ਇਤਿਹਾਸ ਵਿੱਚ ਅੱਜ ਦਾ ਦਿਨ 28 ਨਵੰਬਰ
Published : Nov 27, 2017, 9:50 pm IST
Updated : Nov 27, 2017, 4:20 pm IST
SHARE ARTICLE

1710 - ਸਿੱਖਾਂ ਹੱਥੋਂ ਸਢੌਰਾ ਦਾ ਕਿਲ੍ਹਾ ਖੁੱਸ ਗਿਆ।  

ਸਢੌਰਾ ਦੇ ਜ਼ਾਲਮ ਹਾਕਮ ਉਸਮਾਨ ਖ਼ਾਨ ਨੇ ਗੁਰੂ ਗੋਬਿੰਦ ਸਾਹਿਬ ਦੇ ਇੱਕ ਮੁਸਲਮਾਨ ਮੁਰੀਦ ਸਈਅਦ ਬਦਰੁੱਦੀਨ (ਪੀਰ ਬੁੱਧੂ ਸ਼ਾਹ) ਅਤੇ ਉਸ ਦੇ ਪਰਵਾਰ 'ਤੇ ਬੜੇ ਜ਼ੁਲਮ ਢਾਏ ਸਨ 'ਤੇ ਉਨ੍ਹਾਂ ਨੂੰ ਸਿੱਖਾਂ ਦਾ ਸਾਥੀ ਆਖ ਕੇ ਸ਼ਹੀਦ ਕੀਤਾ ਸੀ। ਉਸਮਾਨ ਖ਼ਾਨ 'ਤੇ ਇਹ ਵੀ ਇਲਜ਼ਾਮ ਸੀ ਕਿ ਉਹ ਗ਼ੈਰ-ਮੁਸਲਮਾਨਾਂ ਨੂੰ ਸਖ਼ਤ ਨਫ਼ਰਤ ਕਰਦਾ ਸੀ ਅਤੇ ਉਨ੍ਹਾਂ 'ਤੇ ਜ਼ੁਲਮ ਕਰਨ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਅਜ਼ਮਤ ਲੁੱਟਣ ਦਾ ਕੋਈ ਮੌਕਾ ਨਹੀਂ ਸੀ ਗੁਆਉਂਦਾ। ਇਸ ਕਰ ਕੇ ਕਪੂਰੀ 'ਤੇ ਜਿੱਤ ਤੋਂ ਮਗਰੋਂ ਬੰਦਾ ਸਿੰਘ ਨੇ ਸਢੌਰਾ ਵੱਲ ਕੂਚ ਕਰ ਦਿਤਾ। ਜੂਨ 1710 ਤੱਕ ਬੰਦਾ ਸਿੰਘ ਦੀਆਂ ਫ਼ੌਜਾਂ ਦੀ ਗਿਣਤੀ 35 ਤੋਂ 40 ਹਜ਼ਾਰ ਤੱਕ ਹੋ ਚੁਕੀ ਸੀ। ਜੈਪੁਰ ਰਿਆਸਤ ਦੇ ਸ਼ਾਹੀ ਰਿਕਾਰਡ ਵਿੱਚ ਇਹ ਗਿਣਤੀ 70 ਹਜ਼ਾਰ ਦੇ ਕਰੀਬ ਦੱਸੀ ਗਈ ਹੈ ਜੋ ਸਹੀ ਨਹੀਂ ਜਾਪਦੀ। ਹਿਸਟੋਰੀਅਨ ਹਰੀ ਰਾਮ ਗੁਪਤਾ ਮੁਤਾਬਿਕ ਇਸ ਫ਼ੌਜ ਵਿੱਚ ਸਿੱਖਾਂ ਤੋਂ ਇਲਾਵਾ ਕਈ ਹਿੰਦੂ ਵੀ ਸਨ, ਜਿਨ੍ਹਾਂ ਵਿਚੋਂ ਬਹੁਤੇ ਉਹੀ ਸਨ ਜੋ ਮੁਸਲਮਾਨ ਅਮੀਰਾਂ ਦੇ ਘਰਾਂ ਦੀ ਲੁੱਟ ਦੀ ਸੋਚ ਨਾਲ ਆਏ ਹੋਏ ਸਨ।

ਜਦੋਂ ਬੰਦਾ ਸਿੰਘ ਦੀਆਂ ਫ਼ੌਜਾਂ ਸਢੌਰੇ ਦੇ ਨੇੜੇ ਪਹੁੰਚੀਆਂ ਤਾਂ ਉਸਮਾਨ ਖ਼ਾਨ ਦੀਆਂ ਤਿਆਰ ਖੜ੍ਹੀਆਂ ਤੋਪਾਂ ਨੇ ਸਿੱਖ ਫ਼ੌਜਾਂ 'ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸ ਨਾਲ ਕਈ ਸਿੱਖ ਸ਼ਹੀਦ ਹੋ ਗਏ ਪਰ ਇਸ ਦੇ ਬਾਵਜੂਦ ਸਿੱਖ ਫ਼ੌਜੀ ਅੱਗੇ ਵਧਦੇ ਗਏ ਅਤੇ ਸਾਰਾ ਜ਼ੋਰ ਲਾ ਕੇ ਨਗਰ ਦਾ ਦਰਵਾਜ਼ਾ ਤੋੜ ਦਿਤਾ। ਸ਼ਹਿਰ ਦੇ ਅੰਦਰ ਉਸਮਾਨ ਖ਼ਾਨ ਦੀਆਂ ਫ਼ੌਜਾਂ ਅਤੇ ਸਿੱਖ ਫ਼ੌਜਾਂ ਵਿਚਕਾਰ ਘਮਸਾਣ ਦੀ ਜੰਗ ਹੋਈ। ਇਸ ਮੌਕੇ 'ਤੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਵਿੱਚੋਂ ਕੁਝ ਸ਼ਖ਼ਸ ਸਿੱਖ ਫ਼ੌਜਾਂ ਦਾ ਸਾਥ ਦੇ ਰਹੇ ਸਨ, ਇਸ ਕਰ ਕੇ ਉਨ੍ਹਾਂ ਨੂੰ ਸ਼ਹਿਰ 'ਤੇ ਕਬਜ਼ਾ ਕਰਨ ਵਿਚ ਬਹੁਤੀ ਮੁਸ਼ਕਿਲ ਨਹੀਂ ਆਈ। ਸਢੌਰਾ ਦੇ ਕਈ ਨਵਾਬ, ਵਜ਼ੀਰ ਤੇ ਅਮੀਰ ਚਿੱਟਾ ਝੰਡਾ ਲੈ ਕੇ ਅਤੇ ਮੂੰਹ ਵਿਚ ਘਾਹ ਲੈ ਕੇ ਬੰਦਾ ਸਿੰਘ ਕੋਲ ਪੇਸ਼ ਹੋਏ ਅਤੇ ਰਹਿਮ ਦੀ ਭਿੱਖਿਆ ਮੰਗੀ। ਬੰਦਾ ਸਿੰਘ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਪਰ ਉਨ੍ਹਾਂ ਤੋਂ ਇਹ ਵਾਅਦਾ ਲਿਆ ਕਿ ਉਹ ਅੱਗੋਂ ਤੋਂ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ।
ਭਾਵੇਂ ਹੋਰ ਸਾਰਿਆਂ ਨੇ ਹਥਿਆਰ ਸੁਟ ਦਿੱਤੇ ਸਨ ਪਰ ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ ਆਪਣੇ ਆਪ ਨੂੰ ਕਿਲ੍ਹੇ ਦੇ ਅੰਦਰ ਬੰਦ ਕਰ ਲਿਆ। ਸਢੌਰੇ ਦਾ ਕਿਲ੍ਹਾ ਬੜਾ ਮਜ਼ਬੂਤ ਸੀ 'ਤੇ ਇਸ ਨੂੰ ਜਿੱਤਣਾ ਇੱਕ ਔਖੀ ਮੁਹਿੰਮ ਸੀ। ਇਸ ਨੂੰ ਜਿੱਤਣ ਵਾਸਤੇ ਲੰਮੇ ਅਰਸੇ ਦਾ ਘੇਰਾ ਅਤੇ ਸ਼ਹੀਦੀਆਂ ਹੋਣੀਆਂ ਸਨ। ਬੰਦਾ ਸਿੰਘ ਇਹ ਨਹੀਂ ਸੀ ਚਾਹੁੰਦਾ ਕਿਉਂ ਕਿ ਉਸ ਦੀ ਮੰਜ਼ਿਲ ਤਾਂ ਫਿਰ ਲਾਹੌਰ ਸੀ। ਇਸ ਵਾਰ ਫਿਰ ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਨੇ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਨੇ ਕਿਲ੍ਹੇ ਦੇ ਅੰਦਰ ਰਾਬਤਾ ਬਣਾ ਕੇ ਉਨ੍ਹਾਂ ਤੋਂ ਕਿਲ੍ਹੇ ਦਾ ਦਰਵਾਜ਼ਾ ਖੁਲ੍ਹਵਾ ਲਿਆ ਅਤੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਉਸਮਾਨ ਖ਼ਾਨ ਨੂੰ ਗ਼੍ਰਿਫਤਾਰ ਕਰ ਕੇ ਸਜ਼ਾਏ-ਮੌਤ ਦਿਤੀ ਗਈ। ਕਿਲ੍ਹੇ ਵਿਚੋਂ ਸਿੱਖਾਂ ਨੂੰ ਲੱਖਾਂ ਰੁਪਏ ਨਕਦ ਅਤੇ ਬਹੁਤ ਸਾਰਾ ਸੋਨਾ ਤੇ ਹੀਰੇ ਜਵਾਹਰਾਤ ਹੱਥ ਲੱਗੇ।

ਸਢੌਰੇ 'ਤੇ ਕਬਜ਼ਾ ਕਰਨ ਮਗਰੋਂ ਕੁਝ ਦਿਨ ਸਿੱਖ ਫ਼ੌਜਾਂ ਉੱਥੇ ਹੀ ਟਿਕੀਆਂ ਰਹੀਆਂ। ਇੱਕ ਦਿਨ ਜਦੋਂ ਕੁਝ ਸਿੱਖ ਘੋੜੇ ਚਰਾ ਰਹੇ ਸਨ ਤਾਂ ਇਕ ਊਠ ਦੂਰੋਂ ਭੱਜਦਾ ਆਇਆ ਤੇ ਖੇਤਾਂ 'ਚ ਵੜ ਗਿਆ। ਉਸ ਨੂੰ ਖੇਤਾਂ ਵਿਚੋਂ ਕੱਢਣ ਵਾਸਤੇ ਇੱਕ ਫ਼ੌਜੀ ਨੇ ਇਕ ਰਾਹਗੀਰ ਤੋਂ ਇਕ ਬਾਂਸ ਖੋਹ ਕੇ ਊਠ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਬਾਂਸ ਅੰਦਰੋਂ ਖੋਖਲਾ ਹੋਣ ਕਰ ਕੇ ਟੁੱਟ ਗਿਆ ਅਤੇ ਵਿਚੋਂ ਇਕ ਚਿੱਠੀ ਨਿਕਲ ਕੇ ਡਿੱਗ ਪਈ। ਇਹ ਚਿੱਠੀ ਸਢੌਰਾ ਦੇ ਕਿਸੇ ਵਜ਼ੀਰ-ਅਮੀਰ ਨੇ ਵਜ਼ੀਰ ਖ਼ਾਨ (ਸੂਬੇਦਾਰ ) ਨੂੰ ਲਿਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ "ਅਸੀਂ ਬੰਦਾ ਸਿੰਘ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਫਸਾਈ ਰੱਖਾਂਗੇ। ਇਸ ਦੌਰਾਨ ਤੁਸੀਂ ਹਮਲਾ ਕਰ ਦੇਣਾ ਤੇ ਅਸੀਂ ਵੀ ਸ਼ਹਿਰ ਦੇ ਅੰਦਰ ਸਿੱਖਾਂ 'ਤੇ ਹਮਲਾ ਕਰ ਦੇਵਾਂਗੇ। ਇਸ ਨਾਲ ਜੇ ਬੰਦਾ ਸਿੰਘ ਗ੍ਰਿਫ਼ਤਾਰ ਨਾ ਵੀ ਹੋ ਸਕਿਆ ਤਾਂ ਗੜਬੜ ਵਿੱਚ ਸ਼ਹਿਰ ਛੱਡ ਕੇ ਜਾਨ ਬਚਾਉਣ ਵਾਸਤੇ ਦੌੜ ਜ਼ਰੂਰ ਜਾਵੇਗਾ।" ਇਹ ਚਿੱਠੀ ਪੜ੍ਹ ਕੇ ਬੰਦਾ ਸਿੰਘ ਨੇ ਉਨ੍ਹਾਂ ਸ਼ਹਿਰ ਵਾਸੀਆਂ ਦਾ ਇਕ ਇਕੱਠ ਬੁਲਾਇਆ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ ਕਿ ਉਹ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ। ਇਸ ਇਕੱਠ ਵਿੱਚ ਬੰਦਾ ਸਿੰਘ ਨੇ ਸਵਾਲ ਕੀਤਾ ਕਿ ਵਾਅਦਾ ਕਰ ਕੇ ਗ਼ੱਦਾਰੀ ਕਰਨ ਵਾਲੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ?" ਸਾਰੇ ਲੋਕਾਂ ਨੇ ਜਵਾਬ ਦਿਤਾ "ਮੌਤ"। ਇਸ ਮਗਰੋਂ ਬੰਦਾ ਸਿੰਘ ਨੇ ਰਾਹਗੀਰ ਤੋਂ ਫੜੀ ਚਿੱਠੀ ਦਿਖਾਈ। ਇਹ ਚਿੱਠੀ ਵੇਖ ਕੇ ਸਾਰੇ ਵਜ਼ੀਰ-ਅਮੀਰ ਕੰਬ ਗਏ ਅਤੇ ਗਿੜਗਿੜਾ ਕੇ ਮੁਆਫ਼ੀਆਂ ਮੰਗਣ ਲਗ ਪਏ। ਇਸ 'ਤੇ ਬੰਦਾ ਸਿੰਘ ਨੇ ਕਿਹਾ ਕਿ "ਤੁਹਾਡੇ ਵਿਚੋਂ ਜਿਹੜਾ ਵੀ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਵੜ ਜਾਏਗਾ ਉਸ ਨੂੰ ਮੁਆਫ਼ ਕਰ ਦਿੱਤਾ ਜਾਏਗਾ।" ਇਸ 'ਤੇ ਸਾਰੇ ਸੌ-ਡੇਢ ਸੌ ਬੰਦੇ, ਜੋ ਅਸਲ ਮੁਜਰਿਮ ਸਨ, ਪੀਰ ਜੀ ਦੀ ਹਵੇਲੀ ਨੂੰ ਭੱਜੇ। ਇਸ ਮਗਰੋਂ ਬੰਦਾ ਸਿੰਘ ਨੇ ਹਵੇਲੀ ਨੂੰ ਬਾਹਰੋਂ ਜੰਦਰਾ ਲਵਾ ਦਿਤਾ ਅਤੇ ਹਵੇਲੀ ਨੂੰ ਅੱਗ ਲਾਉਣ ਦਾ ਹੁਕਮ ਦੇ ਦਿਤਾ। ਗ਼ਦਾਰੀ ਕਰਨ ਵਾਲੇ ਸਾਰੇ ਬੇਈਮਾਨ ਅੰਦਰ ਸੜ ਕੇ ਮਰ ਗਏ। ਇਸ ਮਗਰੋਂ ਕਿਸੇ ਨੂੰ ਵੀ, ਖ਼ੁਆਬ ਵਿਚ ਵੀ, ਗ਼ੱਦਾਰੀ ਕਰਨ ਦਾ ਖ਼ਿਆਲ ਨਹੀਂ ਸੀ ਆ ਸਕਦਾ। ਬੰਦਾ ਸਿੰਘ ਨੇ ਆਮ ਲੋਕਾਂ ਨੂੰ ਕਦੇ ਵੀ ਤੰਗ ਨਹੀਂ ਸੀ ਕੀਤਾ ਭਾਵੇਂ ਉਹ ਹਿੰਦੂ ਸਨ ਜਾਂ ਮੁਸਲਮਾਨ। ਉਸ ਨੇ ਤਾਂ ਸਢੌਰੇ ਵਿੱਚ ਮਸਜਿਦਾਂ 'ਤੇ ਮਜ਼ਾਰਾਂ ਨੂੰ ਵੀ ਨਹੀਂ ਸੀ ਛੇੜਿਆ। ਅੱਜ ਵੀ ਸਢੌਰਾ ਵਿਚ ਕੁਤਬੁਲ ਅਕਤਾਬ (ਸ਼ਾਹ ਅਬਦੁਲ ਵਹਾਬ) ਦੀ ਖ਼ਾਨਗਾਹ 'ਤੇ ਗੰਜੇ-ਇਲਮ ਵੀ ਉਵੇਂ ਹੀ ਕਾਇਮ ਹਨ ਜਿਵੇਂ ਉਹ 1709 ਵਿਚ ਖੜ੍ਹੀਆਂ ਸਨ।ਇਹ ਘਟਨਾ ਨਵੰਬਰ 1709 ਦੇ ਦੂਜੇ ਹਫ਼ਤੇ ਦੀ ਹੈ। ਹੁਣ ਸਢੌਰੇ 'ਤੇ ਖਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਫਹਿਰਾ ਦਿਤਾ ਗਿਆ ਅਤੇ ਸ਼ਹਿਰ ਦੇ ਇੰਤਜ਼ਾਮ ਵਾਸਤੇ ਇੱਕ 'ਖਾਲਸਾ ਪੰਚਾਇਤ' ਕਾਇਮ ਕਰ ਦਿੱਤੀ ਗਈ। ਇਨ੍ਹਾਂ ਘਟਨਾਵਾਂ ਦੀ ਖ਼ਬਰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਟੋਡਾ ਨਗਰ ਵਿੱਚ ਮਿਲੀ। ਬਹਾਦਰ ਸ਼ਾਹ ਨੇ ਲਾਹੌਰ ਤੇ ਸਰਹੰਦ ਦੇ ਸੂਬੇਦਾਰਾਂ ਨੂੰ ਸਿੱਖਾਂ ਦੇ ਖ਼ਿਲਾਫ਼ ਐਕਸ਼ਨ ਲੈਣ ਵਾਸਤੇ ਖ਼ਤ ਲਿਖੇ। (ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਰੰਗ ਗੁਰੂ ਸਾਹਿਬ ਦਾ ਦਿੱਤਾ ਨੀਲਾ ਰੰਗ ਸੀ। ਵਧੇਰੇ ਜਾਣਕਾਰੀ ਵਾਸਤੇ ਵੇਖੋ ਕਿਤਾਬ 'ਨਾਨਕਸ਼ਾਹੀ ਕੈਲੰਡਰ')।

ਦੱਖਣ ਵਿਚ ਆਪਣੇ ਭਰਾ ਨੂੰ ਮਾਰ ਕੇ ਕਬਜ਼ਾ ਕਰਨ ਮਗਰੋਂ ਬਾਦਸ਼ਾਹ ਬਹਾਦਰ ਸ਼ਾਹ ਵਾਪਿਸ ਸ਼ਾਹਜਹਾਨਾਬਾਦ (ਹੁਣ ਦਿੱਲੀ) ਨੂੰ ਆ ਰਿਹਾ ਸੀ। 24 ਮਈ 1710 ਦੇ ਦਿਨ ਟੋਡਾ ਕਸਬਾ (ਮੱਧ ਪ੍ਰਦੇਸ਼) ਕੋਲ ਉਸ ਨੂੰ ਸਮਾਣਾ, ਘੁੜਾਮ, ਠਸਕਾ, ਥਾਨੇਸਰ, ਸ਼ਾਹਬਾਦ, ਮੁਸਤਫ਼ਾਬਾਦ, ਕੁੰਜਪੁਰਾ, ਕਪੂਰੀ, ਸਢੌਰਾ, ਮੁਖ਼ਲਿਸਗੜ੍ਹ (ਲੋਹਗੜ੍ਹ) ਅਤੇ 'ਤੇ ਸਿੱਖਾਂ ਦੇ ਕਬਜ਼ੇ ਹੋਣ ਅਤੇ ਵਜ਼ੀਰ ਖ਼ਾਨ ਦੇ ਮਾਰੇ ਜਾਣ ਦੀ ਖ਼ਬਰ ਦੀ ਤਾਈਦ ਹੋਈ। ਇਸ 'ਤੇ ਬਹਾਦਰ ਸ਼ਾਹ ਬਹੁਤ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਉਸ ਨੇ ਪੰਜਾਬ ਵੱਲ ਆਪ ਕੂਚ ਕਰਨ ਦਾ ਐਲਾਨ ਕਰ ਦਿਤਾ। ਉਸ ਦਾ ਕਾਫ਼ਲਾ ਅਕਤੂਬਰ ਦੇ ਅੱਧ ਵਿੱਚ ਕਰਨਾਲ ਪੁੱਜ ਚੁੱਕਾ ਸੀ। ਉਸ ਦੀ ਸਿੱਖਾਂ ਨਾਲ ਪਹਿਲੀ ਲੜਾਈ 16 ਅਕਤੂਬਰ 1710 ਦੇ ਦਿਨ ਅਮੀਨਗੜ੍ਹ ਕੋਲ ਹੋਈ ਸੀ। ਇਸ ਵਿੱਚ ਸਿੱਖਾਂ ਨੂੰ ਹਰਾਉਣ ਮਗਰੋਂ ਉਸ ਦੀ ਫ਼ੌਜ ਨੇ ਸਢੌਰਾ ਵੱਲ ਕੂਚ ਕੀਤਾ। ਦੂਜੇ ਪਾਸੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਦੇ 14 ਅਕਤੂਬਰ 1710 ਦੀ ਰਾਤ ਦੇ ਹਮਲੇ ਤੋਂ ਬਾਅਦ ਹੁਣ ਸਿਰਫ਼ ਸਢੌਰਾ 'ਤੇ ਲੋਹਗੜ੍ਹ ਹੀ ਸਿੱਖਾਂ ਕੋਲ ਰਹਿ ਗਏ ਸਨ। ਫ਼ਿਰੋਜ਼ ਖ਼ਾਨ ਮੇਵਾਤੀ 'ਤੇ ਰੁਸਤਮ ਦਿਲ ਖ਼ਾਨ ਦੀਆਂ ਫ਼ੌਜਾਂ ਨੇ ਸਢੌਰਾ ਘੇਰਿਆ ਹੋਇਆ ਸੀ। ਬਾਦਸ਼ਾਹ ਨੇ ਫ਼ੌਜਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਿਲ੍ਹੇ ਤੋਂ ਕੁਝ ਵਧੇਰੇ ਉੱਚਾ ਇੱਕ ਮੀਨਾਰ ਬਣਾਉਣ ਤਾਂ ਜੋ ਉੱਥੋਂ ਕਿਲ੍ਹੇ 'ਤੇ ਤੀਰਾਂ ਦਾ ਮੀਂਹ ਵਰ੍ਹਾਇਆ ਜਾ ਸਕੇ। ਸਢੌਰੇ ਦੇ ਕਿਲ੍ਹੇ ਦੇ ਬਾਹਰ ਸਿੱਖਾਂ ਅਤੇ ਰੁਸਤਮ ਦਿਲ ਖ਼ਾਨ 'ਤੇ ਫ਼ਿਰੋਜ਼ ਖ਼ਾਨ ਮੇਵਾਤੀ ਵਿਚਕਾਰ ਜ਼ਬਰਦਸਤ ਜੰਗ ਹੋਈ। ਅਗਲੇ ਦਿਨ ਸ਼ਾਹੀ ਫ਼ੌਜਾਂ ਨੇ ਕਿਲ੍ਹੇ ਦੇ ਚਾਰਾਂ ਵਿਚੋਂ ਤਿੰਨ ਮੀਨਾਰਾਂ 'ਤੇ ਕਬਜ਼ਾ ਕਰ ਲਿਆ। ਇਸ ਵੇਲੇ ਹੋਰ ਸਿੱਖ ਫ਼ੌਜਾਂ ਵੀ ਉੱਥੇ ਆ ਪਹੁੰਚੀਆਂ ਜਿਸ ਨਾਲ ਹੋਰ ਵੀ ਭਖਵੀਂ ਜੰਗ ਹੋਈ ਪਰ ਅਖ਼ੀਰ ਸਿੱਖ ਫ਼ੌਜਾਂ ਨੂੰ ਉੱਥੋਂ ਭੱਜਣਾ ਪਿਆ ਅਤੇ 28 ਨਵੰਬਰ 1710 ਦੇ ਦਿਨ ਸਢੌਰਾ 'ਤੇ ਮੁਗ਼ਲਾਂ ਦਾ ਕਬਜ਼ਾ ਹੋ ਗਿਆ। ਇਸ ਲੜਾਈ ਵਿੱਚ ਚਾਰ ਸੌ ਸਿੱਖ ਸ਼ਹੀਦ ਹੋਏ। ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਲੜਨ ਦੇ ਇਨਾਮ ਵਜੋਂ ਬਾਦਸ਼ਾਹ ਨੇ ਰੁਸਤਮ ਦਿਲ ਖ਼ਾਨ ਨੂੰ ਇੱਕ ਖ਼ਾਸ ਢਾਲ 'ਤੇ ਤਲਵਾਰ ਅਤੇ ਫ਼ਿਰੋਜ਼ ਖ਼ਾਨ ਮੇਵਾਤੀ ਨੂੰ ਇੱਕ ਤਲਵਾਰ ਭੇਟ ਕੀਤੀ।

1992 - ਬਲਜੀਤ ਸਿੰਘ ਟੋਜੀਆਂ, ਕਰਮਜੀਤ ਸਿੰਘ, ਸਤਪਾਲ ਸਿੰਘ ਰਾਣਾ ਜਲਾਲਾਬਾਦ 'ਤੇ ਸੱਤ ਹੋਰ ਸਿੱਖ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ।  
25 ਨਵੰਬਰ 1992 ਦੇ ਦਿਨ ਬਲਜੀਤ ਸਿੰਘ ਤੋਤੀ ਪੁੱਤਰ ਰਾਮ ਸਿੰਘ, ਵਾਸੀ ਟੋਜੀਆਂ, ਕਰਮਜੀਤ ਸਿੰਘ, ਸਤਪਾਲ ਸਿੰਘ ਰਾਣਾ ਵਾਸੀ ਜਲਾਲਾਬਾਦ, ਨੇੜੇ ਮੋਗਾ 'ਤੇ ਸੱਤ ਹੋਰ ਸਿੱਖ ਪੰਜਾਬ ਪੁਲਿਸ ਨੇ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤੇ।

2012 - ਹਰਦੁਆਰ ਵਿੱਚ ਗੁਰਦੁਆਰਾ ਗਿਆਨ ਗੋਦੜੀ ਨੂੰ ਢਾਹੇ ਜਾਣ ਖ਼ਿਲਾਫ਼ ਮੁਜ਼ਾਹਰਾ ਕਰਨ ਜਾ ਰਹੇ 700 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।  
28 ਨਵੰਬਰ 2012 ਦੇ ਦਿਨ ਗੁਰਚਰਨ ਸਿੰਘ ਬੱਬਰ ਦੀ ਅਗਵਾਈ ਹੇਠ ਗੁਰਦੁਆਰਾ ਗਿਆਨ ਗੋਦੜੀ ਹਰਦੁਆਰ ਦੀ ਜਗ੍ਹਾ ਮੁੜ ਹਾਸਿਲ ਕਰਨ ਵਾਸਤੇ ਹਰਦੁਆਰ ਜਾ ਰਹੇ 700 ਦੇ ਕਰੀਬ ਸਿੱਖਾਂ ਨੂੰ ਉੱਤਰਾਖੰਡ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement