Article: ਕੀ ਬਾਬਾ ਮੋਹਣ ਗੁਰੂ ਗ੍ਰੰਥ ਸੰਪਾਦਨਾ ਤਕ ਜਿਉਂਦਾ ਸੀ?
Published : Jul 31, 2024, 11:49 am IST
Updated : Jul 31, 2024, 11:56 am IST
SHARE ARTICLE
Article: Did Baba Mohan live till the compilation of Guru Granth?
Article: Did Baba Mohan live till the compilation of Guru Granth?

ਸਿੱਖ ਇਤਿਹਾਸ ’ਚ ਏਨੀ ਮਿਲਾਵਟ ਕਰ ਦਿਤੀ ਗਈ ਹੈ ਕਿ ਜੇ ਕੋਈ ਸੱਚ ਲੱਭ ਕੇ ਤੇ ਵੱਡਾ ਸਾਰਾ ਜਿਗਰਾ ਕਰ ਕੇ ਲਿਖ ਵੀ ਦੇਵੇ

Article: Did Baba Mohan live till the compilation of Guru Granth?  ਸਿੱਖ ਇਤਿਹਾਸ ’ਚ ਏਨੀ ਮਿਲਾਵਟ ਕਰ ਦਿਤੀ ਗਈ ਹੈ ਕਿ ਜੇ ਕੋਈ ਸੱਚ ਲੱਭ ਕੇ ਤੇ ਵੱਡਾ ਸਾਰਾ ਜਿਗਰਾ ਕਰ ਕੇ ਲਿਖ ਵੀ ਦੇਵੇ ਤਾਂ ਸਿੱਖ ਇਸ ਸੱਚ ਨੂੰ ਝੂਠ ਸਮਝ ਕੇ ਸੱਚ ਲਿਖਣ ਵਾਲੇ ਦੀ ਗਰਦਨ ਮਰੋੜਨ ਤਕ ਜਾਂਦੇ ਹਨ। ਕਾਰਨ ਇਕੋ ਹੀ ਹੈ ਕਿ ਆਪ ਪੜ੍ਹਨਾ ਨਹੀਂ, ਖੋਜਣਾ ਨਹੀਂ, ਸਮਝਣਾ ਨਹੀਂ ਤੇ ਨਾ ਹੀ ਕੁੱਝ ਕਰਨ ਦੇਣਾ ਹੈ।

ਅਸੀਂ ਇਹ ਵੀ ਨਹੀਂ ਸੋਚਦੇ ਕਿ ਇਸ ਝੂਠ ਨੇ ਗੁਰੂ ਸਹਿਬਾਨ ਜਾਂ ਗੁਰੂ ਇਤਹਾਸ ਨੂੰ ਖੋਰਾ ਤਾਂ ਨਹੀਂ ਲਾਇਆ ਜਾਂ ਨਿਰਾਦਰੀ ਤਾਂ ਨਹੀਂ ਕੀਤੀ। ਬਸ ਇਕੋ ਰੱਟ ਲਾਈ ਜਾਂਦੀ ਹੈ ਕਿ ਜੀ ਇਹ ਸਾਡੀ ਰਵਾਇਤ ਹੈ। ਜਿਹੜੀ ਰਵਾਇਤ ਜਾਂ ਮਰਿਆਦਾ 5000 ਸਾਲ ਤੋਂ ਚਲੀ ਆਉਂਦੀ ਸੀ, ਜਦੋਂ ਗੁਰੂ ਨਾਨਕ ਪਿਤਾ ਨੇ ਅਪਣੇ ਘਰ, ਭਰੇ ਇੱਕਠ ’ਚ, ਜੰਞੂ/ਜਨੇਊ ਪਾਉਣ ਤੋਂ ਇਨਕਾਰ ਕੀਤਾ ਤਾਂ ਸੋਚੋ ਜ਼ਰਾ ਕਿੰਨਾ ਉਧਮੂਲ ਮਚਿਆ ਹੋਵੇਗਾ? ਇਹ ਸੀ ਬਾਬਾ ਜੀ ਦੀ ਲਲਕਾਰ ਸੀ ਕਿ ਪੰਡਿਤ ਜੀ ਨਾ ਮੈਲਾ ਹੋਣ ਵਾਲਾ, ਨਾ ਟੁੱਟਣ ਵਾਲਾ ਤੇ ਸਦਾ ਨਾਲ ਚੱਲਣ ਵਾਲਾ ਜੰਞੂ ਹੈ ਤਾਂ ਪਾ ਦਿਉ ਨਹੀਂ ਤਾਂ ਆਪ ਕਿਨਾਰਾ ਕਰੋ ਤੇ ਮੈਂ ਇਸ ਰਵਾਇਤ ਤੋਂ ਬਾਗ਼ੀ ਹਾਂ।


ਸਿੱਖ ਇਤਹਾਸ ਮੁਤਾਬਕ ਬਾਬਾ ਮੋਹਣ ਤੀਸਰੇ ਗੁਰੂ ਅਮਰ ਦਾਸ ਜੀ ਦਾ ਵੱਡਾ ਪੁੱਤਰ ਤੇ ਬੀਬੀ ਭਾਨੀ ਸੱਭ ਤੋਂ ਛੋਟੀ ਧੀ ਮੰਨੀ ਜਾਂਦੀ ਹੈ। ਇਕ ਰਵਾਇਤ ਮੁਤਾਬਕ ਗੁਰੂ ਅਮਰ ਦਾਸ ਜੀ ਦਾ ਜਨਮ 1536 ਸੰਮਤ (1479 ਈ:) ਨੂੰ ਹੋਇਆ ਸੀ। ਜੇ ਇਹ ਵੀ ਮੰਨ ਲਿਆ ਜਾਵੇ ਕਿ ਗੁਰੂ ਜੀ ਦਾ ਵਿਆਹ ਚੜ੍ਹਦੇ ਸੰਮਤ 1560, 11 ਮਾਘ (1503 ਈ:) ਨੂੰ ਹੋਇਆ ਸੀ ਤਾਂ ਬੀਬੀ ਭਾਨੀ ਵਿਆਹ ਤੋਂ ਤਕਰੀਬਨ 36 ਸਾਲ ਬਾਅਦ ਪੈਦਾ ਹੋਈ ਮੰਨਣਾ ਪਵੇਗਾ ਜਦੋਂ ਗੁਰੂ ਜੀ 60 ਸਾਲ ਦੇ ਸਨ। ਉਨ੍ਹਾਂ ਵੇਲਿਆਂ ’ਚ ਤਾਂ 60 ਸਾਲ ਦਾ ਆਦਮੀ ਘੱਟ ਤੋਂ ਘੱਟ ਹਰ ਬੰਦਾ ਬਾਬਾ ਜ਼ਰੂਰ ਬਣਨ ਦੇ ਨੇੜ-ਤੇੜ ਹੁੰਦਾ ਸੀ।

ਇਹ ਰਵਾਇਤ ਵੀ ਮੰਨਣਯੋਗ ਨਹੀਂ। ਉਪਰ ਲਿਖੇ ਵਿਆਹ ਦੇ ਸੰਮਤ ਮੁਤਾਬਕ ਬਾਬੇ ਮੋਹਣ ਜੀ ਦਾ ਜਨਮ 1504-1505 ਈ: ਵਿਚ ਹੋਇਆ ਹੋਵੇਗਾ ਕਿਉਂਕਿ ਪਹਿਲੇ ਬੱਚੇ ਦਾ ਜਨਮ ਵਿਆਹ ਤੋਂ ਇਕ ਜਾਂ ਦੋ ਸਾਲ ਬਾਅਦ ਹੋ ਹੀ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਬਾਬਾ ਮੋਹਣ ਜੀ ਤਕਰੀਬਨ 95-96 ਕੁ ਸਾਲ ਦੇ ਸਨ ਜੋ ਨਾ-ਮੁਮਕਿਨ ਹੈ ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਹਨ :
ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ॥
ਮੀਣਾ ਹੋਇਆ ਪਿਰਥੀਆ ਕਰਿ ਕਰਿ ਤੋਂਡਕ ਬਰਲੁ ਚਲਾਇਆ॥ (ਵਾਰ 26 ਪਉੜੀ 33॥)
ਮੋਹਣ ਨੂੰ ਕਮਲਾ ਦਸਦੇ ਹਨ ਤੇ ਕਮਲਿਆਂ ਦੀ ਜ਼ਿੰਦਗੀ ਇੰਨੀ ਲੰਮੀ ਨਹੀਂ ਹੁੰਦੀ।


ਸਿੱਖ ਇਤਿਹਾਸ ਮੁਤਾਬਕ ਗੁਰੂ ਜੀ 62 ਸਾਲ ਦੇ ਸਨ ਜਦੋਂ ਉਹ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਏ ਯਾਨੀ ਸੰਮਤ 1597 ਤੇ ਗੁਰਿਆਈ 12 ਸਾਲਾਂ ਬਾਅਦ ਮਤਲਬ 1609 ਵਿਚ ਪ੍ਰਾਪਤ ਹੋਈ। ਫਿਰ ਇਹ ਵੀ ਮੰਨਿਆ ਜਾਂਦੈ ਕਿ ਬੀਬੀ ਭਾਨੀ ਜੀ ਦਾ ਵਿਆਹ ਗੁਰਿਆਈ ਪ੍ਰਾਪਤ ਕਰਨ ਤੋਂ ਦੋ-ਚਾਰ ਸਾਲ ਬਾਅਦ ਹੀ ਕੀਤਾ ਗਿਆ। ਉਦੋਂ ਗੁਰੂ ਜੀ 75-76 ਸਾਲ ਦੇ ਸਨ ਤਾਂ ਬੀਬੀ ਜੀ ਕਿੰਨੇ ਵਰਿ੍ਹਆਂ ਦੇ ਸਨ ਜਦੋਂ ਵਿਆਹ ਕੀਤਾ ਗਿਆ? ਇਸ ਕਰ ਕੇ ਇਹ ਸਾਰੇ ਸੰਮਤ ਮੰਨਣਯੋਗ ਨਹੀਂ ਤੇ ਨਾ ਹੀ ਭਾਈ ਕਾਹਨ ਸਿੰਘ ਨਾਭਾ ਜੀ ਦੇ ਸੰਮਤ ਵੀ ਟਿਕਾਊ ਹਨ।


ਦਰਅਸਲ ਗੁਰੂ ਅਮਰ ਦਾਸ ਜੀ ਦਾ ਜਨਮ 18 ਅਪ੍ਰੈਲ 1509 ਈ. ਤੇ ਗੁਰੂ ਅੰਗਦ ਪਾਤਸ਼ਾਹ ਜੀ ਦਾ ਜਨਮ 31 ਮਾਰਚ 1504 ਈ. ਦਾ ਹੈ। ਕੁੜਮਾਚਾਰੀ ’ਚ ਦੋ ਚਾਰ ਸਾਲ ਦਾ ਫ਼ਰਕ ਮੰਨਣਯੋਗ ਤੇ ਇਤਬਾਰੀ ਵੀ ਕਿਹਾ ਜਾ ਸਕਦੈ। (ਕੇਸਰ ਸਿੰਘ ਛਿਬਰ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ:
“ਬਹੁੜ ਸੰਮਤ ਬੀਤੇ ਪੰਦ੍ਰਾਂ ਸੈ ਖਟ-ਸਠਿ।
ਦਿਨ ਵੈਸਾਖ ਗਏ ਦਸ-ਅਠ।
ਮਾਤਾ ਲਖੋ ਦੇ ਉਦਰੋਂ ਚਾਨਣੇ ਪੱਖ।
ਜਨਮੇ ਸ੍ਰੀ ਅਮਰਦਾਸ ਪੂਰਨ ਪ੍ਰਤੱਖ।9।’’


ਤੇ ਸਿੱਖ ਤਵਾਰੀਖ਼ ਡਾ. ਹਰਜਿੰਦਰ ਸਿੰਘ ਦਿਲਗੀਰ ਪਹਿਲਾ ਹਿੱਸਾ ਪੰਨਾ 195)। ਗੁਰੂ ਅਮਰ ਦਾਸ ਜੀ ਦਾ ਜਨਮ ਸੰਮਤ 1566 ਕਿਸੇ ਲਿਖਾਰੀ ਤੋਂ ਗ਼ਲਤੀ ਨਾਲ ਸੰਮਤ 1536 ਲਿਖ ਦਿਤਾ ਗਿਆ ਤੇ ਬਾਕੀ ਦਿਆਂ ਨੇ ਮੱਖੀ ਤੇ ਮੱਖੀ ਮਾਰ ਛੱਡੀ। ਸਿੱਖ ਇਤਿਹਾਸ ਹੀ ਬਦਲ ਗਿਆ। ਗੁਰੂ ਅਮਰ ਦਾਸ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਨਾਲ 1532 ਈ: ’ਚ ਹੋਇਆ। 1534 ਈ: ਵਿਚ ਬਾਬਾ ਮੋਹਣ, 1536 ਈ: ’ਚ ਮੋਹਰੀ ਤੇ ਬੀਬੀ ਭਾਨੀ ਜੀ ਦਾ ਜਨਮ ਨਿਰ-ਵਿਵਾਦ ਤੱਥ ਅਨੁਸਾਰ 1539 ਈ. ਨੂੰ ਹੋਇਆ ਸੀ। ਬੀਬੀ ਦਾਨੀ ਜੀ ਦਾ ਕਈ ਲਿਖਾਰੀ ਜ਼ਿਕਰ ਤਾਂ ਜ਼ਰੂਰ ਕਰਦੇ ਹਨ ਪਰ ਪੁਰਾਣੀ ਕਿਸੇ ਵੀ ਹੱਥ-ਲਿਖਤ ਪੋਥੀ ’ਚ ਕਿਸੇ ਬੀਬੀ ਦਾਨੀ ਦਾ ਕੋਈ ਜ਼ਿਕਰ ਨਹੀਂ ਮਿਲਦਾ।

ਇਸ ਤਰ੍ਹਾਂ ਸੱਤ ਕੁ ਸਾਲਾਂ ਦੇ ਅਰਸੇ ’ਚ ਔਲਾਦ ਪੈਦਾ ਕਰਨ ਦਾ ਕੰਮ ਮੁਕੰਮਲ ਕਰ ਕੇ ਗੁਰੂ ਅਮਰ ਦਾਸ ਜੀ 1540 ਈ: ’ਚ ਗੁਰੂ ਅੰਗਦ ਪਾਤਿਸ਼ਾਹ ਪਾਸ ਪਹੁੰਚ ਗਏ। 1552 ਈ: ’ਚ ਹੀ ਗੁਰੂ ਅੰਗਦ ਪਾਤਿਸ਼ਾਹ ਚੜ੍ਹਾਈ ਕਰਦੇ ਹਨ ਤੇ ਗੁਰਗੱਦੀ ਵੀ ਤੀਸਰੇ ਪਾਤਿਸ਼ਾਹ ਨੂੰ 1552 ਈ: ’ਚ ਮਿਲਣ ਦੀਆਂ ਤਾਰੀਖ਼ੀ ਗਵਾਹੀਆਂ ਮਿਲਦੀਆਂ ਹਨ। ਬੀਬੀ ਭਾਨੀ ਜੀ ਦਾ ਵਿਆਹ 16 ਫ਼ਰਵਰੀ 1554 ਈ: ਨੂੰ ਭਾਈ ਜੇਠਾ ਜੀ ਨਾਲ ਹੋਇਆ ਤੇ ਗੁਰੂ ਅਰਜਨ ਪਾਤਿਸ਼ਾਹ ਦਾ ਜਨਮ 15 ਅਪ੍ਰੈਲ 1563 ਈ: ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕੇ ਤੀਸਰੇ ਪਾਤਿਸ਼ਾਹ ਦੇ ਅਕਾਲ-ਚਲਾਣੇ ਵੇਲੇ ਤੀਸਰੇ ਥਾਂ ਗੁਰੂ ਅਰਜਨ ਪਾਤਿਸ਼ਾਹ ਗਿਆਰਾਂ ਸਾਲਾਂ ਦੇ ਹਨ ਜਦਕਿ ਮੋਹਰੀ ਜੋ ਬੀਬੀ ਭਾਨੀ ਤੋਂ ਸਿਰਫ਼ ਤਿੰਨ ਕੁ ਸਾਲ ਹੀ ਉਮਰ ’ਚ ਵੱਡਾ ਹੈ, ਉਸ ਦਾ ਪੁੱਤਰ ਅਨੰਦ ਜ਼ਿਆਦਾ ਤੋਂ ਜ਼ਿਆਦਾ 14 ਸਾਲਾਂ ਦਾ ਹੋਵੇਗਾ ਤਾਂ ਚੌਥੀ ਪੀਹੜੀ ਵਾਲਾ ‘ਸੁੰਦਰ’ ਤਾਂ ਹਾਲੇ ਅਪਣੇ ਪੜ-ਦਾਦੇ, ਗੁਰੂ ਅਮਰ ਦਾਸ ਜੀ ਦੇ ਚਲਾਣੇ ਸਮੇਂ ਪੈਦਾ ਵੀ ਨਹੀਂ ਹੋਇਆ ਹੋਵੇਗਾ ਤਾਂ ਫਿਰ “ਰਾਮਕਲੀ ਸਦੁ” ਕਿਸ ਨੇ ਲਿਖੀ?  ਗੁਰਗੱਦੀ ਚੌਥੇ ਪਾਤਸ਼ਾਹ ਨੂੰ 1574 ਈ: ’ਚ ਮਿਲੀ ਜਦੋਂ ਬਾਬਾ ਮੋਹਨ ਜੀ 38-40 ਕੁ ਸਾਲ ਦੇ ਨੇੜ-ਤੇੜ ਪਹੁੰਚ ਚੁੱਕੇ ਸਨ।


ਬਾਬਾ ਮੋਹਣ ਦੀ ਜੀਵਨ ਦੀ ਅਵਧੀ ਬਾਰੇ ਇਤਿਹਾਸ ਚੁਪ ਹੈ ਪਰ ਗੁਰਬਾਣੀ ਰਾਹ ਵਿਖਾਉਂਦੀ ਹੈ। ਭਾਈ ਗੁਰਦਾਸ ਜੀ ਮੋਹਣ ਨੂੰ ਕਮਲਾ ਦਸਦੇ ਹਨ ਤੇ ਕਮਲਿਆਂ ਦੀ ਜ਼ਿੰਦਗੀ ਇੰਨੀ ਲੰਬੀ ਨਹੀਂ ਹੁੰਦੀ। ਤਾਜ਼ੀਆਂ ਮਨੋਚਕਿਤਸਕ ਖੋਜਾਂ ਦਸਦੀਆਂ ਹਨ ਕਿ ਮਾਨਸਕ ਤਣਾਅ ਦੇ ਮਰੀਜ਼ ਨੂੰ, ਆਮ ਆਦਮੀ ਦੇ ਮੁਕਾਬਲੇ ਅੱਠ ਗੁਣਾ ਵੱਧ ਦੂਜੇ ਹੋਰ ਰੋਗ ਚਿੰਬੜਦੇ ਹਨ। ਮਾਨਸਕ ਤਣਾਅ ਜਿੱਥੇ ਕਿੱਥੇ ਪੈਰ ਰਖਦਾ ਹੈ, ਸੁੰਞ ਵਰਤਾ ਦਿੰਦਾ ਹੈ। ਪੱਕੇ ਸੰਕੇਤ ਹਨ ਕਿ ਮੋਹਣ ਦਾ ਦੇਹਾਂਤ ਗੁਰੂ ਰਾਮਦਾਸ ਜੀ ਦੇ ਗੁਰਿਆਈ ਕਾਲ (1574-1581) ਵਿਚ ਹੋ ਗਿਆ ਸੀ। ‘

ਗਉੜੀ ਦੀ ਵਾਰ ਮਹਲਾ 4’ ਵਿਚ ਇਸ ਕਿਸਮ ਦੀ ਕਾਫ਼ੀ ਸਮੱਗਰੀ ਮਿਲਦੀ ਹੈ ਜੋ ਮੋਹਣ ਦੇ ਦੇਹਾਂਤ ਵਲ ਸੰਕੇਤ ਕਰਦੀ ਹੈ।  ਇਸ ਵਾਰ ਦਾ 40-45% ਭਾਗ ਗੁਰਗੱਦੀ ਤੋਂ ਮਹਿਰੂਮ ਰਹਿ ਗਏ ਗੁਰੂ-ਪੁੱਤਰਾਂ, ਖ਼ਾਸ ਕਰ ਕੇ ਮੋਹਣ ਦੇ ਬੇਮੁਖੀ ਤੇ ਦੋਖੀ ਵਿਹਾਰ ਕਾਰਨ ਤ੍ਰੇਹਣ-ਭੱਲਾ-ਸੋਢੀ ਰਿਸ਼ਤਿਆਂ ’ਚ ਪੈਦਾ ਹੋਈ ਕੁੜੱਤਣ ਨਾਲ ਸਬੰਧਤ ਹੈ। ਹੁਣ ਤਕ ਗੁਰਗੱਦੀ ਦੇ ਹਰ ਅਧਿਕਾਰੀ ਨੂੰ ਸਮਾਨ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਬਾਰੇ ਉਨ੍ਹਾਂ ਦੇ ਹੁੰਗਾਰਿਆਂ ਦੀ ਸਮਾਨਤਾ ਵੀ ਹੈਰਾਨ ਕਰਨ ਵਾਲੀ ਹੈ। ਮੁਲਾਹਜ਼ੇ ਲਈ ਸਲੋਕ ਹਾਜ਼ਰ ਹੈ :
ਸਲੋਕ ਮ: 4॥
ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ॥ ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ॥


ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ॥ ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ॥ ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥ ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ॥ ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥ ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ॥ ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ॥ ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ॥  ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ॥ ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ॥1॥ (ਪੰਨਾ 307)
ਸਲੋਕ ਮ: 4॥ ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ॥ ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ॥ ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੁੋਕਾਈ॥ ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ॥ ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ॥ ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ॥1॥ (ਪੰਨਾ 307)


ਮ :4॥ ਸਤਿਗੁਰ ਸੇਤੀ ਗਣਤ ਜਿ ਰਖੈ  ਹਲਤੁ ਪਲਤੁ ਸਭੁ ਤਿਸ ਕਾ ਗਇਆ॥  ਨਿਤ ਝਹੀਆ ਪਾਏ ਝਗੂ ਸੁਟੇ  ਝਖਦਾ ਝਖਦਾ ਝੜਿ ਪਇਆ॥  ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ॥  ਕਿਆ ਓਹੁ ਖਟੇ ਕਿਆ ਓਹੁ ਖਾਵੈ  ਜਿਸੁ ਅੰਦਰਿ ਸਹਸਾ ਦੁਖੁ ਪਇਆ॥ ਨਿਰਵੈਰੈ ਨਾਲਿ ਜਿ ਵੈਰੁ ਰਚਾਏ  ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ॥ ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ॥  ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ॥  ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ॥ ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ॥2॥ (ਪੰਨਾ 307)


ਮੌਤ ਤਾਂ ਕੋਈ ਵੀ ਹੁਸੀਨ ਨਹੀਂ ਹੁੰਦੀ ਪਰ ਮੌਤ ਦੀ ਚੋਭ ਘੱਟ ਕਰਨ ਲਈ ਮਰ ਗਿਆ ਬਾਰੇ ਅਲੰਕਾਰਕ ਸ਼ਬਦ ਵਰਤੀਂਦੇ ਹਨ : (ਅਧੂਰਾ ਵੀ) ਪੂਰਾ ਹੋ ਗਿਆ, ਰੱਬ ਨੂੰ ਪਿਆਰਾ ਹੋ ਗਿਆ, ਚੜ੍ਹਾਈ ਕਰ ਗਿਆ, ਸੁਰਗਵਾਸ ਹੋ ਗਿਆ ਆਦਿ। ਇਸ ਦੇ ਟਾਕਰੇ ਤੇ ਮੋਹਣ ਪ੍ਰਕਰਨ ’ਚ ਵਰਤੇ ਗਏ ਸਬਦ ਹਨ : ਤਿਸ ਮਾਰੇ ਜੰਮ ਜੰਦਾਰੇ, ਪਚ ਮੂਆ, ਘਤਿ ਗਲਾਵਾਂ ਚਾਲਿਆ, ਕਾਲਾ ਮੁਹੁ ਜਮਿ ਮਾਰਿਆ, ਕਰਤੇ ਪਚਾਇਆ, ਝੜ ਪਿਆ ਆਦਿ। ਇਹ ਸਬਦ ਸਮੂਹ ਅਸਾਧ ਮੋਹਨ ਦੇ ਦੁਰਵਿਵਹਾਰ ਦਾ ਲਖਾਇਕ ਹੈ।


ਇਸ ਬਾਣੀ ਵਿਚ ਗੁਰੂ ਜੀ ਨੇ ਮੋਹਣ ਦਾ ਨਾਂ ਨਹੀਂ ਲਿਆ ਪਰ ਕਸਰ ਵੀ ਕੋਈ ਰਹਿਣ ਨਹੀਂ ਦਿਤੀ। ਗੁਰੂ ਮਾਰਿਆ ਕੌਣ ਹੈ ਜਿਸ ਨੂੰ ਹੁਣ ਜਮ ਦੀ ਮਾਰ ਪਈ ਹੈ?  ਤੀਜੀ ਪੀੜ੍ਹੀ ਗੁਰੂ ਅਮਰ ਦਾਸ ਜੀ ਨੇ ਅਪਣਾ ਉਤਰਾਧਿਕਾਰੀ ਗੁਰੂ ਰਾਮ ਦਾਸ ਜੀ ਨੂੰ ਚੁਣਿਆ। ਇਹ ਮਾਰ ਮੋਹਣ ਸਮਝਦਾ ਸੀ ਉਸ ਨੂੰ ਪਈ ਤੇ ਹੁਣ ‘ਜਮੁ ਦੇ ਜੰਦਰੇ’ ਵੱਜ ਗਏ ਹਨ। ਮੋਹਣ ਦੇ ਕਲੇਸ਼ ਕਾਰਨ ਗੁਰੂ ਰਾਮ ਦਾਸ ਜੀ ਨੂੰ ਅਪਣਾ ਨਿਵਾਸ ਚੱਕ-ਰਾਮਦਾਸ ਕਰਨਾ ਪਿਆ ਸੀ। ਹਾਲਾਤ ਦੀ ਸਾਜਸ਼ ਕਾਰਨ ਮੁੜ ਮੇਲ ਮਿਲਾਪ ਨਾ ਹੋ ਸਕਿਆ।

‘ਨਾ ਦੇਈ ਮਿਲਣ ਕਰਤਾਰੇ’। ‘ਕੋਈ ਜਾਇ ਮਿਲੈ ਹੁਣਿ ਓਨਾ ਨੋ’ ਧੁਰ ਅੰਦਰੋਂ ਨਿਕਲੀ ਹੂਕ ਹੈ, ਜਿਸ ਵਿਚ ਤਰਸ ਦੀ ਭਾਵਨਾ ਤੇ ਕਰੁਣਾ ਝਲਕਦੀ ਹੈ। ਮੋਹਣ ਦੀ ਬਖੀਲੀ, ਨਿੰਦਿਆ ਤੇ ਨਿਰਵੈਰ ਨਾਲ ਵੈਰ ਕਮਾਉਣ ਪ੍ਰਤੀ ਮਿਲਦੇ ਗੁਰੂ ਸਾਹਿਬਾਂ ਦੇ ਹੁੰਗਾਰਿਆਂ ’ਚੋਂ ਮੋਹਣ ਦੀ ਮੌਤ ਵਾਲੇ ਸੰਕੇਤ ਦਸਦੇ ਹਨ ਕਿ ਇਹ ਘਟਨਾ ਗੁਰੂ ਰਾਮ ਦਾਸ ਜੀ ਗੁਰਿਆਈ ਕਾਲ ਦੇ ਅਖ਼ੀਰਲੇ ਵਰਿ੍ਹਆਂ (1580-81) ਦੇ ਨੇੜ-ਤੇੜ ਵਾਪਰੀ। ਹਵਾਲਾ, “ਸਿੱਖਾਂ ਦੀ ਭਗਤਮਾਲਾ ਕ੍ਰਿਤ ਭਾਈ ਸੂਰਤ ਸਿੰਘ ਸੰਪਾਦਕ ਸ.ਸ.ਪਦਮ ਮਲੇਰ ਕੋਟਲੇ ਵਾਲੇ।

ਹੁਣ ਜਦੋਂ ਗੁਰੂ ਅਰਜਨ ਪਿਤਾ ਦੇ ਗੁਰਿਆਈ ਕਾਲ ਤੋਂ ਪਹਿਲਾਂ ਹੀ ਮੋਹਣ ਚੜ੍ਹਾਈ ਕਰ ਚੁੱਕਾ  ਹੈ ਤਾਂ ਸਵਾਲ ਪੈਦਾ ਹੁੰਦੈ ਕਿ ਬਾਬਾ ਬੁੱਢਾ ਜੀ, ਭਾਈ ਗੁਰਦਾਸ ਤੇ ਗੁਰੂ ਅਰਜਨ ਪਾਤਿਸ਼ਾਹ ਜੀ ਨੇ ਕਿਸ ਕੋਲੋਂ ਨੰਗੇ ਪੈਰੀਂ ਪੋਥੀਆਂ ਲੈਣ ਜਾਣਾ ਸੀ? ਸਿੱਖ ਸਿਧਾਂਤ ’ਚ ਨੰਗੇ ਪੈਰੀਂ ਕਿਸੇ ਕੋਲ ਜਾਣਾ ਕੋਈ ਨਿਮਰਤਾ ਦੀ ਨਿਸ਼ਾਨੀ ਨਹੀਂ ਸਗੋਂ ਅਪਣੀ ਮੂਰਖਤਾ ਦੀ ਨਿਸ਼ਾਨੀ ਹੈ। ਜਿਵੇਂ :
“ਪਗ ਉਪੇਤਾਣਾ॥ ਆਪਣਾ ਕੀਆ ਕਮਾਣਾ”॥


ਗੁਰੂ ਅੰਗਦ ਪਾਤਸ਼ਾਹ ਗੁਰਮੁਖੀ ਲਿਪੀ ਵਿਚ ਸੁਧਾਰ ਕਰ ਕੇ ਗੁਰੂ ਨਾਨਕ ਪਾਤਸ਼ਾਹ ਦੀ ਸਾਰੀ ਬਾਣੀ, ਜੋ 19 ਰਾਗਾਂ ਵਿਚ ਹੈ ਤੇ ਰਾਗਾਂ ਬਾਹਰੀ ਬਾਣੀ ਜਿਵੇਂ ਭਗਤ ਸਾਹਿਬਾਨ ਦੇ ਸਲੋਕ ਆਦਿ, ਗੁਰੂ ਨਾਨਾਕ ਪਿਤਾ ਦੇ ਜਿਉਂਦਿਆਂ ਜਿਉਂਦਿਆਂ ਪੋਥੀਆਂ ਤਿਆਰ ਕਰਵਾ ਕੇ ਸਹਿਮਤੀ ਲੈਂਦੇ ਹਨ ਅਤੇ ਬਾਣੀ ਲਿਖਣ ਦਾ ਇਹ ਸਿਲਸਿਲਾ ਹਰ ਗੁਰ ਵਿਅਕਤੀ ਸਮੇਂ ਅੱਗੇ ਤੋਂ ਅੱਗੇ ਚਲਦਾ ਰਿਹਾ। ਇਸੇ ਕਰ ਕੇ ਹੀ ਤਾਂ ਗੁਰਗੱਦੀ ਮਿਲਣ ਤੋਂ ਬਾਅਦ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਫ਼ੁਰਮਾਉਂਦੇ ਹਨ:


ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥
ਤਾ ਮੇਰੈ ਮਨਿ ਭਇਆ ਨਿਧਾਨਾ॥ (ਪੰਨਾ 186)


ਖ਼ਜ਼ਾਨਾ ਇਕੱਠਾ ਕਰਾਇਆ ਨਹੀਂ ਲਿਖਿਆ ਸਗੋਂ ਖ਼ਜ਼ਾਨਾ ‘ਖੋਲਿ’ ਕੇ ਡਿਠਾ ਲਿਖਦੇ ਹਨ ਤੇ ਇਸ ਨਾਲ ਇਹ ਗੱਲ ਵੀ ਸਾਫ਼ ਹੋ ਜਾਂਦੀ ਹੈ ਕਿ ਬਾਣੀ ਇਕ ਗੁਰੂ ਸਾਹਿਬਾਨ ਤੋਂ ਦੂਜੇ ਗੁਰੂ ਸਹਿਬਾਨ ਨੂੰ ਅੱਗੇ ਤੋਂ ਅੱਗੇ ਦਿਤੀ ਜਾਂਦੀ ਰਹੀ ਤੇ ਇਕੱਠੀ ਕਰਾਉਣ ਦੀ ਲੋੜ ਹੀ ਨਹੀਂ ਪਈ। ਬਾਣੀ ਦੀ ਤਰਤੀਬ ਵੀ ਇਹੀ ਦਸਦੀ ਹੈ ਕਿ “ਰਾਮਕਲੀ ਸਦੁ” ਵੀ ਕਿਸੇ ਸੁੰਦਰ ਦੀ ਲਿਖੀ ਹੋਈ ਨਹੀਂ ਸਗੋਂ ਚੌਥੇ ਪਾਤਸ਼ਾਹ ਦੀ ਅਪਣੀ ਲਿਖੀ ਹੋਈ ਹੈ। ਸੁੰਦਰ ਕੋਈ ਬੰਦਾ ਨਹੀਂ ਸਗੋਂ ਪ੍ਰਮਾਤਮਾ ਹੈ ਜਿਸ ਦਾ  ਸੁਨੇਹਾ ਗੁਰੂ ਰਾਮ ਦਾਸ ਜੀ ਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਰੇ ਕੋਈ ਚਾਰ ਸਾਲ ਦਾ ਸਮਾਂ ਲਿਖਦਾ ਹੈ, ਕੋਈ 5-6 ਸਾਲ ਦਾ। ਕੁੱਝ ਵੀ ਹੋਵੇ ਪੰਜਵੇਂ ਪਾਤਸ਼ਾਹ ਜੀ ਨੂੰ ਬਾਣੀ ਇਕੱਠੀ ਕਰਾਉਣ ਦੀ ਕੋਈ ਲੋੜ ਨਹੀਂ ਪਈ ਤੇ ਮੋਹਣ 1580-81 ’ਚ ਚਲਾਣਾ ਕਰ ਚੁਕਿਆ ਸੀ।
# 647 966 3132

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement