ਹਰਦੀਪ ਸਿੰਘ ਪੁਰੀ ਦੀ ਵਜ਼ੀਰੀ ਅਕਾਲੀਆਂ ਲਈ ਖ਼ਤਰੇ ਦੀ ਘੰਟੀ
Published : Oct 4, 2017, 11:32 pm IST
Updated : Oct 4, 2017, 6:02 pm IST
SHARE ARTICLE

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਤਿੰਨਾਂ ਵਰ੍ਹਿਆਂ ਦੌਰਾਨ ਅਪਣੀ ਵਜ਼ਾਰਤ ਵਿਚ ਜੋ ਰੱਦੋਬਦਲ ਕੀਤੀ ਹੈ ਉਸ ਦੀ ਚਰਚਾ ਤਾਂ ਭਾਵੇਂ ਕਈ ਪਹਿਲੂਆਂ ਤੋਂ ਕੀਤੀ ਜਾ ਸਕਦੀ ਹੈ ਪਰ ਪੰਜਾਬ ਦੇ ਅਕਾਲੀਆਂ ਲਈ ਖ਼ਾਸ ਕਰ ਕੇ ਇਸ ਵਿਚ ਵਿਦੇਸ਼ ਸੇਵਾ ਦੇ ਇਕ ਸਾਬਕਾ ਅਧਿਕਾਰੀ ਹਰਦੀਪ ਸਿੰਘ ਪੁਰੀ ਦੀ ਸ਼ਮੂਲੀਅਤ ਨੂੰ ਹੁਣ ਤੋਂ ਖ਼ਤਰੇ ਦੀ ਘੰਟੀ ਕਰ ਕੇ ਮੰਨਿਆ ਜਾਣ ਲੱਗਾ ਹੈ। ਵੱਡੀ ਵਜ੍ਹਾ ਇਸ ਦੀ ਇਹ ਹੈ ਕਿ ਨਰਿੰਦਰ ਮੋਦੀ ਅਪਣੀ ਵਜ਼ਾਰਤ ਵਿਚ ਇਕ ਅਜਿਹਾ ਸਿੱਖ ਚਿਹਰਾ ਪੇਸ਼ ਕਰਨਾ ਚਾਹੁੰਦੇ ਸਨ ਜੋ ਕੱਲ ਕੋਤਰ ਨੂੰ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤ ਬਾਂਹ ਬਣ ਸਕੇ। ਇਸ ਲਈ ਭਾਵੇਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੂਰਾ-ਪੂਰਾ ਜ਼ੋਰ ਲਾ ਰਹੇ ਸਨ ਪਰ ਜਿਸ ਪਾਸਿਉਂ ਜ਼ੋਰ ਲਗਣਾ ਚਾਹੀਦਾ ਸੀ, ਉਨ੍ਹਾਂ ਨੇ ਚੁੱਪ ਵੱਟ ਲਈ ਸੀ। ਵੱਟੀ ਵੀ ਇਸ ਕਰ ਕੇ ਕਿ ਉਹ ਤਾਂ ਸਗੋਂ ਹਰਸਿਮਰਤ ਕੌਰ ਬਾਦਲ ਨੂੰ ਕੋਈ ਚੰਗਾ ਜਿਹਾ ਮਹਿਕਮਾ ਦਿਵਾਉਣਾ ਚਾਹੁੰਦੇ ਸਨ। ਸਾਫ਼ ਹੈ ਕਿ ਇਹ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਪਿਉ-ਪੁੱਤ ਦੀ ਜੋੜੀ ਹੈ, ਜਿਸ ਵਿਚ ਖ਼ਾਸ ਕਰ ਕੇ ਵੱਡੇ ਬਾਦਲ ਨਾਲ ਭਾਜਪਾ ਹਾਈ ਕਮਾਂਡ ਦੀ ਕਾਫ਼ੀ ਨਿਭਦੀ ਹੈ ਬਲਕਿ ਹਾਈ ਕਮਾਂਡ ਦੀਆਂ ਨਜ਼ਰਾਂ ਵਿਚ ਸ. ਬਾਦਲ ਦਾ ਵਾਹਵਾ ਸਤਿਕਾਰ ਮੰਨਿਆ ਜਾਂਦਾ ਹੈ। ਇਹ ਕਹਿਣਾ ਕਾਫ਼ੀ ਹੱਦ ਤਕ ਵਾਜਬ ਹੀ ਹੋਵੇਗਾ ਕਿ ਜੇ ਸ. ਪਰਕਾਸ਼ ਸਿੰਘ ਬਾਦਲ ਨਿਜੀ ਤੌਰ ਤੇ ਪ੍ਰਧਾਨ ਮੰਤਰੀ ਨੂੰ ਪ੍ਰੋ. ਚੰਦੂਮਾਜਰਾ ਲਈ ਪ੍ਰੇਰਦੇ ਤਾਂ ਗੱਲ ਬਣ ਸਕਦੀ ਸੀ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਦਾ ਕਾਰਨ ਵੀ ਉਪਰ ਦਸਿਆ ਹੀ ਗਿਆ ਹੈ। ਭਾਵੇਂ ਸਰਕਾਰ ਵਿਚ ਪਹਿਲਾਂ ਹੀ ਇਕ ਸਿੱਖ, ਐਸ.ਐਸ. ਆਹਲੂਵਾਲੀਆ ਸ਼ਾਮਲ ਹਨ ਪਰ ਉਨ੍ਹਾਂ ਦੀਆਂ ਕਿਉਂਕਿ ਅਰੁਣ ਜੇਤਲੀ ਨਾਲ ਦੂਰੀਆਂ ਵੱਧ ਗਈਆਂ ਹਨ, ਇਸ ਲਈ ਹਰਦੀਪ ਸਿੰਘ ਪੁਰੀ ਦੇ ਨਾਂ ਦਾ ਗੁਣਾਂ ਪੈ ਗਿਆ। ਪੁਰੀ ਦੀ ਨਾ ਕੇਵਲ ਅਰੁਣ ਜੇਤਲੀ ਨਾਲ ਨੇੜਤਾ ਹੈ ਸਗੋਂ ਉਸ ਤੋਂ ਵੀ ਵੱਧ ਨਰਿੰਦਰ ਮੋਦੀ ਨਾਲ ਹੈ। ਉਹ ਇਸ ਲਈ ਵੀ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਭਾਜਪਾ ਨਾਲ ਜੁੜੇ ਹੋਏ ਸਨ। 


ਨਰਿੰਦਰ ਮੋਦੀ ਨੇ ਵਜ਼ਾਰਤ ਵਿਚੋਂ ਜਿਹੜੇ ਚਿਹਰੇ ਬਾਹਰ ਕੱਢੇ, ਕੁੱਝ ਨੂੰ ਤਰੱਕੀਆਂ ਦਿਤੀਆਂ ਅਤੇ ਕੁੱਝ ਦੇ ਮਹਿਕਮੇ ਵੀ ਬਦਲੇ ਗਏ। ਇਸੇ ਤਰ੍ਹਾਂ ਕੁੱਝ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ। ਇਨ੍ਹਾਂ ਬਾਰੇ ਉਨ੍ਹਾਂ ਨੇ ਅਰੁਣ ਜੇਤਲੀ ਜਾਂ ਅਪਣੇ ਕਿਸੇ ਹੋਰ ਨੇੜਲੇ ਨਾਲ ਸਲਾਹ ਮਸ਼ਵਰਾ ਕੀਤਾ ਜਾਂ ਨਹੀਂ ਇਹ ਤਾਂ ਉਹੀ ਬਿਹਤਰ ਜਾਣਦੇ ਹੋਣਗੇ। ਸ਼ਾਇਦ ਬਹੁਤੇ ਵਜ਼ਾਰਤੀ ਸਾਥੀਆਂ ਨੂੰ ਵੀ ਅਖ਼ਬਾਰ ਪੜ੍ਹ ਕੇ ਪਤਾ ਲਗਿਆ ਹੋਵੇਗਾ ਕਿ ਕੌਣ ਜਾ ਰਿਹਾ ਹੈ ਅਤੇ ਕੌਣ ਆ ਰਿਹਾ ਹੈ?
ਇਸ ਰੱਦੋਬਦਲ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਚਾਰ ਸਾਬਕਾ ਅਫ਼ਸਰਸ਼ਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਹੀ ਇਕ ਹਰਦੀਪ ਸਿੰਘ ਪੁਰੀ ਹਨ। ਸ. ਪੁਰੀ ਵਿਦੇਸ਼ ਸੇਵਾ ਦੇ ਬੜੇ ਸੀਨੀਅਰ ਅਧਿਕਾਰੀ ਰਹਿ ਚੁੱਕੇ ਹਨ। ਉਹ ਕਈ ਮੁਲਕਾਂ ਵਿਚ ਰਾਜਦੂਤ ਰਹੇ ਹਨ ਅਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿਚ ਵੀ ਬੜਾ ਪ੍ਰਭਾਵਸ਼ਾਲੀ ਕੰਮ ਕੀਤਾ ਹੈ। ਉਨ੍ਹਾਂ ਨੂੰ ਵਿਦੇਸ਼ ਨੀਤੀ ਦੇ ਤਕੜੇ ਮਾਹਰ ਮੰਨਿਆ ਗਿਆ ਹੈ। ਦੂਜਿਆਂ ਵਿਚ ਡੀ.ਡੀ.ਏ. ਦੇ ਸਾਬਕਾ ਕਮਿਸ਼ਨਰ, ਇਕ ਸਾਬਕਾ ਪੁਲਿਸ ਅਧਿਕਾਰੀ ਅਤੇ ਇਕ ਸਾਬਕਾ ਗ੍ਰਹਿ ਸਕੱਤਰ ਹਨ। ਭਾਰਤੀ ਲੋਕਰਾਜ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲਾ ਮੌਕਾ ਹੋਵੇ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਇਕੱਠੇ ਹੀ ਚਾਰ ਸਾਬਕਾ ਅਫ਼ਸਰਸ਼ਾਹਾਂ ਨੂੰ ਵਜ਼ਾਰਤ ਵਿਚ ਸ਼ਾਮਲ ਕੀਤਾ ਹੋਵੇ। ਇੱਕਾ ਦੁੱਕਾ ਅਫ਼ਸਰਸ਼ਾਹ ਤਾਂ ਪਹਿਲਾਂ ਵੀ ਜ਼ਰੂਰ ਮੰਤਰੀ ਬਣਦੇ ਰਹੇ ਹਨ। ਪੀ.ਵੀ. ਨਰਸਿਮ੍ਹਾ ਰਾਉ ਨੇ 1992 ਵਿਚ ਡਾ. ਮਨਮੋਹਨ ਸਿੰਘ ਨੂੰ ਸਿੱਧਾ ਹੀ ਖ਼ਜ਼ਾਨੇ ਦੀਆਂ ਚਾਬੀਆਂ ਸੌਂਪ ਦਿਤੀਆਂ ਸਨ ਅਤੇ ਉਥੋਂ ਹੀ ਸ਼ਾਇਦ ਉਨ੍ਹਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਪਧਰਾ ਹੋ ਗਿਆ ਸੀ। ਮੋਟੇ ਤੌਰ ਤੇ ਇਹ ਚਾਰੇ ਸਾਬਕਾ ਅਫ਼ਸਰਸ਼ਾਹ ਪ੍ਰਧਾਨ ਮੰਤਰੀ ਦੀ ਚੋਣ ਹਨ ਜਿਨ੍ਹਾਂ ਨੇ ਸਿਆਸੀ ਨੇਤਾਵਾਂ ਨੂੰ ਇਹ ਸੰਕੇਤ ਵੀ ਦਿਤਾ ਹੈ ਕਿ ਦੇਸ਼ ਨੂੰ ਅਫ਼ਸਰਸ਼ਾਹ ਵੀ ਸਿਆਸਤਦਾਨਾਂ ਵਾਂਗ ਚਲਾ ਸਕਦੇ ਹਨ। 


ਇਕ ਸੂਤਰ ਮੁਤਾਬਕ ਜਦੋਂ ਨਰਿੰਦਰ ਮੋਦੀ ਨੇ ਸ. ਪੁਰੀ ਨੂੰ ਵਜ਼ੀਰ ਬਣਾਉਣ ਦਾ ਮਨ ਬਣਾ ਲਿਆ ਤਾਂ ਉਨ੍ਹਾਂ ਨੇ ਤੁਰਤ ਉਨ੍ਹਾਂ ਨੂੰ ਫ਼ੋਨ ਉੱਤੇ ਪੁਛਿਆ ਸੀ ਕਿ ਉਹ ਇਸ ਵੇਲੇ ਕਿਥੇ ਹਨ? ਅੱਗੋਂ ਜਵਾਬ ਸੀ ਕਿ ਉਹ ਸ੍ਰੀਲੰਕਾ ਵਿਚ ਹਨ। ਤਾਂ ਉਨ੍ਹਾਂ ਨੂੰ ਤਿੰਨ ਸਤੰਬਰ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਲਈ ਹੋਣ ਵਾਲੇ ਸਮਾਗਮ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ।
ਸਵਾਲ ਜਿਥੋਂ ਤਕ ਹਰਦੀਪ ਸਿੰਘ ਪੁਰੀ ਦਾ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਬਣਨ ਦਾ ਹੈ ਉਹ ਇਹ ਹੈ ਕਿ ਇਹ ਤੱਥ ਤਾਂ ਸੱਭ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਿਛਲੇ ਕੁੱਝ ਵਰ੍ਹਿਆਂ ਤੋਂ ਅਕਾਲੀ-ਭਾਜਪਾ ਦੀ ਆਪਸ ਵਿਚ ਠੀਕ ਤਰ੍ਹਾਂ ਨਹੀਂ ਨਿਭ ਰਹੀ ਅਤੇ ਇਹ ਸਿਲਸਿਲਾ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਬਣਨ ਪਿਛੋਂ ਸ਼ੁਰੂ ਹੋਇਆ।
ਜਿੰਨਾ ਚਿਰ ਪਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਰਹੇ ਓਨਾ ਚਿਰ ਦੋਹਾਂ ਧਿਰਾਂ ਵਿਚ ਚੰਗੀ ਨਿਭਦੀ ਰਹੀ ਬਲਕਿ ਇਹ ਪਰਕਾਸ਼ ਸਿੰਘ ਬਾਦਲ ਸਨ, ਜਿਨ੍ਹਾਂ ਨੇ ਪੰਜਾਬੀ ਸਿਆਸਤ ਦੀ ਨਬਜ਼ ਭਾਂਪਦਿਆਂ 90ਵਿਆਂ ਦੇ ਅੱਧ ਵਿਚ ਭਾਜਪਾ ਨਾਲ ਦੋਸਤੀ ਕਰ ਲਈ ਸੀ। ਅਸਲ ਵਿਚ ਸ. ਬਾਦਲ ਨੂੰ ਇਹ ਇਲਮ ਹੋ ਚੁੱਕਾ ਸੀ ਕਿ ਪੰਜਾਬ ਵਿਚ ਅਕਾਲੀ ਦਲ ਇਕੱਲਾ ਸਰਕਾਰ ਨਹੀਂ ਬਣਾ ਸਕਦਾ। ਇਸ ਨੂੰ ਗਠਜੋੜ ਲਈ ਇਕ ਹੋਰ ਗਰੁੱਪ ਦੀ ਲੋੜ ਹੈ। ਕਾਂਗਰਸ ਨਾਲ ਕਿਉਂਕਿ ਅਕਾਲੀ ਦਲ ਦਾ ਗਠਜੋੜ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ, ਇਸ ਲਈ ਸ਼੍ਰੋਮਣੀ ਅਕਾਲੀ ਅਤੇ ਭਾਜਪਾ ਨੇ ਆਪਸ ਵਿਚ ਸਾਂਝ ਪਾ ਲਈ। ਇਹ ਸਾਂਝ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਦਿੱਲੀ ਵਿਚ ਵੀ ਹੈ। 1996-97 ਵਿਚ ਜਦੋਂ ਐਨ.ਡੀ.ਏ. ਦੀ ਅਗਵਾਈ ਹੇਠ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਤਾਂ ਇਹ ਬਾਦਲ ਹੀ ਸਨ ਜਿਨ੍ਹਾਂ ਨੇ ਸੱਭ ਤੋਂ ਪਹਿਲਾਂ ਭਾਜਪਾ ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਉਸ ਵੇਲੇ ਭਾਜਪਾ ਹਾਈ ਕਮਾਂਡ ਵਿਚ ਵਾਜਪਾਈ, ਐਲ.ਕੇ. ਅਡਵਾਨੀ ਅਤੇ ਡਾ. ਮੁਰਲੀ ਮਨੋਹਰ ਜੋਸ਼ੀ ਵਰਗੀ ਲੀਡਰਸ਼ਿਪ ਸੀ। ਨਰਿੰਦਰ ਮੋਦੀ ਹਾਈ ਕਮਾਂਡ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਸਨ। ਇਹੋ ਕਾਰਨ ਹੈ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅੱਜ ਵੀ ਬਾਦਲ ਦਾ ਬੜਾ ਮਾਣ ਸਤਿਕਾਰ ਕਰਦੀ ਹੈ। ਇਕ ਵੇਲੇ ਤਾਂ ਉਸ ਨੇ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦਾ ਅਹੁਦਾ ਦੇਣ ਬਾਰੇ ਵੀ ਮਨ ਬਣਾ ਲਿਆ ਸੀ ਪਰ ਬਾਦਲ ਨੇ ਇਹ ਕਹਿ ਕੇ ਨਾਂਹ ਕਰ ਦਿਤੀ ਸੀ ਕਿ ਉਹ ਪੰਜਾਬ ਵਿਚ ਹੀ ਰਹਿਣਾ ਚਾਹੁੰਦੇ ਹਨ। ਉਦੋਂ ਤੋਂ ਹੀ ਪੰਜਾਬ ਵਿਚ ਬਾਦਲ ਦੀ ਅਗਵਾਈ ਹੇਠ ਤਿੰਨ ਵਾਰ ਜਿਹੜੀ ਅਕਾਲੀ-ਭਾਜਪਾ ਦੀ ਸਾਂਝੀ ਸਰਕਾਰ ਬਣੀ ਉਸ ਵਿਚ ਭਾਜਪਾ ਪੂਰੀ ਤਰ੍ਹਾਂ ਸ਼ਾਮਲ ਰਹੀ। ਇਸ ਦੌਰਾਨ ਭਾਵੇਂ ਦੋਹਾਂ ਵਿਚ ਛੋਟੇ ਮੋਟੇ ਮਤਭੇਦ ਹੁੰਦੇ ਰਹੇ ਹਨ ਪਰ ਇਹ ਸ. ਬਾਦਲ ਹੀ ਹਨ ਜਿਹੜੇ ਉਹ ਮਤਭੇਦ ਨਿਪਟਾ ਕੇ ਭਾਜਪਾ ਲੀਡਰਸ਼ਿਪ ਨੂੰ ਸ਼ਾਂਤ ਕਰਦੇ ਰਹੇ ਹਨ।


ਅਸਲ ਵਿਚ ਸੁਖਬੀਰ ਸਿੰਘ ਬਾਦਲ ਨੇ ਭਾਵੇਂ 2017 ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਨਾਲੋਂ ਅਲੱਗ ਹੋ ਕੇ ਲੜਨ ਦਾ ਮਨ ਬਣਾ ਲਿਆ ਸੀ ਅਤੇ ਇਸੇ ਤਰ੍ਹਾਂ ਭਾਜਪਾ ਨੇ ਵੀ, ਪਰ ਅੰਤ ਨੂੰ ਉਹ ਦੋਵੇਂ ਇਸ ਸਿੱਟੇ ਤੇ ਪਹੁੰਚੇ ਕਿ ਭਾਈਵਾਲ ਤੋਂ ਬਗ਼ੈਰ ਗੁਜ਼ਾਰਾ ਨਹੀਂ। ਅਕਾਲੀ ਦਲ ਦੀ ਦਸ ਸਾਲਾਂ ਦੀ ਸਰਕਾਰ ਦੌਰਾਨ ਸੁਖਬੀਰ ਬਾਦਲ ਦੀ ਬੜੀ ਚੜ੍ਹਤ ਰਹੀ। ਇਸੇ ਲਈ ਉਸ ਨੂੰ ਲਗਦਾ ਸੀ ਕਿ ਪੰਜਾਬ ਵਿਚ ਹੁਣ ਅਕਾਲੀ ਦਲ ਇਕੱਲਾ ਵੀ ਸਰਕਾਰ ਬਣਾ ਸਕਦਾ ਹੈ। ਇਸੇ ਤਰ੍ਹਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੇਤੂ ਰੱਥ ਦਿੱਲੀ ਤੋਂ ਹਰਿਆਣਾ, ਝਾਰਖੰਡ, ਜੰਮੂ-ਕਸ਼ਮੀਰ ਅਤੇ ਮਹਾਰਾਸ਼ਟਰ ਵਲ ਤੁਰਿਆ ਤਾਂ ਭਾਜਪਾ ਨੂੰ ਵੀ ਲੱਗਾ ਕਿ ਉਹ ਇਕੱਲੀ ਹੀ ਚੋਣਾਂ ਲੜ ਸਕਦੀ ਹੈ, ਖ਼ਾਸ ਕਰ ਕੇ ਹਰਿਆਣਾ ਵਿਚ ਬਣੀ ਭਾਜਪਾ ਸਰਕਾਰ ਨੂੰ ਵੇਖ ਕੇ, ਪਰ ਫਿਰ ਫ਼ੈਸਲਾ ਬਦਲ ਲਿਆ। ਅਸਲ ਵਿਚ ਦਿੱਲੀ ਅਤੇ ਪੰਜਾਬ ਵਿਚ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਓਨਾ ਚਿਰ ਤਕ ਤਾਂ ਰਹੇਗੀ ਹੀ ਜਦੋਂ ਤਕ ਬਾਦਲ ਪੰਥਕ ਸਿਆਸਤ ਵਿਚ ਸਰਗਰਮ ਹਨ। ਸੁਖਬੀਰ ਬਾਦਲ ਵੇਲੇ ਹਾਲਾਤ ਕੁੱਝ ਵੀ ਹੋ ਸਕਦੇ ਹਨ। ਤਾਂ ਵੀ ਨਰਿੰਦਰ ਮੋਦੀ ਨੂੰ ਮਿਲੀਆਂ ਇਕ ਤੋਂ ਬਾਅਦ ਇਕ ਜਿੱਤਾਂ ਅਤੇ ਉਨ੍ਹਾਂ ਦੇ ਉੱਚੇ ਹੁੰਦੇ ਝੰਡੇ ਨੂੰ ਵੇਖ ਕੇ ਲਗਦਾ ਹੈ ਕਿ ਸ਼ਾਇਦ ਕਿਸੇ ਵੇਲੇ ਭਾਜਪਾ ਵੀ ਅਕਾਲੀ ਦਲ ਤੋਂ ਖਹਿੜਾ ਛੁਡਾ ਲਵੇ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਹੁੰਦਿਆਂ ਸਿੱਖ ਸਿਆਸਤ ਅਤੇ ਖ਼ਾਸ ਕਰ ਕੇ ਨਾ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਨਾ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਹੁਤਾ ਗੌਲਿਆ। ਬਾਦਲ ਜਿਵੇਂ ਮੋਦੀ ਸਰਕਾਰ ਨੂੰ ਅਪਣੇ ਮਿੱਤਰਾਂ ਦੀ ਸਰਕਾਰ ਕਹਿ ਕੇ ਫ਼ਖ਼ਰ ਕਰਦੇ ਰਹੇ ਹਨ, ਉਸ ਦੇ ਮੱਦੇਨਜ਼ਰ ਵੀ ਮੋਦੀ ਨੇ ਪਿਛਲੇ ਤਿੰਨ ਸਾਲਾਂ ਵਿਚ ਪੰਜਾਬ ਦੀ ਬਹੁਤੀ ਬਾਂਹ ਨਹੀਂ ਸੀ ਫੜੀ। ਬਾਦਲ ਇਸ ਸਬੰਧੀ ਭਾਵੇਂ ਕੋਈ ਪ੍ਰਤੀਕਰਮ ਅਜੇ ਵੀ ਨਾ ਕਰਨ ਪਰ ਅੰਦਰੋਂ ਉਹ ਮੋਦੀ ਤੋਂ ਬੜੇ ਦੁਖੀ ਹਨ। ਇਸ ਤਰ੍ਹਾਂ ਦੀਆਂ ਆਪਸੀ ਦੂਰੀਆਂ ਹਰਦੀਪ ਸਿੰਘ ਪੁਰੀ ਲਈ ਤਾਂ ਸਹਾਈ ਹੋਣਗੀਆਂ ਹੀ ਸਗੋਂ ਇਸ ਨਾਲ ਮੋਦੀ ਦਾ ਅਕਾਲੀ ਦਲ ਨੂੰ ਲਾਂਭੇ ਕਰਨ ਦਾ ਅੰਦਰੂਨੀ ਮੰਤਵ ਵੀ ਪੂਰਾ ਹੋ ਸਕਦਾ ਹੈ। ਪਰ ਇਹ ਤਾਂ ਅਜੇ ਸ਼ੁਰੂਆਤ ਹੀ ਹੈ, ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਸ ਦਾ ਕੀ ਅਸਰ ਸਾਹਮਣੇ ਆਵੇਗਾ? ਨਰਿੰਦਰ ਮੋਦੀ ਨੂੰ ਅਪਣੇ ਲਈ ਇਕ ਸਿੱਖ ਚਿਹਰਾ ਚਾਹੀਦਾ ਸੀ ਜੋ ਹਰਦੀਪ ਸਿੰਘ ਪੁਰੀ ਵਜੋਂ ਮਿਲ ਗਿਆ ਹੈ। ਸ. ਪੁਰੀ ਭਾਵੇਂ ਸੇਵਾਮੁਕਤ ਹੋਣ ਪਿਛੋਂ ਸਿੱਖ ਸਿਆਸਤ ਵਿਚ ਨਹੀਂ ਵਿਚਰੇ ਪਰ ਫਿਰ ਵੀ ਉਨ੍ਹਾਂ ਦਾ ਨਾਂ ਸਿੱਖ ਜਗਤ ਵਿਚ ਬੜਾ ਜਾਣਿਆ ਪਛਾਣਿਆ ਹੈ। ਉਨ੍ਹਾਂ ਦੀ ਰਿਹਾਇਸ਼ ਵੀ ਦਿੱਲੀ ਵਿਚ ਹੈ। ਇਸ ਲਈ ਦਿੱਲੀ ਵਿਚ ਵੀ ਉਨ੍ਹਾਂ ਦਾ ਅਕਸ ਪਹਿਲਾਂ ਦੇ ਟਾਕਰੇ ਕਿਤੇ ਬਿਹਤਰ ਹੋ ਸਕਦਾ ਹੈ। ਫਿੱਟ ਮੰਤਰੀ ਨਫਿੱਟ ਅਹੁਦੇ : ਪ੍ਰਧਾਨ ਮੰਤਰੀ ਨੇ ਵਜ਼ਾਰਤ ਵਿਚ ਚਾਰ ਸਾਬਕਾ ਅਫ਼ਸਰਸ਼ਾਹਾਂ ਨੂੰ ਕਾਬਲੀਅਤ ਵਿਚ ਫਿੱਟ ਸਮਝਦਿਆਂ ਮੰਤਰੀ ਤਾਂ ਬਣਾ ਦਿਤਾ ਹੈ ਪਰ ਅਹੁਦੇ ਉਨ੍ਹਾਂ ਨੂੰ ਬੜੇ ਨਫਿੱਟ ਕੀਤੇ ਹਨ। ਸ. ਪੁਰੀ ਨੂੰ ਹੀ ਲਉ, ਉਹ ਵਿਦੇਸ਼ ਨੀਤੀ ਦੇ ਮਾਹਰ ਅਤੇ ਬੜੇ ਪਾਰਖੂ ਹਨ ਪਰ ਉਨ੍ਹਾਂ ਨੂੰ ਅਹੁਦਾ ਕੀ ਦਿਤਾ, ਮਕਾਨ ਉਸਾਰੀ ਦਾ, ਜੋ ਉਨ੍ਹਾਂ ਦੇ ਤਜਰਬੇ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਢੁਕਦਾ। ਇਹ ਤਾਂ ਠੀਕ ਹੈ ਕਿ ਉਹ ਅਪਣੇ ਮਹਿਕਮੇ ਦਾ ਕੰਮਕਾਜ ਚਲਾ ਤਾਂ ਲੈਣਗੇ ਪਰ ਜੇ ਉਨ੍ਹਾਂ ਨੂੰ ਵਿਦੇਸ਼ ਮੰਤਰਾਲਾ ਦਿਤਾ ਜਾਂਦਾ ਤਾਂ ਸ਼ਾਇਦ ਵਧੇਰੇ ਬਿਹਤਰ ਰਹਿੰਦਾ। ਪਾਕਿਸਤਾਨ ਅਤੇ ਚੀਨ ਦੇ ਵਤੀਰੇ ਨੂੰ ਵੇਖਦਿਆਂ ਠੋਸ ਵਿਦੇਸ਼ ਨੀਤੀ ਦੀ ਜ਼ਰੂਰਤ ਵੀ ਹੈ। ਇਸੇ ਤਰ੍ਹਾਂ ਅਲਫ਼ਾਂਸ ਕਾਨਥਮ ਹਨ ਜਿਨ੍ਹਾਂ ਨੂੰ ਬੁਲਡੋਜ਼ਰ ਦੇ ਨਾਂ ਨਾਲ ਸਦਿਆ ਜਾਂਦਾ ਹੈ ਕਿਉਂਕਿ ਦਿੱਲੀ ਵਿਚ ਰਹਿੰਦਿਆਂ ਉਨ੍ਹਾਂ ਨੇ ਨਾਜਾਇਜ਼ ਇਮਾਰਤਾਂ ਦੇ ਕਬਜ਼ਿਆਂ ਨੂੰ ਢਹਿ ਢੇਰੀ ਕੀਤਾ ਸੀ। ਉਨ੍ਹਾਂ ਨੂੰ ਮਹਿਕਮਾ ਦਿਤਾ ਹੈ ਸੈਰ-ਸਪਾਟੇ ਦਾ। ਹਾਲਾਂਕਿ ਜੋ ਮਹਿਕਮਾ ਸ. ਪੁਰੀ ਨੂੰ ਦਿਤਾ ਗਿਆ ਸੀ ਉਹ ਸਹੀ ਅਰਥਾਂ ਵਿਚ ਅਲਫ਼ਾਂਸ ਨੂੰ ਦਿਤਾ ਜਾਣਾ ਚਾਹੀਦਾ ਸੀ। ਯਕੀਨਨ ਇਸ ਦੇ ਚੰਗੇ ਸਿੱਟੇ ਸਾਹਮਣੇ ਆਉਂਦੇ। ਕੁੱਝ ਇਹੀਉ ਹਾਲ ਦੂਜੇ ਮਹਿਕਮਿਆਂ ਦਾ ਵੀ ਹੈ। ਇਹ ਫ਼ੈਸਲਾ ਤਾਂ ਮੋਦੀ ਨੇ ਹੀ ਲੈਣਾ ਸੀ।

                              ਸੰਪਰਕ : 98141-22870

SHARE ARTICLE
Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement