ਭਾਦੋਂ ਦੇ ਛਰਾਟੇ, ਗੁੰਨ੍ਹੇ ਰਹਿ ਜਾਣ ਆਟੇ...
Published : Sep 11, 2017, 9:58 pm IST
Updated : Sep 11, 2017, 4:28 pm IST
SHARE ARTICLE

ਜੇਕਰ ਹੁਣ ਦੇ ਦੌਰ ਦੀ ਪੁਰਾਣੇ ਸਮਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਬਹੁਤ ਵੱਡਾ ਫ਼ਰਕ ਅਤੇ ਸੱਭ ਕੁੱਝ ਬਦਲਿਆ ਹੋਇਆ ਵਿਖਾਈ ਦਿੰਦਾ ਹੈ। ਇਸ ਵਿਗਿਆਨਕ ਯੁੱਗ ਵਿਚ ਪੁਰਾਣੇ ਸਮਿਆਂ ਵਾਲੀਆਂ ਗੱਲਾਂ, ਕਹਾਵਤਾਂ ਅਤੇ ਪੰਜਾਬੀ ਵਿਰਸੇ ਨਾਲ ਸਬੰਧਤ ਲਗਭਗ ਸੱਭ ਕੁੱਝ ਗ਼ਾਇਬ ਹੋ ਗਿਆ ਹੈ। ਮੋਬਾਈਲ, ਕੰਪਿਊਟਰ ਅਤੇ ਇੰਟਰਨੈੱਟ ਦੀ ਦੀਵਾਨੀ ਹੋਈ ਨੌਜਵਾਨ ਪੀੜ੍ਹੀ ਅਪਣੇ ਵਿਰਸੇ ਤੋਂ ਅਨਜਾਣ ਹੋ ਕੇ ਰਹਿ ਗਈ ਹੈ ਜਿਸ ਕਰ ਕੇ ਜ਼ਿਆਦਾ ਉਮਰ ਦੇ ਲੋਕਾਂ ਅਤੇ ਹੁਣ ਦੀ ਪੀੜ੍ਹੀ ਦੀਆਂ ਗੱਲਾਂ ਵਿਚ ਵੀ ਬਹੁਤ ਫ਼ਰਕ ਆ ਗਿਆ ਹੈ।

ਪਹਿਲਾਂ ਲੋਕ ਹੁਣ ਵਾਂਗ ਅੰਗਰੇਜ਼ੀ ਮਹੀਨਿਆਂ ਦਾ ਹਿਸਾਬ ਨਹੀਂ ਰਖਦੇ ਸਨ। ਉਹ ਦੇਸੀ ਮਹੀਨਿਆਂ ਦਾ ਹਿਸਾਬ-ਕਿਤਾਬ ਰਖਦੇ ਸਨ। ਹੁਣ ਜਿਵੇਂ ਜਨਵਰੀ-ਫ਼ਰਵਰੀ ਮਹੀਨਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ। ਉਦੋਂ ਲੋਕ ਦੂਜੇ ਦੇਸੀ ਮਹੀਨੇ ਜਿਵੇਂ ਗਰਮੀ ਦੀ ਰੁੱਤ ਵਿਚ ਸਾਉਣ, ਭਾਦੋਂ, ਅੱਸੂ, ਕੱਤਕ (ਕੱਤਾ) ਅਤੇ ਸਰਦੀ ਦੀ ਰੁੱਤ ਵਿਚ ਮੱਘਰ, ਪੋਹ, ਮਾਘ ਆਦਿ ਮਹੀਨਿਆਂ ਦਾ ਹਿਸਾਬ ਰਖਿਆ ਜਾਂਦਾ ਸੀ। ਜੋ ਲੋਕ ਪੁਰਾਣੇ ਹਨ ਉਹ ਤਾਂ ਹੁਣ ਵੀ ਉਸੇ ਤਰ੍ਹਾਂ ਹੀ ਦੇਸੀ ਮਹੀਨਿਆਂ ਦਾ ਜ਼ਿਕਰ ਕਰਦੇ ਰਹਿੰਦੇ ਹਨ।

ਜੇਕਰ ਅਜੋਕੀ ਪੀੜ੍ਹੀ ਨੂੰ ਇਨ੍ਹਾਂ ਮਹੀਨਿਆਂ ਬਾਰੇ ਪੁਛਿਆ ਜਾਵੇ ਤਾਂ ਉਹ ਇਸ ਬਾਰੇ ਦੱਸਣ ਤੋਂ ਅਸਮਰੱਥ ਹੋਣਗੇ ਕਿਉਂਕਿ ਉਨ੍ਹਾਂ ਨੂੰ ਜਨਵਰੀ-ਫ਼ਰਵਰੀ ਬਾਰੇ ਹੀ ਪਤਾ ਹੋਵੇਗਾ, ਉਨ੍ਹਾਂ ਨੂੰ ਨਾ ਤਾਂ ਕਿਸੇ ਨੇ ਇਸ ਬਾਰੇ ਕਦੇ ਦਸਿਆ ਹੈ ਅਤੇ ਨਾ ਹੀ ਉਨ੍ਹਾਂ ਕੋਲ ਅਜਿਹੇ ਕੰਮਾਂ ਲਈ ਸਮਾਂ ਹੈ। ਮੋਬਾਈਲ ਫ਼ੋਨ ਵਰਗੇ ਉਪਕਰਣਾਂ ਨੇ ਉਨ੍ਹਾਂ ਨੂੰ ਅਪਣੇ ਨਾਲ ਬੰਨ੍ਹ ਰਖਿਆ ਹੈ। ਦੇਸੀ ਮਹੀਨਿਆਂ ਨਾਲ ਅਨੇਕਾਂ ਕਹਾਵਤਾਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਇਹ ਕਹਾਵਤਾਂ ਪੰਜਾਬੀਆਂ ਦੀ ਪੰਜਾਬੀਅਤ ਨੂੰ ਬਿਆਨ ਕਰਦੀਆਂ ਹਨ। ਹੁਣ ਗਰਮੀ ਦਾ ਮੌਸਮ ਹੈ ਅਤੇ ਭਾਦੋਂ ਦਾ ਮਹੀਨਾ ਚਲ ਰਿਹਾ ਹੈ।

ਇਸ ਤੋਂ ਪਹਿਲਾਂ ਸਾਉਣ ਦਾ ਮਹੀਨਾ ਲੰਘਿਆ ਹੈ। ਇਹ ਮਹੀਨੇ ਪੰਜਾਬੀ ਵਿਰਸੇ ਨਾਲ ਖ਼ਾਸ ਸਾਂਝ ਪਵਾਉਂਦੇ ਹਨ। ਸਾਉਣ ਮਹੀਨੇ 'ਚ ਕੁੜੀਆਂ ਇਕੱਠੀਆਂ ਹੋ ਕੇ ਤੀਆਂ ਮਨਾਉਂਦੀਆਂ ਅਤੇ ਬੋਲੀਆਂ ਪਾਉਂਦੀਆਂ ਹਨ। ਇਸ ਤੋਂ ਬਾਅਦ ਭਾਦੋਂ ਦਾ ਮਹੀਨਾ ਆਉਂਦਾ ਹੈ ਜਿਸ ਬਾਰੇ ਕਈ ਕਹਾਵਤਾਂ ਜੁੜੀਆਂ ਹੋਈਆਂ ਹਨ, ਜਿਵੇਂ ਭਾਦੋਂ ਦੇ ਛਰਾਟੇ, ਗੁੰਨ੍ਹੇ ਰਹਿ ਜਾਣ ਆਟੇ..., ਭਾਦੋਂ ਦਾ ਭਜਾਇਆ ਜੱਟ ਸਾਧ ਹੋ ਗਿਆ, ਭਾਦੋਂ ਦੀ ਤਿੜਕੀ ਮਤਰੇਈ ਦੀ ਝਿੜਕੀ, ਗਿੱਦੜ-ਗਿੱਦੜੀ ਦਾ ਵਿਆਹ ਆਦਿ।

ਪੁਰਾਣੇ ਸਮਿਆਂ ਵਿਚ ਔਰਤਾਂ ਇਕੱਠੀਆਂ ਹੋ ਕੇ ਇਸ ਮਹੀਨੇ ਹੱਥਾਂ ਨਾਲ ਘੜਿਆਂ ਉੱਪਰ ਆਟੇ ਦੀਆਂ ਸੇਵੀਆਂ ਵਟਦੀਆਂ ਹੁੰਦੀਆਂ ਸਨ। ਫਿਰ ਬਾਹਰ ਕਰੀਰਾਂ ਦੇ ਦਰੱਖ਼ਤਾਂ ਦੀਆਂ ਟਾਹਣੀਆਂ ਘਰ ਲਿਆ ਕੇ ਜਾਂ ਮੰਜੇ ਆਦਿ ਨੂੰ ਉਲਟਾ ਕਰ ਕੇ ਉਸ ਉਤੇ ਵਿਹੜੇ ਵਿਚ ਸੁਕਾਉਂਦੀਆਂ ਸਨ। ਇਸ ਮਹੀਨੇ ਪਤਾ ਨਹੀਂ ਚਲਦਾ ਸੀ ਕਦੋਂ ਮੀਂਹ ਦਾ ਛਰਾਟਾ ਆ ਜਾਵੇ ਅਤੇ ਸੱਭ ਕੁੱਝ ਗਿੱਲਾ ਹੋ ਜਾਵੇ। ਕਈ ਵਾਰ ਮੀਂਹ ਦੇ ਛਰਾਟਿਆਂ ਕਾਰਨ ਆਟਾ ਗੁੰਨ੍ਹਿਆ ਹੀ ਰਹਿ ਜਾਂਦਾ ਸੀ ਕਿਉਂਕਿ ਮੀਂਹ ਕਰ ਕੇ ਸੇਵੀਆਂ ਨੂੰ ਸੁਕਾਇਆ ਨਹੀਂ ਸੀ ਜਾ ਸਕਦਾ। ਇਸ ਤੋਂ ਇਲਾਵਾ ਉਦੋਂ ਹੁਣ ਵਾਂਗ ਗੈਸ-ਸਿਲੰਡਰ ਵੀ ਨਹੀਂ ਸਨ ਹੁੰਦੇ।

ਖੁੱਲ੍ਹੇ ਵਿਚ ਬਣਾਏ ਚੁੱਲ੍ਹੇ-ਚੌਂਕਿਆਂ ਤੇ ਮੀਂਹ ਕਾਰਨ ਕੰਮ ਨਹੀਂ ਹੁੰਦੇ ਸਨ ਜਿਸ ਕਰ ਕੇ ਰੋਟੀ ਆਦਿ ਪਕਾਉਣ ਵਿਚ ਵੀ ਦੇਰ ਹੋ ਜਾਂਦੀ ਅਤੇ ਆਟੇ ਗੁੰਨ੍ਹੇ ਹੀ ਰਹਿ ਜਾਂਦੇ। ਇਸੇ ਕਰ ਕੇ ਇਹ ਕਹਾਵਤ ਭਾਦੋਂ ਦੇ ਮਹੀਨੇ ਦੀ ਬਣਾਈ ਹੋਈ ਹੈ: ''ਭਾਦੋਂ ਦੇ ਛਰਾਟੇ, ਗੁੰਨ੍ਹੇ ਰਹਿ ਜਾਣ ਆਟੇ''। ਹੁਣ ਵੈਸੇ ਪਹਿਲਾਂ ਵਾਲੇ ਮੌਸਮ ਵੀ ਨਹੀਂ ਰਹੇ ਅਤੇ ਸਾਧਨਾਂ ਵਿਚ ਵੀ ਬਦਲਾਅ ਆ ਗਿਆ ਹੈ। ਹੁਣ ਸੇਵੀਆਂ ਵੱਟਣ ਦੇ ਤਰੀਕੇ ਵੀ ਬਦਲ ਚੁੱਕੇ ਹਨ। ਮਸ਼ੀਨਾਂ ਆਦਿ ਨਾਲ ਸੇਵੀਆਂ ਵੱਟੀਆਂ ਜਾਂਦੀਆਂ ਹਨ। ਹੁਣ ਮਸ਼ੀਨੀਕਰਨ ਨੇ ਸੱਭ ਕੁੱਝ ਹੀ ਬਦਲ ਕੇ ਰੱਖ ਦਿਤਾ ਹੈ।
ਭਾਦੋਂ ਦੇ ਮਹੀਨੇ ਵਿਚ ਜਿਥੇ ਮੀਂਹ ਤੇ ਛਰਾਟੇ ਆਉਂਦੇ ਹਨ, ਉਥੇ ਧੁੱਪ ਬਹੁਤ ਤੇਜ਼ ਪੈਂਦੀ ਹੈ ਜਿਸ ਕਰ ਕੇ ਗਰਮੀ ਬਹੁਤ ਲਗਦੀ ਹੈ। ਭਾਦੋਂ ਦਾ ਮਹੀਨਾ ਤੇਜ਼ ਧੁੱਪ ਕਾਰਨ ਵੀ ਪ੍ਰਸਿੱਧ ਹੈ। ਕਿਸਾਨਾਂ ਨੂੰ ਖੇਤਾਂ ਵਿਚ ਕੰਮ ਕਰਨਾ ਪੈਂਦਾ ਹੈ। ਬਜ਼ੁਰਗਾਂ ਦੇ ਦੱਸਣ ਅਨੁਸਾਰ ਪੁਰਾਣੀ ਗੱਲ ਹੈ, ਭਾਦੋਂ ਦੇ ਮਹੀਨੇ ਦੀ ਤੇਜ਼ ਧੁੱਪ ਤੇ ਗਰਮੀ ਦਾ ਸਤਾਇਆ ਖੇਤਾਂ ਵਿਚ ਕੰਮ ਕਰਦਾ ਇਕ ਕਿਸਾਨ ਸਾਰਾ ਕੁੱਝ ਛੱਡ ਕੇ ਸਾਧ ਹੋ ਗਿਆ ਸੀ। ਜਿਸ ਕਰ ਕੇ ਇਹ ਕਹਾਵਤ ਬਹੁਤ ਪ੍ਰਸਿੱਧ ਹੋਈ ਕਿ ''ਭਾਦੋਂ ਦਾ ਭਜਾਇਆ, ਜੱਟ ਸਾਧ ਹੋ ਗਿਆ।''

ਭਾਦੋਂ ਦੀ ਧੁੱਪ ਦਾ ਇਕ ਕਿੱਸਾ ਹੋਰ ਵੀ ਪ੍ਰਸਿੱਧ ਹੈ। ''ਭਾਦੋਂ ਦੀ ਤਿੜਕੀ, ਮਤਰੇਈ ਦੀ ਝਿੜਕੀ''। ਭਾਦੋਂ ਦੀ ਤਿੜਕੀ ਭਾਵ ਇਸੇ ਮਹੀਨੇ ਵਿਚ ਬਹੁਤ ਤੇਜ਼ ਖੱਟੇ-ਖੱਟੇ ਰੰਗ ਦੀ ਧੁੱਪ ਨਿਕਲਦੀ ਹੈ। ਜਿਵੇਂ ਕੋਈ ਚੀਜ਼ ਇਕਦਮ ਤਿੜਕ ਜਾਂਦੀ ਹੈ ਉਸੇ ਤਰ੍ਹਾਂ ਇਕਦਮ ਤੇਜ਼ ਧੁੱਪ ਆਉਂਦੀ ਹੈ। ਭਾਦੋਂ ਦੀ ਤਿੜਕੀ ਧੁੱਪ ਜਿਵੇਂ ਪ੍ਰੇਸ਼ਾਨ ਕਰਦੀ ਹੈ ਉਸੇ ਤਰ੍ਹਾਂ ਮਤਰੇਈ ਮਾਂ ਜਦੋਂ ਬੱਚਿਆਂ ਨੂੰ ਝਿੜਕਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਮਤਰੇਈ ਮਾਂ ਅਤੇ ਅਸਲ ਮਾਂ ਦੀ ਝਿੜਕ ਵਿਚ ਬਹੁਤ ਫ਼ਰਕ ਰਹਿੰਦਾ ਹੈ। ਉਹ ਗਿਣਤੀ ਦੀਆਂ ਮਤਰੇਈਆਂ ਮਾਵਾਂ ਹੁੰਦੀਆਂ ਹਨ ਜੋ ਅਸਲ ਮਾਂ ਦਾ ਪਿਆਰ ਦਿੰਦੀਆਂ ਹਨ।

ਭਾਦੋਂ ਦੇ ਮਹੀਨੇ ਪਤਾ ਨਹੀਂ ਲਗਦਾ ਕਦੋਂ ਮੀਂਹ ਆ ਜਾਵੇ। ਕਈ ਵਾਰ ਤਾਂ ਖਿੜੀ ਧੁੱਪ ਵਿਚ ਮੀਂਹ ਪੈਣ ਲੱਗ ਜਾਂਦਾ ਹੈ। ਧੁੱਪ ਵਿਚ ਮੀਂਹ ਪੈਣ ਦਾ ਨਜ਼ਾਰਾ ਵੀ ਇਸੇ ਮਹੀਨੇ ਹੀ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਜਦੋਂ ਧੁੱਪ ਦੌਰਾਨ ਹੀ ਮੀਂਹ ਪੈਣ ਲੱਗ ਜਾਂਦਾ ਹੈ ਇਸ ਨਜ਼ਾਰੇ ਅਨੁਸਾਰ ਕਹਾਵਤ ਬਣਾਈ ਹੈ ਕਿ ''ਹੁਣ ਗਿੱਦੜ-ਗਿੱਦੜੀ ਦਾ ਵਿਆਹ ਹੋ ਰਿਹਾ ਹੈ।'' ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ ਉਹ ਜਦੋਂ ਧੁੱਪ ਵਿਚ ਮੀਂਹ ਪੈਂਦਾ ਹੈ ਤਾਂ ਕਹਿਣ ਲੱਗ ਜਾਂਦੇ ਹਨ ਕਿ ਗਿੱਦੜ ਤੇ ਗਿੱਦੜੀ ਦਾ ਵਿਆਹ ਹੋਣ ਲੱਗ ਪਿਆ ਹੈ।

ਅਜਿਹੀਆਂ ਕਹਾਵਤਾਂ ਹੁਣ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਹਨ ਅਤੇ ਅਲੋਪ ਹੋ ਰਹੀਆਂ ਹਨ। ਜਦੋਂ ਇਨ੍ਹਾਂ ਕਹਾਵਤਾਂ ਦਾ ਦੌਰ ਹੁੰਦਾ ਸੀ ਉਦੋਂ ਸੱਭ ਅੰਦਰ ਆਪਸੀ ਪਿਆਰ ਦੀ ਤਾਂਘ ਹੁੰਦੀ ਸੀ। ਸੱਭ ਨਾਲ ਹਾਸੇ-ਮਖ਼ੌਲ ਕਰ ਕੇ ਆਪਸੀ ਪਿਆਰ ਦਾ ਇਜ਼ਹਾਰ ਕੀਤਾ ਜਾਂਦਾ ਹੁੰਦਾ ਸੀ। ਹੁਣ ਤਾਂ ਨਾ ਪਹਿਲਾਂ ਵਾਲਾ ਰਿਸ਼ਤਿਆਂ ਦਾ ਪਿਆਰ ਹੈ ਨਾ ਪਹਿਲਾਂ ਵਾਲੀਆਂ ਪਿਆਰ ਦੀਆਂ ਕਹਾਵਤਾਂ ਰਹੀਆਂ ਨੇ। ਹੁਣ ਤਾਂ ਅਜਿਹਾ ਮਾਹੌਲ ਬਣ ਗਿਆ ਹੈ ਕਿ ਗੁਆਂਢੀ ਨੂੰ ਗੁਆਂਢੀ ਦੇ ਘਰ ਦਾ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਘਰ ਵਿਚ ਕੀ ਹੋ ਰਿਹਾ ਹੈ? ਕਿਉਂਕਿ ਲੋਕ ਅਪਣੇ ਅਤੇ ਅਪਣੇ ਕੰਮਾਂ-ਕਾਰਾਂ ਵਿਚ ਹੀ ਉਲਝ ਕੇ ਰਹਿ ਗਏ ਹਨ। ਇਸ ਤੋਂ ਇਲਾਵਾ ਮੋਬਾਈਲਾਂ ਅਤੇ ਇੰਟਰਨੈੱਟ ਵਰਗੇ ਸਾਧਨਾਂ ਨੇ ਲੋਕਾਂ ਨੂੰ ਅਪਣੇ ਜੋਗਾ ਹੀ ਕਰ ਲਿਆ ਹੈ।

ਵੈਸੇ ਲੋਕ ਅਜਕਲ ਵਿਗਿਆਨਕ ਕਾਢਾਂ ਨਾਲ ਜਿੰਨਾ ਸਬੰਧ ਬਣਾ ਰਹੇ ਹਨ ਓਨਾ ਹੀ ਉਹ ਕੁਦਰਤ ਤੋਂ ਦੂਰ ਹੋ ਰਹੇ ਹਨ। ਪਹਿਲਾਂ ਜਦੋਂ ਲੋਕ ਵਿਗਿਆਨਿਕ ਕਾਢਾਂ ਤੋਂ ਦੂਰ ਹੁੰਦੇ ਸਨ, ਉਦੋਂ ਆਪਸੀ ਰਿਸ਼ਤਿਆਂ ਵਿਚ ਪਿਆਰ ਦੀ ਝਲਕ ਬਰਕਰਾਰ ਰਖਦੇ ਸਨ। ਉਦੋਂ ਕੁਦਰਤ ਨਾਲ ਜੁੜੇ ਰਹਿੰਦੇ ਸਨ। ਅਸਲ ਵਿਚ ਜਿਹੜਾ ਮਨੁੱਖ ਕੁਦਰਤ ਨਾਲ ਜੁੜ ਕੇ ਰਹਿੰਦਾ ਹੈ ਉਹ ਹੀ ਸਕੂਨ ਵਾਲੀ ਜ਼ਿੰਦਗੀ ਜੀਅ ਸਕਦਾ ਹੈ। ਇਸ ਲਈ ਸਾਨੂੰ ਕੁਦਰਤ ਨਾਲ ਜੁੜ ਕੇ ਕੁਦਰਤੀ ਨਜ਼ਾਰਿਆਂ ਅਤੇ ਅਪਣੀ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੀਦਾ ਹੈ। ਬਾਕੀ ਨੌਜਵਾਨ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੁੜੀਆਂ ਕਹਾਵਤਾਂ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਹੈ ਤਾਕਿ ਸਾਡੇ ਕੋਲੋਂ ਵਿਸਰ ਰਹੇ ਪੰਜਾਬੀ ਵਿਰਸੇ, ਪੰਜਾਬੀਅਤ ਅਤੇ ਆਪਸੀ ਰਿਸ਼ਤਿਆਂ ਤੇ ਪਿਆਰ ਨੂੰ ਬਚਾਇਆ ਜਾ ਸਕੇ।
ਸੰਪਰਕ : 97810-48055

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement