ਅੱਜ ਦਾ ਇਤਿਹਾਸ 6 ਦਸੰਬਰ
Published : Dec 5, 2017, 10:28 pm IST
Updated : Dec 5, 2017, 4:58 pm IST
SHARE ARTICLE

1705 - ਸ਼ਾਹੀ ਟਿੱਬੀ, ਝੱਖੀਆਂ ਅਤੇ ਮਲਕਪੁਰ ਵਿੱਚ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ।  
5 'ਤੇ 6 ਦਸੰਬਰ ਦੀ ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ 500 ਸਿੱਖਾਂ ਨਾਲ ਕਿਲ੍ਹਾ ਛੱਡ ਦਿੱਤਾ ਅਤੇ ਰੋਪੜ ਵੱਲ ਚੱਲ ਪਏ। ਅਜੇ ਗੁਰੂ ਸਾਹਿਬ ਕੀਰਤਪੁਰ ਲੰਘੇ ਹੀ ਸਨ ਕਿ ਪਿੱਛੋਂ ਪਹਾੜੀ ਅਤੇ ਮੁਗ਼ਲ ਫ਼ੌਜਾਂ ਨੇ ਤੀਰਾਂ ਅਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਭਾਈ ਉਦੈ ਸਿੰਘ ਨੂੰ ਸ਼ਾਹੀ ਟਿੱਬੀ 'ਤੇ ਤਾਇਨਾਤ ਕੀਤਾ 'ਤੇ ਉਸ ਨੂੰ ਪੰਜਾਹ ਸਿੰਘ ਲੜਨ ਵਾਸਤੇ ਦਿੱਤੇ। ਉਨ੍ਹਾਂ ਭਾਈ ਉਦੈ ਸਿੰਘ ਨੂੰ ਆਖਿਆ ਕਿ ਪਿੱਛੇ ਆ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਖਣਾ ਕਿ ਉਹ ਉੱਥੇ ਨਾ ਰੁਕਣ ਅਤੇ ਕੋਟਲਾ ਨਿਹੰਗ ਚਲੇ ਜਾਣ। ਇਸ ਮਗਰੋਂ ਆਪ ਨੇ ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦਿਆਂ ਤੇ ਦੋ ਸੇਵਾਦਾਰਾਂ (ਦੁੱਨਾ ਸਿੰਘ ਤੇ ਬੀਬੀ ਸੁਭਿੱਖੀ) ਨਾਲ ਸਰਸਾ ਨਦੀ ਨੂੰ ਪਾਰ ਕੀਤਾ। ਇਨ੍ਹਾਂ ਪਿੱਛੇ ਆ ਰਿਹਾ ਵਹੀਰ ਵੀ ਸਰਸਾ ਪਾਰ ਕਰ ਗਿਆ। ਗੁਰੂ ਸਾਹਿਬ ਨੇ ਇਕ ਸੌ ਸਿੰਘਾਂ ਨੂੰ ਆਖਿਆ ਕਿ ਉਹ ਉੱਥੇ ਰੁਕ ਕੇ ਪਿੱਛੇ ਆ ਰਹੀਆਂ ਫ਼ੌਜਾਂ ਦਾ ਰਾਹ ਡੱਕਣ। ਹੁਣ ਤਿੰਨੇ ਜੱਥੇ ਦੁਸ਼ਮਣ ਦੀ ਫ਼ੌਜ ਦਾ ਰਾਹ ਰੋਕਣ ਵਾਸਤੇ ਡਟੇ ਹੋਏ ਸਨ -
 ਭਾਈ ਉਦੈ ਸਿੰਘ ਸ਼ਾਹੀ ਟਿੱਬੀ 'ਤੇ,
ਭਾਈ ਜੀਵਨ ਸਿੰਘ, ਸਰਸਾ ਨਦੀ ਤੋਂ ਕੁਝ ਪਹਿਲਾਂ, ਪਿੰਡ ਝੱਖੀਆਂ ਕੋਲ
ਅਤੇ ਤੀਜਾ ਜੱਥਾ ਸਰਸਾ ਨਦੀ ਦੇ ਦੂਜੇ ਕੰਢੇ 'ਤੇ ਸੀ।
ਚੌਥਾ ਜੱਥਾ ਭਾਈ ਬਚਿਤਰ ਸਿੰਘ ਦਾ ਸਰਸਾ ਪਾਰ ਕੇ ਰੋਪੜ ਵੱਲ ਰਵਾਨਾ ਹੋ ਚੁੱਕਾ ਸੀ। ਥੋੜ੍ਹੇ ਚਿਰ ਵਿੱਚ ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦੇ ਅਤੇ ਦੋ ਸੇਵਾਦਾਰ ਦੂਰ ਨਿੱਕਲ ਕੇ ਚਮਕੌਰ ਵੱਲ ਚਲੇ ਗਏ ਸਨ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਬਖ਼ਸ਼ਿਸ਼ ਸਿੰਘ ਭਾਈ ਗੁਰਬਖ਼ਸ਼ੀਸ਼ ਸਿੰਘ ਅਤੇ ਕੁਝ ਹੋਰ ਸਾਥੀ ਸਿੰਘ ਕੋਟਲਾ ਨਿਹੰਗ ਵਿੱਚ ਪਹੁੰਚ ਚੁੱਕੇ ਸਨ।  
ਪਿੱਛੋਂ ਆ ਰਹੀ ਪਹਾੜੀ ਫ਼ੌਜ ਨੇ ਪਹਿਲਾਂ ਤਾਂ ਭਾਈ ਜੀਵਨ ਸਿੰਘ ਦੇ ਜੱਥੇ 'ਤੇ ਹਮਲਾ ਕੀਤਾ। ਪਿੰਡ ਝੱਖੀਆਂ ਵਿੱਚ ਹੋਈ ਇਸ ਲੰਬੀ ਲੜਾਈ ਵਿੱਚ ਭਾਈ ਜੀਵਨ ਸਿੰਘ ਰੰਘੇਰਟਾ, ਬੀਬੀ ਭਿੱਖਾਂ (ਬੇਟੀ ਬਜਰ ਸਿੰਘ ਤੇ ਸਿੰਘਣੀ ਭਾਈ ਆਲਮ ਸਿੰਘ 'ਨੱਚਣਾ') ਅਤੇ ਇੱਕ ਸੌ ਸਿੰਘ ਸ਼ਹੀਦ ਹੋ ਗਏ। ਇਸ ਲੜਾਈ ਦਾ ਜ਼ਿਕਰ ਭੱਟ ਵਹੀ ਮੁਲਤਾਨੀ ਸਿੰਧੀ 'ਚ ਇੰਞ ਮਿਲਦਾ ਹੈ -
"ਜੀਵਨ ਸਿੰਘ ਬੇਟਾ ਅਗਿਆ ਕਾ, ਪੋਤਾ ਦੁੱਲੇ ਕਾ...ਬਾਸੀ ਦਿੱਲੀ, ਮਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ...ਰਾਣੇ ਦੀ ਫ਼ੌਜ ਗੈਲ ਦਸ ਘਰੀ ਜੂਝ ਕੇ ਮਰਾ। ਆਗੇ ਗੁਰੂ ਭਾਣੇ ਕਾ ਖਾਵਿੰਦ ਗੁਰੂ ਕੀ ਗਤਿ ਗੁਰੂ ਜਾਨੇ। ਗੁਰੂ ਗੁਰੂ ਜਪਨਾ ਜਨਮ ਸਉਰੈਗਾ।" (ਭੱਟ ਵਹੀ ਮੁਲਤਾਨੀ ਸਿੰਧੀ)

ਦੂਜੀ ਲੜਾਈ ਸ਼ਾਹੀ ਟਿੱਬੀ 'ਤੇ ਹੋਈ। ਇਸ ਲੜਾਈ ਵਿੱਚ ਭਾਈ ਉਦੈ ਸਿੰਘ ਅਤੇ ਪੰਜਾਹ ਸਿੰਘ ਸ਼ਹੀਦ ਹੋ ਗਏ। ਭਾਈ ਉਦੈ ਸਿੰਘ ਨੇ ਦਸਵੇਂ ਪਾਤਸ਼ਾਹ ਵਰਗਾ ਜੋੜਾ ਜਾਮਾ ਪਹਿਨਿਆ ਹੋਇਆ ਸੀ। ਅਜਮੇਰ ਚੰਦ ਨੇ ਭਾਈ ਉਦੈ ਸਿੰਘ ਸ਼ਹੀਦ ਹੋਏ ਵੇਖ ਕੇ ਉਸ ਦੇ ਕੱਪੜਿਆਂ ਕਰ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਮਝ ਲਿਆ ਅਤੇ ਉਸ ਦਾ ਸਿਰ ਕਟਵਾ ਕੇ ਰੋਪੜ ਦੇ ਨਵਾਬ ਵੱਲ ਭੇਜ ਦਿੱਤਾ ਤੇ ਰੌਲਾ ਪਾ ਦਿੱਤਾ ਕਿ 'ਅਸੀਂ ਗੁਰੂ ਨੂੰ ਮਾਰ ਲਿਆ ਹੈ।' ਇਸ ਲੜਾਈ ਨੂੰ ਭੱਟ ਵਹੀ ਕਰਸਿੰਧੂ ਇੰਞ ਬਿਆਨ ਕਰਦੀ ਹੈ -
"ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ...ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ ।"

ਤੀਜਾ ਜੱਥਾ ਭਾਈ ਬਚਿਤਰ ਸਿੰਘ ਦਾ ਰੰਘੜਾਂ ਦੀ ਫ਼ੌਜ ਨਾਲ ਮਲਕਪੁਰ (ਉਦੋਂ ਮਲਕਪੁਰ ਰੰਘੜਾਂ) ਪਿੰਡ ਦੀ ਜੂਹ ਵਿੱਚ ਭਿੜ ਪਿਆ। ਇੱਥੇ ਵੀ ਬੜੀ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿੱਚ ਸਾਰੇ ਸਿੰਘ ਸ਼ਹੀਦ ਹੋ ਗਏ। ਭਾਈ ਬਚਿਤਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪਿੱਛੇ ਆ ਰਹੇ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਮਦਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਈ ਬਚਿਤਰ ਸਿੰਘ ਨੂੰ ਜ਼ਖ਼ਮੀ ਪਏ ਹੋਏ ਵੇਖਿਆ ਅਤੇ ਚੁੱਕ ਕੇ ਉਥੋਂ ਛੇ ਕਿਲੋਮੀਟਰ ਦੂਰ ਪਿੰਡ ਕੋਟਲਾ ਨਿਹੰਗ ਖ਼ਾਨ ਲੈ ਆਏ।

1920 - ਉਦਾਸੀਆਂ ਦੇ ਇੱਕ ਟੋਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ।  
1920 ਤੱਕ ਦਰਬਾਰ ਸਾਹਿਬ ਦੇ ਪੁਜਾਰੀ ਅਖੌਤੀ-ਪਛੜੀਆਂ ਜ਼ਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਨਹੀਂ ਕਰਦੇ ਸੀ। 11 ਅਕਤੂਬਰ ਰਾਤ ਜਲ੍ਹਿਆਂ ਵਾਲੇ ਬਾਗ ਵਿੱਚ ਹੋਏ ਇੱਕ ਇਕੱਠ ਵਿੱਚ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਅਖੌਤੀ-ਪਛੜੀਆਂ ਜ਼ਾਤਾਂ ਦੇ ਸਿੱਖ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਨ੍ਹਾਂ ਦੇ ਨਾਲ ਕਈ ਸਿੱਖ ਆਗੂ ਜਾਣ ਵਾਸਤੇ ਤਿਆਰ ਹੋ ਗਏ। ਅਗਲੇ ਦਿਨ ਅਖੌਤੀ-ਪਛੜੀਆਂ ਜ਼ਾਤਾਂ ਦੇ ਕਈ ਸਿੰਘਾਂ ਨੇ ਅੰਮ੍ਰਿਤ ਛਕਿਆ। ਦੀਵਾਨ ਦੇ ਖ਼ਤਮ ਹੋਣ ਤੋਂ ਬਾਅਦ ਇਹ ਸਾਰੇ ਸਿੰਘ ਇਕੱਠੇ ਹੋ ਕੇ ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਗਏ। ਜਿਹਾ ਕਿ ਉਮੀਦ ਸੀ ਪੁਜਾਰੀਆਂ ਨੇ ਪ੍ਰਸ਼ਾਦ ਕਬੂਲ ਨਾ ਕੀਤਾ। ਪ੍ਰੋ: ਹਰਕਿਸ਼ਨ ਸਿੰਘ ਬਾਵਾ ਨੇ ਗਲ਼ ਵਿਚ ਪੱਲਾ ਪਾ ਕੇ ਤਿੰਨ ਵਾਰ ਪੁਜਾਰੀਆਂ ਨੂੰ ਅਰਜ਼ ਕੀਤੀ ਕਿ ਉਹ ਪ੍ਰਸ਼ਾਦ ਕਬੂਲ ਕਰ ਲੈਣ। ਪਰ ਪੁਜਾਰੀਆ ਨੇ ''ਨੱਨਾ'' ਹੀ ਫੜੀ ਰੱਖਿਆ। ਏਨੇ ਚਿਰ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਵੀ ਪੁੱਜ ਗਏ। ਹੁਣ ਸੰਗਤਾਂ ਦੀ ਗਿਣਤੀ ਬਹੁਤ ਹੋ ਚੁੱਕੀ ਸੀ। ਅਖ਼ੀਰ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਜਾਏ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੀ: "ਨਿਰਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ।।ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ।।..." ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੁਣ ਕੇ ਅਖ਼ੀਰ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ 'ਤੇ ਪ੍ਰਸ਼ਾਦ ਵਰਤਾਇਆ ਗਿਆ।
ਇਸ ਤੋਂ ਬਾਅਦ ਸੰਗਤਾਂ ਅਕਾਲ ਤਖ਼ਤ ਸਾਹਿਬ ਵਲ ਗਈਆਂ। ਸੰਗਤਾਂ ਨੂੰ ਆਉਂਦਿਆਂ ਵੇਖ ਕੇ ਪੁਜਾਰੀ ਤਖ਼ਤ ਸਾਹਿਬ ਨੂੰ ਸੁੰਞਾ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਸੰਗਤਾਂ ਨੇ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ। ਅਕਾਲ ਤਖ਼ਤ ਸਾਹਿਬ 'ਤੇ ਸਿੱਖ ਆਗੂਆਂ ਦੇ ਲੈਕਚਰ ਹੋਏ। ਬਾਅਦ ਵਿਚ ਹਾਜ਼ਰ ਸੰਗਤਾਂ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ 25 ਸਿੰਘਾਂ ਦੀ ਇੱਕ ਜੱਥਾ ਬਣਾਉਣ ਦਾ ਫ਼ੈਸਲਾ ਕੀਤਾ। 17 ਮੈਂਬਰਾਂ ਨੇ ਉਸੇ ਵੇਲੇ ਆਪਣੇ ਆਪ ਨੂੰ ਸੇਵਾ ਵਾਸਤੇ ਪੇਸ਼ ਕੀਤਾ। (ਇਸ ਕਮੇਟੀ ਦੇ ਜਥੇਦਾਰ ਤੇਜਾ ਸਿੰਘ ਭੁੱਚਰ ਬਣਾਏ ਗਏ)। ਇਸ ਜੱਥੇ ਦੀ ਡਿਊਟੀ ਅਕਾਲ ਤਖ਼ਤ ਸਾਹਿਬ 'ਤੇ ਪਹਿਰਾ ਦੇਣਾ ਤੇ ਸੇਵਾ-ਸੰਭਾਲ ਕਰਨਾ ਸੀ। 1979 ਤੋਂ 'ਤੇ ਖ਼ਾਸ ਕਰ ਕੇ 1986 ਤੋਂ ਮਗਰੋਂ ਤਾਂ ਅਕਾਲ ਤਖ਼ਤ ਸਾਹਿਬ ਦੇ ''ਜਥੇਦਾਰ'' ਦਾ ਇਕ ਨਵਾਂ ਅਹੁਦਾ ਖੜ੍ਹਾ ਹੋ ਗਿਆ। ਇਸ ਤੋਂ ਪਹਿਲਾਂ ਸਿੱਖ ਤਾਰੀਖ਼ ਅਤੇ ਸਿੱਖ ਫ਼ਲਸਫੇ ਵਿਚ ''ਜੱਥੇਦਾਰ'' ਦੇ ਅਹੁਦੇ ਦਾ ਕੋਈ ਵਜੂਦ ਨਹੀਂ ਸੀ (ਵਧੇਰੇ ਜਾਣਕਾਰੀ ਵਾਸਤੇ ਪੜ੍ਹੋ ਕਿਤਾਬ 'ਸਿੱਖ ਤਵਾਰੀਖ਼ ਵਿਚ ਅਕਾਲ ਤਖ਼ਤ ਸਾਹਿਬ ਦਾ ਰੋਲ')। ਉਂਞ ਭਾਈ ਤੇਜਾ ਸਿੰਘ ਦੇ ਜੱਥੇ ਨੇ ਦੋ ਮਹੀਨੇ ਬਾਅਦ ਛੁੱਟੀਆਂ ਮੰਗ ਲਈਆਂ ਸਨ ਤੇ ਕਿਹਾ ਸੀ "ਹੁਣ ਸਾਨੂੰ ਦੋ ਮਹੀਨੇ ਸੇਵਾ ਕਰਦੇ ਨੂੰ ਹੋ ਗਏ ਹਨ। ਸਾਨੂੰ ਛੁੱਟੀਆਂ ਬਖ਼ਸ਼ੋ।" ਇਸ 'ਤੇ ਉਨ੍ਹਾਂ ਦੀ ਥਾਂ ਦੀਦਾਰ ਸਿੰਘ ਮੱਟੂ ਭਾਈਕੇ 'ਤੇ ਉਨ੍ਹਾਂ ਦੇ ਜੱਥੇ ਨੂੰ ਇਹ ਸੇਵਾ ਸੌਂਪੀ ਗਈ ਸੀ।

ਇਸ ਮਗਰੋਂ ਪੁਜਾਰੀਆਂ ਨੇ ਬੁੱਢਾ ਦਲ ਦੇ ਆਗੂਆਂ ਨੂੰ ਸ਼ਹਿ ਦਿੱਤੀ ਕਿ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ (ਨਿਹੰਗਾਂ) ਕੋਲ ਹੋਇਆ ਕਰਦੀ ਸੀ, ਇਸ ਕਰ ਕੇ ਉਹ ਅਕਾਲੀਆਂ ਤੋਂ ਇਹ ਸੇਵਾ ਖੋਹਣ ਵਾਸਤੇ, ਅਕਾਲੀਆਂ ਦੇ ਖ਼ਿਲਾਫ਼ ਲੜਨ। ਉਨ੍ਹਾਂ ਨੇ ਨਿਹੰਗਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਕਬਜ਼ਾ ਕਰਨ ਵਾਸਤੇ ਭੜਕਾਇਆ। ਉਹ ਦੀਵਾਲੀ ਵਾਲੇ ਦਿਨ ਆਏ ਵੀ, ਪਰ ਕਿਹਰ ਸਿੰਘ ਪੱਟੀ ਨੇ ਨਿਹੰਗਾਂ ਨੂੰ ਸਮਝਾ ਕੇ ਇਸ ਗੱਲ 'ਤੇ ਰਜ਼ਾਮੰਦ ਕਰ ਲਿਆ ਕਿ ਜਦੋਂ ਤੱਕ ਸਾਰੇ ਸਿੱਖਾਂ ਦਾ ਸਾਂਝਾ ਇਕੱਠ ਕੋਈ ਫ਼ੈਸਲਾ ਨਹੀਂ ਕਰਦਾ, ਉਦੋਂ ਤੱਕ ਅਕਾਲੀਆਂ ਦਾ ਜੱਥਾ ਸੇਵਾ ਕਰਦਾ ਰਹੇ। (ਇਹ ਨਿਹੰਗ ਪੰਜਾਬ 'ਤੇ ਅੰਗਰੇਜ਼ਾਂ ਦੇ ਕਬਜ਼ੇ ਵੇਲੇ ਕਿਤੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਏ ਸਨ। ਜਦ ਮਹੰਤਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਕਬਜ਼ਾ ਕੀਤਾ ਹੋਇਆ ਸੀ ਉਦੋਂ ਇਹ ਕਿਤੇ ਨਹੀਂ ਦਿੱਸੇ ਪਰ ਜਦ ਸਿੱਖਾਂ ਦੇ ਇੱਕ ਜੱਥੇ ਨੇ ਸੁੰਞੇ ਪਏ ਹੋਏ ਤਖ਼ਤ ਸਾਹਿਬ ਦੀ ਸੇਵਾ ਸੰਭਾਲੀ ਤਾਂ ਇਨ੍ਹਾਂ ਨੂੰ ਵੀ ਕਬਜ਼ਾ ਲੈਣ ਦਾ ਖ਼ੁਆਬ ਆ ਗਿਆ)।
ਮਗਰੋਂ 6 ਦਸੰਬਰ 1920 ਦੇ ਦਿਨ ਮਹੰਤਾਂ ਨੇ ਹਿੰਦੂ ਸਾਧੂਆਂ ਦੇ ਇੱਕ ਟੋਲੇ ਤੋਂ ਵੀ ਹਮਲਾ ਕਰਵਾਇਆ। ਉਹ ਚਿਮਟੇ ਅਤੇ ਸੀਖਾਂ ਲੈ ਕੇ ਆਏ ਹੋਏ ਸਨ। ਉਨ੍ਹਾਂ ਨੇ ਤਖ਼ਤ ਸਾਹਿਬ ਦੇ ਸੇਵਾਦਾਰਾਂ 'ਤੇ ਹਮਲਾ ਕਰ ਦਿੱਤਾ। ਉਸ ਵੇਲੇ ਸਿਰਫ਼ 5-6 ਸੇਵਾਦਾਰ ਹੀ ਸਨ ਤੇ ਕੁਝ ਬੀਬੀਆਂ ਹਾਜ਼ਰ ਸਨ। ਏਨੇ ਚਿਰ ਵਿੱਚ ਹੋਰ ਸਿੱਖ ਆ ਗਏ ਤੇ ਉਨ੍ਹਾਂ ਨੇ ਇਨ੍ਹਾਂ ਸਾਧਾਂ ਦੇ ਹਮਲੇ ਦਾ ਜਵਾਬ ਦਿੱਤਾ ਤੇ ਇਨ੍ਹਾਂ ਸਾਧਾਂ ਨੂੰ ਵੀ ਛਿਤਰੌਲ ਫੇਰਿਆ। ਕੁਝ ਚਿਰ ਮਗਰੋਂ ਪੁਲੀਸ ਵੀ ਆ ਗਈ ਤੇ ਇਨ੍ਹਾਂ ਸਾਧਾਂ ਨੂੰ ਬਾਹਰ ਕੱਢ ਦਿੱਤਾ (ਪਰ ਗ੍ਰਿਫ਼ਤਾਰ ਨਹੀਂ ਕੀਤਾ)।

2013 - ਪੁਜਾਰੀਆਂ ਨੇ ਸਿੱਖਾਂ ਦੀ ਨਵੀਂ ਜੱਥੇਬੰਦੀ ਬਣਾਉਣ 'ਤੇ ਰੋਕ ਲਗਾਈ।  
6 ਦਸੰਬਰ 2013 ਦੇ ਦਿਨ ਪੰਜ ਪੁਜਾਰੀਆਂ ਨੇ ਸਿੱਖਾਂ ਦੀ ਕੋਈ ਵੀ ਨਵੀਂ ਜੱਥੇਬੰਦੀ ਬਣਾਉਣ 'ਤੇ ਰੋਕ ਲਾ ਦਿੱਤੀ। ਇਸ ਵਾਸਤੇ ਪਹਿਲਾਂ ਪੁਜਾਰੀਆਂ ਅਤੇ ਫਿਰ ਸ਼੍ਰੋਮਣੀ ਕਮੇਟੀ ਤੋਂ ਮਨਜ਼ੂਰੀ ਲੈਣ ਦੀ ਸ਼ਰਤ ਰੱਖ ਦਿੱਤੀ। ਇੰਞ ਹੀ ਉਨ੍ਹਾਂ ਨੇ ਦਿੱਲੀ 'ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀਆਂ ਨੂੰ ਫੇਸਬੁਕ 'ਤੇ ਹੋਰ ਸੋਸ਼ਲ ਸਾਈਟਾਂ 'ਤੇ ਨਿਗਰਾਨੀ ਰੱਖਣ ਵਾਸਤੇ ਕਦਮ ਚੁੱਕਣ ਵਾਸਤੇ ਵੀ ਕਿਹਾ ਪਰ, ਇਨ੍ਹਾਂ ਬੇਹੂਦਾ ਐਲਾਨਾਂ ਨੂੰ ਕਿਸੇ ਸਿੱਖ ਨੇ ਨਾ ਮੰਨਿਆ।

SHARE ARTICLE
Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement