
ਮੈਂ 30 ਮਈ 2018 ਨੂੰ ਦੁਪਹਿਰ 2:30 ਵਜੇ ਰੇਲ ਗੱਡੀ ਚੜ੍ਹ ਕੇ ਦੂਜੇ ਦਿਨ ਸਵੇਰੇ ਹੀ ਕੋਟਾ ਜੰਕਸ਼ਨ (ਰਾਜਿਸਥਾਨ) ਪੁਜਿਆ ਤੇ ਉਥੋਂ ਕਰੀਬ 10:30 ਵਜੇ ਸਵੇਰੇ............
ਮੈਂ 30 ਮਈ 2018 ਨੂੰ ਦੁਪਹਿਰ 2:30 ਵਜੇ ਰੇਲ ਗੱਡੀ ਚੜ੍ਹ ਕੇ ਦੂਜੇ ਦਿਨ ਸਵੇਰੇ ਹੀ ਕੋਟਾ ਜੰਕਸ਼ਨ (ਰਾਜਿਸਥਾਨ) ਪੁਜਿਆ ਤੇ ਉਥੋਂ ਕਰੀਬ 10:30 ਵਜੇ ਸਵੇਰੇ ਮੇਰੀ ਭੂਆ ਜੀ ਦੇ ਪਿੰਡ ਨਿਮਾਣਾ (ਜ਼ਿਲ੍ਹਾ ਬੂੰਦੀ)। ਉਸ ਸਮੇਂ ਰਾਜਸਥਾਨ ਦੇ ਕੋਟਾ ਸ਼ਹਿਰ ਵਿਚ ਹੋਣ ਜਾ ਰਹੇ ਮੋਦੀ ਸਾਹਬ ਦੇ ਯੋਗ ਦੀ ਚਰਚਾ ਜ਼ੋਰਾਂ ਉਤੇ ਸੀ। ਮੀਡੀਆ ਦਾ ਹਰ ਹਿੱਸਾ ਇਸ ਦਾ ਪ੍ਰਚਾਰ ਕਰਨ ਵਿਚ ਮਸ਼ਰੂਫ਼ ਸੀ। 21 ਜੂਨ ਨੂੰ ਸਵੇਰੇ ਜਲਦੀ ਹੀ ਮੇਰੀ ਭੂਆ ਜੀ ਦਾ ਪੋਤਰਾ ਚਮਕੌਰ ਸਿੰਘ ਮੇਰੇ ਕਮਰੇ ਵਿਚ ਆ ਕੇ ਕਹਿਣ ਲੱਗਾ, ''ਤਾਇਆ ਜੀ ਉਠੋ ਦਿਨ ਚੜ੍ਹੇ ਵੀ ਸੁੱਤੇ ਪਏ ਹੋ। ਚਲੋ ਆਪਾਂ ਦੋਵੇਂ ਤਾਇਆ ਭਤੀਜਾ ਯੋਗਾ ਕਰਨ ਲਈ ਕੋਟੇ ਨੂੰ ਚਲੀਏ।
ਕੀ ਤੁਸੀ ਗਿਨੀਜ਼ ਬੁੱਕ ਵਿਚ ਅਪਣਾ ਨਾਂ ਦਰਜ ਨਹੀਂ ਕਰਵਾਉਣਾ ਚਾਹੁੰਦੇ?'' ਮੈਂ ਉਬਾਸੀਆਂ ਲੈਂਦੇ ਹੋਏ ਅੱਧ ਖੁੱਲ੍ਹੀਆਂ ਅੱਖਾਂ ਨਾਲ ਉਸ ਨੂੰ ਵੇਖਦੇ ਹੋਏ ਹੱਸ ਕੇ ਕਿਹਾ, ''ਬੇਟਾ ਤੂੰ ਅਪਣੇ ਪੇਟ ਦਾ ਘੇਰਾ ਕਦੇ ਮਾਪਿਆ ਹੈ? 60-65 ਇੰਚ ਤੋਂ ਘੱਟ ਨਹੀਂ ਹੋਣਾ। ਇਸ ਲਈ ਯੋਗ ਕਰਨ ਤੈਨੂੰ ਇਕੱਲੇ ਨੂੰ ਹੀ ਜਾਣਾ ਚਾਹੀਦਾ ਹੈ ਤਾਕਿ ਇਹ ਕੁੱਝ ਘੱਟ ਸਕੇ ਪਰ ਇਕ ਦਿਨ ਯੋਗ ਕਰਨ ਨਾਲ ਕੀ ਹੋਵੇਗਾ? ਕੁੱਝ ਨਹੀਂ ਹੋਣਾ। ਬੰਦੇ ਦਾ ਪੇਟ ਘੱਟ ਤੇ ਛਾਤੀ ਚੌੜੀ ਚਾਹੀਦੀ ਹੈ।''
ਇਸ ਤੇ ਚਮਕੌਰ ਕਹਿਣ ਲੱਗਾ, ''ਤਾਇਆ ਜੀ 56 ਇੰਚ ਦੀ ਛਾਤੀ ਵਾਲੇ ਕਿਹੜੇ ਕਿੱਲੇ ਸਰ ਕਰ ਰਹੇ ਜਾਂ ਮੱਲਾਂ ਮਾਰ ਰਹੇ ਹਨ? ਵੇਖੋ ਤਾਇਆ ਜੀ ਮੈਂ ਅੱਜ ਇਸ 'ਪਵਿੱਤਰ ਯੋਗ' ਦਿਵਸ ਬਾਰੇ ਸਵੇਰੇ-ਸਵੇਰੇ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ। ਦੱਸੋ ਕਿ ਤੁਸੀ ਯੋਗਾ ਲਈ ਚਲਦੇ ਹੋ ਜਾਂ ਨਹੀਂ?'' ਮੈਂ ਅਲਸਾਈ ਹਾਲਤ ਵਿਚ ਉੱਠ ਕੇ ਬੈਠ ਗਿਆ ਅਤੇ ਕਿਹਾ ਬੇਟਾ ਚਮਕੌਰ, ਯੋਗ ਡਾਇਰੈਕਟਰ 'ਯੋਗ ਗੁਰੂ' ਰਾਮਦੇਵ ਨੇ ਦਿੱਲੀ ਵਿਖੇ ਮਰਨ ਵਰਤ ਰਖਿਆ ਸੀ ਪਰ ਤੀਜੇ ਦਿਨ ਹੀ ਵਰਤ ਤੋੜ ਦਿਤਾ ਅਖੇ ਬਲੱਡ ਪ੍ਰੈਸ਼ਰ ਵੱਧ ਗਿਆ ਸੀ।
ਪਰ ਉਹ ਸਾਨੂੰ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਦੇ ਯੋਗ, ਆਸਣ, ਉੱਚੀਆਂ-ਉੱਚੀਆਂ ਸਟੇਜਾਂ ਲਗਾ ਕੇ ਦਸਦਾ ਰਿਹਾ ਹੈ। ਉਸ ਨੇ ਇਹ ਆਸਣ ਆਪ ਕਿਉਂ ਨਾ ਕੀਤੇ? ਇਸ ਦਾ ਇਹ ਭਾਵ ਹੋਇਆ ਕਿ ਦੀਵੇ ਹੇਠ ਹਨੇਰਾ। ਜਿਹੜੀਆਂ ਬਿਮਾਰੀਆਂ ਦਾ ਇਲਾਜ ਇਹ 'ਯੋਗ ਗੁਰੂ' ਯੋਗਾ ਕਰਨ ਨਾਲ ਦਸਦਾ ਹੈ, ਮੈਡੀਕਲ ਸਾਇੰਸ ਉਸ ਦੀ ਹਾਮੀ ਨਹੀਂ ਭਰਦੀ। ਇਸ ਨੂੰ ਧੋਖਾ ਨਾ ਕਿਹਾ ਜਾਵੇ ਤਾਂ ਹੋਰ ਕੀ ਕਹੀਏ? ਹੁਣ ਮੋਦੀ ਸਾਹਬ ਦਾ ਯੋਗ ਵੀ ਇਹੋ ਕੁੱਝ ਕਰਨ ਜਾ ਰਿਹਾ ਹੈ। ਰਾਤ ਨੂੰ ਜਦੋਂ 12 ਵਜੇ ਬਿਨਾਂ ਦੱਸੇ ਬਿਜਲੀ ਭਗੌੜੀ ਹੋ ਜਾਂਦੀ ਹੈ ਤਾਂ ਅਸੀ ਪਸੀਨੋਂ-ਪਸੀਨੀ ਹੋਏ ਖਜੂਰ ਦੇ ਪਤਿਆਂ ਦੇ ਬਣੇ ਪੱਖਿਆਂ ਨੂੰ ਹਿਲਾ-ਹਿਲਾ ਕੇ ਥੋੜੀ ਰਾਹਤ ਲੈਂਦੇ ਹਾਂ।
ਜਦੋਂ ਸ਼ਹਿਰ ਜਾਂਦੇ ਹਾਂ ਤਾਂ ਕਦੇ ਜਲੂਸਾਂ ਦੇ ਕਾਰਨ, ਕਦੇ ਧਾਰਮਕ ਝਾਕੀਆਂ ਕਾਰਨ, ਕਦੇ ਕਿਸੇ ਮੰਤਰੀ-ਸੰਤਰੀ ਦੀ ਆਮਦ ਤੇ ਟ੍ਰੈਫ਼ਿਕ ਜਾਮ ਕਾਰਨ ਅਸੀ ਗਰਮੀ ਜਾਂ ਸਰਦੀ ਦਾ ਲਿਹਾਜ਼ ਜਾਂ ਪ੍ਰਵਾਹ ਕੀਤੇ ਬਿਨਾਂ ਹੀ ਫਸੇ ਹੋਏ ਘੰਟਾ-ਘੰਟਾ ਸੜਕਾਂ ਉਤੇ ਖਲੋ ਕੇ ਸੜਕ ਯੋਗ ਕਰਦੇ ਹਾਂ। ਰਾਤ ਨੂੰ 12 ਵਜੇ (ਕਿਉਂਕਿ ਮੋਟਰਾਂ ਵਾਲੀ ਬਿਜਲੀ ਦਿਨੇ ਤਾਂ ਘੱਟ ਹੀ ਆਉਂਦੀ ਹੈ) ਮੋਟਰ ਉਤੇ ਜਾ ਕੇ ਪਾਣੀ ਲਾਉਣ ਤੇ ਨੱਕੇ ਛੱਡਣ ਦਾ ਮੋਟਰਯੋਗ ਕਰਦੇ ਹਾਂ।
ਫਿਰ ਤਿੰਨ ਵਕਤ ਡੰਗਰਾਂ ਨੂੰ ਪੱਠੇ ਪਾਉਣ ਦਾ ਯੋਗ, ਫਿਰ ਉਨ੍ਹਾਂ ਨੂੰ ਦੋ-ਵਕਤ ਇਸ਼ਨਾਨ ਕਰਵਾਉਣ ਦਾ ਯੋਗ, ਕਿਸਾਨ ਤੇ ਮਜ਼ਦੂਰ ਹਰ ਰੋਜ਼ ਦੇ ਯੋਗੀ ਹਨ ਤੇ ਇਹ ਜ਼ਿੰਦਗੀ ਦਾ ਅਸਲ ਯੋਗ ਹੈ, ਬਾਕੀ ਤਾਂ ਸੱਭ ਨਾਟਕ ਹਨ ਜਾਂ ਵਿਹਲਿਆਂ ਦੇ ਟਾਈਮਪਾਸ। ਸੋ ਅਪਣੇ ਦੇਸ਼ ਦੇ ਕਿਸਾਨ, ਮਜ਼ਦੂਰ, ਕਿਰਤੀ, ਲੁਹਾਰ, ਤਰਖਾਣ, ਪਰਜਾਪਤ, ਕਾਰੀਗਰ, ਮੋਚੀ, ਸਫ਼ਾਈ ਮਜ਼ਦੂਰ ਤੇ ਇਨ੍ਹਾਂ ਨਾਲ ਕਰੋੜਾਂ ਦੀ ਗਿਣਤੀ ਵਿਚ ਘਰੇਲੂ ਔਰਤਾਂ ਸਾਰਾ-ਸਾਰਾ ਦਿਨ ਹਰ ਰੋਜ਼ ਬਿਨਾਂ ਨਾਗਾ ਯੋਗ ਕ੍ਰਿਆਵਾਂ ਹੀ ਤਾਂ ਕਰਦੇ ਹਨ। ਜੇਕਰ ਵੇਖਿਆ ਜਾਵੇ ਤਾਂ ਇਹ ਸੱਭ ਹਮੇਸ਼ਾ ਦੇ ਕਰਮਯੋਗੀ ਹਨ।
ਇਹ ਸ਼ਰਮਾਏਦਾਰੀ ਸਿਸਟਮ ਪਤਾ ਨਹੀਂ ਇਨ੍ਹਾਂ ਤੋਂ ਕਿਸ-ਕਿਸ ਤਰ੍ਹਾਂ ਦਾ ਯੋਗ ਕਰਵਾ ਰਿਹਾ ਹੈ। ਇਹ ਵਿਚਾਰੇ ਪੇਟ ਖ਼ਾਤਰ ਅਜਿਹੇ ਯੋਗ ਕਰਨ ਲਈ ਮਜਬੂਰ ਹਨ। ਬੇਟਾ ਚਮਕੌਰ ਇਨ੍ਹਾਂ ਵਿਚੋਂ ਕਿਸੇ ਇਕ ਦਾ ਵੀ ਵਧਿਆ ਹੋਇਆ ਪੇਟ ਵੇਖਿਆ ਹੈ? ਨਹੀਂ ਨਾ? ਕਿਉਂਕਿ ਜੋ ਯੋਗ ਇਹ ਹਰ ਰੋਜ਼ ਕਰਦੇ ਹਨ, ਉਹ ਤਾਂ ਲੱਕ ਸੁਕਾ ਦਿੰਦਾ ਹੈ। ਇਹ ਤਾਂ ਜਮਾਂਦਰੂ ਯੋਗੀ ਹਨ। ਤੇਰੇ ਮੋਦੀ ਸਾਹਬ ਤਾਂ ਇਕ ਦਿਨ ਦੇ ਯੋਗ ਨੂੰ ਦੁਨੀਆਂ ਸਾਹਮਣੇ ਇਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਵੇਂ ਜਮਰੌਦ ਦਾ ਕਿਲ੍ਹਾ ਸਰ ਕਰਨ ਜਾਣਾ ਹੋਵੇ। ਸੋ ਤੂੰ ਜਿਸ ਯੋਗ ਦੀ ਗੱਲ ਕਰ ਰਿਹਾ ਹੈਂ, ਇਹ ਸੱਭ ਪਾਖੰਡ ਹੈ, ਹੋਰ ਕੁੱਝ ਨਹੀਂ।
ਮੋਦੀ ਸਾਹਬ ਸਸਤੀ ਸ਼ੋਹਰਤ ਹਾਸਲ ਕਰਨ ਲਈ ਇਹ ਸੱਭ ਕਰਵਾ ਰਹੇ ਹਨ ਤੇ ਇਸੇ ਕਰ ਕੇ ਇਸ ਦਾ ਵੱਧ ਢਿੰਡੋਰਾ ਪਿਟਿਆ ਜਾ ਰਿਹਾ ਹੈ। ਆਪਾਂ ਨੂੰ ਪਤਾ ਹੈ ਕਿ ਉੱਥੇ ਯੋਗ ਸ਼ਿਵਰਾਂ ਵਿਚ ਕਿਸੇ ਵੀ ਮਜ਼ਦੂਰ, ਕਿਸਾਨ ਜਾਂ ਕਿਰਤੀ ਨੇ ਨਹੀਂ ਜਾਣਾ ਤੇ ਨਾ ਹੀ ਉਨ੍ਹਾਂ ਨੂੰ ਉੱਥੇ ਜਾਣ ਦਾ ਸਮਾਂ ਹੈ ਤੇ ਨਾ ਹੀ ਲੋੜ। ਲੱਖਾਂ ਨੌਜੁਆਨ ਸਰਕਾਰਾਂ ਦੇ ਚੌਧਰੀਆਂ ਦੇ ਕਥਿਤ ਹੁਕਮਾਂ ਨਾਲ ਮਜਬੂਰੀਵਸ ਉਸ ਵਿਚ ਹਿੱਸਾ ਲੈਣਗੇ।
ਕੋਟਾ ਸ਼ਹਿਰ ਕੋਚਿੰਗ ਸੈਂਟਰ ਪੂਰੇ ਭਾਰਤ ਦੀ ਹੱਬ ਹੈ। ਉਥੇ ਹਰ ਕਿਸਮ ਦੇ ਦਾਖ਼ਲੇ ਲੈਣ ਲਈ ਸੈਂਕੜਿਆਂ ਦੀ ਗਿਣਤੀ ਵਿਚ ਕੋਚਿੰਗ ਸੈਂਟਰ ਮੌਜੂਦ ਹਨ, ਜਿਨ੍ਹਾਂ ਵਿਚ ਪੂਰੇ ਭਾਰਤ ਵਿਚੋਂ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਕੋਚਿੰਗ ਲੈ ਰਹੇ ਹਨ। ਕੁੱਝ ਚਲੇ ਜਾਂਦੇ ਹਨ ਤੇ ਕੁੱਝ ਨਵੇਂ ਆ ਜਾਂਦੇ ਹਨ, ਗਿਣਤੀ ਘਟਦੀ ਨਹੀਂ। ਮੋਦੀ ਸਾਹਬ ਕਹਿ ਰਹੇ ਸਨ ਕਿ ਕੋਟਾ ਵਿਖੇ ਹੋਣ ਵਾਲਾ ਯੋਗਾ ਗਿਨੀਜ਼ ਬੁੱਕ ਵਿਚ ਹਰ ਹਾਲਤ ਵਿਚ ਸ਼ਾਮਲ ਹੋਵੇਗਾ। ਉਸ ਵਿਚ ਸ਼ਮੂਲੀਅਤ ਕੋਚਿੰਗ ਸੈਂਟਰਾਂ ਵਿਚ ਕੋਚਿੰਗ ਲੈ ਰਹੇ ਇਕ ਲੱਖ ਤੋਂ ਵੀ ਵੱਧ ਵਿਦਿਆਰੀਆਂ ਨੇ ਕੀਤੀ ਸੀ।
ਸਾਰੇ ਕੋਚਿੰਗ ਸੈਂਟਰਾਂ ਮਾਲਕਾਂ ਤੇ ਨਿਜੀ ਸਕੂਲ ਮਾਲਕਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੇ ਚੌਧਰੀਆਂ ਵਲੋਂ ਕਥਿਤ ਸਖ਼ਤ ਹੁਕਮ ਕੀਤੇ ਗਏ ਸਨ। ਇਸ ਹੁਕਮ ਤਹਿਤ ਹੀ ਇਕ ਲੱਖ ਤੋਂ ਉੱਪਰ ਉਨ੍ਹਾਂ ਹੀ ਨੌਜਵਾਨਾਂ ਉਤੇ ਅਧਾਰਤ ਇਕੱਠ ਹੋ ਰਿਹਾ ਸੀ। ਇਸ ਕਾਰਨ ਹੀ ਮੋਦੀ ਸਾਹਬ ਏਨੇ ਯਕੀਨ ਨਾਲ ਗਿਨੀਜ਼ ਬੁੱਕ ਦੇ ਰਿਕਾਰਡ ਵਿਚ ਹੋਣ ਦੀ ਗੱਲ ਕਰ ਰਹੇ ਸਨ।
ਇਸ ਤਰ੍ਹਾਂ ਮੋਦੀ ਨੇ ਗਿਨੀਜ਼ ਬੁੱਕ ਰਿਕਾਰਡ ਵਿਚ ਅਪਣੀ ਥਾਂ ਬਣਾਈ। ਪਰ ਯੋਗ ਵਿਚ ਸ਼ਾਮਲ ਵਿਅਕਤੀ ਅਸਲ ਯੋਗੀ ਨਹੀਂ ਸਨ। ਜੇਕਰ ਗਿਨੀਜ਼ ਬੁੱਕ ਰਿਕਾਰਡ ਦੇ ਪ੍ਰਬੰਧਕਾਂ ਨੂੰ ਇਸ ਦਾ ਪੂਰਾ ਸਬੂਤ ਮਿਲ ਜਾਵੇ ਤਾਂ ਮੋਦੀ ਜੀ ਦੀ ਕਿਰਕਰੀ ਹੋਣੀ ਤਹਿ ਹੈ। ਭਾਰਤ ਦੇ ਆਮ ਲੋਕਾਂ ਵਿਚ ਤਾਂ ਪਹਿਲਾਂ ਹੀ ਹੋ ਗਈ ਹੈ।
ਸੰਪਰਕ : 098558-63288