ਦੇਸੀ ਦਹਿਸ਼ਤਗਰਦੀ - ਨਸਲੀ ਹਿੰਸਾ (2)
Published : Sep 5, 2017, 10:54 pm IST
Updated : Sep 5, 2017, 5:24 pm IST
SHARE ARTICLE

(ਕਲ ਤੋਂ ਅੱਗੇ)
ਦੇਸ਼ ਦੀ ਵੰਡ ਵੇਲੇ ਫ਼ਿਰਕੂ ਦੰਗਿਆਂ ਵਿਚ ਸ਼ਾਮਲ ਲੋਕਾਂ ਦਾ ਨਾ ਤਾਂ ਵਿਰੋਧ ਹੋਇਆ, ਨਾ ਹੀ ਇਨ੍ਹਾਂ ਨੂੰ ਕੋਈ ਸਜ਼ਾ ਮਿਲੀ ਸਗੋਂ ਇਸ ਕਰਤੂਤ ਦੀ ਇਨ੍ਹਾਂ ਨੂੰ ਸ਼ਾਬਾਸ਼ੀ ਹੀ ਮਿਲੀ, ਜਿਵੇਂ ਕਿ ਇਨ੍ਹਾਂ ਨੇ ਕੋਈ ਬਹਾਦਰੀ ਦਾ ਕੰਮ ਕੀਤਾ ਹੋਵੇ। ਹੋਰ ਤਾਂ ਹੋਰ ਇਨ੍ਹਾਂ ਦੀਆਂ ਕਰਤੂਤਾਂ ਨਾਲ ਇਨ੍ਹਾਂ ਦੀ ਅਪਣੀ ਅੰਤਰ ਆਤਮਾ ਵੀ ਨਾ ਹਿਲੀ। ਇਨ੍ਹਾਂ ਨੂੰ ਇਸ ਦਾ ਕਦੇ ਅਫ਼ਸੋਸ ਵੀ ਨਹੀਂ ਹੋਇਆ ਸਗੋਂ ਇਹ ਉਮਰ ਭਰ ਬੜੇ ਮਾਣ ਨਾਲ ਅਪਣੀਆਂ ਕਰਤੂਤਾਂ ਦੇ ਕਿੱਸੇ ਸੁਣਾ ਕੇ ਖ਼ੁਦ ਨੂੰ ਬੜਾ ਬਹਾਦਰ ਸਿੱਧ ਕਰਦੇ ਰਹੇ ਕਿਉਂਕਿ ਸਰਕਾਰ ਨੇ ਇਨ੍ਹਾਂ ਦੰਗਿਆਂ ਦੀ ਕੋਈ ਨਿੰਦਾ ਨਹੀਂ ਕੀਤੀ, ਕਿਸੇ ਦੰਗਾਈ ਨੂੰ ਕੋਈ ਸਜ਼ਾ ਨਹੀਂ ਦਿਤੀ। ਭਵਿੱਖ ਵਿਚ ਇਹੋ ਜਿਹੇ ਹਾਦਸਿਆਂ ਨੂੰ ਨਾ ਹੋਣ ਦੇਣ ਲਈ ਕੋਈ ਪ੍ਰਣ ਨਾ ਕੀਤਾ ਗਿਆ ਅਤੇ ਇਸ ਮਜ਼ਹਬੀ ਦਹਿਸ਼ਤਗਰਦੀ ਨੂੰ ਰੋਕਣ ਦਾ ਕੋਈ ਪ੍ਰੋਗਰਾਮ ਨਾ ਉਲੀਕਿਆ ਜਿਸ ਨਾਲ ਸ਼ਾਤਰ ਦਿਮਾਗ਼ ਸਿਆਸਤਦਾਨਾਂ ਨੂੰ ਇਸ ਮਜ਼ਹਬੀ ਨਫ਼ਰਤ ਵਿਚ ਅਪਣਾ ਸਿਆਸੀ ਸਵਾਰਥ ਸੌਖਾ ਹੀ ਸਿੱਧ ਹੁੰਦਾ ਨਜ਼ਰ ਆਇਆ। ਬਸ ਫਿਰ ਕੀ ਸੀ, ਇਨ੍ਹਾਂ ਦੇ ਸਿਆਸੀ ਹਥਕੰਡਿਆਂ ਦੀ ਸੂਚੀ ਵਿਚ ਇਹ ਪਹਿਲੇ ਨੰਬਰ ਤੇ ਆ ਗਿਆ।
ਮਜ਼ਹਬੀ ਦਹਿਸ਼ਤਗ਼ਰਦੀ ਦੇ ਬ੍ਰਹਮਅਸਤਰ ਬਣਨ ਦਾ ਇਕ ਹੋਰ ਕਾਰਨ ਵੀ ਹੈ। ਮਜ਼ਹਬੀ ਦੰਗੇ ਆਮ ਤੌਰ ਤੇ ਇਕ ਫ਼ਿਰਕੇ ਵਲੋਂ ਦੂਜੇ ਫ਼ਿਰਕੇ ਵਿਰੁਧ ਕੀਤੇ ਜਾਂਦੇ ਹਨ ਅਤੇ ਕਾਨੂੰਨ ਦੀ ਨਜ਼ਰ ਵਿਚ ਇਹੋ ਜਹੇ ਦੰਗਾਈਆਂ ਦੀ ਕੋਈ ਪਛਾਣ ਨਹੀਂ ਮੰਨੀ ਜਾਂਦੀ। ਭਾਵ ਉਹ ਅਨਜਾਣ ਮੰਨੇ ਜਾਂਦੇ ਹਨ ਅਤੇ ਇਕ ਅਨਜਾਣ ਨੂੰ ਪਛਾਣਨਾ ਆਸਾਨ ਨਹੀਂ। ਇਨ੍ਹਾਂ ਦੰਗਾਈਆਂ ਦਾ ਭੋਗੀ, ਜਿੰਨਾ ਮਰਜ਼ੀ ਦੰਗਾਈਆਂ ਨੂੰ ਪਛਾਣਨ ਦਾ ਦਾਅਵਾ ਕਰੀ ਜਾਵੇ ਪਰ ਅਦਾਲਤ ਵੀ ਉਸ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਕਬੂਲਦੀ ਨਹੀਂ। ਬਸ ਕਾਨੂੰਨ ਦੀ ਇਹੋ ਕਮਜ਼ੋਰੀ ਸਿਆਸਤਦਾਨਾਂ ਲਈ ਵਰਦਾਨ ਸਾਬਤ ਹੋਈ ਅਤੇ ਉਹ ਇਸ ਨੂੰ ਇਕ ਬ੍ਰਹਮਅਸਤਰ ਵਾਂਗ ਲਗਾਤਾਰ ਇਸਤੇਮਾਲ ਕਰਨ ਲੱਗੇ।
ਕੀ ਕਾਨੂੰਨ ਵਲੋਂ ਮਜ਼ਹਬੀ ਦੰਗਾਈਆਂ ਨੂੰ ਅਨਜਾਣ ਮੰਨਣਾ ਕਾਨੂੰਨ ਦੀ ਕਮਜ਼ੋਰੀ ਹੈ ਜਾਂ ਇਕ ਗਿਣੀ ਮਿੱਥੀ ਸਾਜ਼ਸ਼?: ਪੁਲਿਸ ਦਾ ਕੰਮ ਸਮਾਜ ਵਿਚ ਅਮਨ ਕਾਨੂੰਨ ਕਾਇਮ ਰੱਖਣ ਲਈ ਮੁਜਰਮਾਂ ਨੂੰ ਪਛਾਣ ਕੇ ਫੜਨਾ ਅਤੇ ਕਾਨੂੰਨ ਦੇ ਹਵਾਲੇ ਕਰਨਾ ਹੁੰਦਾ ਹੈ। ਜਿਵੇਂ ਹਰ ਜੀਵ ਅਤੇ ਚੀਜ਼ ਦਾ ਇਕ ਚਿਹਰਾ ਹੁੰਦਾ ਹੈ, ਉਵੇਂ ਹੀ ਦੰਗਾਈਆਂ ਦਾ ਵੀ ਇਕ ਚਿਹਰਾ ਹੈ, ਜੋ ਪੁਲਿਸ ਨੂੰ ਵੀ ਸਾਫ਼ ਨਜ਼ਰ ਆ ਰਿਹਾ ਹੁੰਦਾ ਹੈ, ਪਰ ਉਹ ਇਨ੍ਹਾਂ ਵਿਰੁਧ ਅਪਣੀ ਰੀਪੋਰਟ ਤਿਆਰ ਕਰਨ ਲਗਿਆਂ ਇਨ੍ਹਾਂ ਦੀ ਪਛਾਣ ਤੋਂ ਅੱਖਾਂ ਮੀਟ ਕੇ ਅਪਣੀ ਰੀਪੋਰਟ ਵਿਚ ਇਨ੍ਹਾਂ ਦੰਗਿਆਂ ਦਾ ਦੋਸ਼ ਅਣਪਛਾਤੇ ਲੋਕਾਂ ਤੇ ਮੜ੍ਹ ਦਿੰਦੀ ਹੈ, ਜਿਸ ਨਾਲ ਇਨ੍ਹਾਂ ਵਿਰੁਧ ਤਿਆਰ ਕੇਸ ਕਮਜ਼ੋਰ ਹੋ ਜਾਂਦਾ ਹੈ ਅਤੇ ਸਮਾਂ ਬੀਤਣ ਤੇ ਇਹ ਲੋਕ 'ਸ਼ੱਕ ਦਾ ਲਾਭ' ਲੈ ਕੇ ਸ਼ਰੇਆਮ ਬਰੀ ਹੋ ਜਾਂਦੇ ਹਨ। ਇਹ ਕਾਨੂੰਨ ਦਾ ਸਰਾਸਰ ਮਜ਼ਾਕ ਹੈ। ਦੰਗਾਈਆਂ ਦਾ ਚਿਹਰਾ ਕਿਉਂ ਨਹੀਂ ਹੈ? ਦੰਗਾਈਆਂ ਦਾ ਚਿਹਰਾ ਉਹ ਪਾਰਟੀ ਅਤੇ ਉਸ ਦੇ ਨੇਤਾ ਹੁੰਦੇ ਹਨ ਜਿਨ੍ਹਾਂ ਦੀ ਭੜਕਾਹਟ ਕਰ ਕੇ ਮਜ਼ਹਬੀ ਹਿੰਸਾ ਹੋਈ।
ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਵਿਚ ਜਿੰਨੇ ਵੀ ਮਜ਼ਹਬੀ ਦੰਗੇ ਹੋਏ ਹਨ, ਇਨ੍ਹਾਂ ਦੰਗਿਆਂ ਨੂੰ ਅੰਜਾਮ ਦੇਣ ਵਾਲੇ ਅਤੇ ਉਨ੍ਹਾਂ ਦੇ ਸੂਤਰਧਾਰ ਇਸੇ 'ਸ਼ੱਕ ਦਾ ਲਾਭ' ਦੇ ਆਧਾਰ ਤੇ ਬਚਦੇ ਆ ਰਹੇ ਹਨ। ਇਨ੍ਹਾਂ ਵਹਿਸ਼ੀਆਂ ਦਾ ਇਸ ਆਧਾਰ ਤੇ ਕਾਨੂੰਨੀ ਸ਼ਿਕੰਜੇ ਵਿਚੋਂ ਨਿਕਲਣ ਲਈ ਸਿਰਫ਼ ਪੁਲਿਸ ਹੀ ਦੋਸ਼ੀ ਨਹੀਂ, ਸਾਡੀਆਂ ਅਦਾਲਤਾਂ ਅਤੇ ਖ਼ਬਰ ਮੀਡੀਆ ਵਾਲੇ ਵੀ ਦੋਸ਼ੀ ਹਨ। ਅਦਾਲਤਾਂ ਦੇ ਜੱਜ ਸਬੂਤਾਂ ਦੀ ਕਮੀ ਦੇ ਆਧਾਰ ਤੇ ਜਦ ਮੁਜਰਮ ਨੂੰ ਰਿਹਾਅ ਕਰ ਦਿੰਦੇ ਹਨ ਅਤੇ ਮੀਡੀਆ ਵਾਲੇ ਇਨ੍ਹਾਂ ਗ਼ਲਤ ਫ਼ੈਸਲਿਆਂ ਦਾ ਵਿਰੋਧ ਨਾ ਕਰ ਕੇ ਅਦਾਲਤ ਦੇ 'ਗ਼ਲਤ' ਫ਼ੈਸਲੇ ਨੂੰ ਮੰਨਣ ਦੇ ਦੋਸ਼ੀ ਬਣ ਜਾਂਦੇ ਹਨ। ਜੇ ਸੱਚ ਕਿਹਾ ਜਾਵੇ ਤਾਂ ਭਾਰਤੀ ਸਿਆਸਤਦਾਨਾਂ ਦੇ ਡੰਡੇ ਤੋਂ ਬਚਣ ਲਈ ਸਾਡੇ ਦੇਸ਼ ਦੀ ਪੁਲਿਸ ਵਲੋਂ ਦੰਗਾਈਆਂ ਦੀ ਸ਼ਨਾਖ਼ਤ ਤੋਂ ਅੱਖਾਂ ਮੀਟਣੀਆਂ ਹੀ ਦੇਸ਼ ਵਿਚ ਨਿਰੰਤਰ ਹੋ ਰਹੀ ਮਜ਼ਹਬੀ ਦਹਿਸ਼ਤਗਰਦੀ ਦਾ ਕਾਰਨ ਹੈ। ਇਸ ਨੂੰ ਪੁਲਿਸ ਦੀ ਕਮਜ਼ੋਰੀ ਨਹੀਂ ਇਕ ਸਾਜ਼ਸ਼ ਕਿਹਾ ਜਾ ਸਕਦਾ ਹੈ।
ਮਜ਼ਹਬੀ ਦਹਿਸ਼ਤਗਰਦੀ ਭਾਵੇਂ ਸਿੱਖਾਂ ਵਿਰੁਧ ਹੋਈ ਹੋਵੇ, ਮੁਸਲਮਾਨਾਂ ਵਿਰੁਧ ਜਾਂ ਫਿਰ ਇਸਾਈਆਂ ਵਿਰੁਧ, ਪੁਲਿਸ ਦੀ ਸਿਆਸਤਦਾਨਾਂ ਨਾਲ ਮਿਲੀਭੁਗਤ ਕਰ ਕੇ ਅੱਜ ਤਕ ਕਿਸੇ ਵੀ ਦੇਸੀ ਦਹਿਸ਼ਤਗਰਦ ਨੂੰ ਉਸ ਦੀ ਢੁਕਵੀਂ ਸਜ਼ਾ ਨਹੀਂ ਮਿਲੀ। ਇਸ ਲਈ ਇਸ ਬ੍ਰਹਮਅਸਤਰ (ਦੰਗਿਆਂ) ਰਾਹੀਂ ਸਾਡੇ ਦੇਸ਼ ਵਿਚ ਘੱਟਗਿਣਤੀ ਲੋਕਾਂ ਉਤੇ ਦਹਿਸ਼ਤ ਜਾਰੀ ਹੈ। ਇਸ  ਦੇ ਇਸਤੇਮਾਲ ਨਾਲ ਹਿੰਦੂਆਂ ਨੇ ਇਸ ਦੇਸ਼ ਅੰਦਰ ਵਸਦੀਆਂ ਘੱਟ-ਗਿਣਤੀ ਨਸਲਾਂ, ਖ਼ਾਸ ਕਰ ਕੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਪੂਰੀ ਤਰ੍ਹਾਂ ਡਰਾ ਕੇ ਅਪਣੇ ਵੱਸ ਕਰ ਲਿਆ ਹੈ।
ਜੇ ਅਖ਼ਬਾਰਾਂ ਅਤੇ ਟੀ.ਵੀ. ਤੇ ਨਸ਼ਰ ਹੁੰਦੀਆਂ ਖ਼ਬਰਾਂ ਵਲ ਗ਼ੌਰ ਨਾਲ ਵੇਖਿਆ ਜਾਵੇ ਤਾਂ ਇਨ੍ਹਾਂ ਨੇ ਅਪਣੇ ਇਸ 'ਬ੍ਰਹਮਅਸਤਰ' ਨਾਲ 80ਵਿਆਂ ਦੇ ਦਹਾਕੇ ਵਿਚ ਸਿੱਖ ਲੀਡਰਸ਼ਿਪ ਦੀ ਸਾਰੀ ਹਵਾ ਕੱਢ ਦਿਤੀ ਸੀ ਜੋ ਕਿ ਅਜੇ ਤਕ ਵੀ ਨਿਕਲੀ ਹੋਈ ਹੈ। ਜਿਹੜੇ (ਸਿੱਖ ਨੇਤਾ) ਅਪਣੇ ਆਪ ਨੂੰ ਬੜੇ ਮਾਣ ਨਾਲ ਇਕ 'ਬਹਾਦਰਾਂ ਦੀ ਕੌਮ' ਦੇ ਨੁਮਾਇੰਦੇ ਅਖਵਾਉਂਦੇ ਸਨ ਅੱਜ ਇਹ ਇਨ੍ਹਾਂ 'ਕਮਜ਼ੋਰਾਂ' ਅੱਗੇ ਝੁਕ ਕੇ, ਹੱਥ ਜੋੜ ਕੇ ਖਲੋਂਦੇ ਹਨ ਅਤੇ ਇਹ ਬੇਸ਼ਰਮੀ ਦੀ ਹੱਦ ਤਕ ਹਿੰਦੂ ਸਿਆਸਤਦਾਨਾਂ ਦੀ ਗ਼ੁਲਾਮ ਹੋ ਚੁੱਕੀ ਹੈ, ਜਿਸ ਨੂੰ ਹੁਣ ਪੰਥ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਅਰਥ ਭੁੱਲ ਗਏ ਹਨ। ਸੱਚ ਪੁੱਛੋ ਤਾਂ ਹੁਣ ਸਿੱਖ ਸਟੇਜਾਂ ਤੇ ਇਨ੍ਹਾਂ ਦੇ ਮੂੰਹ ਤੋਂ ਪੁਰਾਤਨ ਸਿੱਖਾਂ ਦੀ ਬਹਾਦਰੀ ਦੇ ਸੋਹਲੇ ਸੁਣਦਿਆਂ ਸ਼ਰਮ ਆਉਂਦੀ ਹੈ। ਜੇ ਮੁਸਲਮਾਨਾਂ ਦੀ ਗੱਲ ਕਰੀਏ ਤਾਂ ਉਹ ਤਾਂ ਹਰ ਪਾਸੇ ਸਹਿਮੇ-ਸਹਿਮੇ ਨਜ਼ਰ ਆ ਰਹੇ ਹਨ। ਸਿੱਖਾਂ ਅਤੇ ਮੁਸਲਮਾਨਾਂ ਵਾਲੀ ਹਾਲਤ ਵਿਚੋਂ ਅਜੇ ਈਸਾਈ ਨਹੀਂ ਲੰਘੇ, ਪਰ ਅੰਦਰੋਂ ਉਹ ਵੀ ਸਹਿਮੇ ਹੋਏ ਹੀ ਹੋਣਗੇ।
ਜੇ ਭਾਰਤ ਦੀ ਬਹੁ-ਗਿਣਤੀ ਅਤੇ ਉਸ ਦੇ ਸਿਆਸੀ ਨੇਤਾ ਅਪਣੀ ਇਸ ਘਿਨਾਉਣੀ ਨੀਤੀ ਨੂੰ ਠੀਕ ਸਮਝ ਕੇ ਖ਼ੁਸ਼ ਹੋ ਰਹੇ ਹਨ ਤਾਂ ਇਹ ਉਨ੍ਹਾਂ ਦੀ ਗ਼ਲਤੀ ਹੈ। ਅਜੋਕਾ ਜ਼ਮਾਨਾ ਤਕਨੀਕੀ ਚੜ੍ਹਦੀਕਲਾ ਦਾ ਹੈ। ਦੁਨੀਆਂ ਦਾ ਹਰ ਬੰਦਾ ਭਾਵੇਂ ਉਹ ਕੁੱਝ ਕਹੇ ਜਾਂ ਨਾ ਪਰ ਉਹ ਇਸ ਸੱਭ ਨੂੰ ਵੇਖ, ਸਮਝ ਅਤੇ ਪਰਖ ਜ਼ਰੂਰ ਰਿਹਾ ਹੈ। ਸੁਭਾਵਕ ਹੈ ਕਿ ਸਾਡੇ ਇਨ੍ਹਾਂ ਨੀਚ ਲੋਕਾਂ ਦੀਆਂ ਇਨ੍ਹਾਂ ਹਰਕਤਾਂ ਤੇ ਵੀ ਉਸ ਦੀ ਨਜ਼ਰ ਹੈ, ਇਸ ਲਈ ਇਨ੍ਹਾਂ ਨੂੰ ਅਪਣੀਆਂ ਇਨ੍ਹਾਂ ਘਿਨਾਉਣੀਆਂ ਹਰਕਤਾਂ ਦਾ ਦੁਨੀਆਂ ਨੂੰ ਦੇਰ-ਸਵੇਰ ਜਵਾਬ ਜ਼ਰੂਰ ਦੇਣਾ ਪਵੇਗਾ।
ਕੀ ਮਜ਼ਹਬੀ ਦਹਿਸ਼ਤਗਰਦੀ ਦਾ ਸਾਡੇ ਦੇਸ਼ ਵਿਚ ਅੰਤ ਹੋ ਸਕਦਾ ਹੈ? ਇਸ ਦਾ ਜਵਾਬ ਹਾਂ ਵੀ ਹੈ ਅਤੇ ਨਾਂਹ ਵੀ ਹੈ। ਇਸ ਸਵਾਲ ਦਾ ਜਵਾਬ 'ਨਾਂਹ' ਵਿਚ ਇਸ ਲਈ ਹੈ ਕਿ ਕਸੂਰਵਾਰ ਨੂੰ ਸਜ਼ਾ ਦਿਵਾਉਣ ਵਿਚ ਸੱਭ ਤੋਂ ਅਹਿਮ ਰੋਲ ਪੁਲਿਸ ਦਾ ਹੁੰਦਾ ਹੈ। ਸਾਡੀ ਪੁਲਿਸ ਸਿਆਸਤਦਾਨਾਂ ਹੇਠ ਰਹਿ ਕੇ ਕੰਮ ਕਰਦੀ ਹੈ ਜਿਸ ਕਾਰਨ ਉਹ ਇਨ੍ਹਾਂ ਦੇ ਇਸ਼ਾਰਿਆਂ ਤੇ ਚੱਲਣ ਲਈ ਮਜਬੂਰ ਹੈ। ਜੇ ਉਹ ਸਿਆਸਤਦਾਨਾਂ ਦੇ ਡਰ ਕਰ ਕੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਬਚਾਉਣ ਲਈ, ਦੋਸ਼ੀਆਂ ਵਿਰੁਧ ਕਮਜ਼ੋਰ ਕੇਸ ਬਣਾਏਗੀ ਤਾਂ ਇਹ ਮਜ਼ਹਬੀ ਦਹਿਸ਼ਤਗਰਦੀ ਸਾਡੇ ਦੇਸ਼ ਵਿਚ ਲਗਾਤਾਰ ਜਾਰੀ ਰਹੇਗੀ।
ਇਸ ਦਾ ਜਵਾਬ 'ਹਾਂ' ਵੀ ਹੈ। ਜੇ ਪੁਲਿਸ ਖ਼ੁਦਮੁਖ਼ਤਿਆਰ ਹੋਵੇ, ਸਿਆਸਤ ਦਾ ਇਸ ਉਤੇ ਦਬਦਬਾ ਨਾ ਹੋਵੇ, ਈਮਾਨਦਾਰ ਹੋਵੇ, ਫ਼ਿਰਕਾਪ੍ਰਸਤ ਨਾ ਹੋਵੇ, ਗੁਨਾਹ ਨੂੰ ਗੁਨਾਹ, ਕਾਨੂੰਨ ਨੂੰ ਕਾਨੂੰਨ ਅਤੇ ਗੁਨਾਹਗਾਰ ਨੂੰ ਗੁਨਾਹਗਾਰ ਸਮਝਦੇ ਹੋਏ ਉਨ੍ਹਾਂ ਨੂੰ ਸਜ਼ਾ ਦਿਵਾਉਣ ਤੇ ਬਜ਼ਿੱਦ ਰਹੇ, ਦੰਗਾਈਆਂ ਨੂੰ ਪਛਾਣਨ ਦਾ ਇਰਾਦਾ ਕਰੇ, ਦੰਗਾ ਕਰਾਉਣ ਵਾਲੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਤੇ ਕੇਸ ਪਾਵੇ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਭਾਰਤ ਵਾਸੀਆਂ ਨੂੰ ਮਜ਼ਹਬੀ ਦਹਿਸ਼ਤਗਰਦੀ ਤੋਂ ਨਿਜਾਤ ਮਿਲ ਸਕਦੀ ਹੈ ਨਹੀਂ ਤਾਂ ਇਹ ਇਕ ਨਾ ਪੂਰੀ ਹੋਣ ਵਾਲੀ ਉਮੀਦ ਹੀ ਹੈ। ਰੱਬ ਸਾਡੇ ਮੁਲਕ ਤੇ ਰਹਿਮ ਕਰੇ।
ਸੰਪਰਕ : 99711-67513

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement