
ਸਾਡੀ ਆਰਥਕ, ਸਮਾਜਕ, ਧਾਰਮਕ, ਰਾਜਨੀਤਕ ਬਣਤਰ ਹੀ ਹਾਕਮਾਂ ਨੇ ਅਜਿਹੀ ਬਣਾ ਦਿਤੀ ਹੈ ਕਿ ਸਥਾਪਤ ਲੀਹਾਂ ਨੂੰ ਤੋੜਨਾ ਅਸੀ ਅਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਸਗੋਂ ਅਪਣੇ ਆਪ ਨੂੰ ਕਮਜ਼ੋਰ ਸਮਝਦੇ ਹਾਂ। ਹਾਕਮਾਂ ਦੀਆਂ ਅਤੇ ਧਾਰਮਕ ਠੇਕੇਦਾਰਾਂ ਦੀਆਂ ਸ਼ਾਤਰਾਨਾਂ ਚਾਲਾਂ ਨੂੰ ਆਮ ਜਨਤਾ ਨਹੀਂ ਸਮਝਦੀ। ਲੋਕ ਮੌਤ ਕੋਲੋਂ ਥਰ-ਥਰ ਕੰਬਦੇ ਹਨ ਪਰ ਮੌਤ ਦੀ ਮੌਤ ਬਣ ਕੇ ਆਉਣ ਵਾਲੇ ਵੀ ਘੱਟ ਨਹੀਂ ਹਨ। ਪਰ ਲਾਲ ਸੂਹੇ ਅੰਗਾਰਿਆਂ ਉਤੇ ਚੱਲਣ ਵਾਲੇ, ਸਮਾਜ ਦੀਆਂ ਸੀਮਾਵਾਂ ਦੀ ਕਿਥੇ ਪ੍ਰਵਾਹ ਕਰਦੇ ਹਨ ਅਤੇ ਹਮੇਸ਼ਾ ਕੁੱਝ ਨਵਾਂ-ਨਵੇਕਲਾ ਤੇ ਦੁਨੀਆਂ ਤੋਂ ਵਖਰਾ ਕਰਨਾ ਲੋਚਦੇ ਹਨ।
ਮੈਂ ਸਰਕਾਰੀ ਹਾਈ ਸਕੂਲ ਪਧਿਆਣਾ ਵਿਖੇ ਅਧਿਆਪਕ ਲੱਗਾ ਸੀ ਅਤੇ ਉਥੇ ਬਤੌਰ ਮੁਖੀ ਜਰਨੈਲ ਸਿੰਘ ਕੰਮ ਕਰਦੇ ਸਨ। ਜਰਨੈਲ ਸਿੰਘ ਬਹੁਤ ਗ਼ਰੀਬ ਸੀ। ਮੇਰੇ ਵਾਂਗ ਮਜ਼ਦੂਰੀ ਕਰ ਕੇ ਪੜ੍ਹਿਆ ਬੀ.ਏ., ਬੀ.ਐੱਡ., ਐਮ.ਏ., ਐਮ.ਐੱਡ. ਕਰਨ ਤੋਂ ਬਾਅਦ ਅਧਿਆਪਕ ਬਣਿਆ ਸੀ। ਮੈਂ ਉਸ ਨੂੰ ਪ੍ਰਵਾਰਕ ਬਣਤਰ ਬਾਰੇ ਪੁਛਿਆ। ਉਸ ਨੇ ਮੈਨੂੰ ਦਸਿਆ ਕਿ ਉਸ ਦੇ ਦੋ ਲੜਕੇ ਹਨ, ਜੋ ਅਜੇ ਛੋਟੇ ਹਨ। ਦੋ ਕਮਰਿਆਂ ਵਾਲੇ ਬਹੁਤ ਛੋਟੇ ਘਰ ਵਿਚ ਗੁਜ਼ਾਰਾ ਚਲ ਰਿਹਾ ਸੀ। ਮੈਂ ਵਿਆਹ ਦੇ ਰੰਗ-ਢੰਗ ਬਾਰੇ ਪੁਛਿਆ ਕਿਉਂਕਿ ਉਨ੍ਹਾਂ ਦਿਨਾਂ ਵਿਚ ਮੇਰਾ ਵਿਆਹ ਵੀ ਹੋਣ ਵਾਲਾ ਸੀ। ਮੇਰੇ ਸਕੂਲ ਮੁਖੀ ਨੇ ਦਸਿਆ, ''ਮੈਂ ਅਪਣੇ ਬਾਪੂ ਨੂੰ ਵਿਆਹ ਵਾਲੇ ਦਿਨ ਸਾਈਕਲ ਉਤੇ ਬਿਠਾ ਕੇ ਪਿੰਡ ਨਿਆੜੇ ਤੋਂ ਪਿੰਡ ਚੱਬੇਵਾਲ, ਹੁਸ਼ਿਆਰਪੁਰ ਵਿਆਹੁਣ ਆਇਆ। ਕੋਈ ਰਸਮ ਨਹੀਂ, ਕੋਈ ਮਿਲਣੀ-ਸਿਲਣੀ ਨਹੀਂ। ਮੈਂ ਘਰਵਾਲੀ ਨੂੰ ਹਾਰ ਪਾਇਆ, ਉਸ ਨੇ ਮੈਨੂੰ ਹਾਰ ਪਾਇਆ। ਬਿਨਾਂ ਖੜਕੇ-ਦੜਕੇ ਤੋਂ, ਬਿਨਾਂ ਵਾਜੇ ਗਾਜੇ ਤੋਂ ਵਿਆਹ ਹੋ ਗਿਆ। ਘਰਵਾਲੀ ਨੂੰ ਲਿਜਾਣ ਤੋਂ ਪਹਿਲਾਂ ਮੈਂ ਬਾਪੂ ਨੂੰ ਬੱਸ ਉਤੇ ਚੱਬੇਵਾਲ ਤੋਂ ਬਿਠਾ ਦਿਤਾ ਅਤੇ ਫਿਰ ਘਰਵਾਲੀ ਨੂੰ ਸਾਈਕਲ ਤੇ ਸਹੁਰੇ ਘਰੋਂ ਬਿਠਾ ਕੇ ਨਿਆੜੇ ਲੈ ਆਇਆ। ਇਸ ਤਰ੍ਹਾਂ ਦਾ ਸੀ ਮੇਰਾ ਵਿਆਹ।''
ਉਨ੍ਹਾਂ ਦਿਨਾਂ ਵਿਚ ਮੇਰੇ ਵਿਆਹ ਦੀ ਵੀ ਤਿਆਰੀ ਸੀ। ਇਥੇ ਮੈਂ ਦਸਣਾ
ਚਾਹੁੰਦਾ ਹਾਂ ਕਿ ਮੇਰੇ ਦੋਸਤ ਦੀ ਮਾਂ ਮੈਨੂੰ 6ਵੀਂ ਪੜ੍ਹਦੇ ਨੂੰ ਹੀ ਕਹਿੰਦੀ ਸੀ ਕਿ
'ਮੈਂ ਤੇਰੇ ਲਈ ਕੁੜੀ ਵੇਖੀ ਹੈ।' ਜਦੋਂ ਵੀ ਉਨ੍ਹਾਂ ਦੇ ਘਰ ਜਾਣਾ ਦੋਸਤ ਦੀ ਮਾਂ ਨੇ
ਮੈਨੂੰ ਹਰ ਵਾਰ ਇਹੀ ਕਹਿਣਾ ਕਿ ਮੈਂ ਤੇਰੇ ਲਈ ਕੁੜੀ ਵੇਖੀ ਹੈ। ਛੇਵੀਂ ਤੋਂ ਦਸਵੀਂ,
ਦਸਵੀਂ ਤੋਂ ਕਾਲਜ ਦੀ ਪੜ੍ਹਾਈ, ਫਿਰ ਕੋਰਸ, ਫਿਰ ਨੌਕਰੀ, ਇਸ ਤਰ੍ਹਾਂ 19 ਸਾਲ ਦਾ ਸਫ਼ਰ
ਬੀਤ ਗਿਆ। 19 ਸਾਲ ਬਾਅਦ ਉਹ ਦੋਸਤ ਦੀ ਮਾਂ ਮੈਨੂੰ ਬਿਨਾਂ ਦੱਸੇ, ਧੋਖੇ ਨਾਲ ਸਹੁਰੇ
ਪਿੰਡ ਲੈ ਗਈ, ਜਿਥੇ ਉਸ ਦੀ ਰਿਸ਼ਤੇਦਾਰੀ ਸੀ।
ਚੱਬੇਵਾਲ ਕਲੱਬ ਦੇ ਟੂਰਨਾਮੈਂਟ ਵਿਚ ਮੈਨੂੰ
ਸੱਟ ਲੱਗ ਗਈ ਸੀ। ਸੱਟ ਦੀ ਬਾਂਹ ਬੰਨ੍ਹਣ ਬਹਾਨੇ ਦੋਸਤ ਦੀ ਮਾਂ ਮੈਨੂੰ ਲੈ ਗਈ। ਉਸ ਦੇ
ਰਿਸ਼ਤੇਦਾਰ ਦਾ ਇਕ ਲੜਕਾ ਅੰਮ੍ਰਿਤਧਾਰੀ ਸੀ, ਜਿਸ ਨੇ ਵਿਚੋਲੇ ਦੀ ਭੂਮਿਕਾ ਨਿਭਾਈ।
ਚਾਹ-ਪਾਣੀ ਪੀਣ ਤੋਂ ਬਾਅਦ ਇਕ ਬਜ਼ੁਰਗ (ਮੇਰਾ ਸਹੁਰਾ) ਆਏ ਅਤੇ ਆਖਣ ਲੱਗੇ, ''ਕਾਕਾ ਵਿਆਹ
ਕਿਉਂ ਨਹੀਂ ਕਰਾਇਆ?'' ਮੈਂ ਆਖਿਆ, ''ਘਰ ਕੱਚਾ ਹੈ। ਭੈਣ ਵਿਆਹੁਣ ਵਾਲੀ ਹੈ।'' ਉਸ ਨੇ
ਪੁਛਿਆ, ''ਹੁਣ ਕਰਾਉਣਾ ਹੈ?'' ਮੈਂ ਹਾਂ ਕਰ ਦਿਤੀ। ਮੈਨੂੰ ਕਿਸੇ ਮੰਗ ਬਾਰੇ ਪੁਛਿਆ।
ਮੈਂ ਕਿਹਾ, ''ਮੇਰੀ ਕੋਈ ਮੰਗ ਨਹੀਂ ਪਰ ਸ਼ਰਤਾਂ ਜ਼ਰੂਰ ਹਨ।'' ਉਨ੍ਹਾਂ ਨੇ ਸ਼ਰਤਾਂ ਪੁਛੀਆਂ
ਤਾਂ ਮੈਂ ਇਕ-ਇਕ ਕਰ ਕੇ ਸ਼ਰਤਾਂ ਦਸੀਆਂ। ਪਹਿਲੀ ਸ਼ਰਤ ਸੀ ਕਿ ਅਸੀ ਤਿੰਨ ਜਣੇ, ਮੈਂ,
ਮੇਰਾ ਮਾਮਾ ਅਤੇ ਪਿਤਾ ਵਿਆਹੁਣ ਆਵਾਂਗੇ। ਦੂਜੀ ਅਸੀ ਚਾਹ ਪੀਵਾਂਗੇ, ਰੋਟੀ ਨਹੀਂ
ਖਾਵਾਂਗੇ।
ਤੀਜੀ ਕੋਈ ਲੈਣ-ਦੇਣ ਨਹੀਂ। ਚੌਥੀ ਕੋਈ ਕਾਸਮੈਟਿਕ ਅਤੇ ਗਹਿਣਾ ਨਹੀਂ ਵਰਤਣਾ।
ਪੰਜਵੀਂ ਮੈਨੂੰ ਅੰਮ੍ਰਿਤ ਛਕਣ ਲਈ ਨਾ ਕਿਹਾ ਜਾਵੇ (ਕਿਉਂਕਿ ਮੇਰੀ ਹੋਣ ਵਾਲੀ ਘਰਵਾਲੀ
ਅੰਮ੍ਰਿਤਧਾਰੀ ਸੀ) ਅਤੇ ਮੈਂ ਉਸ ਨੂੰ ਕ੍ਰਿਪਾਨ ਲਾਹੁਣ ਲਈ ਨਹੀਂ ਕਹਾਂਗਾ। ਵਿਆਹ ਤੋਂ ਇਕ
ਦਿਨ ਪਹਿਲਾਂ ਮੈਨੂੰ ਸੁਨੇਹਾ ਭੇਜਿਆ ਕਿ 11 ਬੰਦੇ ਜ਼ਰੂਰ ਆਉਣ। ਮੈਂ ਸੁਨੇਹਾ ਵਾਪਸੀ ਭੇਜ
ਦਿਤਾ ਬੰਦੇ ਤਿੰਨ ਹੀ ਆਉਣੇ ਹਨ। ਸਵੇਰੇ ਵਿਆਹੁਣ ਜਾਣ ਤੋਂ ਇਕ ਦਿਨ ਪਹਿਲਾਂ ਮੈਂ ਕਿਸੇ
ਟੂਰਨਾਮੈਂਟ ਤੋਂ ਬੱਚੇ ਲੈ ਕੇ ਰਾਤ ਲੇਟ ਘਰ ਆਇਆ। ਘਰ ਵਾਲੇ ਮੇਰੀਆਂ ਇਨ੍ਹਾਂ ਗੱਲਾਂ ਨੂੰ
ਸਮਝ ਨਹੀਂ ਸਨ ਰਹੇ ਸਗੋਂ ਇਹ ਮਹਿਸੂਸ ਕਰਦੇ ਕਿ ਕਿਤੇ ਸਾਡੀ ਪੱਤ ਹੀ ਨਾ ਲੁਹਾ ਦੇਵੇ।
ਮੈਂ ਕੋਈ ਸ਼ਗਨ-ਵਿਹਾਰ ਨਹੀਂ ਕੀਤਾ, ਕੋਈ ਮਹਿੰਦੀ, ਵਟਣਾ-ਸ਼ਟਣਾ ਨਹੀਂ ਲੁਆਇਆ। ਸਵੇਰੇ ਅਸੀ ਇਕ ਗੱਡੀ ਵਿਚ ਤਿੰਨੇ ਹੀ ਗਏ। ਜਦੋਂ ਮੇਰੀ ਸੱਸ ਨੇ ਸਾਨੂੰ ਵੇਖਿਆ ਤਾਂ ਉਸ ਨੇ ਕਿਹਾ, ''ਇਹ ਤਿੰਨ ਜਣੇ ਸਾਡੀਆਂ ਮਕਾਣਾਂ ਦੇਣ ਆਏ ਹਨ?'' ਜੋ ਕਿਹਾ ਖਿੜੇ-ਮੱਥੇ ਸੁਣ ਲਿਆ। ਘਰ ਵਾਲੀ ਪਾਸਿਉਂ ਉਨ੍ਹਾਂ ਦੇ ਕਾਫ਼ੀ ਰਿਸ਼ਤੇਦਾਰ ਸਨ। ਖ਼ਾਸ ਕਰ ਕੇ ਪੁਲਿਸ ਮੁਲਾਜ਼ਮ ਕੁੜੀਆਂ ਕਿਉਂਕਿ ਘਰਵਾਲੀ ਪੁਲਿਸ ਵਿਚ ਸੀ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਲਾਵਾਂ ਪੜ੍ਹੀਆਂ।
ਵਿਆਹ ਵਿਚ ਆਏ ਮਰਦ, ਜਿਨ੍ਹਾਂ ਵਿਚ ਸਾਬਕਾ ਐਮ.ਐਲ.ਏ. ਕੁਲਵੰਤ ਸਿੰਘ ਅਤੇ ਹੋਰ ਕਾਮਰੇਡ ਸ਼ਾਮਲ ਸਨ, ਮੈਨੂੰ ਪੁੱਛਣ ਲਗੇ ਕਿ 'ਕਾਕਾ ਇਹ ਵਿਚਾਰ ਤੈਨੂੰ ਕਿਸ ਨੇ ਅਪਣਾਉਣ ਲਈ ਕਿਹਾ ਕਿ ਵਿਆਹ ਇਸ ਢੰਗ ਨਾਲ ਕਰਾਉਣਾ ਹੈ?' ਮੈਂ ਆਖਿਆ ਕਿ ਮੇਰੀ ਅਪਣੀ ਸੋਚ ਹੈ ਕਿ ਮੈਂ ਸਮਾਜਕ ਰੀਤੀ ਰਿਵਾਜਾਂ ਤੋਂ ਬਗ਼ੈਰ, ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈ, ਵਿਆਹ ਨਾਲ ਕਰਾਉਣਾ ਹੈ। ਦੂਜਾ ਮੁੰਡੇ ਵਾਲੇ ਅਪਣੇ ਰਿਸ਼ਤੇਦਾਰਾਂ ਦੀ ਵੱਡੀ ਟੀਮ ਲੈ ਕੇ ਕੁੜੀ ਵਾਲਿਆਂ ਦੇ ਘਰ ਜਾ ਕੇ ਅੰਨ ਦਾ ਉਜਾੜਾ ਕਰਦੇ ਹਨ। ਮੁੰਡੇ ਵਾਲੇ ਅਪਣੇ ਘਰ ਆ ਕੇ ਜੋ ਮਰਜ਼ੀ ਗੁਲਛੱਰੇ ਉਡਾਉਣ। ਇਸ ਤਰ੍ਹਾਂ ਦਾਜ ਦੀ ਬੁਰਾਈ ਵੱਧ ਕੇ ਅੱਜ ਨਾਸੂਰ ਬਣ ਗਈ ਹੈ।
ਮੈਂ ਅਪਣੀਆਂ ਅੱਖਾਂ
ਵਿਚ ਵਾਰ-ਵਾਰ ਜਰਨੈਲ ਸਿੰਘ ਅਤੇ ਉਸ ਦੀ ਘਰਵਾਲੀ ਨੂੰ ਸਾਈਕਲ ਉਤੇ ਸਹੁਰਿਆਂ ਵਲੋਂ
ਆਉਂਦਿਆਂ ਨੂੰ ਮਹਿਸੂਸ ਕਰਦਾ ਰਿਹਾ। ਇਸ ਤਰ੍ਹਾਂ ਹੈ ਸਾਡੇ ਦੋਹਾਂ ਦੇ ਵਿਆਹ ਦੀ ਰਾਮ
ਕਹਾਣੀ। ਇਥੇ ਮੈਂ ਦਸਣਾ ਚਾਹੁੰਦਾ ਹਾਂ ਕਿ ਸਾਡੇ ਸਾਹਾਂ ਦਾ ਸਫ਼ਰ ਬਹੁਤ ਸੁਖਾਲਾ ਹੈ।
ਮੇਰੀ ਪਤਨੀ ਗਜ਼ਟਿਡ ਅਫ਼ਸਰ ਬਤੌਰ ਡੀ.ਐਸ.ਪੀ. ਸੇਵਾਮੁਕਤ ਹਨ ਅਤੇ ਮੈਂ ਬਤੌਰ ਅਧਿਆਪਕ। ਹੁਣ
ਪਾਠਕ ਇਕ ਸਵਾਲ ਜ਼ਰੂਰ ਮੈਨੂੰ ਕਰ ਸਕਦੇ ਹਨ ਜੋ ਉਨ੍ਹਾਂ ਦੇ ਦਿਲ-ਦਿਮਾਗ਼ 'ਚ ਪੈਦਾ ਹੋਇਆ
ਹੋਵੇਗਾ ਕਿ ਹੁਣ ਅਪਣੇ ਬੱਚਿਆਂ ਦੇ ਵਿਆਹ ਵੀ ਇਸੇ ਤਰ੍ਹਾਂ ਕੀਤੇ ਹਨ? ਮੈਂ ਦਸਣਾ
ਚਾਹੁੰਦਾ ਹਾਂ ਕਿ ਮੇਰੇ ਦੋ ਬੇਟੇ ਹਨ।
ਛੋਟੇ ਨੇ ਅਪਣੀ ਮਰਜ਼ੀ ਨਾਲ ਅੰਤਰਜਾਤੀ ਪਿਆਰ ਵਿਆਹ
ਕਰਾਇਆ ਹੈ। ਲੜਕੀ ਬਹੁਤ ਹੀ ਸੁਚੱਜੀ ਹੈ ਜੋ ਅਜਕਲ ਕੈਨੇਡਾ ਹੈ। ਇਨ੍ਹਾਂ ਦੀ ਵੀ ਕੋਈ
ਅਜੇ ਰਸਮ ਨਹੀਂ ਕੀਤੀ। ਵੱਡੇ ਮੁੰਡੇ ਨੇ ਵਿਆਹ ਨਹੀਂ ਕਰਵਾਇਆ, ਜੋ ਬ੍ਰਾਜ਼ੀਲ ਵਿਚ ਹੈ।
ਜ਼ਿੰਦਗੀ ਨੂੰ ਸਰਲ, ਸੁਖਾਲੀ, ਨਿਯਮਾਂ ਵਾਲਾ, ਮਨੁੱਖਤਾ ਭਰਪੂਰ, ਜ਼ਿੰਦਾਦਿਲੀ, ਧਰਮ ਵੀ
ਮਨੁੱਖਤਾ ਵਾਲਾ ਹੋਵੇ, ਅਖੌਤੀ ਧਰਮਾਂ ਵਾਲਾ ਨਾ ਹੋਵੇ, ਕਿਰਤ ਦੀ ਕਦਰ ਅਤੇ ਸਲਾਮ ਕਰਨ
ਵਾਲਾ ਹੋਵੇ।
ਸੰਪਰਕ : 98768-82028