਣਾ ਸੀ ਕਿ ਜੋ ਅੱਜ ਦੇ ਲੇਖ ਦਾ ਟਾਈਟਲ ਹੈ, ਇਹ ਤਾਂ ਸ. ਕੁਲਬੀਰ ਸਿੰਘ ਕੌੜਾ ਜੀ ਨੇ ਇਕ ਕਿਤਾਬ ਲਿਖੀ ਸੀ। ਇਹ ਉਹੀ ਕੁਲਬੀਰ ਸਿੰਘ ਕੌੜਾ ਹਨ ਜਿਨ੍ਹਾਂ ਨੇ ‘...ਤੇ ਸਿੱਖ ਵੀ ਨਿਗਲਿਆ ਗਿਆ’ ਕਿਤਾਬ ਲਿਖੀ ਸੀ। ਕਿਸੇ ਵੀ ਵਿਸ਼ੇ ਨੂੰ ਸਮਝਣ ਲਈ ਉਸ ਵਿਚ ਤੁਹਾਡਾ ਰੁਝਾਨ (ਰੁਚੀ) ਦਾ ਹੋਣਾ ਬਹੁਤ ਜ਼ਰੂਰੀ ਹੈ।
ਮੇਰਾ ਲੇਖ ਜਦੋਂ ਵੀ ਰੋਜ਼ਾਨਾ ਸਪੋਕਸਮੈਨ ’ਚ ਛਪਦਾ ਹੈ ਤਾਂ ਪਾਠਕ ਆਖਦੇ ਹਨ ਤੂੰ ਲਿਖਦਾ ਬਹੁਤ ਵਧੀਆ ਹੈ। ਜਿਹੜਾ ਸਿੱਖ ਪੜ੍ਹੇਗਾ ਵਧੀਆ, ਉਹ ਲਿਖੇਗਾ ਵੀ ਵਧੀਆ ਹੀ। ਇਸੇ ਲਈ ਮੈਂ ਹਰ ਲੇਖ ’ਚ ਇਹੀ ਬੇਨਤੀ ਕਰਦਾ ਹਾਂ ਕਿ ਮੇੇਰੇ ਵੀਰੋ-ਭੈਣੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਤੇ ਅਰਥ ਸਮਝ ਕੇ ਪੜਿ੍ਹਆ ਕਰੋ। ਤੁਸੀ ਕੋਈ ਵੀ ਲੇਖ ਜਾਂ ਕਿਤਾਬ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਨੂੰ ਸੌਖਿਆਂ ਹੀ ਉਸ ਵਿਸ਼ੇ ਦੀ ਸਮਝ ਲੱਗ ਜਾਵੇਗੀ।
ਅੱਜ ਆਪਾਂ ਗੱਲ ਕਰਾਂਗੇ ਰਾਜਨੀਤੀ ਤੇ ਅਕਾਲ ਤਖ਼ਤ ਦੀ। ਜੇ ਅਸੀ ਇਕ ਸ਼ਰਧਾਵਾਨ ਸਿੱਖ ਹਾਂ ਫਿਰ ਇਸ ਵਿਸ਼ੇ ਦੀ ਸਮਝ ਤੁਹਾਨੂੰ ਨਹੀਂ ਲੱਗ ਸਕਦੀ ਪਰ ਜੇ ਤੁਹਾਡੇ ਕੋਲ ਗਿਆਨ ਹੈ, ਚੰਗੀ ਸਮਝ ਹੈ, ਤੁਸੀ ਚੰਗੇ ਤੇ ਸਿਆਣੇ ਲਿਖਾਰੀਆਂ ਦੀਆ ਕਿਤਾਬਾਂ ਪੜ੍ਹਦੇ ਹੋ ਤਾਂ ਤੁਸੀ ਰਾਜਨੀਤੀ ਤੇ ਅਕਾਲ ਤਖ਼ਤ ’ਤੇ ਕਾਬਜ਼ ਧਿਰ ਦੀ ਭਾਈਵਾਲੀ ਨੂੰ ਸੌਖਿਆ ਹੀ ਸਮਝ ਜਾਵੋਗੇ।
ਅਕਾਲ ਬੁੰਗਾ ਜਾਂ ਅਕਾਲ ਤਖ਼ਤ ਤੇ ਇਸ ਦੇ ਪੁਜਾਰੀ : ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਮਤ 1664 ’ਚ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਇਕ ਉੱਚਾ ਰਾਜ ਸਿੰਘਾਸਨ (ਸ਼ਾਹੀ ਤਖ਼ਤ) ਤਿਆਰ ਕਰਵਾ ਕੇ ਉਸ ਦਾ ਨਾਮ ਅਕਾਲ ਬੁੰਗਾ ਰਖਿਆ। ਇਸ ਜਗ੍ਹਾ ਤੇ ਸਵੇਰੇ-ਸ਼ਾਮ ਨੂੰ ਦੀਵਾਨ ਸਜਾ ਕੇ ਪੰਥਕ ਮਸਲਿਆਂ ’ਤੇ ਵਿਚਾਰਾਂ ਕੀਤੀਆਂ ਜਾਂਦੀਆਂ ਸਨ।
ਅਕਾਲ ਬੁੰਗਾ ਸਿੱਖਾਂ ਦੀ ਰਾਜਨੀਤਕ ਸ਼ਕਤੀ ਦਾ ਪ੍ਰਤੀਕ ਸੀ, ਸਿੱਖ ਪੰਥ ਇਸ ਥਾਂ ’ਤੇ ਮੁੱਢ ਤੋਂ ਹੀ ਗੁਰਮਤਾ ਕਰਦਾ ਆਇਆ ਹੈ। ਅੱਜ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ, ਬਾਬਾ ਬਿੱਧੀ ਚੰਦ ਯੋਧਿਆਂ ਦੇ ਵੀ ਸ਼ਸ਼ਤਰ ਮੌਜੂਦ ਹਨ। ਹੁਣ ਸੋਚਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ’ਤੇ ਸਿੱਖ ਮਸਲਿਆਂ ਦਾ ਹੱਲ ਸਰਬੱਤ ਖ਼ਾਲਸਾ ਸੱਦ ਕੇ ਕੀਤਾ ਜਾਂਦਾ ਸੀ, ਉਸ ਜਗ੍ਹਾ ’ਤੇ ਪੁਜਾਰੀ ਜਮਾਤ ਕਿਵੇਂ ਅਪਣਾ ਕਬਜ਼ਾ ਜਮ੍ਹਾਂ ਗਈ।
ਗੁਰਮਤਾ ਸਰਬੱਤ ਖ਼ਾਲਸੇ ਦੀ ਸਹਿਮਤੀ ਨਾਲ ਕੀਤਾ ਜਾਂਦਾ ਸੀ ਪਰ ਅੱਜ ਪੁਜਾਰੀ (ਜਿਹੜੇ ਹਾਕਮਾਂ ਦੀ ਮਰਜ਼ੀ ਨਾਲ ਇਸ ਜਗ੍ਹਾ ’ਤੇ ਫਿਟ ਕੀਤੇ ਜਾਂਦੇ ਹਨ) ਇਸ ਜਗ੍ਹਾ ਤੇ ਖੜ ਕੇ ਅਪਣੀ ਮਨਮਰਜ਼ੀ ਦੇ ਹੁਕਮ ਚਲਾਉਂਦੇ ਹਨ। ਜਿਹੜੇ ਪੰਜ ਸਿੰਘ ਇਕ ਬੰਦ ਕਮਰੇ ’ਚ ਠੰਢੇ ਏ.ਸੀ ਹੇਠ ਬੈਠ ਕੇ ਮਨਮਰਜ਼ੀ ਦੇ ਫ਼ੈਸਲੇ ਕਰਨ, ਉਹ ਜੱਥੇਦਾਰ ਕਿਵੇਂ ਹੋ ਸਕਦੇ ਹਨ? ਸਮੁੱਚਾ ਪੰਥ ਜਾਣਦਾ ਹੈ ਕਿ ਇਨ੍ਹਾਂ ਦੀ ਨਿਯੁਕਤੀ ਕਿਵੇਂ ਹੁੰਦੀ ਹੈ। ਸਮੁੱਚਾ ਪੰਥ ਜਾਣਦੈ ਕਿ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋ.ਗੁ.ਪ੍ਰ. ਕਮੇਟੀ ਦਾ ਆਪਸ ਵਿਚ ਕੀ ਰਿਸ਼ਤਾ ਹੈ।
ਸਮੁੱਚਾ ਪੰਥ ਜਾਣਦੈ ਕਿ ਇਨ੍ਹਾਂ ਦੇ ਸਿਆਸੀ ਪਿਤਾ ਇਕ ਮਿੰਟ ’ਚ ਇਨ੍ਹਾਂ ਨੂੰ ਅਹੁਦੇ ਤੋਂ ਲਾਹ ਦਿੰਦੇ ਹਨ। ਇਨ੍ਹਾਂ ਦੇ ਅਸਤੀਫ਼ੇ ਨਹਾਉਣ ਤੋਂ ਪਹਿਲਾਂ ਹੀ ਲੈ ਲਏ ਜਾਂਦੇ ਹਨ ਤੇ ਨਵੇਂ ਪੁਜਾਰੀ ਦੀ ਨਿਯੁਕਤੀ ਕਰ ਦਿਤੀ ਜਾਂਦੀ ਹੈ। ਹੁਣ ਨਵਾਂ ਪੁਜਾਰੀ ਜਿੰਨੀ ਦੇਰ ਅਪਣੇ ਸਿਆਸੀ ਪਿਤਾ ਦੀ ਗੱਲ ਮੰਨਦੈ, ਉਹ ਉਨੀ ਦੇਰ ਹੀ ਉਸ ਅਹੁਦੇ ’ਤੇ ਰਹਿ ਸਕਦਾ ਹੈ। ਇਹ ਸਿਲਸਿਲਾ ਸੰਤ ਜਰਨੈਲ ਸਿੰਘ ਭਿੰਡਰਾਂ-ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸ਼ੁਰੂ ਹੋ ਗਿਆ ਸੀ ਤੇ ਇਸ ਨੂੰ ਸ਼ੁਰੂ ਕਰਨ ਵਾਲਾ ਕੌਣ ਹੈ? ਇਹ ਵੀ ਪੰਥ ਚੰਗੀ ਤਰ੍ਹਾਂ ਜਾਣਦੈ।
ਇੱਥੇ ਇਕ ਸੱਚੀ ਵਾਰਤਾ ਆਪ ਜੀ ਨਾਲ ਸਾਂਝੀ ਕਰ ਲੈਂਦੇ ਹਾਂ ਕਿ ਪੁਰਾਣੇ ਬਜ਼ੁਰਗ ਇਸ ਘਟਨਾ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣਗੇ। ਇਕ ਅਖੌਤੀ ਸਾਧ ਨੇ ਇਕ ਬੱਚੀ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾ ਲਿਆ, ਧਰਮ ਦਾ ਚੋਲਾ ਪਾ ਕੇ ਉਸ ਨੇ ਇਕ ਕੁੜੀ ਨਾਲ ਬਲਾਤਕਾਰ ਕੀਤਾ। ਗੱਲ ਅਕਾਲ ਤਖ਼ਤ ’ਤੇ ਚਲੀ ਗਈ। ਉਸ ਸਮੇਂ ਜਿਹੜਾ ਮੁੱਖ ਪੁਜਾਰੀ ਸੀ, ਉਸ ਨੇ ਬਲਾਤਕਾਰੀ ਬਾਬੇ ਤੋਂ 70,000 ਰੁਪਏ ਲੈ ਕੇ ਫ਼ੈਸਲਾ ਬਲਾਤਕਾਰੀ ਬਾਬੇ ਦੇ ਹੱਕ ’ਚ ਕਰ ਦਿਤਾ।
ਲੜਕੀ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਕੇਸ ਅਦਾਲਤ ’ਚ ਦਰਜ ਕਰਵਾ ਦਿਤਾ। ਅਦਾਲਤ ਨੇ ਸਬੂਤਾਂ ਦੇ ਅਧਾਰ ’ਤੇ ਫ਼ੈਸਲਾ ਕਰ ਦਿਤਾ ਕਿ ਬਾਬਾ ਬਲਾਤਕਾਰੀ ਹੈ ਤੇ ਉਸ ਸਾਧ ਨੂੰ ਜੇਲ ਦੀ ਹਵਾ ਖਾਣੀ ਪਈ। ਹੁਣ ਪੰਥ ਆਪ ਹੀ ਫ਼ੈਸਲਾ ਕਰੇ ਕਿ ਇਹ ਅਹੁਦਾ ਹੋਣਾ ਚਾਹੀਦੈ ਜਾਂ ਨਹੀਂ? ਸਮੁੱਚੇ ਮੀਡੀਆ ਤੇ ਅਖ਼ਬਾਰਾਂ ਰਾਹੀਂ ਲੱਖਾਂ ਨਹੀਂ ਕਰੋੜਾਂ ਰੁਪਏ ਖ਼ਰਚ ਕਰ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਅਹੁਦਾ ਇਕ ਸੁਪਰੀਮ ਪਾਵਰ ਹੈ, ਇਹ ਪੰਥ ਦੇ ਜਥੇਦਾਰ ਹਨ, ਇਨ੍ਹਾਂ ਬਿਨਾਂ ਕੌਮ ਅਧੂਰੀ ਹੈ।
ਯਾਦ ਰਹੇ ਅੰਮ੍ਰਿਤ ਛਕਾਉਣ ਵੇਲੇ ਜਿਹੜੇ ਪੰਜ ਪਿਆਰੇ ਚੁਣੇ ਗਏ ਸੀ, ਉਹ ਆਮ ਸਿੱਖ ਹੀ ਸਨ ਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਹ ਸੰਗਤ ’ਚ ਹੀ ਰਲ ਮਿਲ ਜਾਂਦੇ ਹਨ। ਪ੍ਰੋ: ਆਰਨਲਡ ਟਾਇਨਬੀ ਨੇ ਲਿਖਿਆ ਹੈ ਕਿ ਹਰ ਸਭਿਅਤਾ ਤੇ ਸਮਾਜ ਦੀ ਗਿਰਾਵਟ ਤੇ ਖ਼ਾਤਮਾ ਉਸ ਵਕਤ ਹੁੰਦੈ ਜਦੋਂ ਸੁਆਰਥੀ ਲਾਲਚੀ, ਬੇਸਮਝ, ਗਿਆਨਹੀਣ ਪੁਰਸ਼ ਉਸ ਦੇ ਆਗੂ ਬਣ ਜਾਣ।
ਸੌਖੀ ਜਿਹੀ ਗੱਲ ਇਹ ਹੈ ਕਿ ਅਕਾਲ ਬੁੰਗਾ (ਹੁਣ ਅਕਾਲ ਤਖ਼ਤ) ਸਿੱਖ ਪੰਥ ਦੀ ਰਾਜਨੀਤਕ ਸ਼ਕਤੀ ਦਾ ਮੁੱਢ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਜੰਗਾਂ ਇਸ ਗੱਲ ਦਾ ਸਬੂਤ ਹਨ ਕਿ ਪੰਥ ਹੁਣ ਰਾਜਨੀਤੀ ਤੇ ਰਾਜ ਵੀ ਕਰ ਸਕਦਾ ਹੈ। ਭਾਵੇਂ ਕਿ ਇਸ ਦਾ ਮੁੱਢ ਗੁਰੂ ਨਾਨਕ ਜੀ ਦੇ ਸਮੇਂ ਤੋਂ ਹੀ ਬੰਨਿ੍ਹਆ ਗਿਆ ਸੀ ਪਰ ਇਸ ਨੂੰ ਅਸਲ ਹਕੀਕੀ ਜਾਮ੍ਹਾਂ ਗੁਰੂ ਹਰਗੋਬਿੰਦ ਜੀ ਨੇ ਦਿਤਾ।
ਗੁਰੂ ਕਾਲ ਮਗਰੋਂ ਵੀ ਸਿੱਖ ਵਿਸਾਖੀ ਤੇ ਦੀਵਾਲੀ ਨੂੰ ਪੰਥਕ ਮਸਲਿਆਂ ਦੇ ਹੱਲ ਲਈ ਸਰਬੱਤ ਖ਼ਾਲਸੇ ਦੇ ਰੂਪ ’ਚ ਇਕੱਠੇ ਹੁੰਦੇ ਸੀ ਤੇ ਸਿਆਸੀ ਮਸਲਿਆਂ ’ਤੇ ਸਰਬ ਸੰਮਤੀ ਨਾਲ ਵਿਚਾਰ ਚਰਚਾ ਹੁੰਦੀ ਸੀ। ਪਰ ਅੱਜ ਦਾ ਸਿੱਖ ਦੀਵਾਲੀ ਤੇ ਵਿਸਾਖੀ ਨੂੰ ਅੰਮ੍ਰਿਤਸਰ ਸਾਹਿਬ ਕੇਵਲ ਮੱਥਾ ਟੇਕਣ ਹੀ ਜਾਂਦੈ ਤੇ ਇਸ ਨੂੰ ਹੁਣ ਸਮਝ ਹੀ ਨਹੀਂ ਕਿ ਹੋ ਕੀ ਰਿਹਾ ਹੈ ਤੇ ਹੋਣਾ ਕੀ ਚਾਹੀਦਾ ਸੀ।
ਪੁਜਾਰੀ ਤੇ ਹਾਕਮ ਦੀ ਕਾਮਯਾਬ ਜੋੜੀ: ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜਨੀਤੀ ’ਚ ਅਜਿਹਾ ਵਿਗਾੜ ਆਇਆ ਜੋ ਅੱਜ ਤਕ ਸਹੀ ਨਹੀਂ ਹੋਇਆ। ਬੇਈਮਾਨ ਸਿੱਖ ਲੀਡਰਾਂ ਨੇ ਰੱਜ ਕੇ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ। ਪ੍ਰਵਾਰਵਾਦ ਨੇ ਸੱਭ ਕੁੱਝ ਪਿੱਛੇ ਛੱਡ ਦਿਤਾ, ਕੌਮ ਜਾਵੇ ਢੱਠੇ ਖੂਹ ਵਿਚ, ‘ਪੰਥ ਮਰੇ ਮੈਂ ਜੀਵਾ’ ਦੀ ਪ੍ਰਵਿਰਤੀ ਸਿੱਖ ਲੀਡਰਾਂ ਦੇ ਮਨਾਂ ’ਚ ਘਰ ਕਰ ਚੁੱਕੀ ਸੀ। ਬੇਈਮਾਨ ਰਾਜਨੀਤੀ ਨੇ ਅਕਾਲ ਤਖ਼ਤ ਨੂੰ ਵੀ ਨਾ ਬਖ਼ਸ਼ਿਆ।
ਲਾਲਚੀ ਕਿਸਮ ਦੇ ਨੇਤਾਵਾਂ ਨੇ ਲਾਲਚੀ ਕਿਸਮ ਦੇ ਪੁਜਾਰੀਆਂ ਨੂੰ ਹੀ ਅਕਾਲ ਤਖ਼ਤ ਤੇ ਹੋਰ ਤਖ਼ਤਾਂ ਦੇ ਜੱਥੇਦਾਰ ਨਿਯੁਕਤ ਕੀਤਾ। ਬੇਈਮਾਨ ਲੀਡਰਾਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਪ੍ਰਧਾਨ ਵੀ ਉਸੇ ਨੂੰ ਲਗਾਇਆ ਜੋ ਉਨ੍ਹਾਂ ਦੇ ਇਸ਼ਾਰਿਆਂ ’ਤੇ ਨੱਚੇ, ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰੇ। ਅੱਜ ਗੁਰੂ ਦੀ ਗੋਲਕ ਬੇਈਮਾਨ ਲੀਡਰਾਂ ਦੀ ਗੋਲਕ ਬਣ ਗਈ ਹੈ ਪਰ ਇਸ ਬਾਰੇ ਕੋਈ ਵੀ ਬੋਲ ਨਹੀਂ ਰਿਹਾ।
ਇਸ ਸਾਰੇ ਵਰਤਾਰੇ ਨੂੰ ਸਮਝਣ ਲਈ ਤੁਹਾਨੂੰ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦੀਆਂ ਪੁਸਤਕਾਂ, ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਪੜ੍ਹਨੀਆ ਪੈਣਗੀਆਂ। ਸ. ਜੋਗਿੰਦਰ ਸਿੰਘ ਜੀ ਦੀ ਪੁਸਤਕ “ਸੋ ਦਰ ਤੇਰਾ ਕੇਹਾ” ਪੜ੍ਹਨੀ ਹੋਵੇਗੀ, ਸ. ਗੁਰਤੇਜ ਸਿੰਘ ਜੀ ਦੀ ਪੁਸਤਕ “ਉੜਕਿ ਸੱਚ ਰਹੀ” ਪੜ੍ਹਨੀ ਪਵੇਗੀ। ਪ੍ਰੋ. ਇੰਦਰ ਸਿੰਘ ਘੱਗਾ ਜੀ ਦੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਸਮੁੱਚੀ ਗੁਰਬਾਣੀ ’ਚ ਤਾਂ ਪੁਜਾਰੀਵਾਦ ਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਰੱਜ ਕੇ ਵਿਰੋਧਤਾ ਕੀਤੀ ਹੈ। ਮੈਂ ਸਮੁੱਚੇ ਪੰਥ ਨੂੰ ਇਹ ਬੇਨਤੀ ਕਰਾਂਗਾ ਕਿ ਉਹ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਇਕ ਵਾਰ “ਆਸਾ ਕੀ ਵਾਰ” ਜ਼ਰੂਰ ਪੜ੍ਹਨ।
ਸਿੱਖ ਕੀ ਕਰਨ : ਇਸ ਛਲਾਵੇ ਨੂੰ ਸਮਝਣ ਲਈ ਸਾਨੂੰ ਗੁਰਬਾਣੀ ਬੜੇ ਧਿਆਨ ਨਾਲ ਪੜ੍ਹਨੀ ਹੋਵੇਗੀ। ਅਪਣਾ ਇਤਿਹਾਸ ਬੜੇ ਹੀ ਸੁਚੇਤ ਹੋ ਕੇ ਪੜ੍ਹਨਾ ਪਵੇਗਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਜਦੋਂ ਗਿ. ਹਰਪ੍ਰੀਤ ਸਿੰਘ ਨੂੰ ਧਮਕੀ ਦਿਤੀ ਤਾਂ ਲੋਕਾ ਨੇ ਫਟਾਫਟ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਭਾਵੁਕ ਸਪੀਚ ਵੇਖ ਕੇ “ਅਸੀ ਉਨ੍ਹਾਂ ਨਾਲ ਖੜੇ ਹਾਂ” ਲਿਖਣਾ ਸ਼ੁਰੂ ਕਰ ਦਿਤਾ। ਫਟਾਫਟ ਲੋਕਾਂ ਨੇ ਲਾਈਕ ਤੇ ਵੀਉ ਲੈਣ ਲਈ ਹਰਪ੍ਰੀਤ ਸਿੰਘ ਦੇ ਹੱਕ ’ਚ ਬੋਲਣਾ ਸ਼ੁਰੂ ਕਰ ਦਿਤਾ।
ਜਿਹੜੇ ਬੰਦੇ ਨੇ ਹਰਪ੍ਰੀਤ ਸਿੰਘ ਨੂੰ ਮੋਬਾਈਲ ਜਾਂ ਟੈਲੀਵੀਜ਼ਨ ਤੇ ਹੀ ਵੇਖਿਆ ਸੀ, ਕਦੇ ਮਿਲਿਆ ਤਕ ਨਹੀਂ, ਉਹ ਵੀ ਕਹਿ ਰਿਹਾ ਸੀ ਕਿ ਅਸੀ ਹਰਪ੍ਰੀਤ ਸਿੰਘ ਦੇ ਨਾਲ ਹਾਂ। ਕਿਸੇ ਦੀ ਧੀ ਭੈਣ ਲਈ ਭੱਦੀ ਸ਼ਬਦਾਵਲੀ ਬੋਲਣਾ ਭਾਵੇਂ ਕਿ ਬਹੁਤ ਮਾੜੀ ਗੱਲ ਹੈ ਜਿਸ ਦਾ ਖ਼ਮਿਆਜ਼ਾ ਵਿਰਸਾ ਸਿੰਘ ਵਲਟੋਹੇ ਨੂੰ ਭੁਗਤਣਾ ਪਵੇਗਾ। ਪਰ ਕਿਸੇ ਵੀ ਘਟਨਾ ਦੀ ਤਹਿ ਤਕ ਜਾਏ ਬਿਨਾਂ ਬਿਆਨਬਾਜ਼ੀ ਕਰਨਾ ਵੀ ਚੰਗਾ ਨਹੀਂ ਹੁੰਦਾ। ਮੈਂ ਆਪ ਜੀ ਨੂੰ ਪਹਿਲਾ ਹੀ ਦੱਸ ਆਇਆ ਹਾਂ ਕਿ ਇਹ ਜੱਥੇਦਾਰ ਸਰਬੱਤ ਖ਼ਾਲਸੇ ਦੀ ਸਹਿਮਤੀ ਨਾਲ ਨਿਯੁਕਤ ਨਹੀਂ ਹੁੰਦੇ।
ਇਹ ਤਾਂ ਲਿਫ਼ਾਫ਼ਾ ਕਲਚਰ ਨਾਲ ਚੁਣੇ ਜਾਂਦੇ ਹਨ। ਅੱਜ ਹਜ਼ਾਰਾਂ ਨਹੀਂ ਲੱਖਾਂ ਹੀ ਨੌਜਵਾਨ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਵਿਚ ਜਾ ਰਹੇ ਹਨ, ਪੰਜਾਬ ਦੇ ਹੋਰ ਵੀ ਕਈ ਗੰਭੀਰ ਮਸਲੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਪਤਾ ਹੀ ਨਹੀਂ ਕਿਥੇ ਗਏ, ਇਨ੍ਹਾਂ ਬਾਰੇ ਅੱਜ ਤਕ ਪੁਜਾਰੀ ਵਰਗ ਕਦੇ ਵੀ ਭਾਵੁਕ ਨਹੀਂ ਹੋਇਆ। ਹੁਣ ਅਪਣੀ ਵਾਰੀ ਰੋਣਾ ਨਿਕਲ ਗਿਆ।
ਧਰਮ ਇਕ ਅਜਿਹਾ ਵਿਸ਼ਾ ਹੈ ਜਿਥੇ ਲੋਕੀ ਅਪਣੇ ਦਿਮਾਗ਼ ਦੀ ਵਰਤੋਂ ਕਰਨੀ ਬੰਦ ਕਰ ਦਿੰਦੇ ਹਨ। ਬਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਨ ਨੂੰ ਹੀ ਧਰਮ ਸਮਝਦੇ ਹਨ। ਇਨ੍ਹਾਂ ਸਾਰੇ ਧਰਮੀਆਂ ਦੀ ਅਸਲੀਅਤ ਜੇ ਸਿੱਖ ਪੰਥ, ਸਰਬੱਤ ਖ਼ਾਲਸਾ ਪਰਖਣੀ ਚਾਹੁੰਦਾ ਹੈ ਤਾਂ ਕੇਵਲ ਇਕ ਸਾਲ ਲਈ ਗੋਲਕ ’ਚ ਪੈਸੇ ਪਾਉਣੇ ਬੰਦ ਕਰ ਦਿਉ, ਸਾਰੀ ਅਸਲੀਅਤ ਤੁਹਾਡੇ ਸਾਹਮਣੇ ਆ ਜਾਵੇਗੀ।
ਗੁਰੂ ਘਰਾਂ ਦਾ ਪ੍ਰਬੰਧ ਚਾਲੂ ਰੱਖਣ ਲਈ, ਲੰਗਰ ਚਲਦਾ ਰੱਖਣ ਲਈ ਰਾਸ਼ਨ ਆਦਿ ਦੀ ਸੇਵਾ, ਸਮੱਗਰੀ ਦੇ ਕੇ ਕਰਦੇ ਰਹਿਣਾ ਚਾਹੀਦਾ ਹੈ ਪਰ ਜਿਹੜਾ ਪੈਸਾ ਗੁਰੂ ਕੀਆਂ ਗੋਲਕਾਂ ’ਚ ਪਾਇਆ ਜਾਂਦੈ, ਉਹ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਹੈ। ਜਿਹੜੇ ਪਿਆਰ ਵਾਲੇ ਹੋਣਗੇ, ਰੁਕ ਜਾਣਗੇ ਬਾਕੀ ਸਭ ਭੱਜ ਜਾਣਗੇ। ਜਿਹੜੇ ਕਹਿੰਦੇ ਹਨ ਕਿ ਸਾਡੀ ਤਾਂ ਜੀ ਪੰਥ ਨੇ ਸੇਵਾ ਲਾਈ ਹੈ ਸਭ ਬਿਨਾਂ ਤਨਖ਼ਾਹਾਂ ਦੇ ਫ਼ਰਾਰ ਹੋ ਜਾਣਗੇ।
ਧਰਮ ਅਸਥਾਨਾਂ ਤੇ ਹੱਦੋ ਵੱਧ ਪੈਸਾ ਦੇਣਾ ਵੀ ਧਰਮ ਅਸਥਾਨਾਂ ਦੀ ਗਿਰਾਵਟ ਦਾ ਮੁੱਖ ਕਾਰਨ ਹੈ। ਜਦੋਂ ਤਕ ਹਰਪ੍ਰੀਤ ਸਿੰਘ ਅਪਣੇ ਸਿਆਸੀ ਆਕਾਵਾਂ ਦਾ ਹੁਕਮ ਮੰਨ ਰਿਹਾ ਸੀ, ਉਦੋਂ ਤਕ ਉਹ ਸਿੰਘ ਸਾਹਿਬ ਸੀ। ਜਦੋਂ ਵਲਟੋਹੇ ਨੂੰ ਦੱਸ ਸਾਲਾਂ ਲਈ ਅਕਾਲੀ ਦਲ ’ਚੋਂ ਬਾਹਰ ਕੱਢਣ ਦੀ ਗੱਲ ਚੱਲੀ ਤਾਂ ਉਹ ਅਪਣੇ ਅਸਲੀ ਰੂਪ ਵਿਚ ਆ ਗਿਆ।
ਚਾਹੇ ਪੁਜਾਰੀ ਹੈ, ਚਾਹੇ ਬੇਈਮਾਨ ਲੀਡਰ, ਮੇਰੇ ਵੀਰੋ ਇਨ੍ਹਾਂ ਸਾਰਿਆਂ ਨੇ ਅਪਣੇ ਅਪਣੇ ਬੱਚੇ ਵਿਦੇਸ਼ਾਂ ’ਚ ਸੈਟ ਕੀਤੇ ਹੋਏ ਹਨ। ਇਹ ਕੁਰਸੀ ਦਾ ਫੁੱਲ ਅਨੰਦ ਮਾਣਦੇ ਹਨ ਤੇ ਮਾਣਦੇ ਰਹਿਣਗੇ ਜਦੋਂ ਤਕ ਅਸੀ ਜਾਗਦੇ ਨਹੀਂ। ਅਸੀ ਜਦੋਂ ਤਕ ਪੜ੍ਹਾਂਗੇ ਨਹੀਂ, ਇਹ ਇਸੇ ਤਰ੍ਹਾਂ ਸਾਨੂੰ ਮੂਰਖ ਬਣਾਉਂਦੇ ਰਹਿਣਗੇ। ਇਹ ਇਸੇ ਤਰ੍ਹਾਂ ਸਾਡਾ ਆਰਥਕ ਤੇ ਮਾਨਸਕ ਸ਼ੋਸ਼ਣ ਕਰਦੇ ਰਹਿਣਗੇ। ਸੋ ਆਉ ਵੀਰੋ, ਸਿਆਣੇ ਬਣੀਏ, ਅਕਲਮੰਦ ਬਣੀਏ ਤੇ ਇਨ੍ਹਾਂ ਦੀਆਂ ਚਾਲਾਂ ਨੂੰ ਸਮਝੀਏ।
ਹਰਪ੍ਰੀਤ ਸਿੰਘ ਸਰਹੰਦ
.
ਮੋ : 98147-02271