1705 - ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ।
13 ਦਸੰਬਰ 1705 ਦੇ ਦਿਨ ਸ਼ਹੀਦ ਮਾਤਾ ਗੁਜਰੀ ਅਤੇ ਦੋਹਾਂ ਨਿੱਕੇ ਸਾਹਿਬਜ਼ਾਦਿਆਂ ਦਾ ਸਸਕਾਰ ਸਰਹੰਦ ਕਿਲ੍ਹੇ ਅਤੇ ਆਮ-ਖ਼ਾਸ ਬਾਗ਼ ਦੇ ਵਿਚਕਾਰ (ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਹੈ) ਕੀਤਾ ਗਿਆ। ਇਹ ਸਸਕਾਰ ਸਰਹੰਦ ਵਿਚ ਰਹਿ ਰਹੇ ਸਾਬਕਾ ਦੀਵਾਨ ਟੋਡਰ ਮੱਲ ਦੇ ਪਰਵਾਰ ਨੇ ਕੀਤਾ ਸੀ (ਇਹ ਟੋਡਰ ਮੱਲ ਅਕਬਰ ਦਾ ਵਜ਼ੀਰ ਨਹੀਂ ਸੀ, ਤਵਾਰੀਖ਼ ਵਿਚ ਸਰਹੰਦ ਦੇ ਇਸ ਟੋਡਰ ਮੱਲ ਨੂੰ 'ਟੋਡਰ ਮੱਲ ਸ਼ਾਹਜਹਾਨੀ' ਕਿਹਾ ਜਾਂਦਾ ਹੈ; ਇਸ ਦਾ ਸਮਾਂ ਬਾਦਸ਼ਾਹ ਸ਼ਾਹਜਹਾਨ ਦੇ ਰਾਜ ਦਾ ਸੀ)। ਇਕ ਸੋਮਾ ਲਿਖਦਾ ਹੈ ਕਿ ਸਸਕਾਰ ਦੀਵਾਨ ਟੋਡਰ ਮੱਲ ਨੇ ਕੀਤਾ ਸੀ ਤੇ ਸਸਕਾਰ ਕਰਨ ਵਾਸਤੇ ਉਸ ਨੇ ਸੋਨੇ ਦੀਆਂ ਮੁਹਰਾਂ ਖੜ੍ਹੀਆਂ ਕਰ ਕੇ ਜਗਹ ਲਈ ਸੀ। ਇਹ ਕਹਾਣੀ ਟੋਡਰ ਮੱਲ ਪਰਵਾਰ ਗੁਰੂ ਜੀ ਦਾ ਸ਼ਰਧਾਲੂ ਜਾਂ ਸਿੱਖਾਂ ਦਾ ਹਮਦਰਦ ਸਾਬਿਤ ਕਰਨ ਵਾਸਤੇ ਦੀਵਾਨ ਟੋਡਰ ਮੱਲ ਦੀ ਸ਼ਾਨ ਬਣਾਉਣ ਵਾਸਤੇ ਬਣਾਈ ਗਈ ਜਾਪਦੀ ਹੈ। ਦੀਵਾਨ ਟੋਡਰ ਮੱਲ 1665-66 ਵਿਚ, ਇਸ ਘਟਨਾ ਤੋਂ 40 ਸਾਲ ਪਹਿਲਾਂ, ਮਰ ਚੁਕਾ ਸੀ। ਸੋ ਇਹ ਸਸਕਾਰ ਉਸ ਦੇ ਪੁੱਤਰ ਜਾਂ ਪੋਤੇ ਨੇ ਕੀਤਾ ਹੋਵੇਗਾ। (ਦੀਵਾਨ ਟੋਡਰ ਮੱਲ ਪਰਵਾਰ ਦੀ ਯਾਦਗਾਰ, ਜਹਾਜ਼ੀ ਹਵੇਲੀ, ਅੱਜ ਵੀ ਪੁਰਾਣੇ ਸਰਹੰਦ (ਹੁਣ ਫ਼ਤਹਿਗੜ੍ਹ ਸਾਹਿਬ) ਵਿਚ, ਟੁੱਟੀ ਹਾਲਤ ਵਿਚ, ਮੌਜੂਦ ਹੈ।
ਟੋਡਰ ਮੱਲ ਕੌਣ ਸੀ? -
ਮੁਗ਼ਲੀਆ ਤਵਾਰੀਖ਼ ਵਿਚ ਦੋ ਟੋਡਰ ਮੱਲ ਹੋਏ ਹਨ।ਇਕ ਟੋਡਰ ਮੱਲ ਬਾਦਸ਼ਾਹ ਅਕਬਰ ਦਾ ਕਾਬਲ ਵਜ਼ੀਰ ਸੀ ਤੇ ਦੂਜਾ ਇਹ ਸਰਹੰਦ ਵਾਲਾ ਟੋਡਰ ਮੱਲ ਜੋ ਬਾਦਸ਼ਾਹ ਸ਼ਾਹਜਹਾਨ ਦੇ ਜ਼ਮਾਨੇ ਵਿਚ ਹੋਇਆ ਸੀ। ਉਸ ਦੀ ਮੌਤ 8 ਨਵੰਬਰ 1589 ਦੇ ਦਿਨ ਹੋਈ ਸੀ। ਇਸ ਨੂੰ 'ਟੋਡਰ ਮੱਲ ਸ਼ਾਹਜਹਾਨੀ' ਵੀ ਕਿਹਾ ਜਾਂਦਾ ਹੈ। ਬਾਦਸ਼ਾਹ ਨੇ ਇਸ ਨੂੰ 'ਰਾਏ' ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। ਇਸੇ ਸਾਲ ਉਸ ਨੂੰ 'ਰਾਜਾ' ਦਾ ਖ਼ਿਤਾਬ ਵੀ ਮਿਲਿਆ ਸੀ ਜੋ ਸਾਰੀ ਮੁਗ਼ਲੀਆ ਤਵਾਰੀਖ਼ ਵਿਚ ਸਿਰਫ਼ ਕੁਝ ਕੂ ਗ਼ੈਰ ਮੁਸਲਮਾਨਾਂ ਨੂੰ ਹੀ ਮਿਲਿਆ ਸੀ ਤੇ ਪੰਜਾਬ ਵਿਚ ਸਿਰਫ਼ ਇਸ ਟੋਡਰ ਮੱਲ ਨੂੰ ਹੀ ਮਿਲਿਆ ਸੀ। 1650 ਵਿਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਉਹ ਜਿਸ ਮਹਲ ਵਿਚ ਰਹਿੰਦਾ ਸੀ ਉਸ ਦਾ ਨਾਂ ਜਹਾਜ਼ੀ ਹਵੇਲੀ ਸੀ ਕਿਉਂ ਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ (ਇਸ ਦੇ ਖੰਡਰ ਦਾ ਕੁਝ ਹਿੱਸਾ ਅੱਜ ਵੀ ਮੌਜੂਦ ਹੈ)। ਇਸ ਦੀ ਮੌਤ 1665-66 ਵਿਚ ਹੋਈ ਸੀ। (ਮਆਸਰ-ਉਲ-ਉਮਰਾ, ਜਿਲਦ ਦੂਜੀ, ਸਫ਼ੇ 286-87)।
1924 - ਬੱਬਰ ਸੁੰਦਰ ਸਿੰਘ ਹਯਾਤਪੁਰੀ ਦੀ ਮੁਕੱਦਮੇ ਦੌਰਾਨ ਜੇਲ੍ਹ ਵਿੱਚ ਮੌਤ ਹੋਈ।
ਨਾਨਕਾਣਾ ਸਾਹਿਬ ਦੇ ਸਾਕੇ ਨੇ ਜਿੱਥੇ ਆਮ ਸਿੱਖਾਂ ਵਿਚ ਰੋਸ ਪੈਦਾ ਕੀਤਾ, ਉੱਥੇ ਨੌਜਵਾਨਾਂ, ਸਾਬਕ ਗ਼ਦਰੀ ਆਗੂਆਂ ਅਤੇ ਫ਼ੌਜੀਆਂ ਵਿਚ ਜ਼ਬਰਦਸਤ ਰੋਹ ਵੀ ਪੈਦਾ ਕੀਤਾ। ਹਰ ਪਾਸੇ ਚਰਚਾ ਸੀ ਕਿ ਭਾਵੇਂ ਜ਼ਾਹਰਾ ਤੌਰ ਤੇ ਨਾਨਕਾਣਾ ਸਾਹਿਬ ਦਾ ਕਤਲੇਆਮ ਮਹੰਤ ਨਰੈਣ ਦਾਸ ਤੇ ਉਸ ਦੇ ਕਿਰਾਏ ਦੇ ਗੁੰਡਿਆਂ ਨੇ ਕੀਤਾ ਹੈ ਪਰ ਇਸ ਦੀ ਜ਼ਿੰਮੇਦਾਰ ਮਿਸਟਰ ਕਿੰਗ (ਚੀਫ਼ ਕਮਿਸ਼ਨਰ ਲਾਹੌਰ), ਮਿਸਟਰ ਕਰੀ (ਡੀ. ਸੀ. ਲਾਹੌਰ), ਮਿਸਟਰ ਬੌਰਿੰਗ (ਸੁਪਰਡੈਂਟ ਸੀ.ਆਈ.ਡੀ.) ਸੁੰਦਰ ਸਿੰਘ ਮਜੀਠਾ, ਗੱਜਣ ਸਿੰਘ ਲੁਧਿਆਣਾ, ਕਰਤਾਰ ਸਿੰਘ ਬੇਦੀ, ਬਸੰਤ ਦਾਸ ਮਾਣਕ, ਬੇਲਾ ਸਿੰਘ ਜਿਆਣ ਦੀ ਵੀ ਬਰਾਬਰ ਦੀ ਹੈ (ਸਰਕਾਰ ਹੀ ਨਹੀਂ ਅੰਗਰੇਜ਼ ਜੱਜਾਂ ਨੇ ਵੀ, ਡੇਢ ਸੌ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕਰਨ ਅਤੇ ਸੜਨ ਵਾਲੇ, ਮਹੰਤ ਨਾਰਾਇਣ ਦਾਸ ਦੀ ਮਦਦ ਕੀਤੀ। ਹੋਰ ਤਾਂ ਹੋਰ ਨਰੈਣ ਦਾਸ ਨੂੰ ਜਦੋਂ ਤਿਹਾੜ ਜੇਲ੍ਹ ਦਿੱਲੀ ਭੇਜਿਆ ਗਿਆ ਤਾਂ ਉਸ ਨੂੰ ਗੋਰਿਆਂ ਵਾਲੀ ਬੈਰਕ ਵਿਚ ਰੱਖਿਆ ਗਿਆ ਤੇ 'ਏ' ਕਲਾਸ ਦੀਆਂ ਸਹੂਲਤਾਂ ਮਾਣਦਾ ਰਿਹਾ)।
ਇਸ ਸਾਕੇ ਮਗਰੋਂ ਕੁਝ ਖਾੜਕੂ ਨੌਜਵਾਨ ਆਪਸ ਵਿਚ ਮਿਲੇ ਅਤੇ ਸਾਕੇ ਦੇ ਇਨ੍ਹਾਂ ਜ਼ਿੰਮੇਦਾਰ ਸ਼ਖ਼ਸਾਂ ਨੂੰ ਸੋਧਣ (ਕਤਲ ਕਰਨ) ਦਾ ਮਤਾ ਪਾਸ ਕੀਤਾ। ਇਸ ਮੁਹਿੰਮ ਵਿਚ ਮਾਸਟਰ ਮੋਤਾ ਸਿੰਘ, ਦਲੀਪ ਸਿੰਘ (ਸਾਧੜਾ), ਕਿਸ਼ਨ ਸਿੰਘ ਗੜਗੱਜ (ਬੜਿੰਗ), ਤਾਰਾ ਸਿੰਘ (ਠੇਠਰ), ਬੇਲਾ ਸਿੰਘ (ਘੋਲੀਆ), ਤੋਤਾ ਸਿੰਘ (ਪਿਸ਼ਾਵਰ), ਨਰੈਣ ਸਿੰਘ (ਚਾਟੀਵਿੰਡ), ਵਤਨ ਸਿੰਘ (ਕਨੇਡੀਅਨ) ਸ਼ਾਮਿਲ ਸਨ।
ਇਸ ਮਗਰੋਂ ਭਾਈ ਕਿਸ਼ਨ ਸਿੰਘ ਗੜਗੱਜ ਨੇ ਮਫ਼ਰੂਰ (ਚਕਰਵਰਤੀ) ਰਹਿ ਕੇ 'ਚਕਰਵਰਤੀ ਜਥਾ' ਬਣਾ ਲਿਆ। ਇਸ ਜਥੇ ਦਾ ਮਕਸਦ ਪੰਥ ਦੋਖੀਆਂ ਨੂੰ ਸਜ਼ਾ ਦੇਣਾ, ਟਾਊਟਾਂ ਤੇ ਝੋਲੀ ਚੁੱਕਾਂ ਨੂੰ ਸੋਧਣਾ, ਅੰਗਰੇਜ਼ਾਂ ਦੇ ਖ਼ਿਲਾਫ਼ ਪ੍ਰਚਾਰ ਕਰਨਾ ਸੀ। ਉਨ੍ਹੀਂ ਦਿਨੀਂ ਭਾਈ ਕਿਸ਼ਨ ਸਿੰਘ ਤੋਂ ਇਲਾਵਾ ਭਾਈ ਕਰਮ ਸਿੰਘ ਦੌਲਤਪੁਰੀ ਵੀ ਅਜਿਹਾ ਹੀ ਇਕ ਵਖਰਾ ਜਥਾ ਬਣਾ ਕੇ ਕਾਰਵਾਈਆਂ ਕਰ ਰਹੇ ਸਨ। ਕੁਝ ਚਿਰ ਮਗਰੋਂ ਇਸ ਸੋਚ ਦੇ ਸਾਰੇ ਸਿੱਖ ਇਕਠੇ ਹੋ ਗਏ ਤੇ ਉਨ੍ਹਾ ਨੇ ਸਾਂਝੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਇਕ ਖ਼ੁਫੀਆ ਅਖ਼ਬਾਰ ਵੀ ਸ਼ੁਰੂ ਕਰ ਲਿਆ। ਇਸ ਅਖ਼ਬਾਰ ਦਾ ਐਡੀਟਰ ਕਰਮ ਸਿੰਘ ਦੌਲਤਪੁਰੀ ਸੀ। ਉਹ ਆਪਣੇ ਨਾਂ ਨਾਲ 'ਬਬਰ' ਤਖ਼ੱਲੁਸ ਲਿਖਿਆ ਕਰਦਾ ਸੀ। ਹੌਲੀ-ਹੌਲੀ ਇਨ੍ਹਾਂ ਦੇ ਜਥੇ ਦਾ ਨਾਂ ਬਬਰ ਅਕਾਲੀ ਜਥਾ ਮਸ਼ਹੂਰ ਹੋ ਗਿਆ। ਇਸ ਜਥੇ ਦੀ ਅਖ਼ਬਾਰ 'ਗੜਗੱਜ ਅਕਾਲੀ' ਨੇ ਬਹੁਤ ਸਾਰੇ ਖਾੜਕੂਆਂ ਨੂੰ ਆਪਣੇ ਨਾਲ ਜੋੜ ਲਿਆ। ਹੌਲੀ-ਹੌਲੀ ਇਸ ਜਥੇ ਵਿਚ ਬਹੁਤ ਸਾਰੇ ਨੌਜਵਾਨ ਸ਼ਾਮਿਲ ਹੋ ਗਏ।
ਇਸ ਜਥੇ ਦੇ ਮੁਖ ਕਾਰਕੁੰਨ ਇਹ ਸਨ: ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੌਲਤਪੁਰੀ, ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਧੰਨਾ ਸਿੰਘ ਬਹਿਬਲਪੁਰ, ਬਿਸ਼ਨ ਸਿੰਘ ਮਾਂਗਟ, ਦਲੀਪ ਸਿੰਘ ਤੇ ਪਿਆਰਾ ਸਿੰਘ ਧਾਮੀਆਂ, ਬਾਬੂ ਸੰਤਾ ਸਿੰਘ ਨਿਧੜਕ ਹਰਿਓਂ, ਕਰਮ ਸਿੰਘ ਝਿੰਗੜ, ਦਲੀਪ ਸਿੰਘ ਸਾਧੜਾ, ਹਰਬਖ਼ਸ਼ ਸਿੰਘ ਜੱਸੋਵਾਲ, ਨੰਦ ਸਿੰਘ, ਕਰਮ ਸਿੰਘ ਹਰੀਪੁਰ, ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਵਰਿਆਮ ਸਿੰਘ ਧੁੱਗਾ, ਜਵਾਲਾ ਸਿੰਘ, ਹਜ਼ਾਰਾ ਸਿੰਘ ਮੰਡੇਰ, ਦਲੀਪ ਸਿੰਘ ਗੋਸਲ, ਬੰਤਾ ਸਿੰਘ ਪਰਾਮਪੁਰ, ਸੁੰਦਰ ਸਿੰਘ ਮਖ਼ਸੂਸਪੁਰ, ਨੰਦ ਸਿੰਘ ਘੁੜਿਆਲ, ਮੁਨਸ਼ਾ ਸਿੰਘ ਜੌਹਲ, ਜਸਵੰਤ ਸਿੰਘ ਖੁਸਰੋਪੁਰ, ਆਤਮਾ ਸਿੰਘ ਖੁਸਰੋਪੁਰ, ਉਜਾਗਰ ਸਿੰਘ ਬਿਸਰਾਮਪੁਰ, ਸ਼ਿਵ ਸਿੰਘ ਹਰੀਪੁਰ, ਮੁਣਸ਼ਾ ਸਿੰਘ ਜੌਹਲ, ਨਿਰਵੈਰ ਸਿੰਘ, ਕਰਤਾਰ ਸਿੰਘ, ਹੁਕਮ ਸਿੰਘ, ਮਹਿੰਗਾ ਸਿੰਘ, ਊਧਮ ਸਿੰਘ ਭੁਝੰਗੀ, ਮਿਲਖਾ ਸਿੰਘ, ਠਾਕਰ ਸਿੰਘ, ਬਖ਼ਸ਼ੀਸ਼ ਸਿੰਘ, ਬੂਟਾ ਸਿੰਘ (ਸਾਰੇ ਪੰਡੋਰੀ ਨਿੱਝਰਾਂ), ਹਰਨਾਮ ਸਿੰਘ ਸਹੀਪੁਰ, ਠਾਕਰ ਸਿੰਘ, ਹਰੀ ਸਿੰਘ, ਬੰਤਾ ਸਿੰਘ (ਸਾਰੇ ਦੌਲਤਪੁਰ), ਵਰਿਆਮ ਸਿੰਘ, ਕਰਤਾਰ ਸਿੰਘ, ਰਾਮ ਸਿੰਘ (ਸਾਰੇ ਮਜਾਰਾ ਕਾਂਵਾਂ), ਰਤਨ ਸਿੰਘ ਸੀਂਗੜੀਵਾਲਾ, ਰਤਨ ਸਿੰਘ ਰੱਕੜਾਂ ਬੇਟ, ਅਰਜਨ ਸਿੰਘ ਸੂੰਢ, ਆਤਮਾ ਸਿੰਘ ਬੀਕਾ, ਬਸੰਤ ਸਿੰਘ ਰੰਧਾਵਾ, ਛਜਾ ਸਿੰਘ ਮਸਾਣੀਆਂ, ਜਗਜੀਤ ਸਿੰਘ ਕਠਾਰ, ਊਧਮ ਸਿੰਘ ਜੰਡੂ ਸਿੰਘਾ, ਦੁੱਮਣ ਸਿੰਘ ਪੰਡੋਰੀ ਮਹਾਤਮਾ, ਸ਼ਾਮ ਸਿੰਘ ਰਹਿੰਸੀਵਾਲ, ਅਮਰ ਸਿੰਘ ਰਾਜੋਵਾਲ, ਵਤਨ ਸਿੰਘ ਗਣੇਸ਼ਪੁਰ, ਠਾਕਰ ਸਿੰਘ ਭਾਰਟਾ, ਮਿਲਖਾ ਸਿੰਘ ਮੋਰਾਂਵਾਲੀ, ਹਰੀ ਸਿੰਘ ਖੰਡਾ ਚੋਲਾਂ, ਹਰਬੰਸ ਸਿੰਘ ਸਰਹਾਲਾ ਕਲਾਂ, ਭਗਵਾਨ ਸਿੰਘ ਫ਼ਤਹਿਪੁਰ ਕੋਠੀ, ਛੱਜਾ ਸਿੰਘ ਜਾਣਥੂ, ਦਲੇਲ ਸਿੰਘ ਮੰਨਣਹਾਨਾ, ਸਰਦੂਲ ਸਿੰਘ ਬੂੜੋਬਾਲੀ, ਬੰਤਾ ਸਿੰਘ ਬਹਿਬਲਪੁਰ, ਸੁੰਦਰ ਸਿੰਘ ਬ੍ਰਾਹਮਣ ਕੋਟ ਫ਼ਤੂਹੀ, ਸੁਰਜਨ ਸਿੰਘ ਹਿਆਤਪੁਰ ਰੁੜਕੀ, ਧਰਮ ਸਿੰਘ ਹਿਆਤਪੁਰ ਰੁੜਕੀ, ਹਰਦਿਤ ਸਿੰਘ, ਲਾਭ ਸਿੰਘ, ਕਰਮ ਸਿੰਘ, ਕਰਨ ਸਿੰਘ, ਹਰਦਿਤ ਸਿੰਘ ਦੂਜਾ (ਸਾਰੇ ਜੱਸੋਵਾਲ), ਗੁਰਬਚਨ ਸਿੰਘ ਸਾਂਧੜਾ, ਨਰੈਣ ਸਿੰਘ ਚਾਟੀਵਿੰਡ, ਗੰਗਾ ਸਿੰਘ ਲੀਲ੍ਹ ਕਲਾਂ, ਪ੍ਰਤਾਪ ਸਿੰਘ ਛਬੀਲਪੁਰ, ਮਾਨ ਸਿੰਘ ਗੋਬਿੰਦਪੁਰ, ਬਿਅੰਤ ਸਿੰਘ ਨੰਗਲ ਕਲਾਂ, ਅਮਰ ਸਿੰਘ ਧਾਲੀਵਾਲ, ਦਰਸ਼ਨ ਸਿੰਘ, ਚੰਦਾ ਸਿੰਘ, ਦਰਬਾਰਾ ਸਿੰਘ, ਧਰਮ ਸਿੰਘ, ਮੂਲਾ ਸਿੰਘ (ਸਾਰੇ ਪਲਾਹੀ), ਭਾਨ ਸਿੰਘ ਮਾਂਗਟ, ਚੈਂਚਲ ਸਿੰਘ ਸੰਗਤਪੁਰ, ਸੁਰਜਨ ਸਿੰਘ ਡੁਮੇਲੀ, ਕਰਤਾਰ ਸਿੰਘ ਗੋਂਦਪੁਰ, ਕਰਤਾਰ ਸਿੰਘ ਵੱਡੀ ਡੁਮੇਲੀ, ਦਲੀਪ ਸਿੰਘ ਮਾਣਕੋ, ਕਰਤਾਰ ਸਿੰਘ ਡੁਮੇਲੀ ਵਗ਼ੈਰਾ।
ਬਬਰ ਅਕਾਲੀਆਂ ਨੇ ਬਹੁਤ ਸਾਰੇ ਸਰਕਾਰੀ ਟਾਊਟ, ਸਰਕਾਰੀ ਸੂਹੀਏ ਜਗੀਰਦਾਰ ਤੇ ਹੋਰ ਮੁਜਰਿਮ ਕਤਲ ਕੀਤੇ। ਉਨ੍ਹਾਂ ਨੇ ਕਈ ਜਗਹ 'ਤੇ ਡਾਕੇ ਮਾਰ ਕੇ ਅਸਲਾ ਤੇ ਦੌਲਤ ਵੀ ਲੁਟੀ। 1922 ਤੋਂ 1924 ਤੱਕ ਬਬਰ ਅਕਾਲੀ ਲਹਿਰ ਆਪਣੇ ਸਿਖਰ 'ਤੇ ਸੀ। ਇਸ ਲਹਿਰ ਦੇ ਦੌਰਾਨ ਹੀ ਕਈ ਆਗੂ ਗ੍ਰਿਫ਼ਤਾਰ ਕਰ ਲਏ ਗਏ। ਕਰਮ ਸਿੰਘ ਦੌਲਤਪੁਰ, ਬਿਸ਼ਨ ਸਿੰਘ, ਮਹਿੰਦਰ ਸਿੰਘ ਬਬੇਲੀ 'ਚ 1 ਸਤੰਬਰ 1923 ਦੇ ਦਿਨ, ਬੰਤਾ ਸਿੰਘ ਧਾਮੀਆਂ ਤੇ ਜਵਾਲਾ ਸਿੰਘ 12 ਦਸੰਬਰ 1923 ਦੇ ਦਿਨ ਮੰਡੇਰ ਵਿਚ, ਵਰਿਆਮ ਸਿੰਘ ਧੁੱਗਾ 8 ਜੂਨ 1924 ਦੇ ਦਿਨ ਐਕਸ਼ਨ ਦੇ ਦੌਰਾਨ ਸ਼ਹੀਦ ਹੋ ਗਏ। ਧੰਨਾ ਸਿੰਘ ਬਹਿਬਲਪੁਰ ਜਦ ਘਿਰ ਗਿਆ ਤਾਂ ਉਸ ਨੇ ਬੰਬ ਦਾ ਪਿੰਨ ਖਿੱਚ ਕੇ ਕਈ ਗੋਰੇ ਤੇ ਦੇਸੀ ਪੁਲਸੀਏ ਵੀ ਮਾਰ ਦਿੱਤੇ।ਬਬਰਾਂ ਦੇ ਕੇਸ ਵਿਚ 96 ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ 'ਤੇ ਮੁਕਦਮਾ ਚਲਾਇਆ ਗਿਆ। ਕੇਸ ਦੌਰਾਨ ਬਬਰਾਂ ਨੇ ਪੈਰਵੀ ਕਰਨ ਤੋਂ ਨਾਂਹ ਕਰ ਦਿੱਤੀ। ਬਲਕਿ ਕਿਸ਼ਨ ਸਿੰਘ ਗੜਗੱਜ ਨੇ ਤਾਂ ਅਦਾਲਤ ਵਿਚ ਬਿਆਨ ਦੇ ਕੇ ਸ਼ਰੇਆਮ ਐਕਸ਼ਨ ਕਰਨਾ ਕਬੂਲ ਕੀਤਾ ਅਤੇ ਕਿਹਾ ਕਿ ਅਸੀਂ ਅੰਗਰੇਜ਼ੀ ਅਦਾਲਤਾਂ ਨੂੰ ਨਹੀਂ ਮੰਨਦੇ ਅਤੇ ਧਰਮ ਵਾਸਤੇ ਜਾਨਾਂ ਦੇਣ ਵਾਸਤੇ ਹਰ ਵੇਲੇ ਤਿਆਰ ਹਾਂ।
ਗ੍ਰਿਫ਼ਤਾਰ 96 ਬਬਰਾਂ ਵਿਚੋਂ 5 ਪਹਿਲੋਂ ਹੀ ਬਰੀ ਕਰ ਦਿਤੇ ਗਏ, ਸਾਧਾ ਸਿੰਘ ਪੰਡੋਰੀ ਨਿੱਝਰਾਂ ਅਤੇ ਸੁੰਦਰ ਸਿੰਘ ਹਯਾਤਪੁਰ (13 ਦਸੰਬਰ 1924 ਦੇ ਦਿਨ) ਮੁਕੱਦਮੇ ਦੌਰਾਨ ਜੇਲ੍ਹ ਵਿਚ ਚੜ੍ਹਾਈ ਕਰ ਗਏ ਤੇ ਬਾਕੀ 89 ਵਿਚੋਂ 6 ਨੂੰ ਫ਼ਾਂਸੀ ਤੇ 49 ਨੂੰ ਵੱਖ-ਵੱਖ ਮਿਆਦ ਦੀਆਂ ਕੈਦਾ ਦਿਤੀਆਂ ਗਈਆਂ। 34 ਬਬਰਾਂ 'ਤੇ ਕੇਸ ਸਾਬਿਤ ਨਾ ਹੋ ਸਕਿਆ ਤੇ ਉਹ ਛੱਡਣੇ ਪਏ।
1991 - ਸੁਖਵਿੰਦਰ ਸਿੰਘ ਮੱਲ੍ਹੀਆਂ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ।
13 ਦਸੰਬਰ 1991 ਦੇ ਦਿਨ ਪੰਜਾਬ ਪੁਲਸ ਨੇ ਸੁਖਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਨੰਬਰਦਾਰ, ਵਾਸੀ ਮੱਲ੍ਹੀਆਂ, ਜ਼ਿਲ੍ਹਾ ਅੰਮ੍ਰਿਤਸਰ ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1992 - ਰੁਪਿੰਦਰ ਸਿੰਘ ਤਰਨਤਾਰਨ, ਊਧਮ ਸਿੰਘ, ਹਰਜਿੰਦਰ ਸਿੰਘ ਤੇ ਹਰਭਜਨ ਸਿੰਘ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ।
13 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਰੁਪਿੰਦਰ ਸਿੰਘ ਉਰਫ਼ ਭੂਪਿੰਦਰ ਸਿੰਘ ਪੁੱਤਰ ਚਰਨ ਸਿੰਘ ਰੰਘੜੀਆ, ਵਾਸੀ ਜੰਡਿਆਲਾ ਰੋਡ, ਤਰਨਤਾਰਨ, ਊਧਮ ਸਿੰਘ ਉਰਫ਼ ਪਿਸਤੌਲ, ਹਰਜਿੰਦਰ ਸਿੰਘ, ਹਰਭਜਨ ਸਿੰਘ, ਪਰਮਜੀਤ ਸਿੰਘ ਪੁੱਤਰ ਮਿਹਰ ਸਿੰਘ, ਵਾਸੀ ਪਿੰਡ ਨਾਨਕਸਰ, ਤਰਨਤਾਰਨ ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।
end-of