ਦੇਸੀ ਦਹਿਸ਼ਤਗਰਦੀ - ਨਸਲੀ ਹਿੰਸਾ (1)
Published : Sep 4, 2017, 10:00 pm IST
Updated : Sep 4, 2017, 4:30 pm IST
SHARE ARTICLE


ਦਹਿਸ਼ਤ ਫੈਲਾਉਣਾ ਹਰ ਜੀਵ ਦੀ ਕੁਦਰਤੀ ਫ਼ਿਤਰਤ ਹੈ। ਹਰ ਜੀਵ ਦਾ ਅਪਣੇ ਤੋਂ ਕਮਜ਼ੋਰਾਂ ਉਤੇ ਦਹਿਸ਼ਤ ਪੈਦਾ ਕਰ ਕੇ ਉਨ੍ਹਾਂ ਨੂੰ ਅਪਣੇ ਹੇਠ ਰਖਣਾ ਇਕ ਕੁਦਰਤੀ ਸੁਭਾਅ ਹੈ। ਇਸ ਦਾ ਮੁੱਖ ਕਾਰਨ ਦੂਜੇ ਤੇ ਅਪਣਾ ਡਰ ਪਾ ਕੇ ਉਸ ਨੂੰ ਮਿਟਾਉਣ ਦਾ ਯਤਨ ਕਰਨਾ ਅਤੇ ਅਪਣੀ ਸੁਰੱਖਿਆ ਅਤੇ ਹੋਂਦ ਨੂੰ ਮਜ਼ਬੂਤ ਕਰਨਾ ਹੈ। ਸਿਰਫ਼ ਜੀਵ-ਜੰਤੂ ਹੀ ਨਹੀਂ ਮਨੁੱਖ ਵੀ ਇਸੇ ਤਰ੍ਹਾਂ ਹੀ ਕਰਦਾ ਹੈ। ਸਰਕਾਰ ਅਪਣੀ ਫ਼ੌਜ, ਪੁਲਿਸ ਅਤੇ ਸੱਤਾ ਦੇ ਘੋੜੇ ਦੀ ਬੇਲਗਾਮ ਵਰਤੋਂ ਕਰ ਕੇ, ਸਮਾਜ ਦਾ ਬਹੁ-ਗਿਣਤੀ ਤਬਕਾ ਅਤੇ ਕਰਮਚਾਰੀ ਸੰਗਠਨ ਅਪਣੀ ਗਿਣਤੀ ਦੇ ਵਿਖਾਵੇ ਨਾਲ ਅਤੇ ਲੋੜ ਪੈਣ ਤੇ ਉਨ੍ਹਾਂ ਵਲੋਂ ਰੋਸ ਮੁਜ਼ਾਹਰੇ, ਹੜਤਾਲਾਂ ਅਤੇ ਹਿੰਸਕ ਕਾਰਵਾਈਆਂ ਕਰਾ ਕੇ, ਵਪਾਰੀ, ਕਾਰਖ਼ਾਨੇਦਾਰ ਅਤੇ ਆਮ ਆਦਮੀ ਅਪਣੇ ਪੈਸੇ ਅਤੇ ਰਸੂਖ਼ ਨੂੰ ਵਰਤ ਕੇ, ਦਹਿਸ਼ਤਗਰਦ ਅਸਲੇ ਦੀ ਅੰਨ੍ਹੀ ਵਰਤੋਂ ਨਾਲ ਅਪਣੇ ਵਿਰੋਧੀਆਂ ਉਤੇ ਦਹਿਸ਼ਤ ਪਾ ਕੇ ਅਪਣਾ ਦਬਾਅ ਪਾਉਣ ਦਾ ਯਤਨ ਕਰਦੇ ਹਨ।
ਇਨ੍ਹਾਂ ਤੋਂ ਇਲਾਵਾ ਮਨੁੱਖੀ ਸਮਾਜ ਦਾ ਇਕ ਹੋਰ ਵਰਗ ਵੀ ਹੈ ਜੋ ਅਪਣਾ ਦਬਦਬਾ ਪਾਉਣ ਅਤੇ ਦੂਜਿਆਂ ਨੂੰ ਅਪਣੇ ਹੇਠ ਰੱਖਣ ਲਈ ਅਪਣੀ ਤਾਕਤ ਦਾ ਬੇਖ਼ੌਫ਼, ਠੀਕ ਜਾਂ ਗ਼ਲਤ ਇਸਤੇਮਾਲ ਕਰਦਾ ਹੈ। ਇਹ ਹੈ ਸਾਡਾ ਸਿਆਸੀ ਵਰਗ।
ਅਜੋਕੇ ਸਮੇਂ ਦੀ ਸਿਆਸਤ ਪੁਰਾਤਨ ਸਮੇਂ ਤੋਂ ਵਖਰੀ ਨਹੀਂ। ਪੁਰਾਤਨ ਸਮਾਂ ਰਜਵਾੜਿਆਂ ਦਾ ਸੀ। ਉਨ੍ਹਾਂ ਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਸੀ। ਲੋਕਾਂ ਪਾਸ ਨਾ ਤਾਂ ਉਸ ਨੂੰ ਗੱਦੀ ਤੇ ਬਿਠਾਉਣ ਦਾ ਤੇ ਨਾ ਹੀ ਲਾਹੁਣ ਦਾ ਹੱਕ ਸੀ ਅਤੇ ਨਾ ਹੀ ਤਾਕਤ। ਪਰ ਹੁਣ ਅਜਿਹਾ ਨਹੀਂ ਹੈ। ਹੁਣ ਲੋਕਾਂ ਕੋਲ ਤਾਕਤ ਹੈ ਕਿ ਉਹ ਜਿਸ ਨੂੰ ਚਾਹੁਣ ਤਖ਼ਤ ਤੇ ਬਿਠਾ ਦੇਣ। ਜੇ ਪਸੰਦ ਨਾ ਆਵੇ ਤਾਂ ਲਾਹ ਕੇ ਪਰੇ ਮਾਰਨ। ਲੋਕਾਂ ਕੋਲ ਸਰਕਾਰ ਅਤੇ ਸਿਆਸਤਦਾਨਾਂ ਨੂੰ ਅਪਣੇ ਡਰ ਹੇਠ ਰੱਖਣ ਵਾਲੀ ਤਾਕਤ 'ਵੋਟ ਸ਼ਕਤੀ' ਹੈ। ਅਜੋਕੇ ਸਮੇਂ 'ਚ ਹਕੂਮਤ ਇਕੱਲੇ ਬੰਦੇ ਦੇ ਹੱਥ ਨਹੀਂ ਸਗੋਂ ਇਕ ਸਮੂਹ (ਪਾਰਟੀ) ਕੋਲ ਹੁੰਦੀ ਹੈ। ਜਿਸ ਪਾਰਟੀ ਤੇ ਜਨਤਾ ਦਿਆਲ, ਹਕੂਮਤ ਉਸੇ ਪਾਰਟੀ ਦੀ। ਇਸ ਲਈ ਜਨਤਾ ਦੀ ਇਸ 'ਵੋਟ ਸ਼ਕਤੀ' ਦੀ ਦਹਿਸ਼ਤ ਤੋਂ ਹਰ ਦੇਸ਼ ਦੀ ਹਰ ਸਿਆਸੀ ਪਾਰਟੀ ਡਰਦੀ ਹੈ।
ਇਸੇ ਲਈ ਅਪਣੀ ਸਿਆਸੀ ਲਾਲਸਾ ਦੀ ਪੂਰਤੀ ਲਈ ਲੋਕਾਂ ਨੂੰ ਅਪਣੇ ਵਲ ਝੁਕਾਉਣ ਖ਼ਾਤਰ ਸਿਆਸਤਦਾਨ ਬੜੇ ਪਾਪੜ ਵੇਲਦੇ ਹਨ। ਜਿਵੇਂ ਕਿ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸਬਜ਼ਬਾਗ ਵਿਖਾਉਣੇ, ਅਪਣੇ ਵਿਰੋਧੀਆਂ ਉਤੇ ਤੁਹਮਤਾਂ ਲਾ ਕੇ ਉਨ੍ਹਾਂ ਨੂੰ ਬਦਨਾਮ ਕਰ ਕੇ ਕਮਜ਼ੋਰ ਕਰਨਾ, ਅਪਣੇ ਵਿਰੋਧੀਆਂ ਦੇ ਕੰਮਾਂ ਵਿਚ ਰੁਕਾਵਟਾਂ ਖੜੀਆਂ ਕਰ ਕੇ ਉਨ੍ਹਾਂ ਨੂੰ ਲੋਕਾਂ ਦੀ ਨਜ਼ਰ ਵਿਚ ਨਾਅਹਿਲ ਸਿੱਧ ਕਰਨ ਦਾ ਯਤਨ ਕਰਨਾ, ਅਪਣੇ ਕੰਮਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਤੇ ਅਪਣੇ ਆਪ ਨੂੰ ਜਨਤਾ ਅਤੇ ਦੇਸ਼ ਦਾ ਸੱਭ ਤੋਂ ਵੱਡਾ ਹਿਤੈਸ਼ੀ ਸਿੱਧ ਕਰਨਾ। ਜੇ ਇਸ ਤਰ੍ਹਾਂ ਕੰਮ ਨਾ ਸਰੇ ਤਾਂ ਦੇਸ਼ ਦੇ ਭਵਿੱਖ ਨੂੰ ਛਿੱਕੇ ਟੰਗ ਕੇ ਦੋ ਫ਼ਿਰਕਿਆਂ ਵਿਚ ਨਫ਼ਰਤ ਫੈਲਾ ਕੇ ਦੰਗੇ ਭੜਕਾਉਣੇ।
ਫ਼ਿਰਕੇ ਕਈ ਹੋ ਸਕਦੇ ਹਨ - ਨਸਲੀ, ਧਾਰਮਕ, ਜਾਤੀ ਜਾਂ ਫਿਰ ਆਰਥਕ। ਜੇ ਦੁਨੀਆਂ ਵਿਚ ਹੋਏ/ ਹੁੰਦੇ ਦੰਗਿਆਂ ਵਲ ਵੇਖੀਏ ਤਾਂ ਸੱਭ ਤੋਂ ਵੱਧ ਦੰਗੇ ਧਰਮ ਦੇ ਨਾਂ ਤੇ, ਦੂਜੇ ਨੰਬਰ ਤੇ ਨਸਲੀ, ਤੀਜੇ ਨੰਬਰ ਤੇ ਆਰਥਕ ਸ਼ੋਸ਼ਣ ਕਰ ਕੇ ਹੁੰਦੇ ਹਨ। ਪਿਛਲੀ ਸਦੀ ਦੇ ਸ਼ੁਰੂ ਵਿਚ ਮਾਰਕਸੀ ਵਿਚਾਰਧਾਰਾ ਦੇ ਉਭਾਰ ਨੇ ਸੰਸਾਰ ਦੇ ਕਈ ਦੇਸ਼ਾਂ ਵਿਚ ਆਰਥਕ ਸ਼ੋਸ਼ਣ ਕਰ ਕੇ ਅਮੀਰਾਂ ਵਿਰੁਧ ਗ਼ਰੀਬਾਂ ਨੂੰ ਭੜਕਾ ਕੇ ਦੰਗੇ ਕਰਾਏ ਅਤੇ ਸਰਕਾਰਾਂ ਦਾ ਤਖ਼ਤਾ ਪਲਟ ਕੀਤਾ।
ਜੇ ਭਾਰਤ ਦੀ ਗੱਲ ਕਰੀਏ ਤਾਂ ਇਥੇ ਦੰਗਿਆਂ ਦਾ ਮੁੱਖ ਕਾਰਨ ਧਰਮ ਅਤੇ ਜਾਤੀਵਾਦ ਹੈ। ਭਾਵੇਂ ਭਾਰਤ ਵਿਚ ਧਾਰਮਕ ਸਹਿਣਸ਼ੀਲਤਾ ਦੀ ਕਮੀ ਬਹੁਤ ਹੈ ਪਰ ਇਹ ਨਿਜੀ ਪੱਧਰ ਤੇ ਹੋਣ ਕਾਰਨ ਅਪਣੇ-ਆਪ ਕਦੇ ਵੀ ਖ਼ਤਰਨਾਕ ਸਾਬਤ ਨਹੀਂ ਹੋਈ। ਜਦ ਵੀ ਇਹ ਭੜਕੀ, ਮਜ਼ਹਬੀ ਕੱਟੜਪੰਥੀਆਂ ਦੀ ਭੜਕਾਹਟ ਕਰ ਕੇ ਭੜਕੀ।
ਭਾਰਤੀ ਪੁਰਾਤਨ ਇਤਿਹਾਸ ਵਿਚ ਸੱਭ ਤੋਂ ਵੱਡੀ ਮਜ਼ਹਬੀ ਹਿੰਸਾ 7ਵੀਂ/8ਵੀਂ ਸਦੀ ਵਿਚ ਹਿੰਦੂ ਧਰਮ ਦੇ ਮੁੜ ਉਥਾਨ ਨਾਲ ਬੋਧ ਧਰਮ ਵਿਰੁਧ ਹੋਈ। ਇਸ ਨੂੰ ਭੜਕਾਉਣ ਵਾਲਾ ਸ਼ੰਕਰਾਚਾਰੀਆ ਸੀ ਜਿਸ ਨੇ ਬੋਧੀਆਂ ਨੂੰ ਹਰ ਪਾਸਿਉਂ ਘੇਰਿਆ। ਇਸ ਹਿੰਸਾ ਵਿਚ ਬੋਧੀਆਂ ਦਾ ਬੇਹਿਸਾਬ ਮਜ਼ਹਬੀ, ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਜੇ ਕਿਹਾ ਜਾਵੇ ਕਿ ਉਸ ਵੇਲੇ ਬੋਧੀਆਂ ਵਿਰੁਧ ਹਿੰਦੂਆਂ ਦੀ ਹਿਟਲਰਸ਼ਾਹੀ ਚਲ ਰਹੀ ਸੀ ਤਾਂ ਗ਼ਲਤ ਨਹੀਂ ਹੋਵੇਗਾ। ਇਸ ਤਰ੍ਹਾਂ ਲਗਦਾ ਸੀ ਕਿ ਹਿੰਦੂ ਕੱਟੜਪੰਥੀਆਂ ਨੇ ਭਾਰਤ ਵਿਚੋਂ ਬੋਧੀਆਂ ਦਾ ਖੁਰਾ-ਖੋਜ ਮਿਟਾਉਣ ਦੀ ਪੱਕੀ ਠਾਣ ਰੱਖੀ ਸੀ। ਬੋਧੀਆਂ ਨੂੰ ਭਾਰਤ ਵਿਚੋਂ ਖ਼ਤਮ ਕਰਨ ਮਗਰੋਂ ਮਜ਼ਹਬੀ ਹਿੰਸਾ ਦੇ ਮਾਮਲੇ ਵਿਚ ਇਕ ਲੰਮੇ ਸਮੇਂ ਤਕ ਇਥੇ ਇਕ ਵਾਰ ਫਿਰ ਸ਼ਾਂਤੀ ਰਹੀ। ਪਰ 19ਵੀਂ ਸਦੀ ਦੇ ਅੰਤ ਵਿਚ ਅੰਗਰੇਜ਼ਾਂ ਦੇ ਸਮੇਂ ਇਸ ਜ਼ਹਿਰੀਲੇ ਬੂਟੇ ਨੂੰ ਇਕ ਵਾਰ ਫਿਰ ਬੂਰ ਪਿਆ ਜਦ ਸੰਨ 1893 ਦੌਰਾਨ ਬੰਬਈ ਵਿਚ ਮਜ਼ਹਬੀ ਦੰਗੇ ਹੋਏ, ਇਸ ਵਿਚ ਤਕਰੀਬਨ ਇਕ ਹਜ਼ਾਰ ਬੰਦੇ ਮਾਰੇ ਗਏ। ਫਿਰ 1905 ਬੰਗਾਲ ਦੀ ਵੰਡ ਨਾਲ ਦੰਗੇ, 1924 ਅਤੇ 1926 ਵਿਚ ਹਿੰਦੂ-ਮੁਸਲਿਮ ਦੰਗੇ ਹੋਏ।
ਸੰਨ 1947 ਭਾਰਤ ਦੀ ਵੰਡ ਵੇਲੇ ਦੇ ਦੰਗੇ ਤਾਂ ਅਪਣੀ ਮਿਸਾਲ ਆਪ ਸਨ। ਇਸ ਵਿਚ ਤਕਰੀਬਨ ਇਕ ਲੱਖ ਬੰਦੇ ਮਾਰੇ ਗਏ ਅਤੇ ਦਸ ਲੱਖ ਦੇ ਕਰੀਬ ਲੋਕ ਘਰੋਂ ਬੇਘਰ ਹੋਏ। ਫਿਰ 1948 ਬਿਹਾਰ ਅਤੇ ਬੰਗਾਲ ਵਿਚ, 1969 ਅਹਿਮਦਾਬਾਦ ਵਿਚ, 1979 ਜਮਸ਼ੇਦਪੁਰ ਵਿਚ, 1980 ਮੁਰਾਦਾਬਾਦ ਵਿਚ, 1984 ਸਿੱਖਾਂ ਵਿਰੁਧ ਦਿੱਲੀ ਵਿਚ, ਕਾਨਪੁਰ ਅਤੇ ਭਾਰਤ ਦੇ ਕਈ ਹੋਰ ਕਈ ਸ਼ਹਿਰਾਂ ਵਿਚ, 1987 ਮੇਰਠ ਵਿਚ, 1989 ਬਾਗਲਪੁਰ ਬਿਹਾਰ ਵਿਚ, 1992 ਬੰਬਈ ਵਿਚ, 2002 ਗੁਜਰਾਤ ਵਿਚ ਦੰਗੇ ਹੋਏ।
ਜੇ ਵੇਖਿਆ ਜਾਵੇ ਤਾਂ ਪਿਛਲੇ 125 ਸਾਲਾਂ ਦੌਰਾਨ ਭਾਰਤ ਵਿਚ ਲਗਾਤਾਰ ਮਜ਼ਹਬੀ ਦਹਿਸ਼ਤਗਰਦੀ ਹੋ ਰਹੀ ਹੈ ਅਤੇ ਇਸ ਦਾ ਨਾ ਤਾਂ ਕਿਤੇ ਅੰਤ ਹੀ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਇਸ ਨੂੰ ਰੋਕਣ ਲਈ ਕਿਸੇ ਯੋਜਨਾ ਅਤੇ ਕਿਸੇ ਨਵੇਂ ਕਾਨੂੰਨ ਦੇ ਬਣਨ ਦੇ ਆਸਾਰ ਹੀ ਨਜ਼ਰ ਆ ਰਹੇ ਹਨ।
ਇਨ੍ਹਾਂ 125 ਸਾਲਾਂ ਵਿਚ 55 ਸਾਲ ਅੰਗਰੇਜ਼ ਹਕੂਮਤ ਦੇ ਅਤੇ 70 ਸਾਲ ਸਾਡੀ ਅਪਣੀ (ਭਾਰਤੀ) ਹਕੂਮਤ ਦੇ ਹਨ। ਇਨ੍ਹਾਂ ਅੰਕੜਿਆਂ ਤੋਂ ਨਜ਼ਰ ਆਉਂਦਾ ਹੈ ਕਿ ਆਜ਼ਾਦੀ ਮਗਰੋਂ ਸਾਡੇ ਦੇਸ਼ ਵਿਚ ਮਜ਼ਹਬੀ ਦਹਿਸ਼ਤਗਰਦੀ ਬੜੀ ਤੇਜ਼ੀ ਨਾਲ ਵਧੀ ਹੈ ਅਤੇ ਸੰਨ 2014 ਵਿਚ ਬੀ.ਜੇ.ਪੀ. ਦੀ ਹਕੂਮਤ ਆਉਣ ਮਗਰੋਂ ਇਹ ਸਿਰਫ਼ ਹੋਰ ਤੇਜ਼ ਹੀ ਨਹੀਂ ਹੋਈ ਸਗੋਂ ਇਸ ਨੇ ਕਈ ਨਵੇਂ ਰੂਪ ਵੀ ਅਖ਼ਤਿਆਰ ਕਰ ਲਏ ਹਨ। ਸਾਡੇ ਦੇਸ਼ ਵਿਚ ਮਜ਼ਹਬੀ ਦਹਿਸ਼ਤਗਰਦੀ ਦਾ ਇਹ ਛੋਟਾ ਜਿਹਾ ਬੂਟਾ ਹੁਣ ਇਕ ਵਿਸ਼ਾਲ ਰੁੱਖ ਬਣ ਚੁੱਕਾ ਹੈ ਜਿਸ ਨੂੰ ਹੁਣ ਜੜ੍ਹ ਤੋਂ ਪੁਟਣਾ ਸ਼ਾਇਦ ਆਸਾਨ ਨਹੀਂ।
ਸੱਭ ਜਾਣਦੇ ਹਨ ਕਿ ਕਿਸੇ ਵੀ ਅਮਨ ਪਸੰਦ ਅਤੇ ਤਰੱਕੀਪਸੰਦ ਸਮਾਜ ਲਈ ਫ਼ਿਰਕਾਪ੍ਰਸਤੀ ਅਤੇ ਮਜ਼ਹਬੀ ਦੰਗੇ ਠੀਕ ਨਹੀਂ। ਫਿਰ ਭਾਰਤ ਵਿਚ ਫ਼ਿਰਕਾਪ੍ਰਸਤੀ ਨੂੰ ਠੱਲ੍ਹ ਕਿਉਂ ਨਹੀਂ ਪੈ ਰਹੀ? ਇਸ ਵਿਚ ਲਗਾਤਾਰ ਵਾਧਾ ਕਿਉਂ ਹੋ ਰਿਹਾ ਹੈ? ਕੀ ਮਜ਼ਹਬੀ ਨਫ਼ਰਤ ਨੂੰ ਖ਼ਤਮ ਕਰਨਾ ਆਸਾਨ ਨਹੀਂ? ਜਾਂ ਕੀ ਅਸੀਂ ਇਸ ਨੂੰ ਖ਼ਤਮ ਕਰਨਾ ਹੀ ਨਹੀਂ ਚਾਹੁੰਦੇ? ਮੰਨਿਆ ਜਾਂਦਾ ਹੈ ਕਿ ਸਾਫ਼ ਦਿਲ ਅਤੇ ਦ੍ਰਿੜ ਇਰਾਦੇ ਨਾਲ ਸਾਰੇ ਕੰੰਮ ਆਸਾਨ ਹੋ ਜਾਂਦੇ ਹਨ। ਜੇ ਸਾਧਨ ਵੀ ਪੂਰੇ ਹੋਣ ਤਾਂ ਕੰਮ ਹੋਰ ਵੀ ਸੌਖਾ ਹੋ ਜਾਂਦਾ ਹੈ।
ਕੋਈ ਵੀ ਜਨ-ਹਿਤੈਸ਼ੀ ਸਰਕਾਰ ਅਪਣੇ ਸਮਾਜ ਵਿਚ ਫ਼ਿਰਕਾਪ੍ਰਸਤੀ ਨੂੰ ਠੀਕ ਨਹੀਂ ਸਮਝਦੀ। ਜੇ ਇਸ ਤਰ੍ਹਾਂ ਹੋਵੇ ਤਾਂ ਉਹ ਇਸ ਨੂੰ ਹਰ ਹੀਲੇ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਸਾਡੇ ਦੇਸ਼ ਵਿਚ ਇਸ ਤਰ੍ਹਾਂ ਹੋ ਰਿਹਾ ਨਜ਼ਰ ਨਹੀਂ ਆਉਂਦਾ। ਸੱਭ ਕੁੱਝ ਹੁੰਦੇ ਹੋਏ ਅਤੇ ਇਹ ਜਾਣਦੇ ਹੋਏ ਕਿ ਫ਼ਿਰਕਾਪ੍ਰਸਤੀ ਠੀਕ ਨਹੀਂ, ਫਿਰ ਵੀ ਜੇ ਦਿਨ-ਬ-ਦਿਨ ਇਹ ਜ਼ਹਿਰ ਫੈਲ ਰਿਹਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਦੀ ਇਸ ਸਮੱਸਿਆ ਪ੍ਰਤੀ ਨੀਤ ਸਾਫ਼ ਨਹੀਂ, ਇਰਾਦਾ ਨੇਕ ਨਹੀਂ ਅਤੇ ਦਿਲ ਮਜ਼ਬੂਤ ਨਹੀਂ।
ਆਜ਼ਾਦ ਭਾਰਤ ਦੇ 70 ਵਰ੍ਹਿਆਂ ਦੀ ਹਕੂਮਤ ਦੇ ਤਕਰੀਬਨ 50 ਸਾਲ ਕਾਂਗਰਸ ਅਤੇ 20 ਸਾਲ ਗਠਜੋੜ ਦੇ ਲੇਖੇ ਆਉਂਦੇ ਹਨ। ਸਰਕਾਰ ਚਾਹੇ ਕਾਂਗਰਸ ਦੀ ਰਹੀ ਹੋਵੇ ਜਾਂ ਬੀ.ਜੇ.ਪੀ. ਦੀ, ਫ਼ਿਰਕਾਪ੍ਰਸਤੀ ਦੋਹਾਂ ਸਰਕਾਰਾਂ ਵੇਲੇ ਹੁੰਦੀ ਰਹੀ ਹੈ। ਇਸ ਲਈ ਕਿਸੇ ਇਕ ਨੂੰ ਇਸ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜਦ ਫ਼ਿਰਕਾਪ੍ਰਸਤੀ ਲਈ ਦੋਵੇਂ ਸਰਕਾਰਾਂ ਦੋਸ਼ੀ ਹੋਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਸਿਆਸਤਦਾਨਾਂ ਕੋਲ ਲੋਕਾਂ ਨੂੰ ਅਪਣੇ ਪ੍ਰਭਾਵ ਹੇਠ ਰੱਖਣ ਲਈ ਸਰਬੱਤ ਦੇ ਭਲੇ ਵਾਲੀ ਭਾਵਨਾ ਅਤੇ ਯੋਜਨਾਵਾਂ ਦੀ ਕਮੀ ਹੈ। ਇਹ ਅਪਣੀ ਸਿਆਸੀ ਸਥਿਤੀ ਨੂੰ ਮਜ਼ਬੂਤ ਰੱਖਣ ਲਈ ਫ਼ਿਰਕਾਪ੍ਰਸਤੀ ਦਾ ਸਹਾਰਾ ਲੈਂਦੇ ਹਨ, ਨਫ਼ਰਤ ਫੈਲਾਉਂਦੇ ਹਨ ਅਤੇ ਦੰਗੇ ਕਰਾ ਕੇ ਲਾਹਾ ਖਟਦੇ ਹਨ।
1947 ਵਿਚ ਪੰਜਾਬ ਵੰਡ ਵੇਲੇ ਫ਼ਿਰਕਾਪ੍ਰਸਤੀ ਦਾ ਜੋ ਸੱਭ ਤੋਂ ਭਿਆਨਕ ਨਜ਼ਾਰਾ ਲੋਕਾਂ ਨੇ ਵੇਖਿਆ ਉਸ ਨੂੰ ਭੁਲਣਾ ਆਸਾਨ ਨਹੀਂ। ਸਾਡੇ ਸਿਆਸਤਦਾਨਾਂ ਦੀ ਬਦਨੀਤੀ ਕਰ ਕੇ ਮਜ਼ਹਬ ਦੇ ਨਾਂ ਤੇ ਹੋਈ ਦੇਸ਼ ਦੀ ਵੰਡ ਨੂੰ ਨਾ ਬਰਦਾਸ਼ਤ ਕਰ ਕੇ ਪਗਲਾਏ ਹੋਏ ਸਾਡੇ ਇਨ੍ਹਾਂ ਸਿਆਸਤਦਾਨਾਂ ਨੇ ਫ਼ਿਰਕਾਪ੍ਰਸਤਾਂ ਨੂੰ ਸ਼ੈਤਾਨੀਅਤ ਦਾ ਇਕ ਲੰਮਾ ਖੁੱਲ੍ਹਾ ਅਤੇ ਬੇਸ਼ਰਮ ਨਾਚ ਖੇਡਣ ਦੀ ਖੁੱਲ੍ਹ ਦਿਤੀ ਸੀ। ਦੰਗਿਆਂ ਦੌਰਾਨ ਜੇ ਸਿਰਫ਼ ਅਪਣੇ ਵਿਰੋਧੀ ਦਾ ਨੁਕਸਾਨ ਹੋਵੇ ਤਾਂ ਕੁੱਝ ਹੱਦ ਤਕ ਇਕ ਧਿਰ ਨੂੰ ਤਾਂ ਤਸੱਲੀ ਹੁੰਦੀ ਹੈ, ਜੇਕਰ ਦੋਵੇਂ ਧਿਰਾਂ ਦਾ ਨੁਕਸਾਨ ਹੋ ਰਿਹਾ ਹੋਵੇ ਤਾਂ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹ ਫ਼ਿਰਕੂ ਦੰਗੇ ਠੀਕ ਹਨ?
ਦੇਸ਼ ਦੀ ਵੰਡ ਵੇਲੇ ਦੋਵੇਂ ਧਿਰਾਂ ਦਾ ਰੱਜ ਕੇ ਨੁਕਸਾਨ ਹੋਇਆ, ਪਰ ਕਿਸੇ ਨੂੰ ਇਸ ਦਾ ਅਫ਼ਸੋਸ ਨਾ ਹੋਇਆ। ਇਹ ਬਸ ਇਕ ਦੂਜੇ ਦੇ ਹੁੰਦੇ ਨੁਕਸਾਨ ਨੂੰ ਵੇਖ ਕੇ ਖ਼ੁਸ਼ ਹੁੰਦੇ ਰਹੇ। ਪਰ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਅਪਣਾ ਘਰ ਸੜਦਾ ਨਜ਼ਰ ਨਾ ਆਇਆ ਜਾਂ ਇਨ੍ਹਾਂ ਨੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੀ ਨਾ ਸਮਝੀ। ਇਸ ਬਰਬਾਦੀ ਨੂੰ ਵੇਖ ਕੇ ਦੋਹਾਂ ਪਾਸੇ ਕਿਸੇ ਦੀ ਵੀ ਜ਼ਮੀਰ ਨਹੀਂ ਜਾਗੀ। ਜੇ ਜਾਗਦੀ ਤਾਂ ਸ਼ਾਇਦ ਇਨ੍ਹਾਂ ਦੰਗਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ। ਕਸਮ ਖਾਂਦੇ ਅਤੇ ਕਾਨੂੰਨ ਬਣਾਉਂਦੇ ਕਿ ਭਵਿੱਖ ਵਿਚ ਮੁੜ ਕੇ ਇਸ ਤਰ੍ਹਾਂ ਦੇ ਦੰਗੇ ਨਹੀਂ ਹੋਣ ਦੇਵਾਂਗੇ।
ਆਜ਼ਾਦੀ ਸਮੇਂ ਧਰਮ ਆਧਾਰਤ ਪੰਜਾਬ ਦੀ ਹੋਈ ਵੰਡ ਕਾਰਨ ਲੋਕਾਂ ਨਾਲ ਵਾਪਰੇ ਦੁਖਾਂਤ ਤੋਂ ਸਾਡੇ ਸਿਆਸਤਦਾਨਾਂ ਨੇ ਇਨਸਾਨੀਅਤ ਦਾ ਸਬਕ ਤਾਂ ਨਹੀਂ ਸਿਖਿਆ ਪਰ ਹੈਵਾਨੀਅਤ ਦਾ ਪਾਠ ਜ਼ਰੂਰ ਪੜ੍ਹ ਲਿਆ। ਸਾਡੇ ਸਿਆਸਤਦਾਨਾਂ ਨੂੰ ਅਪਣੇ ਵਿਰੋਧੀਆਂ ਨੂੰ ਕੁਚਲਣ ਲਈ ਮਜ਼ਹਬੀ ਦਹਿਸ਼ਤਗਰਦੀ ਦੇ ਰੂਪ ਵਿਚ ਇਕ ਬ੍ਰਹਮਅਸਤਰ ਮਿਲ ਗਿਆ ਜਿਸ ਨੂੰ ਇਹ ਅਪਣੇ ਸਵਾਰਥ ਲਈ ਲਗਾਤਾਰ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੇ ਵੇਖ ਲਿਆ ਕਿ ਇਸ ਮਜ਼ਹਬੀ ਦਹਿਸ਼ਤਗਰਦੀ ਵਿਚ ਲਾਭ ਹੀ ਲਾਭ ਹੈ। 1. ਮਜ਼ਹਬੀ ਦਹਿਸ਼ਤਗਰਦੀ ਫੈਲਾਉਣ ਨਾਲ ਕੋਈ ਸਜ਼ਾ ਨਹੀਂ ਮਿਲਦੀ, 2. ਅਪਣੇ ਫ਼ਿਰਕੇ ਵਾਲਿਆਂ ਪਾਸੋਂ ਬਹਾਦਰੀ ਦਾ ਖ਼ਿਤਾਬ ਮਿਲ ਜਾਂਦਾ ਹੈ, 3. ਅਪਣੇ ਫ਼ਿਰਕੇ ਦਾ ਪੱਕਾ ਸਹਿਯੋਗ ਮਿਲ ਜਾਂਦਾ ਹੈ ਜਿਸ ਨਾਲ ਸਿਆਸੀ ਤਾਕਤ ਵਧਦੀ ਹੈ ਅਤੇ ਇਕ ਲੰਮੇ ਸਮੇਂ ਤਕ ਹਕੂਮਤ ਵਿਚ ਬਣੇ ਰਹਿਣ ਦੀ ਸੰਭਾਵਨਾ ਬਣਦੀ ਹੈ।  (ਬਾਕੀ ਕਲ)
ਸੰਪਰਕ : 99711-67513

SHARE ARTICLE
Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement