1518 - ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਗਏ।
ਗੁਰੂ ਨਾਨਕ ਸਾਹਿਬ ਆਪਣੀ ਤੀਜੀ ਉਦਾਸੀ ਦੌਰਾਨ ਮੱਕੇ ਗਏ ਸਨ। ਮੱਕੇ ਜਾਣ ਵਾਲੇ ਦੌਰੇ ਵਿਚ ਉਹ ਮੁਲਤਾਨ ਵੱਲੋਂ ਹੋ ਕੇ ਗਏ ਸੀਨ। ਜਦੋਂ ਗੁਰੂ ਸਾਹਿਬ ਮੁਲਤਾਨ ਗਏ ਤਾਂ ਉਥੋਂ ਦੇ ਪੀਰਾਂ ਫ਼ਕੀਰਾਂ ਨੇ ਗੁਰੂ ਸਾਹਿਬ ਨੂੰ ਦੁਧ ਦਾ ਨੱਕੋ-ਨੱਕ ਭਰਿਆ ਇਕ ਪਿਆਲਾ ਪੇਸ਼ ਕੀਤਾ। ਇਸ ਦਾ ਮਤਲਬ ਇਹ ਸੀ ਕਿ ਮੁਲਤਾਨ ਪਹਿਲੋਂ ਹੀ ਪੀਰਾਂ ਫ਼ਕੀਰਾਂ ਨਾਲ ਭਰਿਆ ਸ਼ਹਿਰ ਹੈ ਅਤੇ ਏਥੇ ਹੋਰ ਪੀਰ ਨਹੀਂ ਸਮਾਅ ਸਕਦਾ। ਗੁਰੂ ਨਾਨਕ ਸਾਹਿਬ ਨੇ ਇਕ ਫੁੱਲ ਦੀ ਪੱਤੀ ਉਸ ਦੁਧ ਉੱਤੇ ਟਿਕਾ ਦਿਤੀ। ਇਸ ਦਾ ਮਤਲਬ ਇਹ ਸੀ ਕਿ ਜੇ ਨੱਕੋ-ਨਕ ਭਰੇ ਦੁਧ ਦੇ ਪਿਆਲੇ 'ਤੇ ਇਕ ਫੁੱਲ ਦੀ ਪੱਤੀ ਟਿਕ ਸਕਦੀ ਹੈ ਤਾਂ ਪੀਰਾਂ ਫ਼ਕੀਰਾਂ ਦੇ ਸ਼ਹਿਰ ਵਿਚ 'ਪੀਰਾਂ ਦਾ ਪੀਰ' ਬਾਬਾ ਨਾਨਕ ਵੀ ਸੋਭ ਸਕਦਾ ਹੈ। ਮੁਲਤਾਨ ਵਿਚ ਗੁਰੂ ਨਾਨਕ ਸਾਹਿਬ ਅਤੇ ਬਹਾਉੱਦੀਨ ਮਖ਼ਦੂਮ ਵਿਚ ਕਈ ਵਾਰ ਧਰਮ ਚਰਚਾ ਹੋਈ। ਇਸ ਮੌਕੇ 'ਤੇ ਬਹੁਤ ਸਾਰੇ ਪੀਰ-ਫ਼ਕੀਰ ਵੀ ਚਰਚਾ ਵਿਚ ਸ਼ਾਮਿਲ ਹੋ ਕੇ ਰੂਹਾਨੀ ਇਲਮ ਦਾ ਅਨੰਦ ਲਿਆ ਕਰਦੇ ਸਨ। ਕੁਝ ਦਿਨ ਗੁਰੂ ਸਾਹਿਬ ਉੱਥੇ ਰਹੇ ਅਤੇ ਫੇਰ ਅੱਗੇ ਵਲ ਟੁਰ ਪਏ।
ਮੁਲਤਾਨ ਤੋਂ ਚਲ ਕੇ ਗੁਰੂ ਸਾਹਿਬ ਉੱਚ ਨਗਰ ਵਿਚ ਰੁਕੇ। ਉੱਚ ਨਗਰ ਵੀ ਮੁਸਲਮਾਨ ਪੀਰਾਂ ਫ਼ਕੀਰਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ। ਇਸ ਨਗਰ ਵਿਚ ਸਯਦ ਜਲਾਲ ਬੁਖ਼ਾਰੀ ਦੀ ਗੱਦੀ ਦੀ ਬੜੀ ਮਾਨਤਾ ਸੀ। ਉੱਥੇ ਗੁਰੂ ਸਾਹਿਬ ਜਲਾਲ ਬੁਖ਼ਾਰੀ ਦੇ ਗੱਦੀਦਾਰ ਸ਼ੇਖ਼ ਹਾਜੀ ਅਬਦੁਲ ਗੁਫ਼ਾਰੀ ਕੋਲ ਠਹਿਰੇ। ਉਸ ਨਾਲ ਗੁਰੂ ਸਾਹਿਬ ਨੇ ਧਰਮ ਚਰਚਾ ਕੀਤੀ। ਕੁਝ ਦਿਨ ਗੁਰੂ ਸਾਹਿਬ ਉੱਥੇ ਰਹੇ ਅਤੇ ਫੇਰ ਅੱਗੇ ਚਲ ਪਏ। ਉੱਚ ਨਗਰ ਵਿੱਚ 1947 ਤਕ ਗੁਰੂ ਨਾਨਕ ਸਾਹਿਬ ਦੀਆਂ ਖੜਾਵਾਂ, ਬੈਰਾਗਨ, ਪੱਥਰ ਦੇ ਕੜੇ, ਗੁਰਜ ਤੇ ਲੱਕੜ ਦੀ ਬੇੜੀ ਪਈਆਂ ਸਨ।

ਉੱਚ ਤੋਂ ਗੁਰੂ ਸਾਹਿਬ ਭਾਰਤ ਦੇ ਅਜੋਕੇ ਗੁਜਰਾਤ ਸੂਬੇ ਦੇ ਕੱਛ ਇਲਾਕੇ ਵਿਚ ਬਸਤਾ ਬੰਦਰ ਬੰਦਰਗਾਹ 'ਤੇ ਗਏ। ਅਜ ਕਲ੍ਹ ਇਸ ਦਾ ਨਾਂ ਲਖਪਤ ਹੈ ਤੇ ਹੁਣ ਇਹ ਇਕ ਉਜੜਿਆ ਹੋਇਆ ਕਸਬਾ ਹੈ। ਇੱਥੇ ਵੀ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਇੱਥੇ ਕੁਝ ਚਿਰ ਰੁਕਣ ਮਗਰੋਂ ਗੁਰੂ ਸਾਹਿਬ ਮੱਕੇ ਜਾਣ ਵਾਸਤੇ ਅੱਗੇ ਟੁਰ ਪਏ। ਅਜਿਹਾ ਜਾਪਦਾ ਹੈ ਕਿ ਇੱਥੋਂ ਗੁਰੂ ਸਾਹਿਬ ਨੇ ਬੇੜੀ ਰਾਹੀਂ ਸਫ਼ਰ ਕੀਤਾ ਹੋਏਗਾ। ਗੁਰੂ ਸਾਹਿਬ ਦੇ ਜ਼ਮਾਨੇ ਵਿਚ ਮੱਕੇ ਜਾਣ ਵਾਸਤੇ ਸੋਨ ਮਿਆਨੀ ਤੋਂ ਮਸਕਟ ਅਤੇ ਅਸਲ ਅਸਵਦ ਤਕ ਬੇੜੀ ਦਾ ਸਫ਼ਰ ਕੀਤਾ ਜਾਂਦਾ ਸੀ। ਅਸਲ ਅਸਵਦ ਜੱਦਾ ਤੋਂ ਤਕਰੀਬਨ 20 ਕਿਲੋਮੀਟਰ ਹੈ। ਗੁਰੂ ਨਾਨਕ ਸਾਹਿਬ, ਸ਼ਾਇਦ, ਅਸਲ ਅਸਵਦ ਦੇ ਰਸਤੇ ਹੀ ਮੱਕਾ ਗਏ ਸਨ। ਗੁਰੂ ਨਾਨਕ ਸਾਹਿਬ ਦਸੰਬਰ 1518 ਵਿਚ ਮੱਕਾ ਪੁੱਜੇ ਸਨ। ਉਸ ਸਾਲ ਹੱਜ 20 ਦਸੰਬਰ ਨੂੰ ਸੀ।
ਗੁਰੂ ਨਾਨਕ ਸਾਹਿਬ ਦੀ ਮੱਕਾ ਫੇਰੀ ਬਾਰੇ ਦੋ ਸਾਖੀਆਂ ਬਹੁਤ ਮਸ਼ਹੂਰ ਹਨ। ਪਹਿਲੀ ਸਾਖੀ ਇਹ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਉੱਚ ਤੋਂ ਮੱਕੇ ਵਲ ਚਲੇ ਸਨ ਤਾਂ ਮੁਲਤਾਨ ਦੇ ਮਖ਼ਦੂਮ ਬਹਾਉੱਦੀਨ ਅਤੇ ਉੱਚ ਦੇ ਹਾਜੀ ਅਬਦੁਲ ਬੁਖ਼ਾਰੀ ਵੀ ਉਨ੍ਹਾਂ ਨਾਲ ਚੱਲੇ ਸਨ। ਉਹ ਦੋਵੇਂ ਖ਼ੁਸ਼ਕੀ ਦੇ ਰਸਤੇ ਤੋਂ (ਈਰਾਨ, ਈਰਾਕ ਦੇ ਰਸਤੇ) ਮੱਕੇ ਗਏ ਸਨ ਤੇ ਗੁਰੂ ਨਾਨਕ ਸਾਹਿਬ ਸਮੁੰਦਰ ਦੇ ਰਸਤੇ ਬੇੜੀ ਰਾਹੀਂ ਮੱਕੇ ਗਏ। ਬੇੜੀ ਰਾਹੀਂ ਮੱਕੇ ਦਾ ਸਫ਼ਰ ਛੇਤੀ ਤੈਅ ਹੋ ਜਾਂਦਾ ਹੈ। ਸੋ, ਗੁਰੂ ਸਾਹਿਬ ਪਹਿਲੋਂ ਪਹੁੰਚ ਗਏ ਅਤੇ ਦੋਵੇਂ ਮੁਸਲਮਾਨ ਗੱਦੀਦਾਰ ਮਗਰੋਂ ਪੁਜੇ। ਗੁਰੂ ਨਾਨਕ ਸਾਹਿਬ ਨੂੰ ਪਹਿਲੋਂ ਪੁੱਜਾ ਵੇਖ ਕੇ ਉਨ੍ਹਾਂ ਨੇ ਇਹ ਸਮਝਿਆ ਕਿ ਗੁਰੂ ਨਾਨਕ ਸਾਹਿਬ ਕਿਸੇ ਗ਼ੈਬੀ ਤਾਕਤ ਨਾਲ ਉੱਡ ਕੇ ਮੱਕੇ ਪੁਜੇ ਹਨ।ਦੂਜੀ ਸਾਖੀ ਮੁਤਾਬਿਕ ਗੁਰੂ ਨਾਨਕ ਸਾਹਿਬ ਰਾਤ ਸੌਣ ਵੇਲੇ ਕਾਅਬੇ ਵਲ ਪੈਰ ਕਰ ਕੇ ਸੌਂ ਗਏ। ਤੜਕੇ ਜਦੋਂ ਜੀਵਣ ਨਾਂ ਦੇ ਇਕ ਹਾਜੀ ਨੇ ਗੁਰੂ ਸਾਹਿਬ ਨੂੰ ਕਾਅਬੇ ਵਲ ਪੈਰ ਕਰ ਕੇ ਸੁੱਤੇ ਵੇਖਿਆ ਤਾਂ ਉਸ ਨੇ ਪੈਰ ਨਾਲ ਗੁਰੂ ਸਾਹਿਬ ਨੂੰ ਹਿਲਾਇਆ ਅਤੇ ਆਖਿਆ ਕਿ ਤੁਸੀਂ ਰੱਬ ਦੇ ਘਰ ਵਲ ਪੈਰ ਕਰ ਕੇ ਸੁੱਤੇ ਪਏ ਹੋ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਇਸਲਾਮ ਤਾਂ ਕਹਿੰਦਾ ਹੈ ਕਿ ਖ਼ੁਦਾ ਤਾਂ ਉੱਲ-ਆਲਮੀਨ (ਸਾਰੇ ਪਾਸੇ ਮੌਜੂਦ) ਹੈ। ਪਰ ਫਿਰ ਵੀ ਜੇ ਤੁਹਾਡਾ ਦਿਲ ਨਹੀਂ ਮੰਨਦਾ ਤਾਂ ਭਾਈ ਮੇਰੇ ਪੈਰ ਉਸ ਪਾਸੇ ਵਲ ਕਰ ਦੇ ਜਿਸ ਪਾਸੇ ਖ਼ੁਦਾ ਦਾ ਘਰ ਨਹੀਂ। ਇਸ ਤੇ ਜੀਵਣ ਨੇ ਗੁਰੂ ਸਾਹਿਬ ਦੇ ਪੈਰ ਫੜ ਕੇ ਸਚਮੁਚ ਦੂਜੇ ਪਾਸੇ ਕਰ ਦਿੱਤੇ। ਗੁਰੂ ਸਾਹਿਬ ਨੇ ਜੀਵਣ ਨੂੰ ਪੁਛਿਆ ਕਿ ਜਿਸ ਪਾਸੇ ਵਲ ਮੇਰੇ ਪੈਰ ਕੀਤੇ ਹਨ ਕੀ ਉਸ ਪਾਸੇ ਵੱਲ ਰਬ ਨਹੀਂ ਹੈ? ਜੀਵਣ ਕੋਲ ਕੋਈ ਜਵਾਬ ਨਹੀਂ ਸੀ। ਅਖ਼ੀਰ ਜੀਵਣ ਨੇ ਹਥਿਆਰ ਸੁਟ ਦਿਤੇ ਤੇ ਗੁਰੂ ਸਾਹਿਬ ਤੋਂ ਮੁਆਫ਼ੀ ਮੰਗੀ। ਗੁਰੂ ਸਾਹਿਬ ਨੇ ਹਾਜ਼ਰ ਲੋਕਾਂ ਨੂੰ ਕੁਰਾਨ 'ਚੋਂ ਇਕ ਆਇਤ ਸੁਣਾ ਕੇ ਸਮਝਾਇਆ ਕਿ 'ਰੱਬ ਉਲ ਆਲਮੀਨ' (ਹਰ ਥਾਂ ਮੌਜੂਦ) ਹੈ। ਇਸ ਘਟਨਾ ਨੂੰ 'ਮੱਕਾ ਫੇਰਨਾ' ਆਖ ਕੇ ਯਾਦ ਕੀਤਾ ਜਾਂਦਾ ਹੈ।ਇਸ ਕੌਤਕ ਮਗਰੋਂ ਲੋਕ ਗੁਰੂ ਸਾਹਿਬ ਦੇ ਦੁਆਲੇ ਜੁੜ ਗਏ ਅਤੇ ਧਰਮ ਚਰਚਾ ਕਰਨ ਲਗ ਪਏ। ਉਨ੍ਹਾਂ 'ਚੋਂ ਇਕ ਨੇ ਪੁਛਿਆ ਕਿ "ਕਿਤਾਬ" (ਫ਼ਿਲਾਸਫ਼ੀ) ਮੁਤਾਬਿਕ (ਫ਼ਲਸਫ਼ੇ ਮੁਤਾਬਿਕ) ਹਿੰਦੂ ਵੱਡਾ ਹੈ ਕਿ ਮੁਸਲਮਾਨ? ਗੁਰੂ ਨਾਨਕ ਸਾਹਿਬ ਨੇ ਆਖਿਆ ਕਿਸੇ ਵੀ ਧਰਮ ਵਾਲੇ ਮਾਂ-ਬਾਪ ਦੇ ਘਰ ਜੰਮ ਪੈਣ ਨਾਲ ਆਦਮੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਜੋ ਇਨਸਾਨ ਸੱਚ ਦੇ ਰਸਤੇ 'ਤੇ ਚਲਦਾ ਹੈ, ਧਰਮ 'ਤੇ ਪੂਰਾ ਅਮਲ ਕਰਦਾ ਹੈ ਅਤੇ ਸੱਚ ਦੀ ਜ਼ਿੰਦਗੀ ਜੀਂਦਾ ਹੈ, ਉਹੀ ਵੱਡਾ ਹੈ। ਸਿਰਫ਼ ਬਾਹਰੀ ਪਹਿਰਾਵਾ ਰਖਣਾ ਤੇ ਕਰਮ ਕਾਂਡ ਧਰਮ ਨਹੀਂ। ਅਸਲ ਧਰਮ ਹੈ: ਸੱਚ ਦੀ ਜ਼ਿਦਗੀ ਜੀਣਾ। ਗੁਰੂ ਨਾਨਕ ਸਾਹਿਬ ਕੁਝ ਦਿਨ ਮੱਕੇ ਰਹੇ ਤੇ ਫੇਰ ਮਦੀਨੇ ਵਲ ਚਲੇ ਗਏ।ਅੱਜ ਕਲ੍ਹ ਕੁਝ ਮੁਸਲਮਾਨਾਂ ਨੇ ਪਰਚਾਰ ਸ਼ੁਰੂ ਕੀਤਾ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਮੱਕੇ ਨਹੀਂ ਗਏ ਸਨ ਅਤੇ ਜੇ ਗਏ ਸਨ ਤਾਂ ਉਹ ਇਕ ਮੁਸਲਮਾਨ ਵਜੋਂ ਗਏ ਹੋਣਗੇ। ਦਰਅਸਲ ਇਹ ਲੋਕ ਅੱਜ ਦੇ ਹਿਸਾਬ ਨਾਲ ਗੱਲ ਕਰਦੇ ਹਨ। ਹੁਣ ਮੱਕਾ ਵਿਚ ਕੋਈ ਗ਼ੈਰ ਮੁਸਲਮਾਨ ਨਹੀਂ ਜਾ ਸਕਦਾ ਜਦ ਕਿ ਦੋ ਸੌ ਸਾਲ ਪਹਿਲਾਂ ਅਜਿਹੀ ਕੋਈ ਪਾਬੰਦੀ ਨਹੀਂ ਸੀ; ਉਦੋਂ ਈਸਾਈ ਵੀ ਜਾ ਚੁਕੇ ਸਨ। ਦੂਜਾ ਉਦੋਂ ਮੱਕੇ ਵਿਚ ਗ਼ੈਰ ਮੁਸਲਮਾਨਾਂ 'ਤੇ ਨਹੀਂ ਬਲਕਿ ਬੂਤ ਪੂਜਣ ਵਾਲਿਆਂ 'ਤੇ (ਉਦੋਂ ਅਰਬ ਦੇ ਬਹੁਤੇ ਲੋਕ ਬੁਤ ਪੂਜਦੇ ਹੁੰਦੇ ਸਨ) ਪਾਬੰਦੀ ਸੀ ਤੇ ਗੁਰੂ ਨਾਨਕ ਸਾਹਿਬ ਬੁੱਤ ਪੂਜਣ ਦੇ ਮੁਖ਼ਾਲਿਫ਼ ਸਨ। ਕੁਰਾਨ ਵਿਚ (ਸੁਰਾ 9, ਆਇਤ 28 ਵਿਚ, ਪੰਜਾਬੀ ਤਰਜਮਾ, ਸਫ਼ਾ 409 'ਤੇ) ਲਿਖਿਆ ਹੈ ਕਿ "ਹੇ ਸ਼ਰਧਾਲੂਓ! ਮੁਸ਼ਰਿਕ ਲੋਕ (ਬੁਤ ਪੂਜਣ ਵਾਲੇ) ਯਕੀਨਨ ਪਲੀਤ ਹਨ (ਯਾਨਿ ਉਨ੍ਹਾਂ ਦੇ ਦਿਲ ਸੁੱਚੇ ਨਹੀਂ ਹਨ); ਇਸ ਕਰ ਕੇ ਇਸ ਸਾਲ ਤੋਂ ਮਗਰੋਂ ਉਨ੍ਹਾਂ ਨੂੰ ਪਾਕਿ ਮਸੀਤ (ਕਾਬੇ) ਵਿਚ ਨਾ ਵੜਨ ਦਿੱਤਾ ਜਾਵੇ।" ਇਸ ਵਿਚ ਸਾਫ਼ ਜ਼ਿਕਰ ਹੈ ਕਿ "ਮਸੀਤ ਦੇ ਅੰਦਰ" ਨਾ ਵੜਨ ਦਿੱਤਾ ਜਾਵੇ। ਪਰ ਹੁਣ ਦੇ ਵਹਾਬੀਆਂ ਨੇ ਸਾਰਾ ਸ਼ਹਿਰ ਹੀ ਬੈਨ ਕਰ ਦਿੱਤਾ ਹੈ। ਇਹ ਲੋਕ ਇਹ ਵੀ ਨਹੀਂ ਜਾਣਦੇ ਕਿ ਕੁਰਾਨ ਸ਼ਰੀਫ਼ ਵਿਚ ਤਾਂ ਇਹ ਵੀ ਲਿਖਿਆ ਹੈ ਕਿ ਹਜ਼ਰਤ ਮੁਹੰਮਦ ਨੇ ਤਾਂ ਇਕਰਮਾ ਵਰਗੇ ਗ਼ੈਰ ਮੁਸਲਮਾਨ ਨੂੰ ਮੱਕੇ ਵਿਚ ਰਹਿਣ ਦੀ ਇਜਾਜ਼ਤ ਵੀ ਦਿੱਤੀ ਹੋਈ ਸੀ (ਸੂਰਤ 9, ਆਇਤ 2, ਪੰਜਾਬੀ ਤਰਜਮਾ ਸਫ਼ਾ 396)।

1983 - ਸੁਖਦੇਵ ਸਿੰਘ ਬੱਬਰ ਨੇ 35 ਬੰਦਿਆਂ ਨੂੰ ਕਤਲ ਕਰਨਾ ਮੰਨਿਆ।
1983 ਵਿਚ, ਦਰਬਾਰ ਸਾਹਿਬ ਦੀਆਂ ਸਰਾਵਾਂ ਵਿਚ, ਭਿੰਡਰਾਂਵਾਲਿਆਂ ਦਾ ਜਥਾ ਅਤੇ ਬੱਬਰ ਖਾਲਸਾ (ਸੁਖਦੇਵ ਸਿੰਘ ਗਰੁਪ) ਦੇ ਕਈ ਕਾਰਕੁੰਨ ਰਹਿ ਰਹੇ ਸਨ। ਮੌਜੂਦਾ ਖਾੜਕੂ ਲਹਿਰ ਦੇ ਪਹਿਲੇ ਐਕਸ਼ਨ ਬੱਬਰ ਖਾਲਸਾ ਨੇ, ਜਥੇਦਾਰ ਤਲਵਿੰਦਰ ਸਿੰਘ ਦੀ ਅਗਵਾਈ ਵਿਚ ਕੀਤੇ ਸਨ, ਪਰ ਵਧੇਰੇ ਚਰਚਾ ਭਿੰਡਰਾਂਵਾਲਿਆਂ ਦਾ ਹੋਇਆ ਸੀ ਤੇ ਬੱਬਰ ਖਾਲਸਾ ਨੂੰ ਕੋਈ ਨਹੀਂ ਸੀ ਜਾਣਦਾ। ਇਸ ਕਰ ਕੇ ਸਿੱਖਾਂ ਵੱਲੋਂ ਖਾੜਕੂਆਂ ਵਾਸਤੇ ਆਉਣ ਵਾਲੇ ਫ਼ੰਡ ਵੀ ਭਿੰਡਰਾਂਵਾਲਿਆਂ ਨੂੰ ਹੀ ਪੁੱਜਦੇ ਸਨ। ਬੱਬਰ ਖਾਲਸਾ ਦਾ ਸੁਖਦੇਵ ਸਿੰਘ ਗਰੁਪ ਇਸ ਤੋਂ ਔਖਾ ਸੀ। ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਜ਼ਾਹਰ ਕਰਨ ਦੀ ਪਲਾਨ ਬਣਾਈ। ਉਨ੍ਹਾਂ ਨੇ ਭਿੰਡਰਾਂਵਾਲਿਆਂ ਦੇ ਖ਼ਿਲਾਫ਼ ਵੀ ਬੋਲਣਾ ਸ਼ੁਰੂ ਕਰ ਦਿੱਤਾ। ਭਾਵੇਂ ਦੋਹਾਂ ਵਿਚ ਝਗੜਾ 1982 'ਚ ਹੀ ਸ਼ੁਰੂ ਹੋ ਗਿਆ ਸੀ ਪਰ 1983 ਦੀਆਂ ਗਰਮੀਆਂ ਵਿਚ ਦੋਵੇਂ ਧੜੇ ਇਕ ਦੂਜੇ ਨੂੰ ਬਹੁਤ ਨਫ਼ਰਤ ਕਰਨ ਲੱਗ ਪਏ ਸਨ। ਇਧਰ ਦਰਬਾਰ ਸਾਹਿਬ ਕੰਪਲੈਕਸ ਵਿਚ ਦੋਹਾਂ ਵਿਚਕਾਰ 'ਆਪਣਾ ਦਬਕਾ ਕਾਇਮ ਕਰਨ' ਦੀ ਕਸ਼ਮਕਸ਼ ਵੀ ਚਲ ਰਹੀ ਸੀ।
ਇਸ ਮਾਹੌਲ ਵਿਚ ਕੁਝ ਸਿਆਣਿਆਂ ਨੇ ਭਿੰਡਰਾਂਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਟਕਰਾਅ ਵਿਚ ਨਾ ਆਉਣ। ਇਸ ਕਰ ਕੇ ਉਹ 15 ਦਸੰਬਰ 1983 ਨੂੰ ਅਕਾਲ ਤਖ਼ਤ ਸਾਹਿਬ ਦੇ ਨਾਲ ਲਗਵੀਂ ਇਮਾਰਤ ਵਿਚ ਚਲੇ ਗਏ। ਹੁਣ ਗੁਰੂ ਨਾਨਕ ਨਿਵਾਸ 'ਤੇ ਸਿਰਫ਼ ਸੁਖਦੇਵ ਸਿੰਘ ਧੜੇ ਦਾ ਕਬਜ਼ਾ ਹੀ ਰਹਿ ਗਿਆ ਸੀ। ਪਰ ਹੁਣ ਸਿੱਖ ਨੌਜਵਾਨ ਗੁਰੂ ਨਾਨਕ ਨਿਵਾਸ ਦੀ ਥਾਂ ਭਿੰਡਰਾਂਵਾਲਿਆਂ ਕੋਲ ਅਕਾਲ ਤਖ਼ਤ ਸਹਿਬ ਅਤੇ ਉਨ੍ਹਾਂ ਦੇ ਦੀਵਾਨ ਲਾਉਣ ਵਾਲੀ ਜਗਹ ਗੁਰੂ ਰਾਮਦਾਸ ਸਾਹਿਬ ਦੀ ਛੱਤ 'ਤੇ ਜਾਣੇ ਸ਼ੁਰੂ ਹੋ ਗਏ। ਇਸ ਨੂੰ ਵੇਖ ਕੇ ਸੁਖਦੇਵ ਸਿੰਘ ਬੱਬਰ ਨੇ ਆਪਣੀ ਹੋਂਦ ਦਾ ਇਜ਼ਹਾਰ ਕਰਨ ਦਾ ਫ਼ੈਸਲਾ ਕਰ ਲਿਆ। ਸੁਖਦੇਵ ਸਿੰਘ ਨੇ 20 ਦਸੰਬਰ 1983 ਨੂੰ ਇਕ ਪ੍ਰੈਸ ਕਾਨਫ਼ਰੰਸ ਕਰ ਕੇ 35 ਨਿਰੰਕਾਰੀਆਂ ਅਤੇ ਜ਼ਾਲਮ ਪੁਲਸੀਆਂ ਦੇ ਕਤਲਾਂ ਦਾ ਜ਼ਿੰਮਾ ਆਪਣੀ ਜੱਥੇਬੰਦੀ ਸਿਰ ਲੈ ਲਿਆ।
ਇਸ ਵੇਲੇ ਬਬਰ ਖ਼ਾਲਸਾ ਦੇ ਫ਼ਾਊਂਡਰ ਤੇ ਮੁਖੀ ਜਥੇਦਾਰ ਤਲਵਿੰਦਰ ਸਿੰਘ ਜਰਮਨ ਦੀ ਇਕ ਜੇਲ੍ਹ ਵਿਚ ਸਨ। ਸੁਖਦੇਵ ਸਿੰਘ ਨੇ ਇਹ ਬਿਆਨ ਉਨ੍ਹਾਂ ਦੀ ਰਜ਼ਾਮੰਦੀ ਤੋਂ ਬਿਨਾਂ ਦਿੱਤਾ ਸੀ। ਕੁਝ ਚਿਰ ਮਗਰੋਂ ਬੱਬਰ ਖ਼ਾਲਸਾ ਦੇ ਵੀ ਦੋ ਹਿੱਸੇ ਹੋ ਗਏ। ਇਸ ਮਗਰੋਂ ਬੱਬਰ ਖ਼ਾਲਸਾ ਐਕਸ਼ਨਾਂ ਦੇ ਅਸਲ ਹੀਰੋ ਅਮਰਜੀਤ ਸਿੰਘ ਖੇਮਕਰਨ, ਗੁਰਨਾਮ ਸਿੰਘ ਕਾਂਸਟੇਬਲ ਤੇ ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਵਗ਼ੈਰਾ ਸੁਖਦੇਵ ਸਿੰਘ ਨੂੰ ਛੱਡ ਕੇ ਬਾਬਾ ਜਰਨੈਲ ਸਿੰਘ ਦੇ ਕੈਂਪ ਵਿਚ ਸ਼ਾਮਿਲ ਹੋ ਗਏ। ਇਸ ਦੇ ਨਾਲ ਹੀ ਦੋਹਾਂ ਧੜਿਆਂ ਵਿਚ ਆਪਣੀ ਹਸਤੀ ਮੰਨਵਾਉਣ ਦੀ ਜੰਗ ਸ਼ੁਰੂ ਹੋ ਗਈ।
1991 - ਕੁਲਵਿੰਦਰ ਸਿੰਘ ਓਠੀਆਂ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
20 ਦਸੰਬਰ 1991 ਦੇ ਦਿਨ ਪੰੰਜਾਬ ਪੁਲਿਸ ਨੇ ਕੁਲਵਿੰਦਰ ਸਿੰਘ ਪੁੱਤਰ ਅਜਾਇਬ ਸਿੰਘ, ਵਾਸੀ ਓਠੀਆਂ, ਜ਼ਿਲ੍ਹਾ ਅੰਮ੍ਰਿਤਸਰ ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1992 - ਸੁਦਾਗਰ ਸਿੰਘ ਬਖ਼ਤਾਰੀ, ਬਹਾਦਰ ਸਿੰਘ ਬਖ਼ਤਾਰੀ ਅਤੇ ਹੀਰਾ ਸਿੰਘ ਠੱਠੀਆਂ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਹੋ ਗਏ।
20 ਦਸੰਬਰ 1992 ਦੇ ਦਿਨ ਪੰੰਜਾਬ ਪੁਲਿਸ ਨੇ ਸੁਦਾਗਰ ਸਿੰਘ ਪੁੱਤਰ ਹਰੀ ਸਿੰਘ ਤੇ ਬਹਾਦਰ ਸਿੰਘ ਪੁੱਤਰ ਹਰੀ ਸਿੰਘ ਦੋਵੇਂ ਵਾਸੀ ਬਖ਼ਤਾਰੀ, ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ, ਤੇ ਹੀਰਾ ਸਿੰਘ ਪੁੱਤਰ ਰਾਮ ਸਿੰਘ, ਵਾਸੀ ਠੱਠੀਆਂ ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।
1993 - ਬਿੱਕਰ ਸਿੰਘ ਗੁਰਬਖ਼ਸ਼ਪੁਰਾ ਅਤੇ ਭਗਵਾਨ ਸਿੰਘ ਕੁੰਭੜਵਾਲ ਦੀ ਨਕਲੀ ਮੁਕਾਬਲਿਆਂ ਵਿੱਚ ਸ਼ਹੀਦੀ ਹੋਈ।
20 ਦਸੰਬਰ 1993 ਦੇ ਦਿਨ ਪੰੰਜਾਬ ਪੁਲਸ ਨੇ ਬਿੱਕਰ ਸਿੰਘ ਪੁੱਤਰ ਪ੍ਰਿਥੀ ਸਿੰਘ, ਵਾਸੀ ਗੁਰਬਖ਼ਸ਼ਪੁਰਾ, ਨੇੜੇ ਟਿੱਬਾ, ਜ਼ਿਲ੍ਹਾ ਸੰਗਰੂਰ, ਤੇ ਭਗਵਾਨ ਸਿੰਘ ਪੁੱਤਰ ਚਿੰਤਨ ਸਿੰਘ, ਵਾਸੀ ਕੁੰਭੜਵਾਲ, ਜ਼ਿਲ੍ਹਾ ਸੰਗਰੂਰ ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।
2011 - ਪੰਜਾਬ ਹਾਈਕੋਰਟ ਨੇ 'ਸਹਿਧਾਰੀਆਂ' ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਹੱਕ ਖੋਹਣ ਬਾਰੇ ਨੋਟੀਫ਼ੀਕੇਸ਼ਨ ਰੱਦ ਕੀਤਾ।
20 ਦਸੰਬਰ 2011 ਦੇ ਦਿਨ ਪੰਜਾਬ ਹਾਈਕੋਰਟ ਨੇ 8 ਅਕਤੂਬਰ 2003 ਦਾ 'ਸਹਿਧਾਰੀਆਂ' ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੋਟ ਪਾਉਣ ਦਾ ਹੱਕ ਖੋਹਣ ਬਾਰੇ ਨੋਟੀਫ਼ੀਕੇਸ਼ਨ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਸਤੰਬਰ 2011 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਰੱਦ ਕਰ ਦਿੱਤੀਆਂ। 4 ਅਕਤੂਬਰ 2013 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰ ਦਿੱਤੀ। ਮਗਰੋਂ ਅਪਰਲ 2016 ਵਿਚ ਭਾਰਤੀ ਪਾਰਲੀਮੈਂਟ ਨੇ ਅਖੌਤੀ ਸਹਿਜਧਾਰੀਆਂ ਦਾ ਵੋਟਾਂ ਦਾ ਹੱਕ ਖ਼ਤਮ ਕਰਨ ਸਬੰਧੀ ਕਾਨੂੰਨ ਪਾਸ ਕਰ ਦਿੱਤਾ ਜਿਸ ਨਾਲ ਇਹ ਕੇਸ਼ ਆਪਣੇ ਆਪ ਖ਼ਤਮ ਹੋ ਗਿਆ।
end-of