1705 - ਸਾਹਿਬਜ਼ਾਦਾ ਅਜੀਤ ਸਿੰਘ ਦੇ ਪੁਤਰ ਹਠੀ ਸਿੰਘ ਦਾ ਜਨਮ ਹੋਇਆ।
ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੋਤੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਪੜਪੋਤੇ ਸਨ। ਆਪ ਦਾ ਜਨਮ 26 ਜਨਵਰੀ 1687 ਦੇ ਦਿਨ ਪਾਉਂਟਾ ਸਾਹਿਬ ਵਿਖੇ ਹੋਇਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਚੁਸਤ ਤੇ ਸਿਆਣਾ ਨੌਜਵਾਨ ਸੀ। ਜਿਉਂ ਹੀ ਉਨ੍ਹਾਂ ਨੇ ਜਵਾਨੀ ਦੀ ਦਹਿਲੀਜ ਵਿਚ ਪੈਰ ਰੱਖਿਆ, ਉਨ੍ਹਾਂ ਨੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਅਤੇ ਬੰਦੂਕ ਚਲਾਉਣੀ ਸ਼ੁਰੂ ਕਰ ਦਿੱਤੀ। ਛੋਟੀ ਉਮਰ ਵਿਚ ਹੀ ਆਪ ਸ਼ਸਤਰ ਚਲਾਉਣ ਵਿਚ ਬੜੇ ਨਿਪੁੰਨ ਹੋ ਗਏ ਸਨ। 12 ਸਾਲ ਦੀ ਉਮਰ ਵਿਚ ਉਹ 23ਮਈ 1699 ਦੇ ਦਿਨ ਇਕ ਸੌ ਸਿੰਘਾਂ ਦਾ ਜਥਾ ਲੈ ਕੇ ਨੂਹ ਪਿੰਡ ਗਏ। ਉਨ੍ਹਾਂ ਨੇ ਉਥੋਂ ਦੇ ਰੰਘੜਾਂ ਨੂੰ (ਜਿਨ੍ਹਾਂ ਨੇ ਪੋਠੋਹਾਰ ਦੀ ਸੰਗਤ ਨੂੰ ਅਨੰਦਪੁਰ ਆਉਂਦਿਆਂ ਲੁੱਟ ਲਿਆ ਸੀ) ਨੂੰ ਸਜ਼ਾ ਦਿੱਤੀ। 29 ਅਗਸਤ 1700 ਦੇ ਦਿਨ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ 'ਤੇ ਹਮਲਾ ਕੀਤਾ ਤਾਂ ਉਸ ਨੇ ਉਨ੍ਹਾਂ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕੀਤਾ। ਅਕਤੂਬਰ ਦੇ ਪਹਿਲੇ ਹਫ਼ਤੇ ਜਦੋਂ ਪਹਾੜੀ ਫ਼ੌਜਾਂ ਨੇ ਨਿਰਮੋਹਗੜ੍ਹ 'ਤੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਸਭ ਤੋਂ ਮੋਹਰੇ ਹੋ ਕੇ ਲੜਾਈ ਲੜੀ ਅਤੇ ਬਹੁਤ ਸਾਰੇ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇਸੇ ਤਰ੍ਹਾਂ 15 ਮਾਰਚ 1700 ਦੇ ਦਿਨ ਉਹ ਸਿੱਖਾਂ ਦਾ ਇੱਕ ਜਥਾ ਲੈ ਕੇ ਬਜਰੌੜ ਪਿੰਡ ਗਏ। ਬਜਰੌੜ ਪਿੰਡ ਦੇ ਗੁਜਰਾਂ ਅਤੇ ਰੰਘੜਾਂ ਨੇ ਦੜਪ ਇਲਾਕੇ ਦੀ ਸੰਗਤ ਨੂੰ ਇਕ ਵਾਰ ਲੁੱਟ ਲਿਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਨੇ ਉਨ੍ਹਾਂ ਲੁਟੇਰਿਆਂ ਨੂੰ ਸਖ਼ਤ ਸਜ਼ਾ ਦਿੱਤੀ। ਫਿਰ 7 ਮਾਰਚ 1703 ਦੇ ਦਿਨ ਆਪ ਭਾਈ ਉਦੈ ਸਿੰਘ ਦੇ ਨਾਲ ਇਕ ਸੌ ਸਿੰਘਾਂ ਦਾ ਜਥਾ ਲੈ ਕੇ ਪਿੰਡ ਬੱਸੀ ਕਲਾਂ ਗਏ ਅਤੇ ਉਥੋਂ ਦੇ ਹਾਕਮ ਕੋਲੋਂ ਦਵਾਰਕਾ ਦਾਸ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਲਿਆਂਦਾ ।ਭੱਟ ਵਹੀ ਪੂਰਬੀ ਦੱਖਣੀ ਮੁਤਾਬਿਕ ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਾਦੀ ਬੁਰਹਾਨਪੁਰ ਦੇ ਭਾਈ ਜੇਠਾ ਸਿੰਘ ਦੀ ਲੜਕੀ ਤਾਰਾ ਕੌਰ ਨਾਲ 15 ਜਨਵਰੀ 1705 ਦੇ ਦਿਨ ਹੋਈ ਸੀ ਅਤੇ ਉਸ ਦੇ ਘਰ 9 ਦਸੰਬਰ 1705 ਦੇ ਦਿਨ ਇਕ ਬੇਟੇ ਹਠੀ ਸਿੰਘ ਨੇ ਜਨਮ ਲਿਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਸਬੰਧੀ ਭੱਟ ਵਹੀਆਂ ਵਿਚ ਹੇਠ ਲਿਖੇ ਇੰਦਰਾਜ ਮਿਲਦੇ ਹਨ:
(a) ਸਾਹਿਬਜ਼ਾਦਾ ਅਜੀਤ ਸਿੰਘ ਦੇ ਵਿਆਹ ਸਬੰਧੀ -
"ਅਜੀਤ ਸਿੰਘ ਬੇਟਾ ਗੁਰੂ ਗੋਬਿੰਦ ਸਿੰਘ ਮਹਿਲ ਦਸਮੇ ਕਾ, ਪੋਤਾ ਗੁਰੂ ਤੇਗ਼ ਬਹਾਦਰ ਜੀ ਕਾ, ਪੜਪੋਤਾ ਗੁਰੂ ਹਰਿਗੋਬਿੰਦ ਜੀ ਕਾ ਬੰਸ ਗੁਰੂ ਅਰਜਨ ਜੀ ਕੀ, ਸੂਰਜਬੰਸੀ ਗੋਸਲ ਗੋਤਰਾ ਸੋਢੀ ਖਤਰੀ, ਬਾਸੀ ਅਨੰਦਪੁਰ ਪਰਗਨਾ ਕਹਿਲੂਰ ਕਾ ਬਿਵਾਹ ਤਾਰਾ ਬਾਈ ਬੇਟੀ ਜੇਠਾ ਸਿੰਘ ਸੇ ਸਾਲ ਸਤਰਾਂ ਸੈ ਇਕਾਹਟ ਮਾਘ ਸੁਦੀ ਏਕਮ ਕੇ ਦਿਵਸ ਕਿਲ੍ਹਾ ਅਨੰਦਗੜ੍ਹ ਮੇਂ ਹੂਆ। ਗੁਰੂ ਕੀ ਕੜਾਹੀ ਕੀ.... (ਭੱਟ ਵਹੀ ਪੂਰਬੀ ਦੱਖਣੀ)
(ਅ) ਸਾਹਿਬਜ਼ਾਦਾ ਅਜੀਤ ਸਿੰਘ ਦੇ ਘਰ ਬੇਟੇ ਦੇ ਜਨਮ ਸਬੰਧੀ:
ਹਠੀ ਸਿੰਘ ਬੇਟਾ ਅਜੀਤ ਸਿੰਘ ਕਾ, ਪੋਤਾ ਗੁਰੂ ਗੋਬਿੰਦ ਸਿੰਘ ਜੀ ਮਹਿਲ ਦਸਮੇਂ ਕਾ, ਪੜਪੋਤਾ ਗੁਰੂ ਤੇਗ਼ ਬਹਾਦਰ ਜੀ ਕਾ, ਬੰਸ ਗੁਰੂ ਹਰਿਗੋਬਿੰਦ ਜੀ ਕੀ, ਸੂਰਜਬੰਸੀ ਗੋਸਲ ਗੋਤਰ, ਸੋਢੀ ਖਤਰੀ, ਬਾਸੀ ਅਨੰਦਪੁਰ, ਪਰਗਨਾ ਕਹਿਲੂਰ ਸੰੰਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਪੰਚਮੀਂ ਕੇ ਦਿਹੁੰ ਆਗਰਾ ਨਗਰੀ, ਪਰਗਣਾ ਮਥੁਰਾ, ਭਾਈ ਸ਼ਰਧਾ ਸਿੰਘ ਬੇਟਾ ਮੋਹਕਮ ਦਾਸ 'ਗੁਲਾਟੀ' ਅਰੋੜਾ ਕੇ ਗ੍ਰਹਿ ਮੇਂ ਹੂਆ। ਗੁਰੂ ਕੀ ਕੜਾਹੀ ਕੀ, ਅਥਿਤ ਗਰੀਬ ਗੁਰਬੇ ਕੋ ਮਾਨਾ।(ਭੱਟ ਵਹੀ ਪੂਰਬੀ ਦੱਖਣੀ, ਖਾਤਾ ਹਜਾਵਤ ਆਬਿਆਨੋਂ ਕਾ)
ਹਠੀ ਸਿੰਘ ਦੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਪੁੱਤਰ ਹੋਣ ਬਾਰੇ ਕੁਰਖੇਤਰ ਵਿਚ "ਪੰਡਤ ਮਹੇਸ਼ ਦੱਤ ਪੁੱਤਰ ਪੰਡਤ ਸ਼ੰਕਰ ਦਾਸ" ਦੀ "ਵਹੀ ਸੋਢੀਆਂ" ਦੇ ਸਫ਼ਾ 605 ਤੇ ਇਹ ਇੰਦਰਾਜ ਮਿਲਦਾ ਹੈ:"ਗੁਰੂ ਹਰਿਗੋਬਿੰਦ ਗੁਰੂ ਅਰਜਨ ਜੀ ਕਾ, ਬਾਬਾ ਗੁਰਦਿੱਤਾ ਜੀ ਬਾਬਾ ਸਾਹਿਬ ਰਾਇ ਗੁਰੂ ਹਰਿਗੋਬਿੰਦ ਜੀ ਕੇ। ਸੂਰਤ ਸਿੰਘ (ਸੂਰਜ ਮੱਲ) ਗੁਰੂ ਹਰਿਗੋਬਿੰਦ ਜੀ ਕਾ, ਗੁਰੂ ਗੋਬਿੰਦ ਸਿੰਘ ਗੁਰੂ ਤੇਗ਼ ਬਹਾਦਰ ਜੀ ਕਾ। ਹਠੀ ਸਿੰਘ ਅਜੀਤ ਸਿੰਘ ਜੀ ਕਾ। ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤੇ ਸਿੰਘ ਬੇਟੇ ਗੁਰੂ ਗੋਬਿੰਦ ਸਿੰਘ ਜੀ ਕੇ, ਮਾਤਾ ਗੁਜਰੀ ਮਾਈ ਗੁਰੂ ਗੋਬਿੰਦ ਸਿੰਘ ਜੀ ਕੀ। ਮਾਤਾ ਸੁੰਦਰੀ ਅਜੀਤ ਸਿੰਘ ਕੀ ਮਾਈ। ਮਾਈ ਕੁਸ਼ਾਲ ਕੌਰ ਵਡਭਾਗ ਸਿੰਘ ਜੀ ਬਹਨ ਆਈ। ਸੂਰਜ ਗ੍ਰਹਿਣ ਕੋ।"
ਨੋਟ: ਸਾਹਿਬਜ਼ਾਦਾ ਅਜੀਤ ਸਿੰਘ ਦੇ ਵਿਆਹ ਅਤੇ ਉਸ ਦੇ ਬੱਚੇ ਸਬੰਧੀ ਕੁਝ ਲੇਖਕ ਸਹਿਮਤ ਨਹੀਂ ਹਨ। ਉਨ੍ਹਾਂ ਮੁਤਾਬਿਕ ਹਠੀ ਸਿੰਘ ਅਜੀਤ ਸਿੰਘ ਪਾਲਤ ਦਾ ਬੱਚਾ ਸੀ ਪਰ ਬੁਰਹਨਾਪੁਰ ਵਿਚ ਜਿੱਥੇ ਉਸ ਹਠੀ ਸਿੰਘ ਦੀ ਮੌਤ ਹੋਈ ਸੀ ਉਸ ਦੀ ਸਮਾਧ ਤੇ ਸਾਫ਼ ਲਿਖਿਆ ਹੋਇਆ ਹੈ ਕਿ ਉਹ ਗੁਰੂ ਸਾਹਿਬ ਦਾ ਸੱਕਾ ਪੋਤਾ ਸੀ।
1985 - ਹਾਈ ਕੋਰਟ ਨੇ ਸਿਮਰਨਜੀਤ ਸਿੰਘ ਮਾਨ ਨੂੰ ਰਿਹਾਅ ਕੀਤਾ, ਪਰ ਜੇਲ੍ਹ ਵਿਚੋਂ ਨਿੱਕਲਦਿਆਂ ਹੀ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ।
ਦਰਬਾਰ ਸਾਹਿਬ 'ਤੇ ਹਮਲੇ ਦੇ ਖ਼ਿਲਾਫ਼ ਖੁਸ਼ਵੰਤ ਸਿੰਘ, ਡਾ: ਗੰਡਾ ਸਿੰਘ, ਭਗਤ ਪੂਰਨ ਸਿੰਘ, ਸਾਧੂ ਸਿੰਘ ਹਮਦਰਦ ਵਗ਼ੈਰਾ ਨੇ ਪਦਮਸ੍ਰੀ ਦੇ ਖ਼ਿਤਾਬ ਵਾਪਿਸ ਕਰ ਦਿੱਤੇ। ਚਰਨਜੀਤ ਸਿੰਘ ਕੋਕਾ ਕੋਲਾ ਕਾਂਗਰਸ ਪਾਰਟੀ ਨੂੰ ਛੱਡ ਗਿਆ। ਦਵਿੰਦਰ ਸਿੰਘ ਗਰਚਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦੇ ਦਿੱਤੇ। ਸਿਰਦਾਰ ਸਿਮਰਨਜੀਤ ਸਿੰਘ ਮਾਨ ਨੇ ਡੀ.ਆਈ.ਜੀ. ਦੇ ਅਹੁਦੇ ਵਾਲੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਜ਼ੈਲ ਸਿੰਘ ਨੂੰ ਜ਼ਬਰਦਸਤ ਰੋਸ ਵਾਲੀ ਚਿਠੀ ਵੀ ਲਿਖੀ। ਅਜਿਹੇ ਰੋਸ ਹੋਰ ਵੀ ਕਈ ਸਿੱਖਾਂ ਨੇ ਜ਼ਾਹਿਰ ਕੀਤੇ ਸਨ। (ਪਰ 1947 ਵਿੱਚ ਵਾਰਸ ਸ਼ਾਹ ਨੂੰ ਆਵਾਜ਼ਾਂ ਮਾਰਨ ਵਾਲੀ ਅੰਮ੍ਰਿਤਾ ਪ੍ਰੀਤਮ ਤੇ ਉਸ ਵਰਗੇ ਹੋਰ ਬੇਗ਼ੈਰਤਾਂ ਦੇ ਅੰਦਰ ਦਾ ਇਨਸਾਨ ਨਾ ਜਾਗਿਆ)। ਇਸ ਮਾਹੌਲ ਵਿਚ ਸਿਰਦਾਰ ਸਿਮਰਨਜੀਤ ਸਿੰਘ ਮਾਨ ਨੇ ਵਿਦੇਸ਼ਾਂ ਵਿਚ ਜਾ ਕੇ ਲਹਿਰ ਚਲਾਉਣ ਵਾਸਤੇ ਨੈਪਾਲ ਜਾਣ ਦਾ ਫ਼ੈਸਲਾ ਕੀਤਾ ਪਰ ਉਹ ਸ. ਕਮਿੱਕਰ ਸਿੰਘ ਅਤੇ ਤਿੰਨ ਹੋਰ ਸਾਥੀਆਂ ਸਣੇ ਨੈਪਾਲ ਜਾਂਦਾ 27 ਨਵੰਬਰ 1984 ਦੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ। 9 ਦਸੰਬਰ 1985 ਨੂੰ ਪੰਜਾਬ ਹਾਈ ਕੋਰਟ ਨੇ ਸਿਮਰਨਜੀਤ ਸਿੰਘ ਮਾਨ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿਤੇ। ਸ: ਮਾਨ ਨੂੰ ਰਿਹਾ ਕਰ ਕੇ ਉਸੇ ਵੇਲੇ ਦੋਬਾਰਾ ਗ੍ਰਿਫ਼ਤਾਰ ਕਰ ਕੇ ਨਵੇਂ ਕੇਸ ਵਿਚ ਅੜੁੰਗ ਲਿਆ ਗਿਆ। ਉਸ ਨੂੰ 5 ਸਾਲ ਮਗਰੋਂ ਲੋਕ ਸਭਾ ਚੋਣ ਜਿੱਤਣ ਮਗਰੋਂ ਹੀ ਰਿਹਾ ਕੀਤਾ ਗਿਆ।
1989 - ਨਿਸ਼ਾਨ ਸਿੰਘ ਘਰਿਆਲਾ ਤੇ ਗੁਰਦੇਵ ਸਿੰਘ ਉਸਮਾਨਵਾਲਾ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
9 ਦਸੰਬਰ 1989 ਦੇ ਦਿਨ ਪੰਜਾਬ ਪੁਲਸ ਨੇ ਨਿਸ਼ਾਨ ਸਿੰਘ (ਵਾਸੀ ਘਰਿਆਲਾ) ਤੇ ਗੁਰਦੇਵ ਸਿੰਘ (ਵਾਸੀ ਉਸਮਾਨਵਾਲਾ) ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1992 - ਜੋਰਾ ਸਿੰਘ 'ਤੇ 8 ਹੋਰ ਸਿੱਖ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ।
9 ਦਸੰਬਰ 1992 ਦੇ ਦਿਨ ਪੰਜਾਬ ਪੁਲਸ ਨੇ ਜੋਰਾ ਸਿੰਘ ਉਰਫ਼ ਰਵਿੰਦਰ ਸਿੰਘ ਤੇ ਅੱਠ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
end-of