ਅਸਾਂ ਸਮੂਹ ਮਾਨਵਤਾ ਨੇ ਕੀ ਖੱਟਿਆ, ਕੀ ਗਵਾਇਆ ਤੇ ਕੀ ਕਮਾਇਆ ਦਾ ਲੇਖਾ-ਜੋਖਾ ਵੀ ਪ੍ਰਸਤੁਤ ਕਰਦਾ ਹੈ
ਗੁਜਰੇ ਸਾਲ 2025 ਦੀ ਗਲੋਬਲ ਪੱਧਰ ਦੀ ਕਾਰਗੁਜ਼ਾਰੀ ’ਤੇ ਜੇਕਰ ਝਾਤ ਮਾਰੀ ਜਾਏ ਤਾਂ ਇਹ ਸਾਨੂੰ ਕੌੜੇ-ਮਿੱਠੇ ਅਤੇ ਬਰਬਾਦੀ ਭਰੇ ਤਜਰਬਿਆਂ ਤੋਂ ਇਲਾਵਾ ਇਕ ਸਚਿੱਤਰ ਅਨੁਭਵ, ਸਿਖਿਆਵਾਂ ਅਤੇ ਭਵਿੱਖੀ ਰੌਸ਼ਨੀਆਂ ਦੇ ਗਿਆਨ ਨਾਲ ਭਰਪੂਰ ਇਤਿਹਾਸਕ ਦਸਤਾਵੇਜ਼ ਵੀ ਵਿਖਾਈ ਦਿੰਦਾ ਹੈ। ਅਸਾਂ ਸਮੂਹ ਮਾਨਵਤਾ ਨੇ ਕੀ ਖੱਟਿਆ, ਕੀ ਗਵਾਇਆ ਤੇ ਕੀ ਕਮਾਇਆ ਦਾ ਲੇਖਾ-ਜੋਖਾ ਵੀ ਪ੍ਰਸਤੁਤ ਕਰਦਾ ਹੈ। ਇਸ ਸਾਲ ਨੇ ਪੂਰੇ ਗਲੋਬ ਅੰਦਰ ਯੁਗ ਪਲਟਾਊ ਦਾਸਤਾਨਾਂ ਲਿਖੀਆਂ, ਜਿਸ ਤੋਂ ਬਹੁਤ ਕੌੜੇ ਅਨੁਭਵ ਪ੍ਰਾਪਤ ਹੁੰਦੇ ਹਨ। ਵਿਸ਼ਵ ਅੰਦਰ ਨਵੇਂ ਰਾਜਨੀਤਕ, ਆਰਥਕ ਤੇ ਸਭਿਆਚਾਰਕ ਨਿਜ਼ਾਮ ਦੀ ਰੂਪ-ਰੇਖਾ ਪੇਸ਼ ਕੀਤੀ ਹੈ। ਸਪੱਸ਼ਟ ਸੁਨੇਹਾ ਦਿਤਾ ਹੈ ਕਿ ਜੇਕਰ ਸੰਨ 2026 ਵਿਚ ਮਾਨਵਤਾ ਪ੍ਰਭਾਵਸ਼ਾਲੀ ਆਗੂਆਂ ਤੇ ਰਾਸ਼ਟਰਾਂ ਨੇ ਹਰ ਕਦਮ ਸਮਝ ਸੋਚ ਕੇ, ਆਪਸੀ ਸਹਿਮਤੀ ਤੇ ਸਰਬ ਸਵੀਕ੍ਰਿਤੀ ਰਾਹੀਂ ਨਾ ਪੁੱਟਿਆ ਤਾਂ ਨਵਾਂ ਸਾਲ ਸਥਾਨਕ ਤੇ ਪ੍ਰਵਾਸੀ ਲੋਕਾਂ ਦਰਮਿਆਨ ਖ਼ੂਨ ਦੀਆਂ ਨਦੀਆਂ ਵਹਾਉਣ ਵਾਲਾ ਤੇ ਜ਼ੁਲਮ ਨਾਲ ਭਰਪੂਰ, ਦਮਨਕਾਰੀ ਸਾਬਤ ਹੋ ਸਕਦੈ।
ਪ੍ਰਵਾਸ : ਪ੍ਰਵਾਸ ਤਾਂ ਮਨੁੱਖੀ ਜੀਵਨ ਦੇ ਇਸ ਗਲੋਬ ਤੇ ਆਗਾਜ਼ ਨਾਲ ਉਸ ਦੇ ਕੁਦਰਤੀ ਸੁਭਾਅ ਦੇ ਅੰਗ ਵਜੋਂ ਪੈਦਾ ਹੋਇਆ ਵਤੀਰਾ ਹੈ। ਵੱਖ-ਵੱਖ ਕਬੀਲਿਆਂ ਵਲੋਂ, ਵੱਖ-ਵੱਖ ਥਾਵਾਂ ’ਤੇ ਪੱਕੀ ਰਿਹਾਇਸ਼, ਰਾਜ ਅਤੇ ਸ਼ਾਸਨ ਵਿਵਸਥਾ ਦੇ ਨਾਲ ਨਾਲ ਪ੍ਰਵਾਸ ਪ੍ਰਕਿਰਿਆ ਜਾਰੀ ਰਹੀ। ਅਜੋਕੇ ਯੁਗ ’ਚ ਜਿੱਥੇ ਹਰ ਦੇਸ਼ ਵਧੀਆ ਦਿਮਾਗ਼, ਹੁਨਰ ਖੋਜ ਤੇ ਈਜ਼ਾਦ ਜਾਂ ਪ੍ਰਬੰਧਕ ਗੁਣਾਂ ਵਾਲੇ ਵਿਅਕਤੀਆਂ ਨੂੰ ਅਪਣੀ ਤਰੱਕੀ, ਖ਼ੁਸ਼ਹਾਲੀ ਤੇ ਮਜ਼ਬੂਤੀ ਲਈ ਬੁਲਾਉਂਦਾ ਹੈ, ਉਸ ਨੂੰ ਵਧੀਆ ਰੁਜ਼ਗਾਰ ਸਹੂਲਤਾਂ ਪ੍ਰਦਾਨ ਕਰਦਾ ਹੈ, ਉੱਥੇ ਬਹੁਤ ਸਾਰੇ ਰੁਜ਼ਗਾਰ, ਚੰਗੇਰੇ ਜੀਵਨ ਤੇ ਆਰਥਕ ਭਵਿੱਖ ਲਈ ਲੋਕ ਦੂਸਰੇ ਦੇਸ਼ਾਂ ’ਚ ਕਾਨੂੰਨੀ ਅਤੇ ਗ਼ੈਰ ਕਾਨੂੰਨੀ ਤੌਰ ’ਤੇ ਜਾਂਦੇ ਹਨ। ਜਦੋਂ ਸਥਾਨਕ ਲੋਕ ਉਨ੍ਹਾਂ ਨੂੰ ਅਪਣੇ ਰੁਜ਼ਗਾਰ ਖੋਹਣ ਵਾਲੇ, ਧਾਰਮਕ ਤੇ ਸਭਿਆਚਾਰਕ ਕੱਟੜਤਾ ਭਰੇ ਵਖਰੇਵਿਆਂ ਵਾਲੇ ਜਾਂ ਰਾਜਨੀਤੀ ਤੋਂ ਪ੍ਰਭਾਵਤ ਹੋ ਕੇ ਨਫ਼ਰਤ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਸਥਿਤੀਆਂ ਬਹੁਤ ਮਾਰੂ ਅਤੇ ਅਣਸੁਖਾਵੀਆਂ ਪੈਦਾ ਹੋ ਜਾਂਦੀਆਂ ਹਨ। ਵੀਹਵੀਂ ਸਦੀ ਵਿਚ ਇਸ ਦੀ ਕਰੂਰ ਮਿਸਾਲ ਯੂਗਾਡਾ ’ਚ ਉਦੋਂ ਪੈਦਾ ਹੋਈ, ਜਦੋਂ ਰਾਸ਼ਟਰਪਤੀ ਈਦੀ ਅਮੀਨ ਸਾਰੇ ਏਸ਼ੀਆਨਾਂ ਨੂੰ ਦੇਸ਼ ਨਿਕਾਲਾ ਦੇ ਦਿੰਦਾ ਹੈ। ਨਤੀਜਾ ਇਹ ਨਿਕਲਿਆ ਕਿ ਯੂਗਾਂਡਾ ਦੀ ਅਰਥਵਿਵਸਥਾ ਢਹਿ ਢੇਰੀ ਹੋ ਗਈ।
21 ਜਨਵਰੀ 2020 ਨੂੰ ਦੂਜੀ ਵਾਰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਬਾਅਦ ਡੋਨਾਲਡ ਟਰੰਪ ਵੀ ਪ੍ਰਵਾਸੀਆਂ ਨੂੰ ਬੇੜੀਆਂ ਲਗਾ ਕੇ ਦੇਸ਼ ਨਿਕਾਲਾ ਦੇ ਰਿਹਾ ਹੈ। ਹਾਲਾਂਕਿ 80% ਅਮਰੀਕੀ ਇਸ ਵਿਰੁਧ ਹਨ ਕਿਉਂਕਿ ਉਨ੍ਹਾਂ ਦੀ ਅਰਥ ਵਿਵਸਥਾ ਵੀ ਢਹਿ ਢੇਰੀ ਹੋ ਰਹੀ ਹੈ। ਸੰਨ 1930 ਵਾਂਗ ਕਰੀਬ 15 ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਵਿਚ ਵੜਨ ਤੋਂ ਮਨ੍ਹਾਂ ਕਰ ਦਿਤਾ ਹੈ। ਇਹੋ ਵਿਵਸਥਾ ਬ੍ਰਿਟੇਨ, ਜਰਮਨੀ, ਫਰਾਂਸ, ਇਟਲੀ ਅਤੇ ਹੋਰ ਯੂਰਪੀਅਨ ਦੇਸ਼ਾਂ ਵਿਚ ਫੈਲ ਚੁੱਕੀ ਹੈ। ਹੁਣ ਤਾਂ ਏਸ਼ੀਅਨ ਦੇਸ਼ਾਂ ਜਿਵੇਂ ਮਲੇਸ਼ੀਆ, ਥਾਈਲੈਂਡ, ਫਿਲਪਾਈਨਸ, ਕੋਰੀਆ ਆਦਿ ਦੇਸ਼ਾਂ ’ਚੋਂ ਪ੍ਰਵਾਸੀ ਬਾਹਰ ਕੱਢੇ ਜਾ ਰਹੇ ਹਨ।
ਨਿਊਜ਼ੀਲੈਂਡ ਘਟਨਾ : ਇਸੇ ਦੌਰਾਨ ਨਿਊਜ਼ੀਲੈਂਡ ’ਚ ਸਥਾਨਕ ਮੌਰੀ ਜਾਤੀ ਦੇ ਲੋਕਾਂ ਵਲੋਂ ਸਿੱਖ ਭਾਈਚਾਰੇ ਨਾਲ ਸਬੰਧਤ ਨਗਰ ਕੀਰਤਨ ਆਕਲੈਂਡ ’ਚ ਰੋਕਿਆ ਜਾਣਾ ਅਤਿ ਮੰਦਭਾਗੀ ਘਟਨਾ ਉਸੇ ਦਿਨ ਵਾਪਰੀ ਜਿਸ ਦਿਨ ਦਿੱਲੀ ’ਚ ਨਿਊਜ਼ੀਲੈਂਡ ਨੇ ਭਾਰਤ ਨਾਲ ਫਰੀ ਵਪਾਰ ਵਿਵਸਥਾ ਅਧੀਨ ਸਮਝੌਤੇ ਕੀਤੇ। ਕਰੀਬ 5 ਹਜ਼ਾਰ ਭਾਰਤੀ ਪੇਸ਼ਵਾਰਾਂ ਨੂੰ ਨਿਊਜ਼ੀਲੈਂਡ ’ਚ ਕੰਮ ਕਰਨ ਦੀ ਇਜਾਜ਼ਤ ਦਿਤੀ। ਵਿਦਿਆਰਥੀਆਂ ਨੂੰ ਵਰਕ ਵੀਜ਼ੇ ਨਾਲ 20 ਘੰਟੇ ਹਫ਼ਤੇ ਵਿਚ ਕੰਮ ਕਰਨ ਦੀ ਸਹੂਲਤ ਦਿਤੀ।
ਧਰਮ, ਰੰਗ, ਭਾਸ਼ਾ, ਸਭਿਆਚਾਰ ਦੇ ਅਧਾਰ ’ਤੇ ਜੇਕਰ ਪ੍ਰਵਾਸੀਆਂ ਨਾਲ ਨਫ਼ਰਤ, ਦੇਸ਼ ਨਿਕਾਲਾ ਅਤੇ ਵਿਰੋਧ ਸਮਾਪਤ ਨਾ ਹੋਇਆ ਤਾਂ ਯੂਰਪ-ਪੱਛਮੀ ਦੇਸ਼ਾਂ ’ਚ ਹਾਲਾਤ ਵੱਡਾ ਹਿੰਸਕ ਰੂਪ ਧਾਰਨ ਕਰ ਸਕਦੇ ਹਨ। ਇੱਥੇ ਇਹ ਵਰਣਯੋਗ ਹੈ ਕਿ ਜਦੋਂ ਦੱਖਣੀ ਅਫ਼ਰੀਕਾ ਜਾਂ ਕੁੱਝ ਹੋਰ ਅਫ਼ਰੀਕੀ ਦੇਸ਼ਾਂ ਵਿਚ ਯੂਰਪੀਅਨ ਅਤੇ ਅਮਰੀਕਨ ਸਾਬਕਾ ਬਸਤੀਵਾਦੀ ਪ੍ਰਵਾਸੀਆਂ ਨਾਲ ਦੁਰਵਿਵਹਾਰ ਹੁੰਦਾ ਹੈ ਤਾਂ ਡੋਨਾਲਡ ਟਰੰਪ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੇ ਫਰਾਂਸ ਦੇ ਰਾਸ਼ਟਰਪਤੀ ਮੈਕਰਾਂ ਦੀਆਂ ਚੀਕਾਂ ਨਿਕਲਦੀਆਂ ਸੁਣਾਈ ਦਿੰਦੀਆਂ ਹਨ। ਪ੍ਰਵਾਸ ਕੋਈ ਮਸਲਾ ਨਹੀਂ। ਇਹ ਪੱਛਮ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਘਰੇਲੂ ਮੁਸੀਬਤਾਂ ਤੋਂ ਜਨਤਾ ਦਾ ਧਿਆਨ ਪਲਟਾਉਣ ਲਈ ਘੜੀ ਗਈ ਸਾਜ਼ਸ਼ ਹੈ, ਜਿਸ ਨੂੰ ਯੂਐਨਓ ਅਤੇ ਦੂਸਰੇ ਕੋਮਾਂਤਰੀ ਸੰਗਠਨਾਂ ਦੇ ਸਿਖ਼ਰ ਸੰਮੇਲਨਾਂ ਵਿਚ ਨਜਿੱਠਣਾ ਚਾਹੀਦਾ ਹੈ।
ਜੰਗਾਂ : ਸੰਨ 2025 ਵਿਸ਼ਵ ਦੇ ਵੱਖ-ਵੱਖ ਖਿੱਤਿਆਂ ’ਚ ਫੈਲੀਆਂ ਜੰਗਾਂ ਕਰ ਕੇ ਮਾਨਵਘਾਤੀ ਵਰ੍ਹਾ ਰਿਹਾ ਹੈ। ਸ਼ਰਮਨਾਕ ਵਤੀਰਾ ਤੇ ਚਿਹਰਾ ਡੋਨਾਲਡ ਟਰੰਪ, ਇਸਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਯੂਰਪੀਨ ਭਾਈਚਾਰੇ ਦੇ ਆਗੂਆਂ ਦਾ ਉਦੋਂ ਬੇਨਕਾਬ ਹੋਇਆ ਜਦੋਂ ਇਹ ਸ਼ਾਂਤੀ ਦੇ ਲਬਾਦੇ ਵਿਚ ਜੰਗਬਾਜ਼ ਸਰਗਣੇ ਸਾਬਤ ਹੋਏ। ਟਰੰਪ, ਅਖੇ ਮੈਂ ਸੰਨ 2025 ’ਚ ਸੱਤ ਜੰਗਾਂ ਰੋਕੀਆਂ, ਜਿਨ੍ਹਾਂ ਵਿਚ ਭਾਰਤ ਤੇ ਪਾਕਿ ਦਰਮਿਆਨ ਚਾਰ ਰੋਜ਼ਾ ਆਪ੍ਰੇਸ਼ਨ ਸੰਧੂਰ ਜੰਗ ਬੰਦੀ ਦਾ ਦਾਅਵਾ ਸ਼ਾਮਲ ਹੈ ਤੇ ਜਿਸ ਆਧਾਰ ’ਤੇ ਉਹ ਦਾਦਾਗਰੀ ਕਰਦਾ ਨੋਬਲ ਸ਼ਾਂਤੀ ਪੁਰਸਕਾਰ ਦਾ ਦਾਅਵਾ ਠੋਕ ਰਿਹਾ ਸੀ। ਲੇਕਿਨ ਇਸ ਦਾ ਜੰਗਬਾਜ਼ ਵਿਕਰਾਲ ਚਿਹਰਾ ਗਲੋਬਲ ਭਾਈਚਾਰੇ ਸਾਹਮਣੇ ਉਦੋਂ ਆਇਆ ਜਦੋਂ ਇਜ਼ਰਾਈਲ -ਇਰਾਨ 12 ਰੋਜ਼ਾ ਜੰਗ ਦੌਰਾਨ ਇਸ ਨੇ 22 ਜੂਨ 2025 ਨੂੰ ਇਰਾਨ ਦੇ ਪ੍ਰਮਾਣੂ ਟਿਕਾਣੇ ਫੋਰਡੋਹ, ਇਸਫਾਹਨ ਤੇ ਨਾਟਨਜ ਤਹਿਸ-ਨਹਿਸ ਕਰ ਦਿਤੇ। ਈਰਾਨ ਵਲੋਂ ਅਮਰੀਕਾ ਦੇ ਕਤਰ ਵਿਖੇ ਅਲਉਦੀਦ ਫ਼ੌਜੀ ਅੱਡੇ ’ਤੇ ਹਮਲੇ ਬਾਅਦ ਅਮਰੀਕਾ ਇਜ਼ਰਾਈਲ ਨੇ 24 ਜੂਨ ਨੂੰ ਜੰਗਬੰਦੀ ਦਾ ਐਲਾਨ ਕਰ ਦਿਤਾ।
ਟਰੰਪ ਨੇ ਅਹੁਦਾ ਸੰਭਾਲਣ ਬਾਅਦ 24 ਫ਼ਰਵਰੀ, 2022 ਤੋਂ ਚਲੀ ਆ ਰਹੀ ਰੂਸ ਅਤੇ ਯੂਕਰੇਨ ਜੰਗਬੰਦੀ ਪਹਿਲ ਦੇ ਆਧਾਰ ਤੇ ਕਰਾਉਣ ਦਾ ਐਲਾਨ ਕੀਤਾ ਸੀ ਲੇਕਿਨ ਉਸ ਦੇ ਦਾਅਵੇ ਠੁਸ ਹੋ ਗਏ। ਅਲਾਸਕਾ ਵਿਚ ਟਰੰਪ-ਪੁਤਿਨ ਮਿਲਣੀ ਵੀ ਬੇਨਤੀਜਾ ਰਹੀ। ਗਾਜ਼ਾ ਅੰਦਰ ਫ਼ਲਸਤੀਨੀਆਂ ਦੀ ਨਸਲਕੁਸ਼ੀ, 70 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ, ਲੱਖਾਂ ਜ਼ਖ਼ਮੀ, ਭੁੱਖਮਰੀ, ਜੰਗਬੰਦੀ ਤੇ ਬਾਵਜੂਦ ਇਜ਼ਰਾਈਲ ਫ਼ੌਜਾਂ ਵਲੋਂ ਰੋਜ਼ਾਨਾ ਫਲਸਤੀਨੀਆ ਦਾ ਸ਼ਿਕਾਰ ਕਰਨਾ, 2025 ਦਾ ਸਭ ਤੋਂ ਭੈੜਾ ਦੁਖਾਂਤ ਰਿਹਾ ਹੈ।
ਇਥੋਂਪੀਆ, ਜਾਂਬੀਆ, ਸਮਾਲੀਆ, ਸੁਡਾਨ, ਥਾਈਲੈਂਡ-ਕੰਬੋਡੀਆ ਵਿਚਕਾਰ ਜੰਗਾਂ ਤੇ ਕੈਰੇਬੀਅਨ ਪਾਣੀਆਂ ’ਚ ਅਮਰੀਕੀ ਸਮੁੰਦਰੀ ਬੇੜੇ ਦੀ 15 ਹਜ਼ਾਰ ਸੈਨਿਕਾ ਸਮੇਤ ਤਾਇਨਾਤੀ ਵੈਨਜੂਵੇਲਾ ਦੀ ਘੇਰਾਬੰਦੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਕਾਬਹੇਠ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ 83 ਲੋਕ ਮਾਰ ਦੇਣਾ, ਵੈਨਜੂਵੇਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਗੱਦੀ ਛੱਡਣ ਦੀਆਂ ਧਮਕੀਆਂ 2026 ’ਚ ਵੱਡਾ ਟਕਰਾਅ ਧਾਰਨ ਕਰ ਸਕਦੀਆਂ ਹਨ। ਰੂਸ ਤੇ ਚੀਨ ਵਲੋਂ ਮਾਦੂਰੋ ਦੀ ਹਮਾਇਤ ਕਰ ਕੇ ਸਥਿਤੀ ਵਿਗੜ ਸਕਦੀ ਹੈ।
ਚੀਨ ਬੜੇ ਰਣਨੀਤਕ ਢੰਗ ਨਾਲ ਭਾਰਤ ਦੀ ਘੇਰਾਬੰਦੀ ਵਲ ਤੁਰਿਆ ਹੋਇਆ ਹੈ। ਭਾਵੇਂ ਭਾਰਤ ਉਸ ਨਾਲ ਸੌ ਬਿਲੀਅਨ ਡਾਲਰ ਦੇ ਵਪਾਰਕ ਸਬੰਧ ਵੀ ਜਾਰੀ ਰੱਖ ਰਿਹਾ ਹੈ। ਉਸ ਨੇ ਅਪਣੀਆਂ ਫ਼ੌਜਾਂ ਅਤੇ ਸਮੁੰਦਰੀ ਬੇੜੇ ਸ੍ਰੀਲੰਕਾ, ਮਾਇਨਮਾਰ, ਬੰਗਲਾਦੇਸ਼, ਮਾਲਦੀਵ ਬੰਦਰਗਾਹਾਂ ’ਚ ਵਾੜ ਦਿਤੇ ਹਨ। ਆਰਥਕ ਕਾਰੀਡੋਰ ਤੇ ਗਵਾਦਰ ਬੰਦਰਗਾਹ ਉਸਾਰੀ, ਪਾਕਿ ਨੂੰ ਹਥਿਆਰਾਂ ਦੀ ਬੇਰੋਕਟੋਕ ਸਪਲਾਈ, ਲੱਦਾਖ਼ ਅੰਦਰ ਲਗਾਤਾਰ ਘੁਸਪੈਠ ਤੇ ਅਰੁਣਾਂਚਲ ਪ੍ਰਦੇਸ਼ ਤੇ ਅਧਿਕਾਰ ਦੇ ਦਮਗਜਿਆਂ ਰਾਹੀਂ ਭਾਰਤ ਲਈ ਚੁਣੌਤੀਆਂ ਖੜੀਆਂ ਕਰ ਰਿਹਾ ਹੈ, ਜੋ ਕਿਸੇ ਵਕਤ ਵੀ ਵਿਸਫੋਟਕ ਰੂਪ ਧਾਰਨ ਕਰ ਸਕਦੀਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰੇ, ਦਿੱਲੀ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਨਿੱਗੀ ਮਿਲਣੀ ਵੀ ਸਥਿਤੀਆਂ ਵਿਚ ਬਦਲਾਅ ਨਹੀਂ ਲਿਆ ਸਕੀਆਂ। ਭਾਰਤ ’ਚ ਸੰਨ 2008 ਵਿਚ ਪਾਕਿਸਤਾਨ ਦੀ ਸ਼ਹਿ ’ਤੇ ਸਰਹੱਦ ਪਾਰੋਂ ਮੁੰਬਈ ਅਤਿਵਾਦੀ ਹਮਲੇ ਤੋਂ ਲੈ ਕੇ ਸੰਨ 2025 ਵਿਚ ਪਹਿਲਗਾਮ, ਕਸ਼ਮੀਰ ਤਕ ਹਮਲੇ ਜਾਰੀ ਹਨ। ਇਹ ਪਾਕਿ ਤੇ ਚੀਨ ਗਠਜੋੜ ਅਤੇ ਦੂਸਰੇ ਗੁਆਂਢੀ ਰਾਜਾਂ ’ਚ ਲਗਾਤਾਰ ਚੀਨ ਦੀ ਘੁਸਪੈਠ ਨਿਸ਼ਚਤ ਤੌਰ ’ਤੇ ਭਾਰਤ ਦੀ ਏਕਤਾ ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਹੈ। ਭਾਰਤ-ਪਾਕਿ ਤੇ ਚੀਨ ਤਿੰਨੇ ਦੇਸ਼ਾਂ ਦਾ ਪ੍ਰਮਾਣੂ ਸ਼ਕਤੀਆਂ ਹੋਣਾ, ਹੋਰ ਵੀ ਚਿੰਤਾਜਨਕ ਹੈ। ਚੀਨ 2030 ਤਕ 1000 ਪ੍ਰਮਾਣੂ ਹਥਿਆਰ ਬਣਾ ਲਵੇਗਾ। ਪ੍ਰਮਾਣੂ ਅਪਪ੍ਰਸਾਰ ਸੰਧੀ ਕਦੇ ਵੀ ਹੋਂਦ ’ਚ ਨਹੀਂ ਆਉਣ ਵਾਲੀ। ਚਿੰਤਾ ਦੀ ਗੱਲ ਇਹ ਹੈ ਕਿ ਦਸੰਬਰ ਇਕ, 2024 ਤੋਂ ਨਵੰਬਰ 28, 2025 ਤਕ 2046005 ਜੰਗੀ ਝੜਪਾਂ ਵਿਚ ਦੋ ਲੱਖ 40 ਹਜ਼ਾਰ ਲੋਕ ਵਿਸ਼ਵ ਭਰ ਵਿਚ ਮਾਰੇ ਗਏ। ਪਰ ਕੀ ਇਹ ਸਿਲਸਿਲਾ ਸੰਨ 2026 ’ਚ ਰੁਕੇਗਾ?
ਜਲਵਾਯੂ : ਜਲਵਾਯੂ ਪਰਿਵਰਤਨ ਸਾਡੇ ਗਲੋਬ ਨੂੰ ਨਿਗਲਣ ਵਲ ਤੁਰਿਆ ਹੋਇਆ ਹੈ। ਪੈਰਿਸ ਜਲਵਾਯੂ ਸੰਧੀ ਤੋਂ ਅਮਰੀਕਾ ਭੱਜ ਚੁੱਕਾ ਹੈ। ਸੀਓਪੀ 30 ਜਲਵਾਯੂ ਕਾਨਫ਼ਰੰਸ ਬ੍ਰਾਜ਼ੀਲ ਵਿਖੇ ਕਿਸੇ ਦੇਸ਼ ਨੇ ਵਧਦੇ ਤਾਪਮਾਨ ਨੂੰ ਹੇਠਾਂ ਲਿਆਉਣ ਲਈ ਵਚਨਬੱਤਾ ਨਹੀਂ ਵਿਖਾਈ। ਓਵਨਸ ਵੈਲੀ ਅਕਲਾਬਾਈਟ ਮਾਊਂਟੇਨ ਖੋਜ ਕੇਂਦਰ ਦੇ ਡਾਇਰੈਕਟਰ ਗਲੈਨ ਮੈਕਡਾਨਲਡ ਦਾ ਕਹਿਣਾ ਹੈ ਕਿ ਵਿਸ਼ਵ ਭਰ ਦੇ ਸਾਇੰਸਦਾਨ ਵਾਤਾਵਰਣ ਪਰਿਵਰਤਨ ਬਾਰੇ ਚਿੰਤਾ ਜ਼ਾਹਰ ਕਰ ਰਹੇ ਹਨ। ਸੰਨ 2026 ਵਿਚ ਗਲੋਬਲ ਤਾਪਮਾਨ ਕੀ 1.5 ਸੈਂਟੀਗਰੇਡ ਘਟਾਇਆ ਜਾਵੇਗਾ। ਕੈਲੀਫੋਰਨੀਆ (ਅਮਰੀਕਾ) ਇਕ ਪਾਸੇ ਗੜਾ ਮਾਰੀ, ਦੂਜੇ ਪਾਸੇ ਸੋਕੇ ਦਾ ਸ਼ਿਕਾਰ ਹੋਵੇਗਾ। ਭਾਰਤ ’ਚ ਸਨ 2025 ਵਿਚ ਹੜ੍ਹਾਂ ਨੇ ਜੋ ਪੰਜਾਬ ਤੇ ਹਿਮਾਚਲ ਪ੍ਰਦੇਸ਼ ’ਚ ਤਬਾਹੀ ਮਚਾਈ, ਉਸ ਤੋਂ ਜੱਗ ਜਾਣੂ ਹੈ। ਰਾਜਸਥਾਨ ਵਿਚ ਤਾਪਮਾਨ 50 ਡਿਗਰੀ ਸੈਂਟੀਗਰੇਡ ਟਪ ਗਿਆ। ਅਮਰੀਕਾ, ਕੈਨੇਡਾ, ਮੈਕਸੀਕੋ, ਲਾਤੀਨੀ ਅਮਰੀਕਾ ’ਚ ਅੱਗ ਨੇ ਵੱਡੀ ਤਬਾਹੀ ਮਚਾਈ। ਕੋਵਿਡ-19 ਵਰਗੀਆਂ ਭਿਆਨਕ ਬਿਮਾਰੀਆਂ ਜਲਵਾਯੂ ਤਬਦੀਲੀ ਕਰ ਕੇ ਦਸਤਕ ਦੇਣਗੀਆਂ। ਗਲੋਬਲ ਭਾਈਚਾਰਾ ਜੇ ਇਸ ਤੋਂ ਬਚਣ ਲਈ ਆਪਸ ’ਚ ਸਿਰ-ਜੋੜ ਕੇ ਨਾ ਬੈਠਿਆ ਤਾਂ ਜੰਗਾਂ, ਭੁੱਖਮਰੀ ਨਸਲਕੁਸ਼ੀ ਨਾਲੋਂ ਮਾਨਵ ਜੀਵਨ ਦੀ ਬਰਬਾਦੀ ਲਈ ਜਲਵਾਯੂ ਪਰਿਵਰਤਨ ਕਾਫ਼ੀ ਹੋਵੇਗਾ।
ਨਵ ਨਿਜ਼ਾਮ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਪਿੱਠੂ ਕਾਰਪੋਰੇਟ ਅਮਰੀਕਾ ਅੰਦਰ ਨਿਰਕੁੰਸ਼ਵਾਦ ਉਭਾਰ ਰਹੇ ਹਨ। 85% ਅਮਰੀਕੀ ਮੰਨਦੇ ਹਨ ਕਿ ਟਰੰਪ ਦੇਸ਼ ਨੂੰ ਹਿੰਸਾ ਵਲ ਧਕੇਲ ਰਿਹਾ ਹੈ। ਇਸ ਨੇ ਪੂਰੇ ਵਿਸ਼ਵ ਅੰਦਰ ਆਰਥਕ ਐਮਰਜੈਂਸੀ ਪੈਦਾ ਕਰ ਰੱਖੀ ਹੈ। ਉਹ ਦੇਸ਼ ਨਾਲ ਗ਼ਦਾਰੀ ਕਰ ਰਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਤਾਨਾਸ਼ਾਹ ਸੀ.ਜਿਨ ਪਿੰਗ ਨਾਲ ਮਿਲ ਕੇ ਪੂਰੇ ਵਿਸ਼ਵ ਅੰਦਰ ਟੈਰਿਫ ਅਤੇ ਆਰਥਕ ਏਕਾਧਿਕਾਰ ਰਾਹੀਂ ਕੌਮਾਂਤਰੀ ਤਾਨਾਸ਼ਾਹੀ ਨੂੰ ਉਭਾਰ ਰਿਹੈ। ਉਹ ਰੂਸ ਹਵਾਲੇ ਯੂਕਰੇਨ ਕਰ ਕੇ, ਨਾਟੋ ਤੇ ਯੂਰਪੀਨ ਦੇਸ਼ਾਂ ਨਾਲੋਂ ਨਾਤਾ ਤੋੜ ਕੇ, ਚੀਨ ਨੂੰ ਉਸ ਦੇ ਅਧਿਕਾਰ ਖੇਤਰਾਂ ਤਕ ਸੀਮਤ ਰੱਖ ਕੇ ਵਿਸ਼ਵ ਅੰਦਰ ਅਮਰੀਕੀ ਕਾਰਪੋਰੇਟਵਾਦ ਦੀ ਏਕਾਧਿਕਾਰਵਾਦੀ ਸਰਦਾਰੀ ਵਾਲਾ ਨਿਜ਼ਾਮ ਖੜਾ ਕਰਨਾ ਚਾਹੁੰਦਾ ਹੈ। ਜੇ ਟਰੰਪ ਦਾ ਵਸ ਚਲਿਆ ਤਾਂ ਉਹ ਰਾਸ਼ਟਰਪਤੀ ਅਹੁਦਾ ਅਗਲੇ ਦੋ ਕਾਰਜਕਾਲ ਤਕ ਜਾਰੀ ਰੱਖੇਗਾ। ਉਸ ਦਾ ਅਰਧ ਪਾਗਲਪਣ ਤੇ ਸਰਬ-ਸ੍ਰੇਸ਼ਟ ਵਿਸ਼ਵ ਆਗੂ ਬਣਨ ਦਾ ਸੁਪਨਾ ਅਮਰੀਕੀ ਲੋਕਾਂ ਤੇ ਨਿਰਭਰ ਕਰੇਗਾ ਜੋ ਸੰਨ 2026 ਤੇ ਨਵੰਬਰ ਵਿਚ ਪ੍ਰਤੀਨਿਧ ਸਦਨ ਤੇ ਸੈਨਟ ਦੀਆਂ ਚੋਣਾਂ ਵਿਚ ਭਾਗ ਲੈਣਗੇ। ਸੱਚ ਇਹ ਵੀ ਹੈ ਕਿ ਇਹ ਇਪਸਟੀਨ ਸੈਕਸ ਸਕੈਂਡਲ ਫ਼ਾਈਲਾਂ ਵਿਚ ਫਸਿਆ ਟਰੰਪ ਅੱਜਕਲ ਹਰ ਕਿਸੇ ਦੇ ਗਲ ਪੈ ਰਿਹਾ ਹੈ।
ਭਾਰਤ : ਭਾਰਤ ਭਲੀਭਾਂਤ ਜਾਣਦਾ ਹੈ ਕਿ ਅਮਰੀਕਾ ਦੀ ਦੁਸ਼ਮਣੀ ਬਰਬਾਦੀ ਜਦਕਿ ਦੋਸਤੀ ਅਤਿ ਘਾਤਕ ਸਿੱਧ ਹੁੰਦੀ ਹੈ। ਐਸੀ ਸਥਿਤੀ ਵਿਚ ਵਿਸ਼ਵ ਦੇ ਦੋ ਤਾਕਤਵਰ ਦੁਸ਼ਮਣਾਂ ਅਮਰੀਕਾ ਅਤੇ ਚੀਨ ਨਾਲ ਸੰਜਮ ਅਤੇ ਚਾਣਕਿਆ ਡਿਪਲੋਮੇਸੀ ਨਾਲ ਨਿਪਟਣ ਦੀ ਕਲਾ ’ਚ ਮੁਹਾਰਤ ਦੀ ਲੋੜ ਹੈ। ਦੇਸ਼ ਭਾਵੇਂ ਤੀਸਰੀ ਆਰਥਕ ਸ਼ਕਤੀ ਵਜੋਂ ਉਭਰ ਰਿਹੈ ਪਰ ਅੰਬਾਨੀ, ਅਡਾਨੀ ਜਾਂ ਟਾਟਾ ਜਿਹੇ ਏਕਾ ਅਧਿਕਾਰਵਾਦੀ ਕਾਰਪੋਰੇਟਰਾਂ ਦੇ ਬਲਬੂਤੇ ਉਸ ਨੇ 82 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਰਾਹੀਂ ਟਿਕਾ ਕੇ ਰਖਿਆ ਹੋਇਆ ਹੈ। ਜੇਕਰ ਉਨ੍ਹਾਂ ਨੂੰ ਨੇੜ ਦੇ ਭਵਿੱਖ ’ਚ ਰੁਜ਼ਗਾਰ ਰਾਹੀਂ ਆਹਰੇ ਨਾ ਲਾਇਆ ਤਾਂ ਭਾਰਤ ਦੀ ਏਕਤਾ-ਅਖੰਡਤਾ ਤੇ ਸੁਰੱਖਿਆ ਲਈ ਦੁਸ਼ਵਾਰੀਆਂ ਪੈਦਾ ਹੋ ਸਕਦੀਆਂ ਹਨ। ਘੱਟ ਗਿਣਤੀ, ਮੋਦੀ ਸਰਕਾਰ ਪਹਿਲਾਂ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀਆਂ ਵੈਸਾਖੀਆਂ ਤੇ ਖੜੀ ਹੈ। ਪ੍ਰਮਾਤਮਾ ਕਰੇ ਸਾਲ 2026 ਭਾਰਤ ਲਈ ਸ਼ੁਭ ਸਾਬਤ ਹੋਵੇ ਅਤੇ ਇਵੇਂ ਹੀ ਪੂਰੇ ਗਲੋਬ ਲਈ।
ਕਿੰਗਸਟਨ-ਕੈਨੇਡਾ।
ਫ਼ੋਨ : +1 2898292929
