
1832 - ਰਾਣੀ ਸਦਾ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਦੀ ਕੈਦ ਵਿੱਚ ਮੌਤ ਹੋਈ।
ਸਦਾ ਕੌਰ ਭਾਈ ਦਸੌਂਧਾ ਸਿੰਘ ਗਿੱਲ ਦੀ ਬੇਟੀ ਸੀ ਅਤੇ ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਪੁੱਤਰ ਸ. ਜੈ ਸਿੰਘ (ਚੀਫ਼ ਕਨਈਆ ਮਿਸਲ) ਨਾਲ ਵਿਆਹੀ ਹੋਈ ਸੀ। ਸਰਦਾਰ ਗੁਰਬਖਸ਼ ਸਿੰਘ 1785 ਵਿਚ ਚਡ਼੍ਹਾਈ ਕਰ ਗਏ। ਫਿਰ ਜਦੋਂ ਬੀਬੀ ਸਦਾ ਕੌਰ ਦੇ ਸਹੁਰਾ ਸਾਹਿਬ ਸ. ਜੈ ਸਿੰਘ ਘਨਈਆ ਵੀ 1793 ਚਲਾਣਾ ਕਰ ਗਏ ਤਾਂ ਸਦਾ ਕੌਰ ਨੇ ਕਨਈਆ ਮਿਲਸ ਦੇ ਇਲਾਕੇ (ਬਟਾਲਾ, ਕਲਾਨੌਰ, ਕਾਦੀਆਂ, ਦੀਨਾਨਗਰ, ਮੁਕੇਰੀਆਂ) ਦਾ ਇੰਤਜ਼ਾਮ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਰਾਣੀ ਸਦਾ ਕੌਰ ਵਜੋਂ ਜਾਣੀ ਜਾਣ ਲਗ ਪਈ।
ਉਹ ਬਹੁਤ ਸੂਝਵਾਨ ਔਰਤ ਸੀ। ਹਾਲਾਂ ਕਿ ਇਸ ਦੇ ਪਤੀ ਦੀ ਮੌਤ ਰਾਮਗਡ਼੍ਹੀਆ ਮਿਸਲ ਅਤੇ ਸੁਕਰਚੱਕੀਆ ਮਿਸਲ ਨਾਲ ਹੋਈ ਲਡ਼ਾਈ ਵਿਚ ਹੋਈ ਸੀ ਪਰ ਇਸ ਨੇ ਦੁਸ਼ਮਣੀ ਖ਼ਤਮ ਕਰਨ ਦੀ ਸੋਚ ਨਾਲ ਆਪਣੀ ਧੀ ਮਹਿਤਾਬ ਕੌਰ ਦੀ ਸ਼ਾਦੀ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ (ਜੋ ਬਾਅਦ ਵਿਚ ਮਹਾਰਾਜਾ ਬਣਿਆ)।
ਰਾਣੀ ਸਦਾ ਕੌਰ ਨੇ ਆਪਣੀ ਜ਼ਿੰਦਗੀ ਵਿਚ ਵਿਚ ਕਈ ਲਡ਼ਾਈਆਂ ਲਡ਼ੀਆਂ ਸਨ। 1799 ਵਿਚ ਇਸ ਨੇ ਰਣਜੀਤ ਸਿੰਘ ਦੀ ਪੂਰੀ ਮਦਦ ਕੀਤੀ ਤੇ ਲਾਹੌਰ ਉੱਤੇ ਰਣਜੀਤ ਸਿੰਘ ਦਾ ਕਬਜ਼ਾ ਕਰਵਾਇਆ।
ਇਸ ਦੀ ਧੀ ਮਹਿਤਾਬ ਕੌਰ ਦੇ ਘਰ ਦੋ ਜੋਡ਼ੇ ਪੁੱਤਰ ਕੁੰਵਰ ਸ਼ੇਰ ਸਿੰਘ ਤੇ ਕੁੰਵਰ ਤਾਰਾ ਸਿੰਘ ਪੈਦਾ ਹੋਏ। ਪਰ ਲਾਹੌਰ 'ਤੇ ਕਬਜ਼ੇ ਮਗਰੋਂ ਜਦ ਰਣਜਤਿ ਸਿੰਘ ਨੇ ਕਾਫ਼ੀ ਇਲਾਕੇ ਜਿੱਤ ਲਏ ਅਤੇ 1702 ਵਿਚ ਮੋਰਾਂ ਨਾਂ ਦੀ ਇਕ ਮੁਸਲਮਾਨ ਨਾਚੀ ਨਾਲ ਵਿਆਹ ਕਰ ਲਿਆ ਤਾਂ ਉਸ ਨੇ (ਸਦਾ ਕੌਰ ਦੀ ਧੀ) ਮਹਿਤਾਬ ਕੌਰ ਨੂੰ ਨਜ਼ਰ-ਅੰਦਾਜ਼ ਕਰਨਾ ਸ਼ੁਰੂ ਕਰ ਦਿਤਾ। ਜਿਸ ਤੋਂ ਖ਼ਫ਼ਾ ਹੋ ਕੇ ਮਹਿਤਾਬ ਕੌਰ 1709 ਵਿਚ ਆਪਣੀ ਮਾਂ ਕੋਲ ਆ ਗਈ; ਉਸ ਦੇ ਦੋਵੇਂ ਪੁਤਰ ਆਪਣੀ ਨਾਨੀ ਦੇ ਘਰ ਬਟਾਲਾ ਵਿਚ ਹੀ ਪੈਦਾ ਹੋਏ। ਇਸ ਹਾਲਤ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਕੰਵਰ (ਮਗਰੋਂ ਮਹਾਰਾਜ) ਸ਼ੇਰ ਸਿੰਘ ਤੇ ਕੰਵਰ ਤਾਰਾ ਸਿੰਘ ਦੀ ਮਾਂ ਮਹਿਤਾਬ ਕੌਰ ਬਹੁਤਾ ਚਿਰ ਜੀ ਨਾ ਸਕੀ ਤੇ 1813 ਵਿਚ ਚਡ਼੍ਹਾਈ ਕਰ ਗਈ।
ਰਾਣੀ ਸਦਾ ਕੌਰ ਦਾ ਦੋਹਤਾ ਕੁੰਵਰ ਸ਼ੇਰ ਸਿੰਘ ਪੁੱਤਰ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਜੁਆਨ ਸਜੀਲਾ, ਛਬੀਲਾ ਤੇ ਬਹਾਦੁਰ ਸੀ। ਰਾਣੀ ਨੇ ਸ਼ੇਰ ਸਿੰਘ ਨੂੰ ਸੂਬਾ ਸਰਹੱਦ ਦੇ ਇਲਾਕੇ ਵਿਚ ਉਠ ਰਹੀ ਬਗਾਵਤ ਨੂੰ ਦਬਾਉਣ ਲਈ ਭੇਜਿਆ ਸੀ ਜਿਸ ਵਿਚ ਕੰਵਰ ਸ਼ੇਰ ਸਿੰਘ ਕਾਮਯਾਬ ਹੋਇਆ। ਮਹਾਰਾਜੇ ਨੇ ਖੁਸ਼ ਹੋ ਕੇ ਸਦਾ ਕੌਰ ਆਪਣੀ ਸੱਸ ਨੂੰ ਸੁਨੇਹਾ ਭੇਜਿਆ, "ਮੈਂ ਸ਼ੇਰ ਸਿੰਘ ਨੂੰ ਏਨੀ ਵਡੀ ਸਟੇਟ ਦਾ ਗਵਰਨਰ ਬਣਾ ਦੇਵਾਂਗਾ ਜਿੱਡੀ ਤੇਰੀ ਸਟੇਟ ਹੈ, ਤੂੰ ਆਪਣੀ ਹਕੂਮਤ ਇਸ ਨੂੰ ਸੌਂਪ ਦੇਹ।" ਇਸ ਦੇ ਜਵਾਬ ਵਿਚ ਸਦਾ ਕੌਰ ਨੇ ਕਿਹਾ, "ਕੋਈ ਨਹੀਂ, ਮੇਰੇ ਮਰਨ ਤੋਂ ਬਾਅਦ ਸਾਰੀ ਸਟੇਟ ਸ਼ੇਰ ਸਿੰਘ ਕੋਲ ਹੀ ਆਉਣੀ ਹੈ।" ਇਸ ਜਵਾਬ ਤੋਂ ਮਹਾਰਾਜਾ ਰਣਜੀਤ ਨਾਰਾਜ਼ ਹੋ ਗਿਆ। ਉਸ ਨੇ ਇਸ ਨੂੰ ਆਪਣੇ ਮਨ ਵਿਚ ਹੀ ਰੱਖਿਆ। ਕੁਝ ਚਿਰ ਮਗਰੋਂ ਉਸ ਨੇ ਰਾਣੀ ਸਦਾ ਕੌਰ ਨੂੰ ਬਹਾਨੇ ਨਾਲ ਲਾਹੌਰ ਬੁਲਾਇਆ ਤੇ ਗ੍ਰਿਫਤਾਰ ਕਰ ਲਿਆ; ਅਤੇ ਨਾਲ ਹੀ ਉਸ ਨੇ ਉਸ (ਸਦਾ ਕੌਰ) ਦੀ ਸਾਰੀ ਸਟੇਟ ਤੇ ਕਬਜ਼ਾ ਕਰ ਲਿਆ। ਇਸ ਸਦਮੇ ਨੂੰ ਸਦਾ ਕੌਰ ਸਹਿਣ ਨਾ ਕਰ ਸਕੀ ਤੇ ਕੈਦ ਵਿਚ ਹੀ 26 ਦਸੰਬਰ 1832 ਦੇ ਦਿਨ ਮਰ ਗਈ।
1982 - ਸਾਬਕਾ ਸਿੱਖ ਫ਼ੌਜੀਆਂ ਦੀ ਕਨਵੈਨਸ਼ਨ ਅੰਮ੍ਰਿਤਸਰ ਵਿੱਚ ਹੋਈ।
ਜੁਲਾਈ 1982 ਵਿਚ ਸ਼ੁਰੂ ਹੋਏ ਧਰਮ ਯੁਧ ਮੋਰਚੇ ਦੌਰਾਨ ਇਕੱਲੇ ਸਤੰਬਰ ਤੇ ਅਕਤੂਬਰ ਵਿਚ 30 ਹਜ਼ਾਰ ਤੋਂ ਵੱਧ ਸਿੱਖਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ਹੁਣ ਸਰਕਾਰ ਕੋਲ ਜੇਲ੍ਹਾਂ ਵਿਚ ਥਾਂ ਨਹੀਂ ਸੀ ਬਚੀ। ਇਸ ਦੌਰਾਨ ਸਾਬਕ ਵਜ਼ੀਰ ਸਵਰਨ ਸਿੰਘ ਨੇ ਇੰਦਰਾ ਅਤੇ ਅਕਾਲੀਆਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਵੀ ਇੰਦਰਾ ਉੱਤੇ 'ਬਦ-ਦਿਆਨਤੀ' ਦਾ ਇਲਜ਼ਾਮ ਲਾ ਕੇ 3 ਨਵੰਬਰ ਨੂੰ ਹਥਿਆਰ ਸੁੱਟ ਦਿੱਤੇ ਸਨ। ਇਸ 'ਤੇ 4 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ 19 ਨਵੰਬਰ ਤੋਂ 4 ਦਸੰਬਰ 1982 ਤਕ ਦਿੱਲੀ ਵਿਚ ਹੋਣ ਵਾਲੀਆਂ ਏਸ਼ੀਅਨ ਖੈਡਾਂ ਦੌਰਾਨ ਪ੍ਰੋਟੈਸਟ ਕਰੇਗਾ। ਇਨ੍ਹਾਂ ਦਿਨਾਂ ਵਿਚ ਦਿੱਲੀ ਵਿਚ ਗ੍ਰਿਫ਼ਤਾਰੀਆਂ ਦੇਣ ਵਾਸਤੇ ਜਥੇ ਭੇਜਣ ਦਾ ਐਲਾਨ ਵੀ ਕੀਤਾ ਗਿਆ।
ਇਸ ਵੇਲੇ ਹਰਿਆਣੇ ਦਾ ਚੀਫ਼ ਮਨਿਸਟਰ ਭਜਨ ਲਾਲ ਸੀ। ਉਸ ਨੇ ਹਰਿਆਣਾ ਪੁਲੀਸ ਅਤੇ ਬੀ.ਐਸ.ਐਫ਼. ਦੀਆਂ ਬਹੁਤ ਸਾਰੀਆਂ ਬਟਾਲੀਅਨਾਂ ਸੂਬੇ ਵਿਚ ਤਾਇਨਾਤ ਕਰ ਦਿੱਤੀਆਂ। ਉਸ ਨੇ ਹਰ ਇਕ ਸਡ਼ਕ, ਜੋ ਪੰਜਾਬ ਚੋਂ ਆਉਂਦੀ ਸੀ, 'ਤੇ ਕਈ-ਕਈ ਨਾਕੇ ਲਾਉਣ ਅਤੇ ਪੰਜਾਬ 'ਚੋਂ ਹਰਿਆਣਾ ਵਿਚ ਦਾਖ਼ਿਲ ਹੋਣ ਵਾਲੇ ਹਰ ਸਿੱਖ ਨੂੰ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ।
ਇੰਞ ਹੀ ਹਰਿਆਣੇ ਵਿਚੋਂ ਜੋ ਸਡ਼ਕ ਵੀ ਦਿੱਲੀ ਵਿਚ ਹੁੰਦੀ ਸੀ 'ਤੇ ਵੀ ਨਾਕੇ ਲਾ ਦਿਤੇ ਗਏ ਤਾਂ ਜੋ ਪੰਜਾਬ ਹੀ ਨਹੀਂ ਹਰਿਆਣਾ ਵਿਚੋਂ ਵੀ ਕੋਈ ਵੀ ਸਿੱਖ ਦਿੱਲੀ ਵਿਚ ਦਾਖ਼ਿਲ ਨਾ ਹੋ ਸਕੇ। ਸਾਰੀਆਂ ਸਰਹੱਦਾਂ 'ਤੇ, ਵਿਦੇਸ਼ੀ ਮੁਲਕ ਦੀ ਇਮੀਗਰੇਸ਼ਨ ਵਾਂਗ, ਬਾਰਡਰ ਸੀਲ ਕਰ ਕੇ, ਹਰ ਕਾਰ, ਟਰੱਕ, ਬੱਸ ਤੇ ਗੱਡੀ ਨੂੰ ਰੋਕ ਕੇ ਉਸ ਵਿਚੋਂ ਹਰ ਪੱਗ ਵਾਲੇ ਸ਼ਖ਼ਸ ਨੂੰ ਉਤਾਰਿਆ ਗਿਆ, ਉਸ ਦੀ ਤਲਾਸ਼ੀ ਲਈ ਗਈ ਤੇ ਬੇਇਜ਼ਤ ਕਰ ਕੇ ਵਾਪਿਸ ਭੇਜ ਦਿਤਾ ਗਿਆ। ਇਨ੍ਹਾਂ ਬੇਇਜ਼ਤ ਹੋਣ ਵਾਲਿਆਂ ਵਿਚ ਹਾਈਕੋਰਟ ਦੇ ਜੱਜ, ਸੀਨੀਅਰ ਬਾ-ਵਰਦੀ ਫ਼ੌਜੀ ਅਫ਼ਸਰ, ਸੀਨੀਅਰ ਸਰਕਾਰੀ ਅਫ਼ਸਰ, ਵੱਡੇ-ਵੱਡੇ ਵਪਾਰੀ ਤੇ ਕਈ ਮੋਹਤਬਰ ਸ਼ਖ਼ਸੀਅਤਾਂ ਵੀ ਸਨ। ਭਜਨ ਲਾਲ ਦੇ ਇਸ ਹੁਕਮ ਨੇ ਸਾਰੇ ਸਿੱਖਾਂ ਨੂੰ ਇੰਦਰਾ ਤੇ ਭਜਨ ਲਾਲ ਦੇ ਦੁਸ਼ਮਣ ਬਣਾ ਦਿਤਾ। ਪਰ ਇਸ ਬੇਇਜ਼ਤੀ ਨੇ ਸਿੱਖਾਂ ਵਿਚ ਗ਼ੁਲਾਮ ਹੋਣ ਅਤੇ ਖਾਲਿਸਤਾਨ ਦੀ ਜੱਦੋ-ਜਹਿਦ ਦਾ ਹਿਮਾਇਤੀ ਬਣਨ ਦਾ ਅਹਿਸਾਸ ਵੀ ਬਡ਼ੀ ਸ਼ਿੱਦਤ ਨਾਲ ਭਰ ਦਿੱਤਾ। ਉਨ੍ਹਾਂ ਨੂੰ ਹੁਣ ਅਹਿਸਾਸ ਹੋਣ ਲਗ ਪਿਆ ਕਿ ਭਾਰਤ ਸਿੱਖਾਂ ਵਾਸਤੇ ਵਿਦੇਸ਼ ਹੈ ਤੇ ਉਹ ਸਿੱਖਾਂ ਨੂੰ ਦੁਸ਼ਮਣ ਸਮਝਦਾ ਹੈ। ਸਿੱਖਾਂ ਨੂੰ ਇਹ ਸਮਝਾਉਣ ਵਾਸਤੇ ਜੋ ਰੋਲ ਅਕਾਲੀ ਦਲ ਦਾ ਪ੍ਰਚਾਰ ਨਾ ਕਰਵਾ ਸਕਿਆ ਉਹ ਸਿੱਖਾਂ ਨਾਲ ਨਫ਼ਰਤ ਕਰਨ ਵਾਲੇ ਹਰਿਆਣੇ ਦੇ ਚੀਫ਼ ਮਨਿਸਟਰ ਭਜਨ ਲਾਲ ਨੇ ਕੁਝ ਹੀ ਦਿਨਾਂ ਵਿਚ ਕਰ ਦਿਖਾਇਆ।
ਏਸ਼ੀਆਈ ਖੇਡਾਂ ਦੌਰਾਨ ਜਿਨ੍ਹਾਂ ਸਿੱਖਾਂ ਨਾਲ ਜ਼ਿਆਦਤੀ ਅਤੇ ਗੁੰਡਾਗਰਦੀ ਹੋਈ ਸੀ, ਉਨ੍ਹਾਂ ਵਿਚ ਬਹੁਤ ਸਾਰੇ ਫ਼ੌਜੀ ਅਫ਼ਸਰ ਵੀ ਸਨ। ਇਨ੍ਹਾਂ ਵਿਚੋਂ ਬਹੁਤ ਪਹਿਲਾਂ ਸਰਕਾਰ ਨਿਵਾਜ਼ ਜਾਂ ਕਾਂਗਰਸੀ ਸਨ। ਜਦੋਂ ਉਨ੍ਹਾਂ ਨੂੰ ਖ਼ੁਦ ਨੂੰ ਸੇਕ ਲੱਗਿਆ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇਸ ਦੇਸ਼ ਵਿਚ ਗ਼ੁਲਾਮ ਹਨ। ਇਹ ਸੋਚ ਕੇ ਉਨ੍ਹਾਂ ਨੇ ਪੰਥ ਵੱਲ ਮੁਡ਼ਨ ਦਾ ਫ਼ੈਸਲਾ ਕੀਤਾ। ਇਨ੍ਹਾਂ ਵਿਚੋਂ ਕੁਝ 17 ਨਵੰਬਰ 1982 ਨੂੰ ਮੇਜਰ ਜਨਰਲ ਮਹਿੰਦਰ ਸਿੰਘ ਤੇ ਗੁਰਬਖਸ਼ ਸਿੰਘ ਦੀ ਕਮਾਂਡ ਹੇਠ ਹਰਚੰਦ ਸਿੰਘ ਲੌਂਗੋਵਾਲ ਕੋਲ ਆਏ ਤੇ ਦਲ ਨੂੰ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਇਸ 'ਤੇ ਹਰਚੰਦ ਸਿੰਘ ਲੌਂਗੋਵਾਲ ਨੇ ਸਾਬਕ ਫ਼ੌਜੀਆਂ ਦੀ ਇਕ ਕਨਵੈਨਸ਼ਨ 26 ਦਸੰਬਰ 1982 ਦੇ ਦਿਨ ਅੰਮ੍ਰਿਤਸਰ ਵਿਚ ਬੁਲਾ ਲਈ। ਇਸ ਵਿਚ ਅਕਾਲੀ ਪਾਰਟੀ ਮੁਤਾਬਿਕ 13619 (ਅਤੇ ਸਰਕਾਰ ਮੁਤਾਬਿਕ 5000) ਸਾਬਕਾ ਫ਼ੌਜੀ ਸ਼ਾਮਿਲ ਹੋਏ। ਇਸ ਕਨਵੈਨਸ਼ਨ ਵਿਚ ਸਾਬਕ ਫ਼ੌਜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁਕੰਮਲ ਹਿਮਾਇਤ ਕਰਨ ਦਾ ਮਤਾ ਪਾਸ ਕੀਤਾ।
ਇਸ ਮੌਕੇ 'ਤੇ ਇਕ ਫ਼ੌਜੀ ਜੁਗਿੰਦਰ ਸਿੰਘ ਮਾਨ ਨੇ ਇਹ ਵੀ ਮੰਗ ਕੀਤੀ ਕਿ ਭਿੰਡਰਾਂਵਾਲਿਆਂ ਨੂੰ ਅਕਾਲ ਤਖ਼ਤ ਸਾਹਿਬ ਦਾ ਮੁਖ ਸੇਵਾਦਾਰ (ਜਥੇਦਾਰ) ਬਣਾਇਆ ਜਾਵੇ। ਕੁਝ ਸਾਬਕ ਫ਼ੌਜੀਆਂ ਅਤੇ ਹੋਰ ਸਰਗਰਮ ਵਰਕਰਾਂ ਦਾ ਖ਼ਿਆਲ ਸੀ ਕਿ ਇਸ ਨਾਲ ਪੰਥ ਦੇ ਮਸਲਿਆਂ ਦਾ ਹੱਲ ਹੋ ਜਾਵੇਗਾ। ਇਸ ਮੰਗ ਨੇ ਅਕਾਲੀ ਪਾਰਟੀ ਤੇ ਭਿੰਡਰਾਂਵਾਲਿਆਂ ਵਿਚਕਾਰ ਇਕ ਪਾਸੇ ਅਤੇ ਭਿੰਡਰਾਂਵਾਲਿਆਂ ਅਤੇ ਅਖੰਡ ਕੀਰਤਨੀਏ ਜੱਥੇ ਤੇ ਬਬਰ ਖਾਲਸਾ ਵਿਚਕਾਰ ਦੂਜੇ ਪਾਸੇ, ਇਕ ਜ਼ਬਰਦਸਤ ਦਰਾਡ਼ ਪੈਦਾ ਕਰ ਦਿੱਤੀ। ਕੁਝ ਲੋਕ ਜੋ ਇਸ ਦੇ ਸਖ਼ਤ ਖ਼ਿਲਾਫ਼ ਸਨ। ਉਨ੍ਹਾਂ ਦਾ ਇਤਰਾਜ਼ ਸੀ ਕਿ ਭਿੰਡਰਾਂਵਾਲੇ ਅਕਾਲ ਤਖ਼ਤ ਸਾਹਿਬ ਨਾਲੋਂ ਵੱਖਰੀ ਰਹਿਤ ਮਰਿਆਦਾ ਵਿਚ ਯਕੀਨ ਰਖਦੇ ਸਨ ਤੇ ਉਨ੍ਹਾਂ ਦੇ ਆਉਣ ਨਾਲ ਤਖ਼ਤ ਦੀ ਮਰਿਆਦਾ ਬਦਲ ਜਾਵੇਗੀ।
ਸਾਬਕ ਫ਼ੌਜੀਆਂ ਦੀ ਕਨਵੈਨਸ਼ਨ ਵਿਚ ਹੋਰਨਾਂ ਤੋਂ ਇਲਾਵਾ ਪੰਜ ਮੇਜਰ ਜਨਰਲ (ਸੁਬੇਗ ਸਿੰਘ, ਗੁਰਬਖਸ਼ ਸਿੰਘ, ਮਹਿੰਦਰ ਸਿੰਘ, ਦਿਲਬਾਗ ਸਿੰਘ ਅਤੇ ਨਰਿੰਦਰ ਸਿੰਘ ਚੰਡੀਗਡ਼੍ਹ), ਪੰਜ ਲੈਫ਼ਟੀਨੈਂਟ ਜਨਰਲ, ਵੀਹ ਬਰਗੇਡੀਅਰ, ਸੱਤਰ ਕਰਨਲ ਤੇ ਚਾਰ ਸੌ ਹੋਰ ਸੀਨੀਅਰ ਰੈਕਾਂ ਦੇ ਅਫ਼ਸਰ ਵੀ ਸ਼ਾਮਿਲ ਹੋਏ। ਮਗਰੋਂ ਮੇਜਰ ਜਨਰਲ ਸੁਬੇਗ ਸਿੰਘ ਜੀ 6 ਜੂਨ 1984 ਦੇ ਦਿਨ ਸ਼ਹੀਦ ਹੋਏ ਤੇ ਮੇਜਰ ਜਨਰਲ ਨਰਿੰਦਰ ਸਿੰਘ (ਚੰਡੀਗਡ਼੍ਹ) ਵੀ ਕਈ ਵਾਰ ਜੇਲ੍ਹ ਗਏ।
1992 - ਸਰਦੂਲ ਸਿੰਘ ਰਾਹਲ ਚਾਹਲ, ਚੈਂਚਲ ਸਿੰਘ ਊਦੋਕੇ, ਹਰਮਿੰਦਰਪਾਲ ਸਿੰਘ, ਸੁਖਦੇਵ ਸਿੰਘ ਸੁੱਖਾ, ਰਾਕੇਸ਼ ਸਿੰਘ, ਬਾਜ਼ ਸਿੰਘ ਤੇ ਹਰਪਾਲ ਸਿੰਘ ਪਾਲਾ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤੇ ਗਏ।
26 ਦਸੰਬਰ 1992 ਦੇ ਦਿਨ ਪੰਜਾਬ ਪੁਲਸ ਨੇ ਸਰਦੂਲ ਸਿੰਘ ਪੁੱਤਰ ਪੂਰਨ ਸਿੰਘ, ਵਾਸੀ ਰਾਹਲ ਚਾਹਲ, ਨੇਡ਼ੇ ਸੰਗਤਪੁਰਾ, ਜ਼ਿਲ੍ਹਾ ਅੰਮ੍ਰਿਤਸਰ, ਚੈਂਚਲ ਸਿੰਘ ਊਦੋਕੋ, ਹਰਮਿੰਦਰਪਾਲ ਸਿੰਘ ਉਰਫ਼ ਡੋਗਰ, ਸੁਖਦੇਵ ਸਿੰਘ ਸੁੱਖਾ ਕੋਟ ਅਹਿਮਦ ਖ਼ਾਨ ਤੇ ਚਾਰ ਹੋਰ ਅਤੇ ਰਾਕੇਸ਼ ਸਿੰਘ, ਬਾਜ਼ ਸਿੰਘ ਤੇ ਹਰਪਾਲ ਸਿੰਘ ਪਾਲਾ ਤੇ ਹੋਰ ਸਿੱਖ ਪੁਲੀਸ ਨੇ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿਤੇ।
2004 - ਦੁਨੀਆ ਦੀ ਸਭ ਤੋਂ ਵੱਡੀ ਸੁਨਾਮੀ ਆਈ ਜਿਸਨੇ ਅਨੇਕਾਂ ਦੇਸ਼ਾਂ ਦੇ ਲੱਖਾਂ ਲੋਕਾਂ ਨੂੰ ਤਬਾਹ ਕਰ ਦਿੱਤਾ।
ਦੁਨੀਆਂ ਦੀ ਸਭ ਤੋਂ ਵੱਡੀ ਸੁਨਾਮੀ ('ਸੁਨਾਮੀ' ਜਪਾਨੀ ਲਫ਼ਜ਼ ਹੈ ਜਿਸ ਦਾ ਮਾਅਨਾ ਹੈ: ਸਮੁੰਦਰੀ ਛੱਲਾਂ) 26 ਦਸੰਬਰ 2004 ਦੇ ਦਿਨ ਆਈ ਸੀ ਜਿਸ ਨੇ ਇੰਡੋਨੇਸ਼ੀਆ, ਸੁਮਾਟਰਾ, ਥਾਈਲੈਂਡ, ਮਾਲਦੀਵ, ਬੰਗਲਾ ਦੇਸ਼, ਸ੍ਰੀਲੰਕਾ, ਭਾਰਤ (ਖ਼ਾਸ ਕਰ ਕੇ ਅੰਡੇਮਾਨ ਤੇ ਤਾਮਿਲਨਾਡੂ) ਅਤੇ ਅਫ਼ਰੀਕਾ ਦੇ ਪੂਰਬੀ ਹਿੱਸੇ (ਸੋਮਾਲੀਆ ਵਗ਼ੈਰਾ) ਯਾਨਿ 14 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਜ਼ਬਰਦਸਤ ਤਬਾਹੀ ਮਚਾਈ। ਇਹ ਸੁਨਾਮੀ 30 ਕਿਲੋਮੀਟਰ ਡੂੰਘਾਈ ਤੋਂ ਉਠੀ ਸੀ ਅਤੇ ਇਸ ਦੀਆਂ ਲਹਿਰਾਂ ਸਮੁੰਦਰੀ ਤਲ ਤੋਂ 30 ਮੀਟਰ (98 ਫੁੱਟ) ਤਕ ਉਚੀਆਂ ਸਨ। ਇਹ ਧਰਤੀ ਦਾ ਤੀਜਾ ਸਭ ਤੋਂ ਵਧ ਤਾਕਤ ਵਾਲਾ 9.1 ਤੋਂ 9.3 ਮੈਗਨੀਚਿਊਡ ਦਾ ਭੂਚਾਲ ਸੀ।
ਇਸ ਦੌਰਾਨ 2 ਲੱਖ 83 ਹਜ਼ਾਰ ਅਤੇ 3 ਲੱਖ 10 ਹਜ਼ਾਰ ਦੇ ਵਿਚਕਾਰ (ਵੱਖ ਵੱਖ ਰਿਪੋਰਟਾਂ ਮੁਤਾਬਿਕ) ਲੋਕ ਮਾਰੇ ਗਏ। ਉਂਞ ਤਵਾਰੀਖ਼ ਵਿਚ ਕੁਦਰਤੀ ਆਫ਼ਤਾਂ ਦਾ ਸਭ ਤੋਂ ਵੱਡਾ ਹਾਦਸਾ ਚੀਨ ਵਿਚ ਜੁਲਾਈ ਤੇ ਨਵਬੰਰ 1931 ਦੇ ਹਡ਼੍ਹ ਸਨ ਜਿਸ ਵਿਚ 10 ਤੋਂ 25 ਲੱਖ ਦੇ ਵਿਚਕਾਰ ਲੋਕ ਮਰੇ ਸਨ। ਦੁਨੀਆਂ ਦੇ ਸਭ ਤੋਂ ਵਧ ਤਬਾਹਕੁਨ 10 ਭੂਚਾਲਾਂ ਵਿਚੋਂ 5 ਇਕੱਲੇ ਚੀਨ ਵਿਚ ਹੀ ਆਏ ਹਨ ਅਤੇ 3 ਸਾਊਥ ਏਸ਼ੀਆ (ਬੰਗਲਾ ਦੇਸ਼, ਭਾਰਤ, ਸ੍ਰੀਲੰਕਾ ਵਗ਼ੈਰਾ) ਵਿਚ ਆਏ ਹਨ; ਇਨ੍ਹਾਂ ਵਿਚੋਂ ਹਰ ਇਕ ਵਿਚ ਘਟ ਤੋਂ ਘਟ 2-2 ਲੱਖ ਲੋਕ ਮਾਰੇ ਸਨ।
2012 - ਪੰਜਾਬ ਸਰਕਾਰ ਵੱਲੋਂ 2013 ਵਾਸਤੇ ਐਲਾਨੀਆਂ 34 ਛੁੱਟੀਆਂ ਵਿੱਚੋਂ ਸਿੱਖਾਂ ਵਾਸਤੇ ਸਿਰਫ਼ 6 ਸਨ।
ਪੰਜਾਬ ਸਰਕਾਰ ਨੇ 2013 ਵਾਸਤੇ 34 ਲਾਜ਼ਮੀ ਛੁੱਟੀਆਂ ਐਲਾਨੀਆਂ। ਇਨ੍ਹਾਂ ਵਿਚੋਂ 24 ਧਾਰਮਿਕ ਛੁੱਟੀਆਂ ਸਨ ਜਿਨ੍ਹਾਂ ਵਿਚੋਂ ਹਿੰਦੂਆਂ ਦੇ ਧਾਰਮਿਕ ਤਿਉਹਾਰਾਂ ਦੀਆਂ 10 ਛੁੱਟੀਆਂ (ਸ਼ਿਵਰਾਤ੍ਰੀ, ਹੋਲੀ, ਰਾਮ ਨੌਮੀ, ਮਹਾਂਵੀਰ ਜਯੰਤੀ, ਪਰਸੂ ਰਾਮ ਜਯੰਤੀ, ਜਨਮ ਅਸ਼ਟਮੀ, ਅਗਰਸੈਨ ਜਯੰਤੀ, ਦੁਸਹਿਰਾ, ਦੀਵਾਲੀ, ਵਿਸ਼ਵਕਰਮਾ ਦਿਨ) ਸਨ ਅਤੇ ਸਿੱਖਾਂ ਦੇ ਗੁਰਪੁਰਬਾਂ ਨਾਲ ਸਬੰਧਤ ਸਿਰਫ਼ 6 (ਗੁਰੂ ਗੋਬਿੰਦ ਸਿੰਘ ਜਨਮ ਦਿਨ, ਗੁਰੂ ਅਰਜਨ ਸ਼ਹੀਦੀ ਦਿਨ, ਗੁਰੂ ਗ੍ਰੰਥ ਪ੍ਰਕਾਸ਼ ਦਿਨ, ਗੁਰੂ ਰਾਮਦਾਸ ਜਨਮ ਦਿਨ, ਗੁਰੂ ਨਾਨਕ ਜਨਮ ਦਿਨ, ਗੁਰੂ ਤੇਗ਼ ਬਹਾਦਰ ਸ਼ਹੀਦੀ ਦਿਨ) ਸਨ; ਬਾਕੀ ਧਾਰਮਿਕ ਛੁੱਟੀਆਂ ਵਿਚੋਂ ਮੁਸਲਮਾਨਾਂ ਵਾਸਤੇ 2 (ਈਦ-ਉਲਾ ਜ਼ੁਹਾ ਤੇ ਈਦੁਲ ਫ਼ਿਤਰ/ਬਕਰੀਦ), ਈਸਾਈਆਂ ਵਾਸਤੇ 2 (ਕ੍ਰਿਸਮਸ ਤੇ ਗੁੱਡ ਫ਼ਰਾਈ-ਡੇਅ), ਆਦਿ-ਧਰਮੀਆਂ/ਦਲਿਤਾਂ ਵਾਸਤੇ 4 (ਬਾਬਾ ਰਵਿਦਾਸ, ਬਾਲਮੀਕ ਰਿਸ਼ੀ, ਅੰਬੇਦਕਰ ਜਨਮ ਦਿਨ, ਕਬੀਰ ਜਨਮ ਦਿਨ) ਸਨ।ਪੰਜਾਬ ਦੀ ਅਬਾਦੀ ਦਾ (2001 ਦੀ ਮਰਦਮ-ਸ਼ੁਮਾਰੀ ਮੁਤਾਬਿਕ) 63 ਫ਼ੀ ਸਦੀ ਸਿੱਖ ਹਨ, 20% ਦਲਿਤ ਹਨ, ਯਾਨਿ ਅਖੌਤੀ ਸਵਰਨ ਹਿੰਦੂ ਸਿਰਫ਼ 13.5% ਹਨ), 2% ਮੁਸਲਮਾਨ, 1.20% ਇਸਾਈ, 0.16% ਜੈਨੀ ਸਨ। 2011 ਵਿਚ ਅੰਕਡ਼ੇ 2-3% ਤੋਂ ਵਧ ਫ਼ਰਕ ਨਹੀਂ ਪਏ। ਇਸ ਮੁਤਾਬਿਕ ਪੰਜਾਬ ਵਿਚ ਸਿੱਖ ਆਬਾਦੀ ਹਿੰਦੂ ਆਬਾਦੀ ਤੋਂ 5 ਗੁਣਾ ਵਧ ਹੈ। ਕਮਾਲ ਦੀ ਇਕ ਹੋਰ ਗੱਲ ਹੈ ਕਿ ਭਗਤ ਸਿੰਘ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਦੋਹਾਂ ਦੀ ਛੁੱਟੀ ਹੈ (ਕਿਉਂ ਕਿ ਉਹ ਆਰੀਆ ਸਮਾਜ ਨਾਲ ਸਬੰਧਤ ਸੀ)। ਇਸ ਹਿਸਾਬ ਨਾਲ ਬਾਦਲ ਸਰਕਾਰ ਵਾਸਤੇ ਭਗਤ ਸਿੰਘ ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ਼ ਬਹਾਦਰ ਤੋਂ ਵੀ ਵੱਡਾ ਹੈ ਕਿਉਂ ਕਿ ਉਨ੍ਹਾਂ ਦੋਹਾਂ ਸ਼ਹੀਦ ਗੁਰੂਆਂ ਵਾਸਤੇ ਸਿਰਫ਼ ਇਕ-ਇਕ ਛੁੱਟੀ ਦਿੱਤੀ ਗਈ ਸੀ। ਇੰਞ ਹੀ ਹਿੰਦੂ-ਹੋਲੀ ਵਾਸਤੇ ਤਾਂ ਛੁੱਟੀ ਸੀ ਪਰ ਸਿੱਖ-ਹੋਲਾ ਮਹੱਲਾ ਵਾਸਤੇ ਛੁੱਟੀ ਨਹੀਂ ਸੀ।
2012 - ਮੋਗਾ ਦਾ ਕਾਂਗਰਸੀ ਐਮ.ਐਲ.ਏ ਜੋਗਿੰਦਰ ਪਾਲ ਜੈਨ ਬਾਦਲ ਦਲ ਵਿੱਚ ਸ਼ਾਮਿਲ ਹੋਇਆ।
26 ਦਸੰਬਰ 2012 ਦੇ ਦਿਨ ਮੋਗਾ ਦਾ ਕਾਂਗਰਸੀ ਐਮ.ਐਲ.ਏ ਜੋਗਿੰਦਰ ਪਾਲ ਜੈਨ, ਆਪਣੇ 'ਤੇ ਬਣੇ ਕੇਸਾਂ ਤੋਂ ਬਚਣ ਵਾਸਤੇ, ਕਾਂਗਰਸ ਪਾਰਟੀ ਛੱਡ ਕੇ ਬਾਦਲ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ। (ਮਗਰੋਂ ਉਸ ਨੇ ਅਸੈਂਬਲੀ ਦੀ ਸੀਟ ਤੋਂ ਅਸਤੀਫ਼ਾ ਦੇ ਕੇ ਬਾਦਲ ਦਲ ਵੱਲੋਂ 28 ਫ਼ਰਵਰੀ 2013 ਦੇ ਦਿਨ ਚੋਣ ਲਡ਼ੀ ਤੇ ਜਿੱਤ ਹਾਸਿਲ ਕੀਤੀ)।