
ਪਿਛਲੇ ਸਮੇਂ ਦੌਰਾਨ ਡੇਰਿਆਂ/ਧਾਰਮਕ
ਸਥਾਨਾਂ ਵਿਚ ਬਹੁਤ ਦੁਖਦਾਈ ਘਟਨਾਵਾਂ ਵਾਪਰੀਆਂ। ਅਖ਼ਬਾਰਾਂ ਅਤੇ ਹੋਰ ਮੀਡੀਆ ਵਿਚ ਖ਼ਬਰਾਂ
ਪ੍ਰਕਾਸ਼ਤ ਹੋ ਗਈਆਂ। ਪਹਿਲਾਂ ਖ਼ਬਰਾਂ ਪਹਿਲੇ ਪੰਨੇ ਉਪਰ ਫਿਰ ਦੂਜੇ ਉਪਰ ਫਿਰ ਆਖ਼ਰੀ ਪੰਨੇ
ਅਤੇ ਸਮੇਂ ਨਾਲ ਰਾਤ ਗਈ ਬਾਤ ਗਈ ਹੋ ਜਾਣੀ ਹੈ। ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ
ਨੁਕਸਾਨ ਤਾਂ ਆਮ ਲੋਕਾਂ ਦਾ ਹੀ ਹੋਇਆ ਹੈ। ਇਹ ਨੁਕਸਾਨ ਜਾਨੀ, ਮਾਲੀ, ਧਾਰਮਕ ਅਤੇ ਆਪਸੀ
ਭਾਈਵਾਲਤਾ ਦਾ ਹੋਇਆ ਹੈ। ਜਿਹੜੀ ਤਾਕਤ ਇਸ ਨੁਕਸਾਨ ਦੇ ਪਿੱਛੇ ਕੰਮ ਕਰ ਰਹੀ ਹੈ, ਉਸ ਦਾ
ਕੀ ਗਿਆ? ਚਲੋ ਜੇ ਮੰਨ ਲਿਆ ਜਾਵੇ ਕਿ ਉਨ੍ਹਾਂ ਦਾ ਵੀ ਮਾਲੀ ਨੁਕਸਾਨ ਹੋਇਆ ਹੋਵੇਗਾ ਪਰ
ਉਹ ਵੀ ਤਾਂ ਉਨ੍ਹਾਂ ਦੇ ਬਾਪ ਦਾ ਨਹੀਂ ਸੀ ਸਗੋਂ ਅਸਿੱਧੇ ਤੌਰ ਤੇ ਲੋਕਾਂ ਦਾ ਹੀ ਸੀ।
ਕਹਿੰਦੇ ਹਨ ਖ਼ਰਬੂਜ਼ਾ ਛੁਰੀ ਤੇ ਵੱਜੇ ਜਾਂ ਛੁਰੀ ਖ਼ਰਬੂਜ਼ੇ ਉਤੇ ਵੱਜੇ, ਨੁਕਸਾਨ ਤਾਂ
ਖ਼ਰਬੂਜ਼ੇ (ਆਮ ਲੋਕਾਂ) ਦਾ ਹੀ ਹੋਣਾ ਹੈ।
ਇਥੇ ਅਸੀ ਇਕ ਡੇਰੇ ਦੀ ਗੱਲ ਨਹੀਂ
ਕਰਾਂਗੇ ਸਗੋਂ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਲੋਕ ਸੱਭ ਧਰਮਾਂ ਨਾਲ ਸਬੰਧ ਰਖਦੇ ਹਨ। ਪਰ
ਇਹ ਡੇਰਿਆਂ ਦੀ ਸ਼ਰਨ ਵਿਚ ਕਿਉਂ ਜਾਂਦੇ ਹਨ? ਸੱਭ ਤੋਂ ਪਹਿਲਾਂ ਅਸੀ ਅਪਣੇ ਸਿੱਖ ਧਰਮ ਦੀ
ਗੱਲ ਕਰਾਂਗੇ ਕਿਉਂਕਿ ਦੂਜਿਆਂ ਵਿਚ ਗ਼ਲਤੀਆਂ ਕਢਣੀਆਂ ਬਹੁਤ ਸੌਖੀਆਂ ਹਨ ਪਰ ਅਪਣੀ
ਪੀੜ੍ਹੀ ਹੇਠਾਂ ਸੋਟਾ ਫੇਰਨਾ ਬਹੁਤ ਔਖਾ ਹੁੰਦਾ ਹੈ।
ਅੱਜ ਦੇ ਯੁੱਗ ਤੋਂ ਲੈ ਕੇ
ਬੇਸ਼ੱਕ ਇਤਿਹਾਸ ਵਿਚ ਨਜ਼ਰ ਮਾਰੀਏ ਤਾਂ ਬਿਲਕੁਲ ਸਾਫ਼ ਹੈ ਕਿ ਮਨੁੱਖ ਨੇ ਅਪਣੀ ਆਤਮਕ
ਸ਼ਾਂਤੀ/ਤਾਕਤ ਵਧਾਉਣ ਵਾਸਤੇ ਕਿਸੇ ਨਾ ਕਿਸੇ ਧਰਮ ਦਾ ਆਸਰਾ ਲਿਆ ਹੈ। ਇਸ ਦਾ ਕਾਰਨ ਹੈ ਕਿ
ਹਰ ਜੀਵ ਅੰਦਰ ਇਕ ਡਰ ਦਾ ਵਾਤਾਵਰਣ ਬਣਿਆ ਹੁੰਦਾ ਹੈ। ਕਿਸੇ ਨੂੰ ਮਾਇਆ ਦਾ, ਕਿਸੇ ਨੂੰ
ਔਲਾਦ ਤੋਂ, ਕਿਸੇ ਨੂੰ ਅਪਣੇ ਅਗਲੇ ਜਨਮ ਨੂੰ ਲੈ ਕੇ ਡਰ ਬਣਿਆ ਹੀ ਰਹਿੰਦਾ ਹੈ। ਇਸ ਡਰ
ਨੂੰ ਖ਼ਤਮ ਕਰਨ ਖ਼ਾਤਰ ਹਰ ਜੀਵ ਇਕ ਸਹਾਰਾ ਲਭਦਾ ਹੈ ਅਤੇ ਇਹ ਹਮੇਸ਼ਾ ਲਭਦਾ ਰਹੇਗਾ।
ਇਤਿਹਾਸ
ਦਸਦਾ ਹੈ ਕਿ ਇਕ ਸਮਾਂ ਆਇਆ ਜਦੋਂ ਇਸਲਾਮ ਧਰਮ ਨਾਲ ਸਬੰਧਤ ਬਾਦਸ਼ਾਹਾਂ ਨੇ ਜਬਰੀ ਇਸਲਾਮ
ਧਰਮ ਕਬੂਲਣ ਲਈ ਲੋਕਾਂ ਨੂੰ ਮਜਬੂਰ ਕੀਤਾ। ਅਬਦਾਲੀ ਵਰਗਿਆਂ ਨੇ ਮੰਦਰ ਲੁੱਟੇ ਅਤੇ
ਔਰੰਗਜ਼ੇਬ ਵਰਗਿਆਂ ਨੇ ਕਈ ਹਿੰਦੂ ਵੀਰਾਂ ਨੂੰ ਦੁਖੀ ਕੀਤਾ। ਲੋਕਾਂ ਨੇ ਨਾ ਚਾਹੁੰਦੇ ਹੋਏ
ਵੀ ਬਾਦਸ਼ਾਹਾਂ ਦਾ ਹੁਕਮ ਮੰਨਿਆ। ਕੁਦਰਤ ਦਾ ਅਸੂਲ ਹੈ ਕਿ ਜਦੋਂ ਅੱਤ ਹੁੰਦੀ ਹੈ ਤਾਂ ਫਿਰ
ਅਕਾਲ ਪੁਰਖ ਕੋਈ ਸਹਾਰਾ ਲੈ ਕੇ ਆਉਂਦਾ ਹੈ। ਉਹ ਸਹਾਰਾ ਸੀ ਜੋ ਬਾਬਾ ਨਾਨਕ ਨੇ ਆ ਕੇ
ਲੋਕਾਂ ਨੂੰ ਦਿਤਾ ਅਤੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ। ਬਾਬਾ ਨਾਨਕ ਨੇ ਅਪਣੀ ਅਣਖ ਨਾਲ
ਜੀਵਨ ਬਤੀਤ ਕਰਨ ਦਾ ਹੋਕਾ ਦਿਤਾ। ਮੌਕੇ ਦੀ ਹਕੂਮਤ ਅੱਗੇ ਖੁਲ੍ਹ ਕੇ ਵਿਰੋਧਤਾ ਕੀਤੀ।
ਅਨਪੜ੍ਹਤਾ ਅਤੇ ਜਾਤੀਵਾਦ ਨੂੰ ਖ਼ਤਮ ਕਰਨ ਦੀ ਗੱਲ ਆਖੀ। ਅਪਣੇ ਵਿਗਿਆਨਕ ਵਿਚਾਰਾਂ ਨਾਲ
ਸਮੇਂ ਦੇ ਹਾਕਮਾਂ ਦੀ ਵਿਰੋਧਤਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕੀਤਾ। ਇਹ ਸਾਰਾ ਕੁੱਝ ਕਰਨ
ਲਈ ਉਨ੍ਹਾਂ ਕੋਲ ਅੱਜ ਵਾਂਗ 'ਜ਼ੈੱਡ ਪਲੱਸ' ਸੁਰੱਖਿਆ ਨਹੀਂ ਸੀ ਅਤੇ ਨਾ ਹੀ ਆਪ ਪਿੱਛੇ ਹੋ
ਕੇ ਅਪਣੀ ਸੁਰੱਖਿਆ ਲਈ ਲੋਕਾਂ ਨੂੰ ਢਾਲ ਬਣਾ ਕੇ ਮੌਤ ਦੇ ਮੂੰਹ ਪਾਇਆ। ਇਕ ਅਕਾਲ ਪੁਰਖ
ਦਾ ਆਸਰਾ ਲੈ ਕੇ ਨਿਡਰ ਹੋ ਕੇ ਲੋਕ ਨੂੰ ਸੱਜਣ ਠੱਗਾਂ ਅਤੇ ਜ਼ਾਲਮਾਂ ਤੋਂ ਆਜ਼ਾਦ ਕਰਵਾਉਣ
ਦੀ ਕੋਸ਼ਿਸ਼ ਕੀਤੀ।
ਸੈਂਕੜੇ ਸਾਲਾਂ ਦਾ ਡਰ, ਜ਼ੁਲਮ ਐਨੀ ਛੇਤੀ ਖ਼ਤਮ ਨਹੀਂ ਸੀ ਹੋ
ਸਕਦਾ। ਉਸ ਤੋਂ ਅੱਗੇ ਸਿੱਖ ਧਰਮ ਦੇ ਗੁਰੂ ਸਾਹਿਬਾਨ ਨੇ ਅਪਣੇ ਇਸ ਨਿਸ਼ਾਨੇ ਨੂੰ ਬਣਾਈ
ਰਖਿਆ। ਗੁਰੂ ਅਰਜਨ ਦੇਵ ਜੀ ਨੇ ਖ਼ੁਦ ਸ਼ਹੀਦੀ ਪਾਈ। ਗੁਰੂ ਹਰਗੋਬਿੰਦ ਨੇ ਖ਼ੁਦ ਅੱਗੇ ਹੋ ਕੇ
ਜ਼ੁਲਮ ਦਾ ਟਾਕਰਾ ਕੀਤਾ। ਹਰ ਕੰਮ ਵਿਚ ਗੁਰੂ ਸਾਹਿਬਾਨ ਖ਼ੁਦ ਪਹਿਲਾਂ ਅੱਗੇ ਹੋ ਕੇ ਤੁਰੇ
ਨਾਕਿ ਆਮ ਗ਼ਰੀਬ ਮਜ਼ਲੂਮ ਲੋਕਾਂ ਨੂੰ ਮਰਵਾਇਆ ਜਿਵੇਂ ਕਿ ਅੱਜ ਹੋ ਰਿਹਾ ਹੈ। ਗੁਰੂ
ਸਾਹਿਬਾਨ ਨੇ ਆਮ ਲੋਕਾਂ ਨੂੰ ਮੁਸੀਬਤਾਂ ਵਿਚੋਂ ਕਢਿਆ। ਜੇਕਰ ਗ਼ਰੀਬਾਂ ਲਈ ਅਤੇ ਆਮ ਲੋਕਾਂ
ਲਈ ਕੁਰਬਾਨੀ ਦੇਣ ਦੀ ਗੱਲ ਆਈ ਤਾਂ ਗੁਰੂ ਤੇਗ ਬਹਾਦੁਰ ਨੇ ਖ਼ੁਦ ਸ਼ਹੀਦੀ ਦਿਤੀ ਜਿਸ ਦੀ
ਮਿਸਾਲ ਦੁਨੀਆਂ ਭਰ ਵਿਚ ਕਿਤੇ ਨਹੀਂ ਮਿਲਦੀ।
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ
ਕਮਾਲ ਹੀ ਕਰ ਵਿਖਾਈ। ਉਨ੍ਹਾਂ ਨੇ ਅਪਣੀ ਅਤੇ ਪ੍ਰਵਾਰ ਦੀ ਲਾਮਿਸਾਲ ਸ਼ਹੀਦੀ ਜਿਸ ਪਰਪੱਕ
ਮਨ ਅਤੇ ਨਿਡਰਤਾ ਨਾਲ ਦਿਤੀ। ਉਸ ਦੀ ਦੁਨੀਆਂ ਵਿਚ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ
ਮਜ਼ਲੂਮਾਂ ਨੂੰ ਅੰਮ੍ਰਿਤ ਛਕਾ ਕੇ ਜਿਥੇ ਜਾਤੀਵਾਦ ਦੀ ਜੜ੍ਹ ਹੀ ਖ਼ਤਮ ਕਰ ਦਿਤੀ, ਉਥੇ
ਉਨ੍ਹਾਂ ਨੂੰ ਬਰਾਬਰੀ ਦਾ ਅਹਿਸਾਸ ਕਰਵਾ ਕੇ ਸਿੰਘ ਦੀ ਉਪਾਧੀ ਬਖ਼ਸ਼ੀ ਜਿਹੜੀ ਉਨ੍ਹਾਂ ਨੇ
ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚੀ। ਸਿੱਖਾਂ ਦੀ ਚੜ੍ਹਦੀ ਕਲਾ ਹੋਈ। ਸਿੱਖ ਰਾਜ ਵੀ
ਕਾਇਮ ਹੋਇਆ ਪਰ ਸਮਾਂ ਬੜਾ ਬਲਵਾਨ ਹੁੰਦਾ ਹੈ। ਉਹ ਅਪਣੀ ਚਾਲ ਚਲਦਾ ਅੱਜ ਤਕ ਪਹੁੰਚ ਗਿਆ।
ਅੱਜ ਦੇ ਸਮੇਂ ਦੀ ਗੱਲ ਕਰਨ ਲਈ ਬੀਤੇ ਦੀ ਗੱਲ ਕਰਨੀ ਪੈਣੀ ਸੀ।
ਅੱਜ ਦਾ
ਵਰਤਾਰਾ ਕੀ ਹੋ ਰਿਹਾ ਹੈ ਅਤੇ ਕੌਣ ਕਰ ਰਿਹਾ ਹੈ? ਸੂਝਵਾਨ ਪਾਠਕ ਸੱਭ ਜਾਣਦੇ ਹਨ। ਅਕਾਲ
ਪੁਰਖ ਵਲੋਂ ਇਸ ਧਰਮ ਨੂੰ ਦਿਤੇ ਬਰਾਬਰੀ ਦੇ ਸਿਧਾਂਤ ਨੂੰ ਖ਼ਤਮ ਕਰ ਕੇ ਜਾਤੀਵਾਦ ਫਿਰ
ਪੈਦਾ ਕਰ ਲਿਆ ਗਿਆ ਹੈ। ਇਥੋਂ ਤਕ ਕਿ ਜਾਤਾਂ ਦੇ ਨਾਂ ਤੇ ਗੁਰਦਵਾਰੇ ਅਤੇ ਉਸ ਤੋਂ ਵੀ
ਵੱਧ ਸ਼ਰਮ ਦੀ ਗੱਲ, ਸ਼ਮਸ਼ਾਨਘਾਟ ਵੀ ਵਖਰੇ ਬਣਾ ਦਿਤੇ ਅਤੇ ਆਪਸ ਵਿਚ ਹੀ ਲੜਾਈ ਦਾ ਮੁੱਢ
ਬੰਨ੍ਹ ਲਿਆ। ਸਿਆਸਤ ਨੂੰ ਧਰਮ ਉੱਪਰ ਭਾਰੂ ਕਰ ਲਿਆ, ਸਿਰਫ਼ ਅਪਣੇ ਨਿਜੀ ਸਵਾਰਥਾਂ ਲਈ।
ਸਿੱਖ ਇਕ ਖ਼ਾਲਸੇ ਦੇ ਝੰਡੇ ਹੇਠਾਂ ਇਕੱਠੇ ਹੋਣ ਦੀ ਬਜਾਏ ਕਾਂਗਰਸੀ/ ਅਕਾਲੀ/ ਕਾਮਰੇਡ/
ਜਨਸੰਘੀ ਬਣ ਗਏ ਅਤੇ ਅਪਣੇ ਆਪ ਨੂੰ ਕਮਜ਼ੋਰ ਕਰ ਲਿਆ। ਗ਼ਰੀਬ ਮਜ਼ਲੂਮਾਂ ਨੂੰ ਉਨ੍ਹਾਂ ਦੀ
ਬਣਦੀ ਥਾਂ ਨਹੀਂ ਦਿਤੀ। ਜੇਕਰ ਦਿਤੀ ਤਾਂ ਸਿਰਫ਼ ਵਿਖਾਵੇ ਵਾਸਤੇ।
ਗੁਰਦਵਾਰਿਆਂ
ਵਿਚ ਉੱਚਾ ਨਿਸ਼ਾਨ ਸਾਹਿਬ ਕਦੀ ਇਸ ਗੱਲ ਦਾ ਪ੍ਰਤੀਕ ਹੁੰਦਾ ਸੀ ਕਿ ਇਥੇ ਗ਼ਰੀਬ ਲਈ ਰੋਟੀ,
ਔਰਤ ਲਈ ਸੁਰੱਖਿਆ ਅਤੇ ਲੋੜਵੰਦ ਦੀ ਲੋੜ ਪੂਰੀ ਹੋਵੇਗੀ। ਅੱਜ ਦੇ ਧਾਰਮਕ ਅਦਾਰਿਆਂ ਵਿਚ
ਜੋ ਹਰਕਤਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਸੂਝਵਾਨ ਪਾਠਕ ਭਲੀਭਾਂਤ ਜਾਣਦੇ ਹਨ। ਧਰਮ ਦਾ
ਪ੍ਰਚਾਰ ਸਿਰਫ਼ ਸਿਰੋਪਾਉ ਵੰਡਣ ਅਤੇ ਅੰਮ੍ਰਿਤ ਛਕਾਉਣ ਤਕ ਹੀ ਸੀਮਤ ਰਹਿ ਗਿਆ ਹੈ। ਸਿੱਖੀ
ਦੀ ਮਹੱਤਤਾ ਬਾਰੇ ਕਦੀ ਕਿਸੇ ਨੂੰ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਨਾ ਦਸਿਆ ਸਗੋਂ
ਬੇਲੋੜੀਆਂ ਬੰਦਸ਼ਾਂ ਲਾ ਕੇ ਲੋਕਾਂ ਨੂੰ ਡਰਾਈ ਰਖਿਆ। ਗੁਰੂ ਸਾਹਿਬ ਨੇ ਸਿੰਘ ਸਾਜਣ ਤੋਂ
ਪਹਿਲਾਂ ਇਸ ਬਾਰੇ ਦਸਿਆ ਸੀ ਅਤੇ ਇਕ ਇਮਤਿਹਾਨ ਵੀ ਲਿਆ ਸੀ। ਜੇਕਰ ਸਮਾਜ ਸੇਵਾ ਵਲ ਆਈਏ
ਤਾਂ ਵੱਡੇ ਵੱਡੇ ਖ਼ਰਚੇ ਅਤੇ ਜਨਮਦਿਨ ਮਨਾ ਕੇ ਅਸੀ ਆਖ਼ਰੀ ਦਿਨ ਇਸ ਨਤੀਜੇ ਤੇ ਹੀ ਪੁਜਦੇ
ਹਾਂ ਕਿ ਏਨੇ ਲੱਖ ਲੋਕ ਲੰਗਰ ਛਕ ਗਏ ਅਤੇ ਏਨੇ ਪ੍ਰਾਣੀ ਇਸ਼ਨਾਨ ਕਰ ਗਏ। ਕਦੀ ਕੋਈ ਸਾਰਥਕ
ਗੱਲ ਜਾਂ ਸਾਰਥਕ ਫ਼ੈਸਲੇ ਨਹੀਂ ਲੈ ਸਕੇ। ਇਸ ਨਾਲ ਅਸੀ ਇਕ ਵਿਗਿਆਨਕ ਧਰਮ ਨੂੰ ਰੀਤ ਬਣਾ
ਕੇ ਰੱਖ ਦਿਤਾ। ਫੋਕੀ ਸ਼ਰਧਾ ਵੱਸ ਅਸੀ ਲੋਕਾਂ ਨੂੰ ਕੋਈ ਸਿਖਿਆ ਨਾ ਦੇ ਸਕੇ ਅਤੇ ਸਾਰਾ
ਕੁੱਝ ਸਿੱਖ ਭਾਈਚਾਰਾ ਅਪਣੀ ਧਾਰਮਕ/ਮਨ ਦੀ ਸ਼ਾਂਤੀ ਲਈ ਬਿਗਾਨੇ ਹੱਥੀਂ ਚੜ੍ਹ ਗਿਆ ਜਾਂ
ਬਲੈਕਮੇਲ ਹੋ ਗਿਆ। ਉਹ ਇਥੇ ਵੀ ਬਲੈਕਮੇਲ ਹੀ ਹੋ ਰਿਹਾ ਸੀ। ਅੱਜ ਸਾਨੂੰ ਉਨ੍ਹਾਂ ਨੂੰ ਘਰ
ਵਾਪਸੀ ਦੀ ਅਪੀਲ ਦੇ ਨਾਲ ਨਾਲ ਅਪਣਾ ਘਰ ਅਤੇ ਅਪਣੀ ਸੋਚ ਸਾਫ਼ ਕਰਨੀ ਪਵੇਗੀ। ਤਾਂ ਹੀ ਉਹ
ਲੋਕ ਜੋ ਸਾਡੇ ਅਪਣੇ ਹਨ ਭਾਵੇਂ ਗ਼ਲਤੀ ਨਾਲ ਕਿਸੇ ਪਾਸੇ ਗਏ ਹਨ ਅਪਣੇ ਆਪ ਨੂੰ ਸੁਰੱਖਿਅਤ
ਮਹਿਸੂਸ ਕਰਦੇ ਘਰ ਵਾਪਸ ਆ ਜਾਣਗੇ। ਉਨ੍ਹਾਂ ਨੂੰ ਅਹਿਸਾਸ ਹੋ ਆਵੇ ਕਿ ਘਰ ਬਾਬੇ ਨਾਨਕ
ਦਾ ਹੀ ਹੈ।
ਘਰ ਬਾਰੇ ਮੈਨੂੰ ਇਕ ਗੱਲ ਯਾਦ ਆ ਗਈ। ਸ਼ਹਿਰ ਵਿਚ ਕਿਸੇ ਘਰ ਵਿਚ ਕੋਈ
ਪਿੰਡ ਤੋਂ ਮਿਲਣ ਆਇਆ। ਪੇਂਡੂ ਦਾ ਦਿਲ ਕਰੇ ਰਾਤ ਰਹਿਣ ਨੂੰ। ਸ਼ਹਿਰੀ ਉਪਰੋਂ ਉਪਰੋਂ ਕਹੀ
ਜਾਵੇ ਕਿ 'ਤੁਸੀ ਰਹੋ' ਪਰ ਰਖਣਾ ਚਾਹੁੰਦਾ ਨਹੀਂ ਸੀ। ਆਖ਼ਰ ਪੇਂਡੂ ਕਹਿੰਦਾ 'ਚਲੋ ਫਿਰ
ਰਹਿ ਪੈਂਦੇ ਹਾਂ। ਪਰ ਮੈਂ ਰਹਾਂਗਾ ਕਿੱਥੇ?' ਕਿਉਂਕਿ ਉਹ ਸ਼ਹਿਰੀ ਦੀ ਨੀਤ ਪਛਾਣ ਚੁੱਕਾ
ਸੀ। ਤਾਂ ਸ਼ਹਿਰੀ ਕਹਿੰਦਾ ਭਾਈ ਇਹੀ ਤਾਂ ਮੈਂ ਸੋਚ ਰਿਹਾ ਹਾਂ ਕਿ ਤੂੰ ਰਹੇਂਗਾ ਕਿੱਥੇ?
ਸੋ ਪੇਂਡੂ ਵਿਚਾਰਾ ਅਪਣਾ ਝੋਲਾ ਚੁੱਕ ਕੇ ਤੁਰਦਾ ਬਣਿਆ। ਜੇਕਰ ਅਸੀ ਅਪਣੀ ਸਹੀ ਸੋਚ ਨਾਲ
ਉਨ੍ਹਾਂ ਨੂੰ ਘਰ ਰੱਖਾਂਗੇ ਤਾਂ ਉਹ ਵਾਪਸ ਵੀ ਆਉਣਗੇ ਅਤੇ ਰਹਿਣਗੇ ਵੀ, ਨਹੀਂ ਤਾਂ ਗੱਲ
ਪੇਂਡੂ ਸ਼ਹਿਰੀ ਵਾਲੀ ਹੀ ਹੋਵੇਗੀ। ਉਨ੍ਹਾਂ ਨੂੰ ਅਹਿਸਾਸ ਹੋ ਜਾਵੇ ਕਿ ਅਸੀ ਵਾਕਿਆ ਹੀ ਉਸ
ਗੁਰੂ ਨਾਨਕ ਦੇ ਘਰ ਵਾਪਸੀ ਕਰ ਰਹੇ ਹਾਂ ਜੋ ਉਨ੍ਹਾਂ ਨੇ ਅਸਲ ਵਿਚ ਬਣਾਇਆ ਸੀ। ਮੇਰੀ
ਤਾਂ ਇਹੀ ਅਰਦਾਸ ਹੈ ਕਿ ਸੱਭ ਲੋਕ ਉਸ ਬਾਬੇ ਨਾਨਕ ਦੇ ਘਰ ਵਲੋਂ ਵਿਖਾਏ ਰਾਹ ਉਤੇ ਆ ਜਾਣ।
ਸੰਪਰਕ : 94173-57156