
ਸਾਡੀ ਕੌਮ ਸਿੱਖ ਹੈ, ਜਿਸ ਨੂੰ ਖ਼ਾਲਸਾ ਪੰਥ ਵੀ ਕਿਹਾ ਜਾਂਦਾ ਹੈ। ਸਾਡਾ ਧਰਮ ਦੇਸ਼ ਲਈ ਜਿਊਣਾ, ਦੇਸ਼ ਲਈ ਮਰਨਾ ਹੈ.............
ਸਾਡੀ ਕੌਮ ਸਿੱਖ ਹੈ, ਜਿਸ ਨੂੰ ਖ਼ਾਲਸਾ ਪੰਥ ਵੀ ਕਿਹਾ ਜਾਂਦਾ ਹੈ। ਸਾਡਾ ਧਰਮ ਦੇਸ਼ ਲਈ ਜਿਊਣਾ, ਦੇਸ਼ ਲਈ ਮਰਨਾ ਹੈ। ਅਸੀ ਜਦੋਂ ਤੋਂ ਹੋਂਦ ਵਿਚ ਆਏ ਹਾਂ, ਸਮੇਂ ਦੀਆਂ ਸਰਕਾਰਾਂ ਤੇ ਸਮਾਜ ਤੇ ਸਨਾਤਨੀ ਮੱਤ ਨੇ ਸਾਡੇ ਉਪਰ ਅਕਹਿ ਤੇ ਅਸਹਿ ਜੁਰਮ ਕੀਤੇ ਹਨ। ਸਾਡੀ ਕੌਮ ਸੰਘਰਸ਼ ਵਿਚੋਂ ਨਿਕਲੀ ਹੈ। ਭਾਵੇਂ ਸਾਨੂੰ ਭਾਰਤ ਸਰਕਾਰ ਕੌਮ ਮੰਨੇ ਚਾਹੇ ਨਾ ਮੰਨੇ, ਸਾਡਾ ਜਨਮ ਬ੍ਰਾਮਣਵਾਦ ਤੇ ਮੰਨੂਵਾਦ ਦੀ ਮੜ੍ਹੀ ਉਪਰ ਉਸਰਿਆ ਹੈ। ਅਸੀ ਕਿਸੇ ਦੇਵੀ ਦੇਵਤੇ ਨੂੰ ਨਹੀਂ ਪੂਜਦੇ। ਅਸੀ ਮੂਰਤੀਆਂ ਨੂੰ ਅਕਾਲ ਪੁਰਖ ਨਹੀਂ ਸਮਝਦੇ। ਅਸੀ ਕਿਸ਼ਨ, ਬਿਸ਼ਨ ਤੇ ਬਰਮਾ ਨੂੰ ਪ੍ਰਮਾਤਮਾ ਨਹੀਂ, ਪ੍ਰਮਾਤਮਾ ਦੇ ਭਗਤ ਮੰਨਦੇ ਹਾਂ।
ਪ੍ਰਮਾਤਮਾ ਇਕ ਹੈ ਤੇ ਉਹ ਸਰਬ ਵਿਆਪਕ ਹੈ। ਅਜਕਲ ਸਾਡਾ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਸ ਵਿਚ ਉਚਾਰੇ ਸਿਧਾਂਤ ਨੂੰ ਅਸੀ ਮੱਥੇ ਟੇਕਦੇ ਹਾਂ। ਅਸੀ ਮੂਰਤੀ ਪੂਜਾ ਵਿਚ ਕੋਈ ਯਕੀਨ ਨਹੀਂ ਰਖਦੇ। ਸਾਡੀ ਛੂਤ-ਅਛੂਤ ਵਿਚ ਕੋਈ ਆਸਥਾ ਨਹੀਂ। ਅਸੀ ਕਿਸੇ ਯੱਗ ਜਾਂ ਹਵਨ ਨੂੰ ਕੇਵਲ ਕਰਮਕਾਂਡ ਹੀ ਸਮਝਦੇ ਹਾਂ। ਅਸੀ ਸਰਾਪਾਂ, ਜੰਤਰਾਂ, ਮੰਤਰਾਂ ਤੇ ਤੰਤਰਾਂ ਵਿਚ ਕੋਈ ਯਕੀਨ ਨਹੀਂ ਰਖਦੇ। ਕਿਸੇ ਜੋਤਿਸ਼ ਵਿਚ ਸਾਡੀ ਕੋਈ ਆਸਥਾ ਨਹੀਂ। ਹੁਣ ਅਸੀ ਅਸਲੀ ਮੁੱਦੇ ਵਲ ਆਉਂਦੇ ਹਾਂ। ਸਾਨੂੰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਭਾਰਤ ਵਿਚ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ।
ਸਾਡੀ ਕੌਮ ਨੂੰ ਕੋਈ ਵਖਰੀ ਕੌਮ ਨਹੀਂ ਮੰਨਿਆ ਗਿਆ। ਸਾਨੂੰ ਹਿੰਦੂ ਧਰਮ ਦਾ ਇਕ ਅੰਗ ਹੀ ਸਮਝਿਆ ਗਿਆ ਹੈ। ਭਾਵੇਂ ਸਿੱਖ ਇਕ ਕੌਮ ਹੋਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਦੀ ਇਸ ਮੰਗ ਪ੍ਰਤੀ ਕੋਈ ਵੀ ਸੰਜੀਦਾ ਨਹੀਂ। ਸੱਭ ਬਾਘੜ ਬਿੱਲੇ ਬਣ ਕੇ ਬੈਠੇ ਹੋਏ ਹਨ। ਸਾਡੀ ਜਾਇਜ਼ ਮੰਗ ਵਲ ਕੋਈ ਤਵੱਜੋ ਨਹੀਂ ਦੇ ਰਿਹਾ।
ਪੰਡਤ ਨਹਿਰੂ ਨੇ 1946 ਵਿਚ ਕਲੱਕਤੇ ਵਿਖੇ ਕਿਹਾ ਸੀ, ''ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਤੇ ਬੇਸ਼ੁਮਾਰ ਕੁਰਬਾਨੀਆਂ ਦਿਤੀਆਂ ਹਨ, ਇਸ ਲਈ ਕੋਈ ਹਰਜ ਨਹੀਂ ਜੇਕਰ ਉਤਰੀ ਭਾਰਤ ਵਿਚ ਸਿੱਖਾਂ ਨੂੰ ਇਕ ਖ਼ਾਸ ਖ਼ਿੱਤਾ ਪ੍ਰਦਾਨ ਕੀਤਾ ਜਾਵੇ,
ਜਿਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ।'' ਆਜ਼ਾਦੀ ਉਪਰੰਤ ਪੰਡਤ ਨਹਿਰੂ ਜੋ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਇਸ ਬਿਆਨ ਤੋਂ ਜਲਦੀ ਹੀ ਮੁਕਰ ਗਏ। ਇੰਜ ਹੀ ਉਹ ਕਸ਼ਮੀਰ ਵਿਚ ਮਰਦਮ ਸ਼ੁਮਾਰੀ ਬਾਰੇ ਮੁਕਰ ਗਏ ਸਨ। ਇਹ ਕੌਮੀ ਪੱਧਰ ਦੇ ਉੱਚ ਨੇਤਾਵਾਂ ਨੂੰ ਨਹੀਂ ਸੋਭਦਾ। ਭਾਰਤ ਵਿਚ ਹਰ ਸੂਬਾ ਭਾਸ਼ਾ ਦੇ ਆਧਾਰ ਉਤੇ ਬਣਾਇਆ ਗਿਆ। ਸਾਰੇ ਸੂਬੇ ਆਰਾਮ ਨਾਲ ਭਾਸ਼ਾ ਦੇ ਆਧਾਰ ਤੇ ਨਿਰਮਤ ਹੋਏ ਪਰ ਇਕੱਲਾ ਪੰਜਾਬ ਹੀ ਇਸ ਨਿਯਮ ਤੋਂ ਵਾਂਝਾ ਰਖਿਆ ਗਿਆ। ਪੰਜਾਬੀ ਸੂਬਾ ਬਣਾਉਣ ਲਈ ਸਿੱਖਾਂ ਨੂੰ ਸੈਂਕੜੇ ਕੁਰਬਾਨੀਆਂ ਦੇਣੀਆਂ ਪਈਆਂ।
ਇਹ ਕਿਸ ਕਿਸਮ ਦਾ ਮੁਲਕ ਹੈ ਜਿਥੇ ਮਜ਼੍ਹਬ ਦੇ ਨਾਂ ਉਪਰ ਵਿਤਕਰੇ ਹੁੰਦੇ ਹਨ। ਮੁਲਕ ਲਈ ਸੱਭ ਤੋਂ ਵੱਧ ਕੁਰਬਾਨੀ ਦੇਣ ਵਾਲੇ ਸਿੱਖ ਤੇ ਸੱਭ ਤੋਂ ਵੱਧ ਵਧੀਕੀਆਂ ਸਹਿਣ ਵਾਲੇ ਵੀ ਸਿੱਖ ਹੀ ਹਨ। ਇਸੇ ਹੀ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਸੀ। ਇਹ ਮਤਾ ਕੋਈ ਵੱਖਵਾਦੀ ਨਹੀਂ ਸੀ। ਇਸ ਵਿਚ ਸਿੱਖਾਂ ਨੇ ਅਪਣੇ ਲਈ ਵਿਸ਼ੇਸ਼ ਅਧਿਕਾਰਾਂ ਦੀ ਮੰਗ ਕੀਤੀ ਸੀ। ਪਰ ਇਸ ਮਤੇ ਕਾਰਨ, ਸਿੱਖਾਂ ਨੂੰ ਭਾਰਤ ਵਿਚ ਗ਼ੱਦਾਰ ਸਮਝਿਆ ਗਿਆ ਸੀ। ਅਪਣੇ ਕਿਰਦਾਰ ਕਾਰਨ ਵੱਧ ਅਧਿਕਾਰ ਮੰਗਣੇ ਕੋਈ ਕੌਮ ਵਿਰੋਧੀ ਮੰਗ ਨਹੀਂ।
ਇਸ ਮੰਗ ਕਾਰਨ ਹੀ 1984 ਦਾ ਸਾਕਾ ਤੇ ਘਲੂਘਾਰਾ ਹੋਇਆ। ਸਿੱਖਾਂ ਦੇ ਮੱਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲਤ ਤਖ਼ਤ ਨੂੰ ਤੋਪਾਂ ਨਾਲ ਢਹਿ ਢੇਰੀ ਕੀਤਾ ਗਿਆ। ਸਿੱਖਾਂ ਦੀ ਵਿਰਾਸਤੀ ਲਾਇਬ੍ਰੇਰੀ ਨੂੰ ਅਗਨ ਭੇਟ ਕੀਤਾ ਗਿਆ ਜਾਂ ਕਿਧਰੇ ਛੁਪਾਇਆ ਗਿਆ। ਹੁਣ ਜੇਕਰ ਸਿੱਖ ਮੰਗਦੇ ਹਨ ਤਾਂ ਬੜੀ ਚੁਸਤੀ ਨਾਲ ਟਾਲਾ ਵਟਿਆ ਜਾਂਦਾ ਹੈ। ਇਸ ਘਲੂਘਾਰੇ ਵਿਚ ਸਾਡੇ ਸਾਰੇ ਗੁਰਦਵਾਰਿਆਂ ਉਤੇ ਹਮਲੇ ਕੀਤੇ ਗਏ ਤੇ ਬੇਅਦਬੀ ਵੀ ਕੀਤੀ ਗਈ। ਫ਼ੌਜੀ ਜੋੜਿਆਂ ਸਣੇ ਦਰਬਾਰ ਸਾਹਬ ਦੀ ਪ੍ਰਕਰਮਾ ਵਿਚ ਦਨਦਨਾਉਂਦੇ ਰਹੇ, ਸਿਗਰਟਾਂ ਫੂਕਦੇ ਰਹੇ, ਦਾਰੂ ਪੀਂਦੇ ਰਹੇ। ਇਹ ਸਾਡੀ ਧਾਰਮਕ ਬੇਅਦਬੀ ਦੀ ਇੰਤਹਾ ਸੀ।
ਇਸ ਬੇਅਦਬੀ ਨਾਲੋਂ ਚੰਗਾ ਹੈ ਅਸੀ ਮਰ ਮਿਟ ਜਾਈਏ। ਭਾਰਤ ਵਿਚ ਸਾਡੀ ਬੇਕਦਰੀ ਕੀਤੀ ਗਈ ਤੇ ਕੋਈ ਵੀ ਬਰਗਾੜੀ ਕਾਂਡ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੋ ਰਿਹਾ। ਭਾਰਤ ਦੀ ਅਜੋਕੀ ਸਰਕਾਰ ਹਿੰਦੂਆਂ ਮੁਸਲਮਾਨਾਂ ਵਿਚ ਜ਼ਹਿਰ ਫੈਲਾ ਰਹੀ ਹੈ। ਜਾਤੀਵਾਦ ਨੂੰ ਉਤਸਾਹਤ ਕੀਤਾ ਜਾ ਰਿਹਾ ਹੈ। ਗਊ ਰਖਿਅਕ, ਮੁਸਲਮਾਨਾਂ ਨੂੰ ਗਊ ਹਤਿਆ ਕਾਰਨ ਮਾਰ ਰਹੇ ਹਨ। ਜੇਕਰ ਕੋਈ ਹਿੰਦੂ ਲੜਕੀ ਅਪਣੀ ਮਨਮਰਜ਼ੀ ਨਾਲ ਕਿਸੇ ਮੁਸਲਮਾਨ ਨਾਲ ਨਿਕਾਹ ਕਰ ਲੈਂਦੀ ਹੈ ਤਾਂ ਕੌਮੀ ਪੱਧਰ ਉਤੇ ਹੰਗਾਮਾ ਛਿੜ ਜਾਂਦਾ ਹੈ ਪਰ ਜੇਕਰ ਕੋਈ ਹਿੰਦੂ ਲੜਕਾ ਕਿਸੇ ਮੁਸਲਮਾਨ ਲੜਕੀ ਨਾਲ ਸ਼ਾਦੀ ਕਰ ਲਵੇ ਤਾਂ ਚਿੜੀ ਵੀ ਨਹੀਂ ਫਟਕਦੀ।
ਅਜਿਹਾ ਕਲਯੁਗ ਕਿਉਂ? ਜੇਕਰ ਕੋਈ ਸਿੱਖ ਪਤਿਤ ਹੋ ਕੇ ਹਿੰਦੂ ਧਰਮ ਵਿਚ ਚਲਾ ਜਾਂਦਾ ਹੈ ਤਾਂ ਉਸ ਨੂੰ ਘਰ ਵਾਪਸੀ ਕਿਹਾ ਜਾਂਦਾ ਹੈ। ਪਰ ਜੇਕਰ ਕੋਈ ਹਿੰਦੂ ਵੀਰ ਸਿੱਖ ਧਰਮ ਵਿਚ ਆ ਜਾਵੇ ਤਾਂ ਹੰਗਾਮਾ ਖੜਾ ਕੀਤਾ ਜਾਂਦਾ ਹੈ। ਭੁਜ ਵਿਚ ਵਸੇ ਹੋਏ ਸਿੱਖ ਪ੍ਰੀਵਾਰ, ਜਿਨ੍ਹਾਂ ਨੂੰ 1962-65 ਦੀਆਂ ਜੰਗਾਂ ਵਿਚ ਉਨ੍ਹਾਂ ਦੀ ਅਜ਼ੀਮ ਕੁਰਬਾਨੀ ਉਪਰੰਤ ਖੇਤੀ ਲਈ ਜ਼ਮੀਨ ਦਿਤੀ ਗਈ ਸੀ, ਉਸ ਜ਼ਮੀਨ ਨੂੰ ਹੁਣ ਹੜੱਪਣ ਲਈ ਸਿੱਖ ਪ੍ਰਵਾਰਾਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਕੌਮੀ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਨਿੱਤ ਮੌਤ ਦੇ ਸਾਏ ਹੇਠ ਜਿਊਣਾ ਪੈ ਰਿਹਾ ਹੈ।
ਪੰਜਾਬ ਦੇ ਇਰਦ ਗਿਰਦ ਪੰਜਾਬੀ ਬੋਲਦੇ ਇਲਾਕੇ ਜਾਣ ਬੁੱਝ ਕੇ ਸਾਡੇ ਕੋਲੋਂ ਖੋਹੇ ਗਏ ਹਨ। ਕਈਆਂ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਦਾ ਨਿਰਮਾਣ ਕੀਤਾ ਗਿਆ ਸੀ। ਇਹ ਰਾਜਧਾਨੀ ਵੀ ਕੇਂਦਰ ਨੇ ਖ਼ੁਦ ਸੰਭਾਲ ਲਈ ਹੈ। ਸਾਡੇ ਡੈਮ ਤੇ ਦਰਿਆਈ ਪਾਣੀਆਂ ਨੂੰ ਹਥਿਆਇਆ ਗਿਆ ਹੈ। ਖਰਬਾਂ ਰੁਪਏ ਰਾਜਸਥਾਨ ਨੇ ਸਾਨੂੰ ਦੇਣੇ ਹਨ। ਉਲਟਾ ਖਰਬਾਂ ਰੁਪਇਆਂ ਦਾ ਪੰਜਾਬ ਕਰਜ਼ਈ ਬਣ ਚੁੱਕਾ ਹੈ। ਇਕ ਸਕੀਮ ਤੇ ਸਾਜ਼ਿਸ਼ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। 1857 ਵਿਚ ਕਿਉਂਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਬਰਤਾਨਵੀ ਸਰਕਾਰ ਵਿਰੁਧ ਬਗਾਵਤ ਕੀਤੀ ਸੀ, ਅੰਗਰੇਜ਼ਾਂ ਨੂੰ ਇਸ ਦੀ ਖੁੰਦਕ ਸੀ।
ਉਨ੍ਹਾਂ ਨੇ ਬਗਾਵਤ ਨੂੰ ਦਬਾਅ ਕੇ ਇਹ ਧਾਰ ਲਿਆ ਕਿ ਯੂ.ਪੀ. ਦੇ ਲੋਕਾਂ ਨੂੰ ਘਸਿਆਰੇ ਬਣਾਉਣਾ ਹੈ। ਉਥੇ ਕੋਈ ਵਿਕਾਸ ਨਹੀਂ ਹੋਣ ਦੇਣਾ। ਯੂ.ਪੀ. ਨਾਲ ਜੋ ਵਾਪਰਿਆ ਸੀ ਉਹ ਅੱਜ ਸਿੱਖਾਂ ਨਾਲ ਭਾਰਤ ਵਿਚ ਵਾਪਰ ਰਿਹਾ ਹੈ ਅਤੇ ਇਹ ਕਾਰਾ ਸਾਡੀ ਅਪਣੀ ਹੀ ਚੁਣੀ ਹੋਈ ਸਰਕਾਰ ਦੁਆਰਾ ਕੀਤਾ ਰਿਹਾ ਹੈ। ਕੇਂਦਰ ਨੂੰ ਪਤਾ ਹੈ ਕਿ ਉਸ ਦੀਆਂ ਮਾਰੂ ਤੇ ਦੇਸ਼ ਵਿਰੋਧੀ ਨੀਤੀਆਂ ਵਿਰੁਧ ਸੱਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਝੰਡਾ ਚੁਕਣਾ ਹੈ। ਇਸ ਲਈ ਕੇਂਦਰ ਵਿਚ ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਸਿੱਖਾਂ ਨੂੰ ਦਬਾਅ ਕੇ ਰਖਣਾ ਚਾਹੁੰਦੀ ਹੈ।
ਬਾਕੀ ਭਾਰਤ ਦੇ ਸੂਬੇ ਜਦੋਂ ਅਪਣੀਆਂ ਮੰਗਾਂ ਲਈ ਅੰਦੋਲਨ ਕਰਦੇ ਹਨ ਤਾਂ ਇਸ ਨੂੰ ਜਮਹੂਰੀ ਪ੍ਰੀਕਿਰਿਆ ਕਹਿ ਕੇ ਪੁਕਾਰਿਆ ਜਾਂਦਾ ਹੈ ਪਰ ਜਦੋਂ ਸਿੱਖ ਅਪਣੇ ਵਿਧਾਨਕ ਤੇ ਧਾਰਮਕ ਹੱਕ ਹਕੂਕਾਂ ਲਈ ਕੋਈ ਹਿਲਜੁਲ ਕਰਦੇ ਹਨ ਤਾਂ ਇਨ੍ਹਾਂ ਨੂੰ ਵੱਖਵਾਦੀ ਤੇ ਅਤਿਵਾਦੀ ਕਹਿ ਕੇ ਭੰਡਿਆ ਜਾਂਦਾ ਹੈ। ਇਹੀ ਹਾਲ ਲਗਭਗ ਭਾਰਤ ਦੇ ਮੁਸਲਮਾਨ ਵੀਰਾਂ ਨਾਲ ਹੋ ਰਿਹਾ ਹੈ। ਅਫ਼ਸੋਸ ਉਸ ਸਮੇਂ ਹੁੰਦਾ ਹੈ ਕਿ ਜਿਸ ਜੰਗਜੂ ਤੇ ਦੇਸ਼ ਭਗਤ ਕੌਮ ਨੇ ਆਜ਼ਾਦੀ ਦੀ ਜੰਗ ਵੇਲੇ ਸੱਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਹੋਣ, ਫਾਂਸੀਆਂ ਦੇ ਰਸੇ ਚੁੰਮੇ ਹੋਣ ਤੇ ਕਾਲੇ ਪਾਣੀਆਂ ਦੀ ਗ਼ੈਰ ਮਨੁੱਖੀ ਜ਼ਿੰਦਗੀ ਕੱਟੀ ਹੋਵੇ,
ਉਸ ਕੌਮ ਨੂੰ ਗੱਦਾਰ ਤੇ ਖ਼ਾਲਿਸਤਾਨੀ ਕਹਿ ਕੇ ਨਕਾਰਿਆ ਜਾਂਦਾ ਹੈ। ਪੰਜਾਬ ਸਾਰੇ ਮੁਲਕ ਨੂੰ ਕਿਸੇ ਵੇਲੇ ਅੰਨ ਪ੍ਰਦਾਨ ਕਰਦਾ ਸੀ ਤੇ ਖਾਧ ਪਦਾਰਥਾਂ ਦਾ ਭਰਿਆ ਭੰਡਾਰ ਸੀ। ਅੱਜ ਉਹੀ ਪੰਜਾਬ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਿਹਾ ਹੈ। ਪੰਜਾਬ ਦੇ ਪਾਣੀਆਂ ਨੂੰ ਇਸ ਦੇ ਗੁਆਂਢੀ ਸੂਬਿਆਂ ਨੂੰ ਵੰਡ ਕੇ ਪੰਜਾਬ ਦੀ ਖੇਤੀ ਨੂੰ ਉਜਾੜਿਆ ਗਿਆ। ਪੰਜਾਬ ਦੇ ਕਿਸਾਨ ਕਰਜ਼ੇ ਦੇ ਭਾਰ ਹੇਠ, ਖ਼ੁਦਕੁਸ਼ੀ ਕਰ ਰਹੇ ਹਨ। ਮਹਿੰਗਾਈ ਦੀ ਮਾਰ ਕਾਰਨ, ਕਿਸਾਨੀ ਇਕ ਘਾਟੇ ਵਾਲਾ ਧੰਦਾ ਬਣ ਚੁਕੀ ਹੈ। ਕਿਸਾਨਾਂ ਦੇ ਲੜਕੇ ਇਸ ਮੰਦਹਾਲੀ ਕਾਰਨ, ਰੋਜ਼ਗਾਰ ਦੀ ਖ਼ਾਤਰ ਵਿਦੇਸ਼ਾਂ ਵਲ ਭੱਜ ਰਹੇ ਹਨ।
ਪੰਜਾਹ ਲੱਖ ਤੋਂ ਉਪਰ ਪੰਜਾਬ ਸਿੱਖ, ਰੋਜ਼ਗਾਰ ਦੀ ਖ਼ਾਤਰ ਜਲਾਵਤਨ ਹੋ ਚੁਕੇ ਹਨ। ਜਿਹੜੇ ਵਿਦੇਸ਼ ਨਹੀਂ ਜਾ ਸਕਦੇ, ਉਹ ਗ਼ੈਰਸਮਾਜੀ ਕੰਮ ਕਰਨ ਲੱਗ ਪਏ। ਜ਼ਿਮੀਂਦਾਰਾਂ ਦੇ ਲੜਕੇ ਮਲੰਗ ਹੋ ਚੁੱਕੇ ਹਨ। ਉਹ ਅਜਕਲ ਨਸ਼ੇ ਕਰ ਰਹੇ ਹਨ ਤੇ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ। ਉਨ੍ਹਾਂ ਦਾ ਇਸ ਧੰਦੇ ਵਿਚ ਘਰ-ਘਾਟ ਤੇ ਜ਼ਮੀਨ ਜਾਇਦਾਦ ਵਿਕ ਚੁੱਕੀ ਹੈ ਜਾਂ ਵਿਕਣ ਕਿਨਾਰੇ ਹੈ। ਸਾਡੇ ਸਿਆਸੀ ਆਗੂ ਤੇ ਪੁਲਿਸ ਇਸ ਧੰਦੇ ਦਾ ਪਸਾਰ ਕਰ ਕੇ, ਪੰਜਾਬ ਵਿਚ ਚੌਥਾ ਦਰਿਆ ਨਸ਼ਿਆਂ ਦਾ ਵਗਾਉਣ ਵਿਚ ਕਾਮਯਾਬ ਹੋਏ ਹਨ। ਹੁਕਮਰਾਨਾਂ ਨੂੰ ਵਧਾਈਆਂ! ਉਨ੍ਹਾਂ ਦੇ ਟੀਚੇ ਪੂਰੇ ਹੋਏ ਹਨ।
ਪੰਜਾਬ ਦੇ ਸਰਬੱਤ ਮਸਲਿਆਂ ਨੂੰ ਹੱਲ ਕਰਨ ਵਿਚ ਕੇਂਦਰ ਸਰਕਾਰ ਅੜਿਕੇ ਡਾਹ ਰਹੀ ਹੈ। ਪੰਜਾਬ ਦੀ ਮੌਜੂਦਾ ਖ਼ਸਤਾ ਹਾਲਤ ਨੂੰ ਪੈਦਾ ਕਰਨ ਵਿਚ 100 ਫ਼ੀ ਸਦੀ ਸਰਕਾਰਾਂ ਦਾ ਹੱਥ ਹੈ। ਭਾਰਤ ਦਾ ਮੋਹਰੀ ਸੂਬਾ ਕੇਂਦਰੀ ਦੀਆਂ ਮਾਰੂ ਨੀਤੀਆਂ ਕਾਰਨ, ਪਿਛਲੱਗ ਬਣ ਕੇ ਰਹਿ ਗਿਆ ਹੈ। ਪੰਜਾਬ ਵਿਚ ਨਸ਼ਿਆਂ ਦਾ ਜ਼ਹਿਰ ਘੋਲਣ ਵਿਚ ਕੇਂਦਰ ਦਾ ਪੂਰਾ ਹੱਥ ਹੈ। ਜੇਕਰ ਨਸ਼ਾ ਸਰਹੱਦਾਂ ਤੋਂ ਆਉਂਦਾ ਹੈ ਤਾਂ ਇਸ ਵਿਚ ਵੀ ਕੇਂਦਰ ਦੀ ਨਾਕਸ ਚੌਕਸੀ ਜ਼ਿੰਮੇਵਾਰ ਹੈ। ਜੇਕਰ ਨਸ਼ਾ ਸਰਹਦਾਂ ਤੋਂ ਆਉਂਦਾ ਹੈ ਤਾਂ ਇਸ ਵਿਚ ਵੀ ਕੇਂਦਰ ਦੀ ਨਾਕਮ ਚੌਕਸੀ ਜ਼ਿੰਮੇਵਾਰੀ ਹੈ।
ਜੇਕਰ ਚਿੱਟੇ ਦੇ ਰੂਪ ਵਿਚ ਸਿਨਥੈਟਿਕ ਨਸ਼ਾ ਪੰਜਾਬ ਵਿਚ ਹੀ ਤਿਆਰ ਹੁੰਦਾ ਹੈ ਤਾਂ ਇਥੋਂ ਦੀਆਂ ਸਰਕਾਰਾਂ ਕੇਂਦਰ ਦੇ ਦਬਾਅ ਅਧੀਨ ਨਸ਼ੇ ਦੇ ਵੱਡੇ-ਵੱਡੇ ਸੌਦਾਗਰ ਫੜਨ ਵਿਚ ਅਸਫ਼ਲ ਹਨ। ਇਸੇ ਲਈ ਚਿੱਟਾ ਤੇ ਬਾਕੀ ਨਸ਼ੇ ਅੱਜ ਵੀ ਧੜਾ-ਧੜ ਚੋਰ ਛਿਪੇ ਵਿਕ ਰਹੇ ਹਨ। ਵਾੜ ਹੀ ਖੇਤ ਨੂੰ ਚਟਮ ਕਰ ਰਹੀ ਹੈ। ਪੰਜਾਬ ਵਿਚ ਪਹਿਲਾਂ ਤਿੰਨ ਚਾਰ ਡਿਸ਼ ਹਰੀਆਂ ਸਨ, ਜੋਕਿ ਸੁੱਖ ਨਾਲ ਵੱਧ ਕੇ ਵੀਹ ਤੋਂ ਉਪਰ ਹੋ ਚੁੱਕੀਆਂ ਹਨ। ਇਨ੍ਹਾਂ ਦੇ ਬਹੁਤੇ ਮਾਲਕ ਸਾਡੇ ਸਿਆਸੀ ਲੋਕ ਹੀ ਹਨ। ਸ਼ਰਾਬ ਦੇ ਠੇਕੇ ਪੰਜਾਬ ਦੀ ਪਛਾਣ ਬਣ ਚੁੱਕੇ ਹਨ। ਸਾਡੀ ਸੂਬਾ ਸਰਕਾਰ ਨਾਟਕਬਾਜ਼ੀਆਂ ਨਾਲ ਸਮਾਂ ਟਪਾਅ ਰਹੀ ਹੈ।
ਕੇਂਦਰ ਸਰਕਾਰ ਦੀ ਭਿਆਨਕ ਚੁੱਪੀ ਪੰਜਾਬ ਦਾ ਘਾਣ ਕਰ ਰਹੀ ਹੈ। ਇਹ ਫਰਿਆਦ ਕਿਸ ਕੋਲ ਕਰੀਏ? ਸਿੱਖਾਂ ਦੀ ਲੀਡਰਸ਼ਿਪ ਵੀ ਗ਼ੈਰਾਂ ਦੇ ਪ੍ਰਭਾਵ ਅਧੀਨ ਕਛੂਕੁੰਮੇ ਦੀ ਚਾਲ ਚਲ ਰਹੀ ਹੈ। ਮੇਰਾ ਨਿਜੀ ਵਿਚਾਰ ਹੈ ਕਿ ਪੰਜਾਬ ਦੀ ਤਬਾਹੀ ਸਾਡੇ ਸਮੁੱਚੇ ਮੁਲਕ ਦੀ ਤਬਾਹੀ ਦਾ ਸੰਕੇਤ ਹੈ, ਨਹੀਂ ਤਾਂ, ਜੋ ਕਿਸੇ ਵੇਲੇ ਅਲਾਮਾ ਇਕਬਾਲ ਨੇ ਹਿੰਦੋਸਤਾਨ ਬਾਰੇ ਕਿਹਾ ਸੀ, ਅੱਜ ਪੰਜਾਬ ਤੇ ਢੁੱਕ ਰਿਹਾ ਹੈ :
''ਵਤਨ ਕੀ ਫਿਕਰ ਨਾ ਨਾਦਾ, ਮੁਸੀਬਤ ਆਨੇ ਵਾਲੀ ਹੈ, ਤੇਰੀ ਬਰਬਾਦੀ ਕੇ ਮਸ਼ਵਰੇ ਹੈਂ ਅਸਮਾਨੋਂ ਮੇਂ।
ਨਾ ਸਮਝੋਗੇ ਤੋ ਮਿਟ ਜਾਉਗੇ ਪੰਜਾਬੀਉ, ਤੁਮਾਰੀ ਦਾਸਤਾਂ ਤਕ ਭੀ ਨਾ ਹੋਗੀ ਦਾਸਤਾਨੋ ਮੇਂ।''
ਸੰਪਰਕ : 98146-19342