
ਤਿੰਨ ਕੁ ਹਫ਼ਤਿਆਂ ਦੀ ਅਪਣੀ ਅਮਰੀਕੀ ਫੇਰੀ ਉਪਰੰਤ ਜਦੋਂ ਅੱਧ ਅਪ੍ਰੈਲ ਵਿਚ ਮੈਂ ਪਟਿਆਲੇ ਪਹੁੰਚੀ ਤਾਂ ਮੀਡੀਆ ਵਿਚ ਦੋ ਮਸਲੇ ਬੇਹੱਦ ਭਖੇ ਪਏ ਸਨ। ਪਹਿਲਾਂ ...
ਤਿੰਨ ਕੁ ਹਫ਼ਤਿਆਂ ਦੀ ਅਪਣੀ ਅਮਰੀਕੀ ਫੇਰੀ ਉਪਰੰਤ ਜਦੋਂ ਅੱਧ ਅਪ੍ਰੈਲ ਵਿਚ ਮੈਂ ਪਟਿਆਲੇ ਪਹੁੰਚੀ ਤਾਂ ਮੀਡੀਆ ਵਿਚ ਦੋ ਮਸਲੇ ਬੇਹੱਦ ਭਖੇ ਪਏ ਸਨ। ਪਹਿਲਾਂ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਦਾ ਅਤੇ ਦੂਜਾ ਕਠੂਆ ਅਤੇ ਉਨਾਉ ਵਿਖੇ ਵਾਪਰੇ ਹੋਲਨਾਕ, ਖ਼ੌਫ਼ਨਾਕ, ਸਨਸਨੀਖੇਜ਼, ਤ੍ਰਾਹੁਣੇ ਅਤੇ ਸੁੰਨ ਕਰ ਦੇਣ ਵਾਲੇ ਬਲਾਤਕਾਰੀ ਕਾਂਡਾਂ ਦਾ। ਫ਼ਿਲਮ ਦੀ ਗੱਲ ਵੀ ਮੈਂ ਕਦੇ ਜ਼ਰੂਰ ਕਰਾਂਗੀ ਪਰ ਹਥਲੇ ਲੇਖ 'ਚ ਤਾਂ ਇਨ੍ਹਾਂ ਅਣਮਨੁੱਖੀ ਅਤੇ ਦਰਦਨਾਕ ਕਾਂਡਾਂ ਦੀ ਚਰਚਾ ਹੀ ਕਰ ਰਹੀ ਹਾਂ ਜਿਨ੍ਹਾਂ ਨੇ 2012 ਤੋਂ ਬਾਅਦ (ਜਦੋਂ ਦਿੱਲੀ ਵਿਖੇ ਨਿਰਭੈ ਕਾਂਡ ਵਾਪਰਿਆ ਸੀ)
ਇਕ ਵਾਰ ਫਿਰ ਗਲੀ-ਕੂਚੇ ਤੋਂ ਲੈ ਕੇ ਯੂਨੀਵਰਸਟੀਆਂ ਤਕ ਸੱਭ ਦੇ ਹੱਥਾਂ ਵਿਚ ਮੋਮਬੱਤੀਆਂ ਫੜਾ ਦਿਤੀਆਂ। ਕਈਆਂ ਨੂੰ ਤਾਂ ਨੇਤਾਗਿਰੀ ਚਮਕਾਉਣ ਦਾ ਸੁਨਹਿਰੀ ਮੌਕਾ ਵੀ ਹੱਥ ਲੱਗ ਗਿਆ ਅਤੇ ਕਈ ਹੋਰਨਾਂ ਨੂੰ ਹੋਛੀ ਸਿਆਸਤ ਕਰਨ ਦਾ। ਗੱਲ ਇਥੋਂ ਤਕ ਅੱਪੜ ਗਈ ਕਿ ਕਠੂਆ ਦੀ ਬੱਕੜਵਾਲ ਕਬੀਲੇ (ਵਣਜਾਰਿਆਂ) ਦੀ ਧੀ ਦੀ ਮੰਦਰ ਵਿਚ ਲੁੱਟੀ ਅਸਮਤ ਅਤੇ ਗਾਜ਼ੀਆਬਾਦ ਵਿਖੇ ਹਿੰਦੂ ਬੱਚੀ ਦੀ ਮਦਰੱਸੇ ਅੰਦਰ ਤਾਰ-ਤਾਰ ਕੀਤੀ ਆਬਰੂ ਨੂੰ ਮੁਸਲਿਮ ਅਤੇ ਹਿੰਦੂ ਧਰਮ ਨਾਲ ਜੋੜ ਕੇ ਦੇਸ਼ ਅਤੇ ਵਿਦੇਸ਼ ਅੰਦਰ ਬਹੁਤ ਕੁਫ਼ਰ ਤੋਲਿਆ ਗਿਆ। ਇਕ ਦੂਜੇ ਉਤੇ ਚਿੱਕੜ ਸੁਟਿਆ ਗਿਆ।
ਇਨ੍ਹਾਂ ਭਿਅੰਕਰ ਬਲਾਤਕਾਰੀ ਕਾਂਡਾਂ ਕਰ ਕੇ ਬਾਹਰਲੀਆਂ ਧਰਤੀਆਂ ਉਤੇ ਵੀ ਭਾਰਤ ਦੀ ਬਥੇਰੀ ਤੋਇ-ਤੋਇ ਹੁੰਦੀ ਰਹੀ ਪਰ ਕੇਂਦਰੀ ਮੰਤਰੀ ਮੰਡਲ ਵਲੋਂ ਬਲਾਤਕਾਰੀਆਂ ਲਈ ਮੌਤ ਦੀ ਸਜ਼ਾ ਦੀ ਸਿਫ਼ਾਰਸ਼ ਉਤੇ ਰਾਸ਼ਟਰਪਤੀ ਵਲੋਂ ਮੋਹਰ ਲੱਗਣ ਪਿੱਛੋਂ ਇਹ ਰੌਲਾ ਗੌਲਾ ਅਤੇ ਸ਼ੋਰ ਵਕਤੀ ਤੌਰ ਤੇ ਤਾਂ ਕੁੱਝ ਰੁਕ ਗਿਆ ਹੈ ਪਰ ਬਲਾਤਕਾਰਾਂ ਦਾ ਸਿਲਸਿਲਾ ਹਾਲੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ, ਸਗੋਂ ਇਹ ਸ਼ੈਤਾਨ ਦੀ ਆਂਦਰ ਵਾਂਗ ਲਗਾਤਾਰ ਵਧਦੇ ਹੀ ਜਾ ਰਹੇ ਹਨ। 2007 ਵਿਚ ਇਨ੍ਹਾਂ ਦੀ ਗਿਣਤੀ ਪ੍ਰਤੀ ਘੰਟਾ 27 ਸੀ ਜਦਕਿ 2018 ਤਕ ਇਹ ਪ੍ਰਤੀ ਘੰਟਾ 39 ਹੋ ਗਈ ਹੈ।
2015 ਦੇ ਮੁਕਾਬਲੇ 2016 ਵਿਚ ਜਬਰ ਜ਼ਨਾਹ ਦੇ ਕੇਸਾਂ ਵਿਚ 86 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਇਸ ਵਰ੍ਹੇ ਦੇ ਹਰ ਤਿੰਨ ਵਿਚੋਂ ਇਕ ਕੇਸ ਪੁਲਿਸ ਕੋਲ ਬਕਾਇਆ ਪਿਆ ਹੈ ਅਤੇ ਹਰ 10 ਪਿੱਛੇ 9 ਕੇਸ ਅਦਾਲਤਾਂ ਵਿਚ ਵਿਚਾਰ ਗੋਚਰੇ ਪਏ ਹਨ। ਮਾਮਲਿਆਂ ਵਿਚ ਸਜ਼ਾ ਹੋਣ ਦੀ ਦਰ ਸਿਰਫ਼ 25 ਫ਼ੀ ਸਦੀ ਹੈ।
ਦਰਅਸਲ, ਲੰਮੇ ਵਹਿਣਾਂ ਵਿਚ ਵਹਿੰਦੀ ਮੈਂ ਕਿਸੇ ਹੋਰ ਪਾਸੇ ਹੀ ਨਿਕਲ ਤੁਰੀ ਹਾਂ। ਸੁਪ੍ਰਸਿੱਧ ਕਵਿੱਤਰੀ ਅਮ੍ਰਿਤਾ ਪ੍ਰੀਤਮ ਨੇ 20ਵੀਂ ਸਦੀ ਦੇ ਪਹਿਲੇ ਅੱਧ ਵਿਚ ਕਾਮੁਕ ਪ੍ਰਵਿਰਤੀਆਂ ਦੀ ਬਹੁਲਤਾ ਵੇਖਦਿਆਂ ਬੜੀ ਬੇਬਾਕੀ ਨਾਲ ਲਿਖਿਆ ਸੀ:-
ਵੀਹ ਹਜ਼ਾਰ ਸਾਲ ਹੋਏ, ਇਸ ਸਭਿਅਤਾ ਨੂੰ ਬਣਿਆਂ
ਪਰ ਅੱਜ ਵੀ ਕੱਲੀ ਔਰਤ ਨੂੰ ਤੱਕ ਕੇ,
ਖਾਣ ਨੂੰ ਪੈਂਦਾ ਹੈ ਆਦਮੀ।
ਭੁੱਖੇ ਦਾ ਭੁੱਖਾ, ਉਸੇ ਤਰ੍ਹਾਂ ਵਹਿਸ਼ੀ।
ਵੀਹ ਹਜ਼ਾਰ ਦਾ ਅੰਕੜਾ ਇਥੇ ਐਵੇਂ ਰੂਪਕ (ਅਲੰਕਾਰਕ) ਦੇ ਤੌਰ ਤੇ ਹੀ ਵਰਤਿਆ ਗਿਆ ਹੈ, ਇਸ ਦਾ ਮਤਲਬ ਲੰਮੇ ਅੰਤਰਾਲ ਤੋਂ ਹੈ ਅਰਥਾਤ ਚਿਰਾਂ ਤੋਂ ਮਰਦ ਪ੍ਰਧਾਨ ਸਮਾਜ ਦੀ ਇਹ ਅਜਾਰੇਦਾਰੀ ਚਲੀ ਆ ਰਹੀ ਹੈ ਕਿ ਇਕੱਲੀ ਕਾਰੀ ਲੜਕੀ, ਔਰਤ ਜਾਂ ਬੱਚੀ ਵੇਖਦਿਆਂ ਹੀ ਮਰਦ ਬਾਜ਼ਹਾਰ ਉਸ ਉਪਰ ਝਪਟ ਪੈਂਦਾ ਹੈ। ਉਸ ਦਾ ਜਤ, ਸਤ, ਇੱਜ਼ਤ, ਆਬਰੂ, ਪੱਤ ਗੱਤ, ਜਿਸਮ, ਰੂਹ ਗੱਲ ਕੀ ਸੱਭ ਕੁੱਝ ਨੋਚ ਸੁਟਦਾ ਹੈ। ਕਾਮ ਮਨੁੱਖੀ ਸਰੀਰ ਵਿਚ ਭਾਵੇਂ ਇਕ ਕੁਦਰਤੀ ਵਰਤਾਰਾ ਹੈ ਪਰ ਰਿਸ਼ਤੇ, ਨਾਤੇ, ਸਦਾਚਾਰ, ਸੰਸਕਾਰ ਅਤੇ ਨੀਤੀ ਵਿਧਾਨ ਅਨੁਸਾਰ ਇਸ ਨੂੰ ਸੀਮਾ ਵਿਚ ਰੱਖਣ ਦੀ ਨਸੀਹਤ ਹਰ ਧਰਮ ਵਲੋਂ ਵਾਰ-ਵਾਰ ਦ੍ਰਿੜਾਈ ਗਈ ਹੈ। ਸਾਡੇ ਮਹਾਂਪੁਰਖ ਪੰਜ ਸੌ ਸਾਲ ਪਹਿਲਾਂ ਹੀ ਸਮਝਾ ਗਏ ਸਨ:-
ਦੇਖ ਪਰਾਈਆਂ ਚੰਗੀਆਂ, ਮਾਵਾਂ, ਧੀਆਂ, ਭੈਣਾਂ ਜਾਣੇ।
ਪਰ ਹੁਣ ਗੱਲ ਪਰਾਈਆਂ ਦੀ ਨਹੀਂ ਰਹਿ ਗਈ, ਅਪਣੀਆਂ ਤਕ ਆ ਪਹੁੰਚੀ ਹੈ। ਘਰ ਦੇ ਅੰਦਰ ਤਕ ਪਹੁੰਚ ਚੁੱਕੀ ਹੈ ਕਿਉਂਕਿ ਦਿੱਲੀ ਪੁਲਿਸ ਦੇ ਜਾਰੀ ਅੰਕੜਿਆਂ ਮੁਤਾਬਕ ਲਗਭਗ 91 ਫ਼ੀ ਸਦੀ ਜਬਰ ਜ਼ਨਾਹ ਅਪਣਿਆਂ ਜਾਂ ਅਪਣੇ ਰਿਸ਼ਤੇਦਾਰਾਂ ਵਲੋਂ ਕੀਤੇ ਜਾ ਰਹੇ ਹਨ। ਅਜੋਕਾ ਮਾਰ ਮੁਕਾਉਣ ਦਾ ਰੁਝਾਨ ਵੀ ਵਧੇਰੇ ਕਰ ਕੇ ਇਸ ਕਰ ਕੇ ਹੀ ਪਨਪ ਰਿਹਾ ਹੈ ਕਿਉਂਕਿ ਖੇਹ ਖਾਣ ਵਾਲੇ ਬੱਚੀਆਂ ਦੇ ਵਾਕਫ਼ ਜਾਂ ਰਿਸ਼ਤੇਦਾਰ ਹੀ ਹੁੰਦੇ ਹਨ।
ਕਠੂਆ ਵਿਖੇ ਵਾਪਰੇ ਲੂੰ ਕੰਡੇ ਖੜੇ ਕਰਨ ਵਾਲੇ ਜਬਰ ਜ਼ਨਾਹ ਕਾਂਡ ਦੇ ਦੋਸ਼ੀਆਂ ਨੂੰ ਇਨਸਾਨੀਅਤ ਅਸਲੋਂ ਹੀ ਵਿਸਰ ਗਈ ਹੋਵੇਗੀ ਅਤੇ ਜ਼ਰੂਰ ਹੀ ਉਨ੍ਹਾਂ ਦੇ ਘਰਾਂ ਵਿਚ ਵੀ ਧੀਆਂ ਅਤੇ ਭੈਣਾਂ ਹੋਣਗੀਆਂ। ਹਫ਼ਤਾ ਭਰ ਉਸ ਭੋਲੀ ਬੱਚੀ ਨੂੰ ਨੋਚਣ ਵਾਲੇ, ਭੁੱਖੀ ਰੱਖ ਕੇ ਨਸ਼ਿਆਂ ਦੇ ਟੀਕੇ ਲਾਉਣ ਵਾਲੇ ਅਤੇ ਤੜਪਾ ਤੜਪਾ ਕੇ ਉਸ ਦੇ ਹੱਡ ਚੂੰਡਣ ਵਾਲੇ ਹੁਣ ਦਰਅਸਲ ਇਸ ਧਰਤੀ ਉਤੇ ਜਿਉਂਦੇ ਰਹਿਣ ਦਾ ਹੱਕ ਹੀ ਨਹੀਂ ਰਖਦੇ। ਉਨ੍ਹਾਂ ਵਰਗੇ ਲੱਖਾਂ ਹੀ ਹੋਰ ਵੀ ਹਨ ਜਿਹੜੇ ਦਾਅ ਲਗਦਿਆਂ ਹੀ ਮੌਕਾ ਨਹੀਂ ਖੁੰਝਾਉਣਾ ਚਾਹੁੰਦੇ।
ਅਸੀ ਮਹਿਲਾ ਦਿਵਸ, ਮਦਰ ਡੇਅ ਅਤੇ ਬਾਲੜੀ ਦਿਹਾੜੇ ਮਨਾਉਂਦੇ ਹਾਂ। ਦਾਅਵੇ ਅਤੇ ਵਾਅਦੇ ਕਰਦੇ ਨਹੀਂ ਥਕਦੇ ਕਿ ਸਾਡੀਆਂ ਧੀਆਂ ਹੁਣ ਅਸਮਾਨੀਂ ਉੱਡਣ ਲਗੀਆਂ ਹਨ ਅਤੇ ਮਰਦ ਅਜਾਰੇਦਾਰੀ ਵਾਲੇ ਹਰ ਮੁਸ਼ਕਲ ਤੋਂ ਮੁਸ਼ਕਲ ਕੰਮ ਨੂੰ ਸਫ਼ਲਤਾ ਨਾਲ ਕਰਨ ਲੱਗੀਆਂ ਹਨ, ਪਰ ਜਦੋਂ ਉਨ੍ਹਾਂ ਦੀ ਸੁਰੱਖਿਆ ਤੇ ਇੱਜ਼ਤ ਦਾ ਸਵਾਲ ਆਉਂਦਾ ਹੈ, ਅਸੀ ਉਦੋਂ ਮਨੁੱਖਤਾ ਤੋਂ ਹੀ ਡਿੱਗ ਜਾਂਦੇ ਹਾਂ। ਸਾਨੂੰ ਉਨ੍ਹਾਂ ਅੰਦਰ ਵਸੀ ਆਤਮਾ ਨਜ਼ਰ ਹੀ ਨਹੀਂ ਆਉਂਦੀ। ਸਾਨੂੰ ਉਹ ਮਹਿਜ਼ ਇਕ ਜਿਸਮ ਵਿਖਾਈ ਦਿੰਦਾ ਹੈ ਜਿਸ ਨੂੰ ਮਿੱਧ ਕੇ, ਮੇਟ, ਕੇ, ਮਾਰ ਮੁਕਾ ਕੇ ਅਤੇ ਅਧਮੋਈ ਕਰ ਕੇ ਅਸੀ ਅਪਣੀ ਵਾਸ਼ਨਾ ਤ੍ਰਿਪਤ ਕਰਦੇ ਹਾਂ।
ਉਸ ਦੀਆਂ ਚੀਕਾਂ, ਕੂਕਾਂ, ਪੁਕਾਰਾਂ, ਦੁਹਾਈਆਂ, ਜੋਦੜੀਆਂ, ਤਰਲੇ, ਮਿੰਨਤਾਂ ਅਤੇ ਅਰਜੋਈਆਂ ਸਕੇ ਪਿਉ, ਸਕੇ ਭਰਾ ਅਤੇ ਸਕੇ ਪੁੱਤਰ ਨੂੰ ਵੀ ਪਿਘਲਾ ਨਹੀਂ ਸਕਦੀਆਂ। ਕਲਯੁੱਗ ਹੋਰ ਕੀ ਹੋਵੇਗਾ? ਕਿਹੋ ਜਿਹਾ ਹੋਵੇਗਾ? ਨਿਸ਼ਚੇ ਹੀ ਕਠੂਆ ਅਤੇ ਉਨਾਉ ਜਿਹੀਆਂ ਅਣਹੋਣੀਆਂ ਕਲਯੁਗੀ ਘਟਨਾਵਾਂ ਹੀ ਹਨ ਜਿਥੇ ਮੋਹਤਬਰ ਪਾਰਟੀਆਂ ਦੇ ਸਿਰਕੱਢ ਗੁੰਡੇ ਮਾਸੂਮ ਬੱਚੀਆਂ ਦੀ ਮੌਤ ਦਾ ਸਬੱਬ ਹੁੰਦਿਆਂ ਵੀ ਮਹੀਨਿਆਂ ਤਕ ਕਾਨੂੰਨੀ ਪ੍ਰਕਿਰਿਆ ਰੋਕੀ ਰਖਦੇ ਹਨ। ਟੀ.ਵੀ. ਚੈਨਲਾਂ ਉਤੇ ਕਈ ਵਾਰ ਅਜਿਹੀਆਂ ਵੀਡੀਉ ਵਿਖਾਈਆਂ ਜਾਂਦੀਆਂ ਹਨ, ਜਿਥੇ ਸਕੂਲ-ਕਾਲਜ, ਜੰਗਲ ਪਾਣੀ ਜਾਂ ਕਿਸੇ ਹੋਰ ਕੰਮ, ਜਾਂਦੀ ਇਕ ਬੱਚੀ, ਮੁਟਿਆਰ ਜਾਂ ਔਰਤ ਦੀ ਇੱਜ਼ਤ ਦੇ ਚੀਥੜੇ ਦਸ-ਦਸ ਗੁੰਡੇ ਉਡਾਉਂਦੇ ਹਨ ਅਤੇ ਵੀਡੀਉ ਵਿਖਾਉਣ ਬਣਾਉਣ ਵਾਲੇ ਵੀ ਉਹ ਆਪ ਹੀ ਹੁੰਦੇ ਹਨ। ਸੰਪਰਕ : 98156-20515