
Diwali Special: ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਭਾਰਤ ਵਿਚ ਜਿੱਥੇ ਤਿਉਹਾਰਾਂ ਦਾ ਬਹੁਤ ਮਹੱਤਵ ਹੈ
The matter of Diwali being released in the name of Diwali Special: ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਭਾਰਤ ਵਿਚ ਜਿੱਥੇ ਤਿਉਹਾਰਾਂ ਦਾ ਬਹੁਤ ਮਹੱਤਵ ਹੈ, ਉੱਥੇ ਹੀ ਇਨ੍ਹਾਂ ਨੂੰ ਮਨਾਇਆ ਵੀ ਬੜੀ ਧੂਮ-ਧਾਮ ਨਾਲ ਜਾਂਦੈ। ਦੀਵਾਲੀ ਪੂਰੇ ਭਾਰਤ ਵਿਚ ਸਾਰੇ ਧਰਮਾਂ ਦੇ ਲੋਕਾਂ ਵਲੋਂ ਮਨਾਇਆ ਜਾਣ ਵਾਲਾ ਇਕ ਮਹੱਤਵਪੂਰਨ ਤਿਉਹਾਰ ਹੈ। ਅੱਜ ਪੂਰੇ ਭਾਰਤ ’ਚ ਹੀ ਨਹੀਂ ਬਲਕਿ ਵਿਦੇਸ਼ਾਂ ’ਚ ਵੀ ਦੀਵਾਲੀ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।
ਇਸ ਦਿਨ ਛੇਂਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ’ਚੋਂ 52 ਰਾਜਿਆਂ ਸਮੇਤ ਰਿਹਾਈ ਹੋਣ ਉਪਰੰਤ ਸ੍ਰੀ ਅੰਮ੍ਰਿਤਸਰ ਪਹੁੰਚਣ ਦੀ ਖ਼ੁਸ਼ੀ ’ਚ ਦੀਵੇ ਬਾਲੇ ਗਏ ਸਨ ਤੇ ਉਸੇ ਦਿਨ ਹੀ ਸ੍ਰੀ ਰਾਮਚੰਦਰ ਜੀ ਵੀ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੋਧਿਆ ਆਏ ਸਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ’ਚ ਦੀਵੇ ਜਗਾਏ ਗਏ ਸਨ। ਉਸ ਦਿਨ ਤੋਂ ਲੈ ਕੇ ਹਰ ਸਾਲ ਇਨ੍ਹਾਂ ਦਿਨਾਂ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਦਾ ਸਬੰਧ ਦੀਵਿਆਂ ਨਾਲ ਤਾਂ ਬਣਦਾ ਹੈ ਪ੍ਰੰਤੂ ਇਸ ’ਚ ਪਟਾਖਿਆਂ ਦੇ ਇਤਹਿਾਸ ਦਾ ਪਤਾ ਨਹੀਂ ਲੱਗਾ ਕਿ ਇਹ ਕਿਵੇਂ ਅਤੇ ਕਦੋਂ ਸ਼ਾਮਲ ਹੋ ਗਏ? ਦੀਵਿਆਂ ਦੀ ਦੀਵਾਲੀ ਦੀਵਿਆਂ ਤੋਂ ਤਾਂ ਲਗਭਗ ਮੁਕਤ ਹੀ ਹੋ ਗਈ ਹੈ। ਹੁਣ ਪਟਾਖਿਆਂ ਤੇ ਲੜੀਆਂ ਵਾਲੀ ਦੀਵਾਲੀ ਬਣ ਗਈ।
ਦੀਵਾਲੀ ਦੇ ਨਾਂ ’ਤੇ ਅਸੀਂ ਪੈਸਿਆਂ ਦਾ, ਸਿਹਤ ਦਾ, ਤੰਦਰੁਸਤੀ ਦਾ, ਵਾਤਾਵਰਣ ਦਾ, ਪਸ਼ੂ ਪੰਛੀਆਂ ਦਾ, ਪਤਾ ਨਹੀਂ ਕਿਸ-ਕਿਸ ਚੀਜ਼ ਦਾ ਦਿਵਾਲਾ ਕੱਢ ਰਹੇ ਹਾਂ। ਦੀਵਾਲੀ ਤੇ ਫੂਕੇ ਜਾ ਰਹੇ ਪਟਾਖਿਆਂ ਦੇ ਨਾਲ-ਨਾਲ ਅਸੀਂ ਅਪਣੀ ਕਮਾਈ ਵੀ ਫੂਕ ਰਹੇ ਹਾਂ। ਪਟਾਖਿਆਂ ’ਚੋਂ ਨਿਕਲੇ ਜ਼ਹਿਰੀਲੇ ਧੂੰਏਂ ਨਾਲ ਵਾਤਾਵਰਣ ਵੀ ਫੂਕ ਰਹੇ ਹਾਂ। ਉਸੇ ਪ੍ਰਦੂਸ਼ਤ ਵਾਤਾਵਰਣ ਦੀ ਬਦੌਲਤ ਗਰਭਵਤੀ ਔਰਤਾਂ, ਛੋਟੇ ਬੱਚੇ, ਬਜ਼ਰੁਗ ਤੇ ਮਰੀਜ਼ ਖ਼ਾਸ ਕਰ ਕੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ, ਬਹੁਤ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਆਤਿਸ਼ਬਾਜ਼ੀ ਦੀ ਅੱਗ ਨਾਲ ਕਿੰਨੇ ਹੀ ਘਰ, ਫ਼ੈਕਟਰੀਆਂ ਤੇ ਹੋਰ ਪਤਾ ਨਹੀਂ ਕੀ-ਕੀ ਫੂਕ ਰਹੇ ਹਾਂ। ਇਥੋਂ ਤਕ ਕਿ ਪਟਾਕੇ ਚਲਾਉਣ ਸਮੇਂ ਅਣਗਹਿਲੀ ਨਾਲ ਜਾਂ ਫਿਰ ਅਚਾਨਕ ਪਟਾਖੇ ਫਟ ਜਾਣ ਕਾਰਨ ਮਨੁੱਖੀ ਸਰੀਰ ਵੀ ਫੂਕ ਰਹੇ ਹਾਂ।
ਦੀਵਾਲੀ ਤੋਂ ਅਗਲੇ ਦਿਨ ਦੀਆਂ ਖ਼ਬਰਾਂ ਬੜੀਆਂ ਡਰਾਵਣੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਵੱਖ-ਵੱਖ ਥਾਵਾਂ ਤੇ ਲੱਗੀ ਭਿਆਨਕ ਅੱਗ ’ਚ ਵੱਡੇ ਪੱਧਰ ਤੇ ਜਾਨ-ਮਾਲ ਦਾ ਨੁਕਸਾਨ ਹੋਇਆ ਹੁੰਦਾ ਹੈ। ਇਕੋ ਰਾਤ ’ਚ ਹਸਪਤਾਲਾਂ ਦੇ ਜਨਰਲ ਵਾਰਡ ਅਤੇ ਐਮਰਜੈਂਸੀ ਵਾਰਡ ਮਰੀਜ਼ਾਂ ਨਾਲ ਭਰਨ ਦੀਆਂ ਖ਼ਬਰਾਂ ਹੁੰਦੀਆਂ ਹਨ। ਇਥੋਂ ਤਕ ਕਿ ਸਾਹ ਲੈਣ ਲਈ ਖ਼ਤਰਨਾਕ ਦਰਜੇ ਤਕ ਦੀ ਹਵਾ ਗੁਣਵੱਤਾ ਦਾ ਜ਼ਿਕਰ ਹੁੰਦੈ। ਖ਼ਬਰਾਂ ਸੁਣ-ਪੜ੍ਹ ਕੇ ਲਗਦੈ ਕਿ ਕੀ ਇਹ ਦੀਵਾਲੀ ਸੀ ਜਾਂ ਦਿਵਾਲਾ? ਕੀ ਏਨੇ ਨੁਕਸਾਨ ਦੇਹ ਅਤੇ ਖ਼ਤਰਨਾਕ ਪਟਾਕਿਆਂ ਤੋਂ ਬਿਨਾਂ ਦੀਵਾਲੀ ਮਨਾਉਣੀ ਸੰਭਵ ਨਹੀਂ? ਇਹ ਵਰਤਾਰਾ ਹਰ ਸਾਲ ਵਾਪਰਦਾ ਹੈ। ਸਰਕਾਰਾਂ ਦੇ ਵੱਡੇ-ਵੱਡੇ ਦਾਅਵੇ ਇਸ ਸਮੇਂ ਖੋਖਲੇ ਜਾਪਦੇ ਹਨ। ਪਟਾਕਿਆਂ ਦੀਆਂ ਪਾਬੰਦੀ ਵਾਲੀਆਂ ਥਾਵਾਂ ਤੇ ਵੱਡੇ-ਵੱਡੇ ਪਟਾਖਿਆਂ ਦੇ ਸਟੋਰ ਖੁੱਲ੍ਹੇ ਹੁੰਦੇ ਹਨ। ਪਟਾਖੇ ਚਲਾਉਣ ਦੇ ਨਿਸ਼ਚਤ ਸਮੇਂ ਦੀਆਂ ਵੀ ਰੱਜ ਕੇ ਧੱਜੀਆਂ ਉਡਾਈਆਂ ਜਾਂਦੀਆਂ ਹਨ। ਮਨੁੱਖ ਖ਼ੁਦ ਤਾਂ ਅਪਣੀਆਂ ਗ਼ਲਤੀਆਂ ਦਾ ਖ਼ਮਿਆਜ਼ਾ ਭੁਗਤਦਾ ਹੀ ਹੈ ਪ੍ਰੰਤੂ ਪਸ਼ੂ ਅਤੇ ਪੰਛੀ ਵੀ ਮਨੁੱਖ ਦੁਆਰਾ ਕੀਤੀਆਂ ਹੋਈਆਂ ਗ਼ਲਤੀਆਂ ਦੀ ਸਜ਼ਾ ਭੁਗਤਦੇ ਹਨ।
ਦੀਵਾਲੀ ਦੇ ਨਾਂ ’ਤੇ ਭਾਵੇਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਦਿਵਾਲਾ ਕੱਢ ਦਿੰਦੇ ਹਾਂ ਪਰ ਪਟਾਕਿਆਂ ਦੇ ਨਿਰਮਾਤਾ ਜ਼ਰੂਰ ਅਪਣੀਆਂ ਤਿਜੌਰੀਆਂ ਭਰ ਲੈਂਦੇ ਹਨ। ਪਟਾਕਿਆਂ ਦੇ ਨਾਲ-ਨਾਲ ਇਕ ਹੋਰ ਪਹਿਲੂ ਹੈ, ਖਾਣ-ਪੀਣ ਵਾਲੇ ਮਿਲਾਵਟੀ ਅਤੇ ਘਟੀਆ ਦਰਜੇ ਦੇ ਪਕਵਾਨ। ਕੁੱਝ ਕੁ ਥਾਂਵਾਂ ’ਤੇ ਸਿਹਤ ਮਹਿਕਮਾ ਛਾਪੇਮਾਰੀ ਕਰ ਕੇ ਖ਼ਬਰਾਂ ’ਚ ਤਾਂ ਆ ਜਾਂਦੈ ਪਰ ਇਹ ਸੀਮਤ ਛਾਪੇਮਾਰੀ ਖ਼ਾਨਾਪੂਰਤੀ ਹੀ ਸਾਬਤ ਹੁੰਦੀ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਵੱਡੀ ਪੱਧਰ ’ਤੇ ਗ਼ੈਰ-ਮਿਆਰੀ ਅਤੇ ਮਿਲਾਵਟੀ ਚੀਜ਼ਾਂ ਜਿਵੇਂ ਖੋਆ, ਪਨੀਰ ਤੇ ਹੋਰ ਮਿਠਾਈਆਂ ਦੀ ਵਿਕਰੀ ਕੀਤੀ ਜਾਂਦੀ ਹੈ। ਘਟੀਆ ਪੱਧਰ ਦੇ ਘਿਉ, ਤੇਲ ਵਰਤ ਕੇ ਇਹ ਚੀਜ਼ਾਂ ਤਿਆਰ ਕਰ ਕੇ ਸੜਕਾਂ ਕਿਨਾਰੇ ਖੁੱਲ੍ਹੇ ਬਜ਼ਾਰਾਂ ’ਚ ਮਿੱਟੀ-ਘੱਟੇ ਤੇ ਮੱਖੀ ਦੀ ਆਮਦ ਲਈ ਖੁੱਲ੍ਹੀਆਂ ਰੱਖ ਕੇ ਵੇਚੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਖਾ ਕੇ ਬੰਦੇ ਦਾ ਤੰਦਰੁਸਤ ਰਹਿਣਾ ਅਸੰਭਵ ਹੈ। ਇਹ ਸਿਹਤ ਨਾਲ ਖਿਲਵਾੜ ਦੀ ਜ਼ਿੰਮੇਵਾਰੀ ਕੋਈ ਵੀ ਅਪਣੇ ਸਿਰ ਨਹੀਂ ਲੈਂਦਾ।
ਸੋ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਆਪੋ-ਅਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਇਸ ਵਰਤਾਰੇ ਲਈ ਜ਼ਿੰਮੇਵਾਰ ਗੱਲਾਂ ਨੂੰ ਛੱਡ ਕੇ ਮੁੜ ਘਿਉ-ਤੇਲ ਦੇ ਭਰੇ ਮਿੱਟੀ ਦੇ ਦੀਵਿਆਂ ਵਾਲੀ ਦੀਵਾਲੀ ਮਨਾਈਏ। ਆਉ, ਹੁਣ ਖ਼ਤਮ ਕਰੀਏ ਇਸ ਪਾਏ ਹੋਏ ਅਪਣੇ ਗੰਦ ਨੂੰ ਅਤੇ ਪ੍ਰਣ ਕਰੀਏ ਕਿ ਅੱਗੇ ਤੋਂ ਪਟਾਖੇ, ਮਿਲਾਵਟੀ ਤੇ ਘਟੀਆ ਮਿਆਰ ਦੇ ਪਕਵਾਨ ਛੱਡ ਕੇ ਗਰੀਨ ਦੀਵਾਲੀ ਮਨਾਉਣ ਬਾਰੇ ਅਤੇ ਤਾਜ਼ੇ ਫੱਲ ਜਾਂ ਫਿਰ ਸੁੱਕੇ ਮੇਵੇ ਖਾ ਕੇ ਅਪਣੇ-ਆਪ ਨੂੰ ਮਜ਼ਬੂਤ ਤੇ ਤੰਦਰੁਸਤ ਬਣਾਉਣ ਬਾਰੇ।