
ਬਜ਼ੁਰਗ ਸਾਡੀ ਅਸਲੀ ਪੂੰਜੀ ਅਤੇ ਸਰਮਾਇਆ ਹਨ
ਜਿਸ ਨੂੰ ਸੰਭਾਲ ਕੇ ਰਖਣਾ ਸਾਡਾ ਫ਼ਰਜ਼ ਬਣਦਾ ਹੈ। ਉਹ ਅਪਣੇ ਜੀਵਨ ਦੇ ਵੱਖ-ਵੱਖ ਅਨੁਭਵਾਂ
ਵਿਚੋਂ ਦੀ ਲੰਘ ਕੇ ਇਥੇ ਪਹੁੰਚੇ ਹੁੰਦੇ ਹਨ। ਦੁਨੀਆਂ ਵਿਚ ਹਰ ਚੀਜ਼ ਖ਼ਰੀਦੀ ਜਾ ਸਕਦੀ ਹੈ,
ਹਰ ਚੀਜ਼ ਦਾ ਮੁੱਲ ਪਾਇਆ ਜਾ ਸਕਦਾ ਹੈ ਪਰ ਅਨੁਭਵ ਇਕ ਇਹੋ ਜਿਹੀ ਚੀਜ਼ ਹੈ ਜਿਸ ਨੂੰ
ਕਿਤਿਉਂ ਖ਼ਰੀਦਿਆ ਨਹੀਂ ਜਾ ਸਕਦਾ। ਅਨੁਭਵੀ ਵਿਅਕਤੀਆਂ ਪਾਸੋਂ ਇਸ ਦਾ ਲਾਭ ਲਿਆ ਜਾ ਸਕਦਾ
ਹੈ।
ਬਜ਼ੁਰਗ ਸਾਡੇ ਘਰ ਦੀਆਂ ਨੀਹਾਂ ਹਨ, ਜਿਨ੍ਹਾਂ ਉਤੇ ਅਸੀ ਅਪਣੀਆਂ ਇਮਾਰਤਾਂ ਉਸਾਰਦੇ ਹਾਂ। ਇਸ ਲਈ ਆਖਿਆ ਜਾਂਦਾ ਹੈ ਕਿ ਜਿਸ ਘਰ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਹਨ, ਉਹ ਘਰ ਜ਼ਿਆਦਾ ਸੁਰੱਖਿਅਤ ਹੁੰਦੇ ਹਨ। ਵੱਡੇ ਬਜ਼ੁਰਗ ਸਾਡਾ ਅਨਮੋਲ ਖ਼ਜ਼ਾਨਾ ਹਨ ਜਿਨ੍ਹਾਂ ਦਾ ਮਾਣ, ਸਤਿਕਾਰ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਉਨ੍ਹਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਰਹਿਣਾ ਸਾਡੀ ਸੱਭ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਸਾਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ ਕਿ ਅੱਜ ਜੋ ਅਸੀ ਹਾਂ, ਉਹ ਵੱਡਿਆਂ ਦੀ ਬਦੌਲਤ ਹੀ ਹਾਂ। ਉਹ ਸਾਡੇ ਪ੍ਰਵਾਰ ਦੀ ਪਛਾਣ ਹਨ। ਪਰ ਅਜੋਕੇ ਸਮੇਂ ਹਾਲਾਤ ਕੁੱਝ ਬਦਲ ਗਏ ਹਨ, ਬਜ਼ੁਰਗਾਂ ਨੂੰ ਉਹ ਮਾਣ ਅਤੇ ਸਤਿਕਾਰ ਬੱਚਿਆਂ ਵਲੋਂ ਨਹੀਂ ਮਿਲ ਰਿਹਾ ਜਿਸ ਦੇ ਉਹ ਹੱਕਦਾਰ ਹਨ। ਜੀਵਨ ਦੇ ਅਖ਼ੀਰਲੇ ਪੜਾਅ ਵਿਚ ਜਦੋਂ ਉਨ੍ਹਾਂ ਨੂੰ ਸਹਾਰੇ ਤੇ ਸੁਰੱਖਿਆ ਦੀ ਲੋੜ ਹੈ, ਉਸ ਵੇਲੇ ਉਹ ਬੇਸਹਾਰਾ ਹੋ ਰਹੇ ਹਨ। ਅੱਜ ਦੇ ਨੌਜੁਆਨ ਮਾਤਾ-ਪਿਤਾ ਨਾਲ ਰਹਿਣਾ ਪਸੰਦ ਨਹੀਂ ਕਰਦੇ। ਉਹ ਅਪਣੇ ਜੀਵਨ ਵਿਚ ਦਖ਼ਲਅੰਦਾਜ਼ੀ ਨਹੀਂ ਚਾਹੁੰਦੇ।
ਅੱਜ ਤੋਂ ਦੋ-ਤਿੰਨ ਦਹਾਕੇ ਪਹਿਲਾਂ ਸਾਂਝੇ ਪ੍ਰਵਾਰ
ਹੁੰਦੇ ਸਨ। ਅੱਜ ਦੇ ਮੌਜੂਦਾ ਸਮੇਂ ਵਿਚ ਸ਼ਹਿਰੀਕਰਨ ਹੋ ਜਾਣ ਕਾਰਨ ਨੌਜੁਆਨਾਂ ਦੇ ਸਿਖਿਅਤ
ਹੋ ਕੇ ਵੱਡੇ ਸ਼ਹਿਰਾਂ ਵਲ ਜਾਣ ਕਰ ਕੇ ਅਤੇ ਘਰਾਂ ਤੋਂ ਦੂਰ ਮਿਲ ਰਹੀਆਂ ਨੌਕਰੀਆਂ ਕਾਰਨ,
ਸਾਂਝੇ ਪ੍ਰਵਾਰਾਂ ਦੀ ਵਿਵਸਥਾ ਲਗਭਗ ਘਟਦੀ ਜਾ ਰਹੀ ਹੈ। ਪਛਮੀ ਸਭਿਅਤਾ ਦੇ ਪ੍ਰਭਾਅ
ਹੇਠਾਂ ਛੋਟੇ ਪ੍ਰਵਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਕਰਨ ਬਜ਼ੁਰਗਾਂ ਨੇ ਅਪਣੇ ਆਪ
ਨੂੰ ਬੇਸਹਾਰਾ ਜਿਹਾ ਸਮਝਣਾ ਸ਼ੁਰੂ ਕਰ ਦਿਤਾ ਹੈ। ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ
ਹਨ ਕਿ ਬੱਚੇ ਮਜਬੂਰੀ ਕਾਰਨ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਦਿੰਦੇ ਹਨ। ਇਹ ਵੀ
ਠੀਕ ਨਹੀਂ। ਨੌਜੁਆਨ ਸੋਚਦੇ ਹਨ ਕਿ ਬਜ਼ੁਰਗ ਸਾਡੇ ਉਤੇ ਬੇਲੋੜਾ ਭਾਰ ਹਨ, ਸਾਡੀ ਤਰੱਕੀ
ਅਤੇ ਆਜ਼ਾਦੀ ਵਿਚ ਵੱਡਾ ਰੋੜਾ ਹਨ। ਬੱਚੇ ਇਹ ਭੁਲ ਜਾਂਦੇ ਹਨ ਕਿ ਬਜ਼ੁਰਗ ਮਾਤਾ-ਪਿਤਾ ਨੇ
ਅਪਣੀ ਜਵਾਨੀ ਕੁਰਬਾਨ ਕਰ ਕੇ ਉਨ੍ਹਾਂ ਨੂੰ ਪੜ੍ਹਾਇਆ ਲਿਖਾਇਆ, ਉਨ੍ਹਾਂ ਦਾ ਪਾਲਣ ਪੋਸਣ
ਕੀਤਾ, ਹਰ ਕੁਰਬਾਨੀ ਕਰ ਕੇ ਬੱਚਿਆਂ ਦਾ ਭਵਿੱਖ ਉਜਲਾ ਕੀਤਾ, ਬੱਚਿਆਂ ਦੀ ਹਰ ਖ਼ੁਸ਼ੀ ਅਤੇ
ਲੋੜ ਨੂੰ ਪੂਰਾ ਕੀਤਾ।
ਅਪਣੇ ਸ਼ੌਕ ਅਤੇ ਅਪਣੀਆਂ ਖ਼ੁਸ਼ੀਆਂ ਨੂੰ ਬੱਚਿਆਂ ਤੋਂ ਕੁਰਬਾਨ
ਕੀਤਾ। ਮਾਤਾ-ਪਿਤਾ ਵਲੋਂ ਕੀਤੀਆਂ ਕੁਰਬਾਨੀਆਂ ਤੋਂ ਬਾਅਦ ਜੇ ਬੱਚੇ ਉਨ੍ਹਾਂ ਦੀ ਬਿਰਧ
ਅਵਸਥਾ ਵਿਚ ਉਨ੍ਹਾਂ ਨੂੰ ਤਿਲਾਂਜਲੀ ਦੇ ਦੇਣ ਤਾਂ ਇਹ ਕਿਸੇ ਤਰ੍ਹਾਂ ਵੀ ਯੋਗ ਨਹੀਂ। ਇਸ
ਸਮੇਂ ਬਜ਼ੁਰਗਾਂ ਨੂੰ ਲੋੜ ਹੁੰਦੀ ਹੈ ਥੋੜੇ ਜਿਹੇ ਪਿਆਰ ਦੀ, ਹਮਦਰਦੀ ਦੀ, ਧਿਆਨ ਦੀ ਅਤੇ
ਬੱਚਿਆਂ ਦੇ ਥੋੜੇ ਜਿਹੇ ਸਮੇਂ ਦੀ। ਬੱਚੇ ਮਾਤਾ-ਪਿਤਾ ਦੀ ਸੇਵਾ ਕਰ ਕੇ ਉਨ੍ਹਾਂ ਉਤੇ ਕੋਈ
ਅਹਿਸਾਨ ਨਹੀਂ ਕਰਦੇ ਸਗੋਂ ਉਨ੍ਹਾਂ ਕੋਲ ਤਾਂ ਇਕ ਮੌਕਾ ਹੁੰਦਾ ਹੈ ਜਦੋਂ ਉਹ ਬਜ਼ੁਰਗਾਂ
ਦੀ ਸੇਵਾ ਕਰ ਕੇ ਉਨ੍ਹਾਂ ਦੇ ਕੀਤੇ ਅਹਿਸਾਨਾਂ ਦਾ ਮੁੱਲ ਤਾਰ ਸਕਦੇ ਹਨ। ਬਜ਼ੁਰਗ ਗਿਆਨ,
ਸਿਆਣਪ ਅਤੇ ਅਨੁਭਵਾਂ ਦਾ ਖ਼ਜ਼ਾਨਾ ਹੁੰਦੇ ਹਨ ਇਸ ਲਈ ਬਜ਼ੁਰਗਾਂ ਨੂੰ ਬੋਝ ਨਹੀਂ ਸਮਝਣਾ
ਚਾਹੀਦਾ।
ਬਜ਼ੁਰਗ ਇਕ ਬੋਹੜ ਦੇ ਰੁੱਖ ਵਾਂਗ ਹੁੰਦੇ ਹਨ ਜਿਨ੍ਹਾਂ ਦੀ ਸੰਘਣੀ ਛਾਂ ਥੱਲੇ ਪੂਰਾ ਪ੍ਰਵਾਰ ਆਨੰਦ ਮਾਣ ਸਕਦਾ ਹੈ ਅਤੇ ਪ੍ਰਫੁੱਲਤ ਹੋ ਸਕਦਾ ਹੈ। ਪਰ ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਨੇ ਸਾਡੇ ਨੌਜੁਆਨਾਂ ਪਾਸੋਂ ਇਹ ਅਨੂਠੀ ਦਾਤ ਸ਼ਾਇਦ ਖੋਹ ਲਈ ਜਾਪਦੀ ਹੈ। ਖ਼ੁਸ਼ਕਿਸਮਤ ਉਹ ਪ੍ਰਵਾਰ ਹਨ ਜੋ ਅਪਣੇ ਬਜ਼ੁਰਗਾਂ ਦੀ ਸੰਘਣੀ ਛਾਂ ਦਾ ਆਨੰਦ ਮਾਣਦੇ ਹੋਏ ਵੱਧ-ਫੁੱਲ ਰਹੇ ਹਨ। ਅਪਣੇ ਬੱਚਿਆਂ ਦੇ ਸਲਾਹ ਮਸ਼ਵਰੇ ਨੂੰ ਲੈ ਕੇ ਚਲਦੇ ਹਨ। ਸਾਡੇ ਸਮਾਜ ਅੰਦਰ ਬਹੁਤ ਪ੍ਰਵਾਰ ਸੰਸਕਾਰੀ ਹਨ ਜਿਹੜੇ ਅਪਣੇ ਬਜ਼ੁਰਗਾਂ ਦੀ ਛਤਰ-ਛਾਇਆ ਹੇਠ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦੇਂਦੇ ਹਨ ਅਤੇ ਵਧੀਆ ਸੰਭਾਲ ਕਰ ਰਹੇ ਹਨ ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਪੂਰਾ ਲਾਭ ਲੈ ਰਹੇ ਹਨ।
ਵਡੇਰੀ ਉਮਰ ਜ਼ਿੰਦਗੀ ਦਾ ਸੱਭ ਤੋਂ ਔਖਾ ਸਫ਼ਰ ਹੈ
ਕਿਉਂਕਿ ਇਸ ਸਫ਼ਰ ਵਿਚ ਸੇਵਾ ਕਰਨ ਵਾਲੇ ਘੱਟ ਹੁੰਦੇ ਹਨ ਅਤੇ ਸਮੱਸਿਆਵਾਂ ਜ਼ਿਆਦਾ ਹੁੰਦੀਆਂ
ਹਨ। ਇਸ ਦਾ ਇਕੋ ਹੀ ਹੱਲ ਹੈ, ਉਹ ਇਹ ਹੈ ਕਿ ਘਰ ਦੇ ਵੱਡਿਆਂ ਨੂੰ ਵੱਧ ਤੋਂ ਵੱਧ ਖ਼ੁਸ਼
ਰਖਿਆ ਜਾਵੇ, ਉਨ੍ਹਾਂ ਨੂੰ ਸਮਾਂ ਦਿਤਾ ਜਾਵੇ, ਉਨ੍ਹਾਂ ਦੀਆਂ ਸੁੱਖ ਸਹੂਲਤਾਂ ਦਾ ਖ਼ਿਆਲ
ਰਖਿਆ ਜਾਵੇ। ਬਜ਼ੁਰਗਾਂ ਨੂੰ ਇਸ ਗੱਲ ਦਾ ਅਹਿਸਾਸ ਦਿਵਾਈਏ ਕਿ ਉਹ ਸਾਡੇ ਪ੍ਰਵਾਰ ਦਾ ਸੱਭ
ਤੋਂ ਮਹੱਤਵਪੂਰਨ ਅੰਗ ਹਨ। ਉਨ੍ਹਾਂ ਨੂੰ ਇਹ ਲੱਗੇ ਕਿ ਪ੍ਰਵਾਰ ਵਿਚ ਉਨ੍ਹਾਂ ਦਾ ਬੜਾ
ਮਹੱਤਵ ਹੈ। ਕਿਸੇ ਵੀ ਮਹੱਤਵਪੂਰਨ ਵਿਸ਼ੇ ਉਤੇ ਨਿਰਣਾ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਸਲਾਹ
ਲਈਏ ਅਤੇ ਬਣਦੀ ਅਹਿਮੀਅਤ ਦੇਈਏ। ਇਸ ਤਰ੍ਹਾਂ ਅਸੀ ਅਪਣੇ ਬਜ਼ੁਰਗ ਮਾਤਾ-ਪਿਤਾ ਦੀਆਂ
ਅਸੀਸਾਂ ਪ੍ਰਾਪਤ ਕਰ ਸਕਦੇ ਹਾਂ ਤੇ ਉਨ੍ਹਾਂ ਨੂੰ ਖ਼ੁਸ਼ ਰੱਖ ਸਕਦੇ ਹਾਂ। ਇਸ ਅਨਮੋਲ ਖ਼ਜ਼ਾਨੇ
ਦੀ ਸੰਭਾਲ ਹੀ ਸਾਡਾ ਫ਼ਰਜ਼ ਹੈ। ਸੰਪਰਕ : 98881-86086