
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਅਨੁਸਾਰ ਬਾਬਾ ਨਾਨਕ ਜੀ ਅਕਾਲ ਪੁਰਖ ਵਲੋਂ ਬਖ਼ਸ਼ਿਸ਼ਾਂ ਨਾਲ ਨਿਵਾਜ ਕੇ ਇਸ ਸੰਸਾਰ ਅੰਦਰ ਭੇਜੇ ਗਏ
ਸਿੱਖ ਧਰਮ ਦੀ ਆਰੰਭਤਾ ਬਾਬਾ ਨਾਨਕ ਜੀ ਦੇ ਆਗਮਨ 1469ਈ. ਨਾਲ ਹੀ ਹੋ ਗਈ ਸੀ। ਸੰਸਾਰ ਦੇ ਵੱਖ-ਵੱਖ ਧਰਮਾਂ ਅੰਦਰ ਸਿੱਖ ਧਰਮ ਇਕ ਨਿਵੇਕਲਾ ਤੇ ਵਿਲੱਖਣ ਸਿਧਾਂਤ ਰਖਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਅਨੁਸਾਰ ਬਾਬਾ ਨਾਨਕ ਜੀ ਅਕਾਲ ਪੁਰਖ ਵਲੋਂ ਬਖ਼ਸ਼ਿਸ਼ਾਂ ਨਾਲ ਨਿਵਾਜ ਕੇ ਇਸ ਸੰਸਾਰ ਅੰਦਰ ਭੇਜੇ ਗਏ। ਅਕਾਲ ਪੁਰਖ ਸਾਰਿਆਂ ਅੰਦਰ ‘ਸਭ ਮਹਿ ਜੋਤਿ ਜੋਤਿ ਹੈ ਸੋਇ॥’ ਹੋ ਕੇ ਵਰਤਦਾ ਹੈ, ਜਿੰਨਾ ਚਿਰ ਇਹ ਜੋਤ ਜੀਵਾਂ ਦੇ ਅੰਦਰ ਵਿਚਰਦੀ ਹੈ ਉਨਾ ਚਿਰ ਹੀ ਜੀਵਨ ਰੂਪ ਹੋ ਕੇ ਕਰਮਸ਼ੀਲ ਰਹਿੰਦੇ ਹਨ।
ਪਰ ਜਦੋਂ ਸ੍ਰੀਰ ਵਿਚੋਂ ਜੀਵਆਤਮਾ ਪ੍ਰਵਾਜ਼ ਕਰ ਜਾਂਦੀ ਹੈ ਤਾਂ ਜੀਵਨ ਸਮਾਪਤ ਹੋ ਜਾਂਦਾ ਹੈ। ਜਦੋਂ ਅਸੀ ਇਸ ਪੱਖੋਂ ਬਾਬਾ ਨਾਨਕ ਸਾਹਿਬ ਦੇ ਜੀਵਨ ਵਲ ਝਾਤੀ ਮਾਰਦੇ ਹਾਂ ਤਾਂ ਇਤਿਹਾਸਕ ਤੌਰ ’ਤੇ ਉਨ੍ਹਾਂ ਨੇ ਵੀ ਆਮ ਬੱਚੇ ਵਾਂਗ 1469ਈ. ਨੂੰ ਰਾਏ ਭੋਇੰ ਦੀ ਤਲਵੰਡੀ (ਨਨਕਾਣਾ ਸਾਹਿਬ) ਦੀ ਧਰਤੀ ਉਪਰ ਜਨਮ ਲਿਆ ਤੇ ਕਰਤਾਰਪੁਰ (ਪਾਕਿਸਤਾਨ) ਦੀ ਧਰਤੀ ਤੇ 1539 ਈ. ਨੂੰ ਸ੍ਰੀਰਕ ਤੌਰ ’ਤੇ ਵਿਦਾ ਹੋਏ। ਪਰ ਅਸੀ ਸਤਿਕਾਰ ਵਜੋਂ ਪ੍ਰਕਾਸ਼ ਲੈਣਾ ਤੇ ਜੋਤੀ ਜੋਤ ਸਮਾਉਣਾ ਹੀ ਆਖਦੇ ਹਾਂ।
Guru Grath sahib ji
ਹੁਣ ਵਿਚਾਰਨ ਵਾਲਾ ਪੱਖ ਇਹ ਹੈ ਕਿ ਬਾਬੇ ਨਾਨਕ ਸਾਹਿਬ ਵਿਚ ਆਮ ਮਨੁੱਖਾਂ ਨਾਲੋਂ ਕੀ ਵਿਸ਼ੇਸ਼ਤਾ ਸੀ ਜੋ ਉਨ੍ਹਾਂ ਨੂੰ ਸੰਸਾਰ ਦੇ ਮਹਾਨਤਮ ਰਹਿਬਰਾਂ ਦੀ ਸੂਚੀ ਵਿਚ ਸਿਰਮੌਰ ਦਰਜਾ ਦਿੰਦੀ ਹੈ। (ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ) ਅੰਦਰ ਫ਼ੁਰਮਾਨ ‘ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥’ (ਗੁਰੂ ਗ੍ਰੰਥ ਸਾਹਿਬ ਪੰਨਾ ੯੬੭) ਅਨੁਸਾਰ ਬਾਬਾ ਨਾਨਕ ਜੀ ਦੇ ਘਰ ਅੰਦਰ ਉਲਟੀ ਗੰਗਾ ਵਗਦੀ ਹੈ।
ਜਿਵੇਂ ਅਸੀ ਅਕਸਰ ਵੇਖਦੇ ਹਾਂ ਕਿ ਸਾਨੂੰ ਆਮ ਸੰਸਾਰੀ ਜੀਵਾਂ ਨੂੰ ਮਿਹਨਤ ਪਹਿਲਾਂ ਕਰਨੀ ਪੈਂਦੀ ਹੈ, ਉਸ ਦਾ ਇਵਜ਼ਾਨਾ ਬਾਅਦ ਵਿਚ ਮਿਲਦਾ ਹੈ। ਅਧਿਆਤਮਕ ਮਾਰਗ ਅੰਦਰ ਵੀ ਭਗਤੀ ਪਹਿਲਾਂ ਕਰਨੀ ਪੈਂਦੀ ਹੈ, ਭਗਤੀ ਦਾ ਫੱਲ ਬਾਅਦ ਵਿਚ ਸਾਡੀ ਝੋਲੀ ਪੈਂਦਾ ਹੈ। ਪਰ ਇਸ ਦੇ ਉਲਟ ਗੁਰੂ ਨਾਨਕ ਸਾਹਿਬ ਦੇ ਜੀਵਨ ਅੰਦਰ ਬਖ਼ਸ਼ਿਸ਼ ਪਹਿਲਾਂ, ਭਗਤੀ ਰੂਪੀ ਤਪੱਸਿਆ ਬਾਅਦ ਵਿਚ ਕੀਤੀ ਜਾਂਦੀ ਹੈ। ਇਸ ਸਬੰਧੀ ਭਾਈ ਗੁਰਦਾਸ ਜੀ ਦਸਦੇ ਹਨ-
Guru Granth Sahib ji
ਪਹਿਲਾ ਬਾਬੇ ਪਾਇਯਾ ਬਖਸ ਦਰ ਪਿਛੋਂ ਦੇ ਫਿਰ ਘਾਲ ਕਮਾਈ॥
ਰੇਤ ਅਕ ਆਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤਪਸਿਆ ਵਡੇ ਭਾਗ ਹਰਿ ਸਿਉ ਬਨਿ ਆਈ॥
ਬਾਬਾ ਪੈਧਾ ਸਚਖੰਡ ਨਉਨਿਧ ਨਾਮ ਗਰੀਬੀ ਪਾਈ॥
ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪਿ੍ਰਥਮੀ ਦਿਸ ਆਈ॥
ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੋਕਾਈ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥
ਚੜਿਆ ਸੋਧਣ ਧਰਤ ਲੁਕਾਈ॥
(ਵਾਰ ੧ ਪਉੜੀ ੨੪)
Shri Guru Granth Sahib Ji
ਇਸੇ ਹੀ ਵਿਸ਼ੇ ਹੀ ਉਪਰ ਜਦੋਂ ਅਸੀ ਪੁਰਾਤਨ ਇਤਿਹਾਸਕ ਗ੍ਰੰਥਾਂ ਅੰਦਰ ਵੇਖਦੇ ਹਾਂ ਤਾਂ ਅਕਾਲ ਪੁਰਖ ਵਲੋਂ ਸੰਸਾਰ ਉਤੇ ਭੇਜਣ ਤੋਂ ਪਹਿਲਾਂ ਬਾਬਾ ਨਾਨਕ ਸਾਹਿਬ ਨੂੰ ਬਖ਼ਸ਼ਿਸ਼ਾਂ ਨਾਲ ਨਿਵਾਜ ਕੇ ਭੇਜੇ ਜਾਣ ਦਾ ਜ਼ਿਕਰ ਹੈ। ਬਹੁਤ ਹੀ ਭਾਵਪੂਰਤ ਸ਼ਬਦ ਇਸ ਸਬੰਧ ਵਿਚ ਸਾਹਮਣੇ ਆਉਂਦੇ ਹਨ-
ਮੇਰਾ ਨਾਉਂ ਪਾਰਬ੍ਰਹਮ ਪ੍ਰਮੇਸ਼ਰ। ਤੇਰਾ ਨਾਉ ਗੁਰ ਪ੍ਰਮੇਸ਼ਰ।
ਜਿਸ ਊਪਰ ਤੇਰੀ ਨਦਰਿ। ਤਿਸ ਊਪਰ ਮੇਰੀ ਨਦਰਿ।
ਜਿਸ ਊਪਰ ਤੇਰਾ ਕਰਮ। ਤਿਸ ਊਪਰ ਮੇਰਾ ਕਰਮ।
ਬੇਅੰਤ ਬਖ਼ਸ਼ਿਸ਼ਾਂ ਭਰਪੂਰ ਗੁਰੂ ਸਾਹਿਬ ਦੇ ਇਸ ਸੰਸਾਰ ਅੰਦਰ ਆਗਮਨ ਹੋਣ ਸਬੰਧੀ ਭੱਟਾਂ ਦੇ ਸਵੱਈਏ ਅੰਦਰ ਗੁਰਬਾਣੀ ਫ਼ੁਰਮਾਨ ਸਾਡੇ ਸਾਹਮਣੇ ਹਨ :-
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥(੧੪੦੮)
ਆਪ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ (੧੩੯੫)
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ ਹਰਿ॥ (੧੪੦੯)
Guru Granth sahib ji
ਭਾਵ ਕਿ ਬਾਬਾ ਨਾਨਕ ਸਾਹਿਬ ਜੀ ਇਸ ਸੰਸਾਰ ਅੰਦਰ ਦੋ ਜੋਤਾਂ ਦੇ ਮਾਲਕ ਬਣ ਕੇ ਵਿਚਰੇ, ਇਕ ਜੋਤ ਤਾਂ ਉਹ ਜੋ ਸਾਡੇ ਸਾਰਿਆਂ ਅੰਦਰ ਵੀ ਹੈ ਤੇ ਸ੍ਰੀਰਕ ਜੀਵਨ ਨੂੰ ਚਲਦਾ ਰੱਖਣ ਲਈ ਜ਼ਰੂਰੀ ਹੈ, ਦੂਜੀ ਗੁਰੂ ਜੋਤ, ਜੋ ਉਨ੍ਹਾਂ ਨੂੰ ਗੁਰੂ ਦਾ ਦਰਜਾ ਦਿੰਦੀ ਹੈ। ਬਾਬਾ ਨਾਨਕ ਸਾਹਿਬ ਦੇ ਸਾਹਮਣੇ ਉਨ੍ਹਾਂ ਤੋਂ ਪਹਿਲਾਂ ਦੇ ਵੱਖ-ਵੱਖ ਧਰਮਾਂ ਦੀ ਫ਼ਲਾਸਫ਼ੀ, ਇਤਿਹਾਸ ਪ੍ਰਤੱਖ ਸੀ ਕਿ ਉਹ ਧਾਰਮਕ ਰਹਿਬਰ ਅਪਣੇ-ਅਪਣੇ ਸਮੇਂ ਅੰਦਰ ਵਿਚਰਦੇ ਹੋਏ, ਸੰਸਾਰ ਨੂੰ ਗਿਆਨ ਵੰਡ ਕੇ ਪਿਆਨਾ ਕਰ ਗਏ ਜਿਸ ਨਾਲ ਉਨ੍ਹਾਂ ਤੋਂ ਬਾਅਦ ਮਨੁੱਖਤਾ ਫਿਰ ਔਝੜੇ ਪੈ ਗਈ।
ਇਸ ਘਾਟ ਨੂੰ ਪੂਰਾ ਕਰਨ ਲਈ ਬਾਬਾ ਨਾਨਕ ਸਾਹਿਬ ਜੀ ਅਕਾਲ ਪੁਰਖ ਵਲੋਂ ਮਿਲੀ ਗੁਰੂ ਜੋਤ ਨੂੰ ਦਸ ਜਾਮੇ ਧਾਰਨ ਕਰਨੇ ਪਏ। 1469 ਈ. ਤੋਂ 1708 ਈ. ਤਕ 239 ਸਾਲ ਦੇ ਲੰਮੇ ਸਮੇਂ ਦੀ ਘਾਲਣਾ ਘਾਲਣੀ ਪਈ ਕਿਉਂਕਿ ਏਨਾ ਲੰਮਾ ਸਮਾਂ ਇਕ ਸ੍ਰੀਰ ਰਾਹੀਂ ਲੋੜੀਂਦਾ ਕਾਰਜ ਪੂਰਾ ਕਰ ਸਕਣਾ ਸੰਭਵ ਨਹੀਂ ਸੀ। ਇਸ ਲਈ ਸਮੇਂ-ਸਮੇਂ ਸਿਰ ਸ੍ਰੀਰ ਬਦਲਦੇ ਗਏ ਪਰ ਗੁਰੂ ਜੋਤ ਉਹੀ ਅੱਗੇ ਚਲਦੀ ਗਈ। ਇਸ ਸਬੰਧੀ ਗੁਰਬਾਣੀ ਵਿਚ ਫ਼ੁਰਮਾਨ ਹਨ:
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
(ਰਾਮਕਲੀ ਕੀ ਵਾਰ- ਰਾਇ ਬਲਵੰਡ ਤਥਾ ਸਤੈ ਡੂਮਿ ਆਖੀ-੯੬੭)
Guru Granth sahib ji
ਇਹੀ ਜੋਤ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ, ਬਾਬਾ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਸਾਹਿਬ, ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਸਾਹਿਬ¿; ਬਣਾ ਦਿੰਦੀ ਹੈ। ਸ੍ਰੀਰ ਉਹੀ ਰਹੇ, ਪਰ ਜਦੋਂ ਇਹੀ ਸ੍ਰੀਰ ਗੁਰੂ ਬਖ਼ਸ਼ਿਸ਼ ਨਾਲ ਪ੍ਰਵਾਨੇ ਗਏ, ਗੁਰੂ ਜੋਤ ਟਿਕਾਉਣ ਦੇ ਸਮੱਰਥ ਹੋ ਗਏ, ਗੁਰੂ ਪਦਵੀ ਦੇ ਅਧਿਕਾਰੀ ਕਹਿਲਾਏ। ਭਾਵ ਕਿ ਸ੍ਰੀਰ ਜ਼ਰੂਰ ਬਦਲੇ ਗੁਰੂ ਜੋਤ ਉਹੀ ਰਹੀ :-
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥
ਨਾਨਕ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥ (ਰਾਮਕਲੀ ਵੀ ਵਾਰ-ਰਾਇ ਬਲਵੰਡ ਤਥਾ ਸਤੈ ਡੁਮਿ ਆਖੀ-੯੬੭)
Shri Guru Granth Sahib Ji
ਸਿੱਖ ਇਤਿਹਾਸ ਅੰਦਰ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਵੀ ਮਿਲਦਾ ਹੈ ਕਿ ਸਮੇਂ-ਸਮੇਂ ਉਪਰ ਗੁਰੂ ਜੋਤ ਦੇ ਸ੍ਰੀਰ ਬਦਲਣ ਨਾਲ ਸ਼ੱਕ ਵੀ ਕੀਤੇ ਗਏ, ਜਿਵੇਂ ਗੁਰੂ ਹਰਿਿਸ਼ਨ ਸਾਹਿਬ ਦੀ ਬਹੁਤ ਛੋਟੀ ਸ੍ਰੀਰਕ ਆਰਜਾ ਕਾਰਨ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਵਲੋਂ ਸ਼ਸ਼ਤਰ-ਬਧ, ਰਾਜਸੀ ਸ਼ਾਹੀ ਠਾਠ-ਬਾਠ ਹੋਣ ਕਾਰਨ। ਪਰ ਗੁਰੂ ਜੋਤ ਨੇ ਹਰ ਸ਼ੰਕੇ ਦਾ ਸਮਾਧਾਨ ਕਰਦੇ ਹੋਏ ਹਰ ਪੱਖੋਂ ਸਪੱਸ਼ਟਤਾ ਪ੍ਰਦਾਨ ਕਰਦੇ ਹੋਏ ਨਿਰ-ਵਿਵਾਦ ਰੂਪ ਵਿਚ ਸੰਸਾਰ ਨੂੰ ਅਗਵਾਈ ਦਿਤੀ।ਦਸ ਗੁਰੂ ਸਾਹਿਬਾਨ ਭਾਵੇਂ ਵੱਖ-ਵੱਖ ਸ੍ਰੀਰਾਂ ਅੰਦਰ ਵਿਚਰੇ ਜ਼ਰੂਰ ਪਰ ਗੁਰੂ ਜੋਤ ਸਾਰਿਆਂ ਅੰਦਰ ਉਹੀ ਹੋਣ ਕਾਰਨ ਸਿੱਖ ਸਿਧਾਂਤ ਨਹੀਂ ਬਦਲੇ, ਵਿਚਾਰ ਧਾਰਾ ਉਹੀ ਰਹੀ, ਜੋ ਬਾਬਾ ਨਾਨਕ ਸਾਹਿਬ ਨੇ ਮੁੱਢ ਬੰਨ੍ਹਿਆ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਵਿਚ ਪਹਿਲੇ ਪੰਜ ਤੇ 9ਵੇਂ ਭਾਵ ਛੇ ਗੁਰੂ ਸਾਹਿਬਾਨ ਵਲੋਂ ਅਪਣੇ ਨਾਮ ਦੀ ਬਜਾਏ ‘ਨਾਨਕ’ ਮੋਹਰ ਛਾਪ ਹੇਠ ਹੀ ਬਾਣੀ ਉਚਾਰਣ ਕੀਤੀ ਗਈ, ਭਾਵ ਬਾਣੀ ਵੱਖ-ਵੱਖ ਸਮੇਂ ਗੁਰੂ ਸ੍ਰੀਰਾਂ ਨੇ ਨਹੀਂ ਸਗੋਂ ਬਾਬੇ ਨਾਨਕ ਸਾਹਿਬ ਵਾਲੀ ਗੁਰੂ ਜੋਤ ਨੇ ਹੀ ਉਚਾਰੀ। ਭਗਤ ਸਾਹਿਬਾਨ, ਭੱਟ ਸਾਹਿਬਾਨ, ਗੁੁਰਸਿੱਖਾਂ ਦੀ ਉਚਾਰਣ ਬਾਣੀ ਦਰਜ ਕਰਦੇ ਸਮੇਂ ਕਸਵੱਟੀ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਹੀ ਰੱਖੀ ਗਈ। ਗੁਰੂ ਅਰਜਨ ਸਾਹਿਬ ਵਲੋਂ ਸੰਪਾਦਨਾ ਕਾਰਜ ਕਰਦੇ ਸਮੇਂ ਇਸ ਪੱਖੋਂ ਕਿਸੇ ਵੀ ਤਰ੍ਹਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ।
Guru Granth sahib ji
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਭਾਵੇਂ 6 ਗੁਰੂ ਸਾਹਿਬਾਨ ਦੀ ਬਾਣੀ ਹੀ ਦਰਜ ਹੈ ਪਰ ਅਸੀ ਰੋਜ਼ਾਨਾ ਅਰਦਾਸ ਵਿਚ ‘ਦਸਾਂ ਪਾਤਸ਼ਾਹੀਆਂ ਦੀ ਜੋਤ’ ਹੀ ਆਖ ਕੇ ਚੇਤੇ ਕਰਦੇ ਹੋਏ ਵਾਹਿਗੁਰੂ ਬੋਲਦੇ ਹਾਂ। ਇਥੇ ਜੋਤ ਸ਼ਬਦ ਨੂੰ ਜੇ ਧਿਆਨ ਨਾਲ ਵਾਚਿਆ ਜਾਵੇ ਤਾਂ ਸਪੱਸ਼ਟ ਹੈ ਕਿ ਇਥੇ ਉਸੇ ਗੁਰੂ ਜੋਤ ਦਾ ਜ਼ਿਕਰ ਹੈ ਜੋ ਅਕਾਲ ਪੁਰਖ ਵਲੋਂ ਗੁਰੂ ਨਾਨਕ ਸਾਹਿਬ ਨੂੰ ਬਖ਼ਸ਼ਿਸ਼ ਕਰ ਕੇ ਸੰਸਾਰ ਦੇ ਉਧਾਰ ਲਈ ਭੇਜਿਆ ਗਿਆ ਸੀ।
ਇਹੀ ਗੁਰੂ ਜੋਤ ਦਸ ਜਾਮਿਆਂ ਵਿਚ ਵਿਚਰਦੀ ਹੋਈ 1708 ਈ. ਨੂੰ ਦਸਮੇਸ਼ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਜਿਵੇਂ ਪਹਿਲੇ ਗੁਰੂ ਸਾਹਿਬਾਨ ਅਪਣੇ ਜਿਊਂਦੇ ਜੀਅ ਅਗਲੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਪਦਵੀ ਉਤੇ ਬਿਰਾਜਮਾਨ ਕਰਨ ਦੀ ਪ੍ਰਪੰਰਾ ਸ਼ੁਰੂ ਕੀਤੀ ਸੀ, ਠੀਕ ਉਸੇ ਪੂਰਨਿਆਂ ਉਪਰ ਚਲਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀ ਗੁਰਤਾ ਵਾਲੇ ਪੱਖ ਨੂੰ ਸਦੀਵੀਂ ਵਿਰਾਮ ਦਿੰਦੇ ਹੋਏ ਬਾਬੇ ਨਾਨਕ ਸਾਹਿਬ ਦੀ ਜੋਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਿਰਾਜਮਾਨ ਕਰ ਕੇ ਖ਼ੁਦ ਮੱਥਾ ਟੇਕਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਉਪਰ ਹਮੇਸ਼ਾ ਲਈ ਬਿਰਾਜਮਾਨ ਕਰ ਦਿਤਾ।
Sri Guru Granth Sahib Ji
1469 ਤੋਂ 1708 ਈ. ਤਕ ਦੇ 239 ਸਾਲ ਦੇ ਲੰਮੇ ਸਮੇਂ 10 ਜਾਮਿਆਂ ਦੀ ਸਫ਼ਲ ਘਾਲਣਾ ਘਾਲ ਕੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾ ਕੇ ਪਹਿਲੇ ਗੁਰੂ ਸਾਹਿਬਾਨ ਦੀ ਤਰ੍ਹਾਂ ਹੀ ਦਸਮ ਪਾਤਸ਼ਾਹ ਸ੍ਰੀਰਕ ਰੂਪ ਵਿਚ ਸੰਸਾਰ ਤੋਂ ਵਿਦਾ ਹੋ ਗਏ (ਭਾਵ ਜੋਤੀ ਜੋਤ ਸਮਾ ਗਏ) ਤੇ ਸਾਨੂੰ 239 ਸਾਲ ਦੇ ਨਿਚੋੜ ਰੂਪੀ ਸਿਧਾਂਤ ਦੇ ਗਏ-
ਆਤਮਾ ਗ੍ਰੰਥ ਵਿਚ, ਸ੍ਰੀਰ ਪੰਥ ਵਿਚ, ਪੂਜਾ ਅਕਾਲ
ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ।
ਸੰਪਰਕ : 98720-76876, 01822-276876