
ਇਤਿਹਾਸ ਵਿੱਚ ਅੱਜ ਦਾ ਦਿਨ 29 ਨਵੰਬਰ
1710 - ਬਹਾਦਰ ਸ਼ਾਹ ਦੀ 90 ਹਜ਼ਾਰ ਫ਼ੌਜ ਨੇ ਲੋਹਗੜ੍ਹ ਕਿਲੇ ਨੂੰ ਘੇਰਾ ਪਾਇਆ।
ਨਵੰਬਰ 1710 ਦੇ ਅੱਧ ਵਿੱਚ ਤਕਰੀਬਨ ਬਾਕੀ ਸਾਰੇ ਪਾਸਿਓਂ ਸਿੱਖਾਂ ਨੂੰ ਖਦੇੜਨ ਅਤੇ 28 ਨਵੰਬਰ ਦੇ ਦਿਨ ਸਢੌਰਾ 'ਤੇ ਕਬਜ਼ਾ ਕਰਨ ਮਗਰੋਂ ਮੁਗ਼ਲ ਫ਼ੌਜਾਂ ਨੇ ਬਾਦਸ਼ਾਹ ਦੀ ਅਗਵਾਈ ਵਿੱਚ ਕਿਲ੍ਹਾ ਲੋਹਗੜ੍ਹ ਵੱਲ ਕੂਚ ਕਰ ਦਿੱਤਾ। ਰੁਸਤਮ ਦਿਲ ਖ਼ਾਨ ਇਸ ਵਹੀਰ ਵਿੱਚ ਸਭ ਤੋਂ ਅੱਗੇ ਚਲ ਰਿਹਾ ਸੀ। ਜਦ ਇਹ ਫ਼ੌਜਾਂ ਸਢੌਰੇ ਤੋਂ ਛੇ ਕੁ ਕਿਲੋਮੀਟਰ ਅੱਗੇ ਗਈਆਂ ਤਾਂ ਦੋ-ਢਾਈ ਹਜ਼ਾਰ ਸਿੱਖਾਂ ਦਾ ਇੱਕ ਦਲ ਨੇੜੇ ਦੀ ਝੱਲ ਵਿੱਚ ਲੁਕਿਆ ਹੋਇਆ ਸੀ। ਉਹ ਇੱਕ ਦਮ ਝੱਲ ਵਿਚੋਂ ਨਿਕਲੇ ਅਤੇ ਸ਼ਾਹੀ ਫ਼ੌਜਾਂ 'ਤੇ ਟੁੱਟ ਪਏ। ਦੋਹਾਂ ਧਿਰਾਂ ਵਿੱਚ ਘਮਸਾਣ ਦੀ ਜੰਗ ਸ਼ੁਰੂ ਹੋ ਗਈ। ਕਾਮਵਰ ਖ਼ਾਨ (ਜੋ ਮੁਗਲ ਫ਼ੌਜਾਂ ਦੇ ਨਾਲ ਸੀ) ਇਸ ਜੰਗ ਦਾ ਨਜ਼ਾਰਾ ਆਪਣੇ ਲਫ਼ਜ਼ਾਂ ਵਿਚ ਇੰਵ ਪੇਸ਼ ਕਰਦਾ ਹੈ: "ਇਹ ਖ਼ਾਕਸਾਰ, ਬਾਦਸ਼ਾਹ ਸ਼ਹਿਜ਼ਾਦੇ ਰਫ਼ੀਉੱਸ਼ਾਨ ਦੀ ਫ਼ੌਜ ਵਿਚ ਹਾਜ਼ਿਰ ਸੀ। ਮੈਂ ਅੱਖੀਂ ਵੇਖਿਆ: ਉਨ੍ਹਾਂ ਮਰਦੂਦਾਂ ਵਿਚੋਂ ਹਰ ਇੱਕ ਜਵਾਨ ਮੈਦਾਨ ਵਿੱਚ ਕੁੱਦ ਕੇ, ਬਾਦਸ਼ਾਹੀ ਲਸ਼ਕਰ ਨਾਲ ਰੁੱਝ ਜਾਂਦਾ, ਅਰ ਬਹਾਦਰੀ ਦੇ ਬੜੇ ਜੌਹਰ ਅਤੇ ਕੋਸ਼ਿਸ਼ਾਂ ਵਿਖਾ ਕੇ, ਮੁਜਾਹਿਦਾਂ ਦੀ ਤੇਗ਼ੇ-ਬੇਦਰੇਗ਼ ਦਾ ਖਾਜਾ ਬਣ ਜਾਂਦਾ। ਇਸ ਮੌਕੇ 'ਤੇ ਸ਼ਾਹੀ ਫ਼ੌਜਾਂ ਅਤੇ ਮਸ਼ਹੂਰ ਅਮੀਰਾਂ ਦੀਆਂ ਫ਼ੌਜਾਂ ਨੇ ਹਰ ਪਾਸਿਓਂ ਹੱਲਾ ਬੋਲ ਕੇ, ਰੁਸਤਮ ਤੇ ਇਸਫ਼ੰਦਯਾਰ ਦੇ ਕਾਰਨਾਮੇ ਮਾਤ ਪਾ ਦਿੱਤੇ। ਬੜੀ ਕੱਟ-ਵੱਢ ਅਤੇ ਜੰਗ ਹੋਈ। ਢਾਈ ਹਜ਼ਾਰ ਦੇ ਕਰੀਬ ਬੰਦੇ ਉਹ ਬੇਮ੍ਰਿਜਾਦ ਫ਼ਿਰਕੇ (ਸਿੱਖਾਂ) ਦੇ ਸਿਰਦਾਰਾਂ (ਜਥੇਦਾਰਾਂ) ਸਮੇਤ ਬਹਾਦਰਾਂ ਦੀ ਤੇਗ਼ ਦਾ ਤਾਮਾ ਬਣ ਗਏ। ਜੇਤੂ ਫ਼ੌਜਾਂ ਵਿਚੋਂ ਫ਼ੀਰੋਜ਼ ਖ਼ਾਨ ਮੇਵਾਤੀ ਦਾ ਭਤੀਜਾ ਸ਼ਹੀਦ ਹੋ ਗਿਆ ਤੇ ਪੁੱਤਰ ਜ਼ਖ਼ਮੀ..।" ਇਸੇ ਲੜਾਈ ਬਾਰੇ ਖ਼ਾਫ਼ੀ ਖ਼ਾਨ ਲਿਖਦਾ ਹੈ ਕਿ ਇਸ ਜੰਗ ਦਾ ਬਿਆਨ ਮੁਸ਼ਕਿਲ ਹੈ। ਫ਼ਕੀਰਾਂ ਦੇ ਪਹਿਰਾਵਿਆਂ ਵਾਲੇ ਸਿੱਖਾਂ ਨੇ ਸ਼ਾਹੀ ਫ਼ੌਜਾਂ ਵਿੱਚ ਦਹਿਸ਼ਤ ਫ਼ੈਲਾ ਦਿੱਤੀ । ਸ਼ਾਹੀ ਫ਼ੌਜਾਂ ਚੋਂ ਏਨੇ ਬੰਦੇ ਮਰੇ ਕਿ ਇੰਞ ਜਾਪਦਾ ਸੀ ਕਿ ਅਸੀਂ ਖ਼ਤਮ ਹੋ ਜਾਵਾਂਗੇ। ਸਿੱਖਾਂ ਦੇ ਇਸ ਹਮਲੇ ਵਿੱਚ ਫ਼ੀਰੋਜ਼ ਖ਼ਾਨ ਮੇਵਾਤੀ ਦਾ ਭਤੀਜਾ ਤੇ ਪੁੱਤਰ ਵੀ ਮਾਰੇ ਗਏ।
29 ਨਵੰਬਰ 1710 ਬੁਧਵਾਰ ਦੇ ਦਿਨ ਬਾਦਸ਼ਾਹ, ਲੋਹਗੜ੍ਹ ਕਿਲ੍ਹੇ ਤੋਂ ਕੁਝ ਫ਼ਰਲਾਂਗ ਦੂਰ, ਸੋਮ ਨਦੀ ਦੇ ਕੰਢੇ 'ਤੇ, ਪਿੰਡ ਕਮਪੋ ਦੀ ਹੱਦ ਵਿੱਚ ਪੁੱਜ ਗਿਆ। ਹਾਲਾਤ ਵੇਖ ਕੇ ਉਸ ਨੇ ਹੁਕਮ ਦਿੱਤਾ ਕਿ ਖਾਨਖਾਨਾ ਅਤੇ ਮਹਾਬਤ ਖ਼ਾਨ ਅਗਲੇ ਦਿਨ ਸਿੱਖਾਂ ਦੇ ਪਹਾੜਾਂ 'ਤੇ ਬਣੇ ਮੋਰਚਿਆਂ ਦਾ ਜਾਇਜ਼ਾ ਲੈਣ। ਇਹੀ ਹੁਕਮ ਰਫ਼ੀਉੱਸ਼ਾਨ ਸ਼ਹਿਜ਼ਾਦਾ ਨੂੰ ਵੀ ਦਿਤਾ ਗਿਆ।
1914 - ਗ਼ਦਰੀ ਵਰਕਰਾਂ ਦੀ ਪੁਲਸ ਨਾਲ ਝੜਪ ਵਿੱਚ ਚੰਦਾ ਸਿੰਘ 'ਤੇ ਨਿਸ਼ਾਨ ਸਿੰਘ ਮਾਰੇ ਗਏ 'ਤੇ 7 ਜਣੇ ਫੜੇ ਗਏ।
29 ਨਵੰਬਰ 1914 ਦੇ ਦਿਨ ਫ਼ਿਰੋਜ਼ਸ਼ਾਹ ਥਾਣੇ ਕੋਲ ਗ਼ਦਰੀਆਂ ਦੀ ਇਕ ਟੋਲੀ ਟਾਂਗਿਆਂ ਤੇ ਜਾ ਰਹੀ ਸੀ। ਸ਼ੱਕ ਪੈਣ 'ਤੇ ਉਨ੍ਹਾਂ ਨੂੰ ਬਸ਼ਾਰਤ ਅਲੀ ਥਾਣੇਦਾਰ, ਜੁਆਲਾ ਸਿੰਘ ਅਤੇ ਹੋਰ ਸਿਪਾਹੀ ਨੇ ਰੋਕਿਆ। ਇਸ ਤੇ ਚੰਦਾ ਸਿੰਘ ਅਤੇ ਗਾਂਧਾ ਸਿੰਘ ਨੇ ਪਿਸਤੌਲਾਂ ਤਾਣ ਲਈਆਂ ਅਤੇ ਬਸ਼ਾਰਤ ਅਲੀ ਥਾਣੇਦਾਰ ਅਤੇ ਜੁਆਲਾ ਸਿੰਘ ਦੋਹਾਂ ਨੂੰ ਮਾਰ ਦਿੱਤਾ। ਉੱਧਰ ਬਾਕੀ ਬਚੇ ਪੁਲਸੀਆਂ ਨੇ ਵੀ ਗ਼ਦਰੀਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਚੰਦਾ ਸਿੰਘ ਵੜੈਚ ਤੇ ਨਿਸ਼ਨ ਸਿੰਘ ਬੰਗੂਈ ਮਾਰੇ ਗਏ। 16 ਗ਼ਦਰੀਆਂ ਵਿੱਚੋਂ 2 ਮਾਰੇ ਗਏ, 7 ਗ੍ਰਿਫ਼ਤਾਰ ਹੋਏ 6 ਬਚ ਕੇ ਨਿੱਕਲ ਗਏ। ਸੋਲ੍ਹਵਾਂ ਗ਼ਦਰੀ ਗਾਂਧਾ ਸਿੰਘ ਇੱਕ ਉੱਚੇ ਦਰਖ਼ਤ 'ਤੇ ਚੜ੍ਹ ਜਾਣ ਕਾਰਨ ਬਚ ਗਿਆ। ਹਾਲਾਂਕਿ ਮਗਰੋਂ ਉਹ ਵੀ ਫੜਿਆ ਗਿਆ 'ਤੇ 8 ਮਾਰਚ 1916 ਨੂੰ ਫ਼ਾਂਸੀ ਲੱਗ ਗਈ।
1961 - ਮਾਸਟਰ ਤਾਰਾ ਸਿੰਘ, ਫਤਹਿ ਸਿੰਘ ਗੰਗਾਨਗਰ ਤੇ 8 ਹੋਰਾਂ ਨੂੰ ਸਜ਼ਾ ਲਾਈ ਗਈ।
ਆਪਣੀ ਅਰਦਾਸ ਪੂਰੀ ਕਰਨ ਤੋਂ ਬਿਨਾਂ ਮਰਨ ਵਰਤ ਛੱਡਣ ਦੀ ਮਾਸਟਰ ਤਾਰਾ ਸਿੰਘ 'ਤੇ ਹੋਰਨਾਂ ਦੀ ਅਰਜ਼ੀ, ਜਿਹੜੀ ਉਨ੍ਹਾਂ ਨੇ ਆਪ 24 ਨਵੰਬਰ 1961 ਦੇ ਦਿਨ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਦਿੱਤੀ ਸੀ (ਉਨ੍ਹਾਂ ਨੂੰ ਗ੍ਰੰਥੀਆਂ ਪੁਜਾਰੀਆਂ ਨੇ ਸੰਮਨ ਨਹੀਂ ਕੀਤਾ ਸੀ; ਇਹ ਸੰਮਨ ਕਰਨ ਦਾ ਡਰਾਮਾ 1986 ਤੋਂ ਮਗਰੋਂ ਸ਼ੁਰੂ ਹੋਇਆ ਸੀ), ਬਾਰੇ ਪੰਜ ਸਿੰਘਾਂ ਨੇ ਨੇ ਵਿਚਾਰਾਂ ਕੀਤੀਆਂ। ਅਖ਼ੀਰ ਚਾਰ ਦਿਨ ਵਿਚਾਰਾਂ ਕਰਨ ਮਗਰੋਂ ਕੀਤੀਆਂ ਜਥੇਦਾਰ ਅੱਛਰ ਸਿੰਘ, ਗਿ: ਭੁਪਿੰਦਰ ਸਿੰਘ, ਚੇਤ ਸਿੰਘ, ਕ੍ਰਿਪਾਲ ਸਿੰਘ ਅਤੇ ਸ਼ਰਮ ਸਿੰਘ ਨੇ (ਪੰਜ ਪਿਆਰਿਆਂ ਦੇ ਰੂਪ ਵਿਚ), ਸਾਂਝੇ ਫ਼ੈਸਲੇ ਮੁਤਾਬਿਕ, 29 ਨਵੰਬਰ 1961 ਦੇ ਦਿਨ 10,000 ਸਿੱਖਾਂ ਦੀ ਹਾਜ਼ਰੀ ਵਿੱਚ ਇਨ੍ਹਾਂ ਨੂੰ ਹੇਠ ਲਿਖੀ ਸਜ਼ਾ ਲਾਈ ਗਈ -
ਮਾਸਟਰ ਤਾਰਾ ਸਿੰਘ -
ਇਕ ਅਖੰਡ ਪਾਠ, ਇਕ ਮਹੀਨਾ ਜਪੁਜੀ ਸਾਹਿਬ ਦਾ ਨਿਤਨੇਮ ਤੋਂ ਵੱਖਰਾ ਹੋਰ ਪਾਠ, 5 ਦਿਨ ਕਿਸੇ ਗੁਰਦੁਆਰੇ ਵਿਚ ਸੰਗਤ ਦੇ ਜੋੜੇ ਸਾਫ਼ ਕਰਨ ਦੀ ਸੇਵਾ, 5 ਦਿਨ ਕਿਸੇ ਗੁਰਦੁਆਰੇ ਦੇ ਲੰਗਰ ਵਿੱਚ ਸੰਗਤ ਦੇ ਬਰਤਨ ਸਾਫ਼ ਕਰਨ ਦੀ ਸੇਵਾ, 125 ਰੁਪਏ ਦਾ ਕੜਾਹ ਪ੍ਰਸ਼ਾਦ।
ਫ਼ਤਹਿ ਸਿੰਘ ਗੰਗਾਨਗਰ -
ਇੱਕ ਮਹੀਨਾ ਜਪੁਜੀ ਸਾਹਿਬ ਦਾ ਨਿਤਨੇਮ ਤੋਂ ਵਖਰਾ ਹੋਰ ਪਾਠ, 5 ਦਿਨ ਕਿਸੇ ਗੁਰਦੁਆਰੇ ਦੇ ਲੰਗਰ ਵਿੱਚ ਸੰਗਤ ਦੇ ਬਰਤਨ ਸਾਫ਼ ਕਰਨ ਦੀ ਸੇਵਾ
ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ 8 ਮੈਂਬਰ -
2 ਦਿਨ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਝਾੜੂ ਦੇਣਾ ਅਤੇ 2 ਦਿਨ ਕਿਸੇ ਗੁਰਦੁਆਰੇ ਦੇ ਲੰਗਰ ਵਿੱਚ ਸੰਗਤ ਦੇ ਬਰਤਨ ਸਾਫ਼ ਕਰਨ ਦੀ ਸੇਵਾ ਕਰਨਾ। ਇਹ ਕੋਈ ਪੁਜਾਰੀਆਂ ਦਾ ਅਖੌਤੀ ਹੁਕਮਨਾਮਾ ਨਹੀਂ ਸੀ ਬਲਕਿ ਇਕ ਫ਼ੈਸਲਾ ਸੀ।
1985 - ਚੀਫ਼ ਮਨਿਸਟਰ ਬਰਨਾਲਾ ਨੇ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੇ ਬਾਵਜੂਦ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਉਜਾਗਰ ਸਿੰਘ ਸੇਖਵਾਂ ਨੇ ਇੰਦਰਾ ਨੂੰ ਸ਼ਰਾਧਾਂਜਲੀ ਦੇਣ ਵਾਲਿਆਂ ਨੂੰ ਕੌਮ ਦੇ ਗ਼ਦਾਰ ਗਰਦਾਨਿਆ।
25 ਸਤੰਬਰ 1985 ਦੇ ਦਿਨ ਪੰਜਾਬ ਅਸੈਂਬਲੀ ਵਾਸਤੇ ਵੋਟਾਂ ਪਈਆਂ। 29 ਸਤੰਬਰ ਨੂੰ ਸੁਰਜੀਤ ਬਰਨਾਲਾ ਚੀਫ਼ ਮਨਿਸਟਰ ਬਣ ਗਿਆ। ਬਰਨਾਲਾ ਨੇ ਅਸੈਂਬਲੀ ਦੇ ਪਹਿਲੇ ਸੈਸ਼ਨ ਵਿੱਚ ਹੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇੱਕ ਵੀ ਅਕਾਲੀ ਐਮ.ਐਲ.ਏ. ਨੇ ਇੰਦਰਾ ਦੇ ਜ਼ੁਲਮ ਖ਼ਿਲਾਫ਼ ਜ਼ਬਾਨ ਤੱਕ ਨਾ ਖੋਲ੍ਹੀ। ਬਰਨਾਲੇ ਨੇ ਤਾਂ ਜੂਨ 84 ਅਤੇ ਨਵੰਬਰ 84 'ਚ ਸਿੱਖਾਂ ਦੇ ਕਤਲੇਆਮ ਦੀ ਨਿੰਦਾ ਜਾਂ ਮਾਰੇ ਗਿਆਂ ਨਾਲ ਹਮਦਰਦੀ ਦੇ ਮਤੇ ਵੀ ਨਾ ਪੇਸ਼ ਕੀਤੇ। ਉਸ ਨੇ ਸਿੱਖ ਸ਼ਹੀਦਾਂ ਨੂੰ 'ਸ਼ਰਧਾਂਜਲੀ' ਵੀ ਨਾ ਭੇਟ ਕੀਤੀ। ਪੰਜਾਬ ਅਸੈਂਬਲੀ ਦੇ ਇਜਲਾਸ ਵਿੱਚ ਸਿਰਫ਼ ਭਾਜਪਾ ਦੇ ਇੱਕ ਐਮ.ਐਲ.ਏ. ਨੇ ਇੰਦਰਾ ਗਾਂਧੀ ਦੀ ਭਰਪੂਰ ਨਿੰਦਾ ਕੀਤੀ। ਇਸ 'ਤੇ 29 ਨਵੰਬਰ ਨੂੰ ਜਥੇਦਾਰ ਉਜਾਗਰ ਸਿੰਘ ਸੇਖਵਾਂ ਨੇ ਮੰਗ ਕੀਤੀ ਕਿ 'ਅਸੈਂਬਲੀ 'ਚ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਵਾਲੇ ਅਕਾਲੀ ਕੌਮ ਦੇ ਗ਼ਦਾਰ ਹਨ; ਇਹ ਸਾਰੇ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤੇ ਜਾਣੇ ਚਾਹੀਦੇ ਹਨ।' ਦਰਅਸਲ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਬੜੇ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ। ਦੂਜੇ ਪਾਸੇ ਸਰਕਾਰ ਦੀਆਂ ਏਜੰਸੀਆਂ ਨੇ ਬਾਬਾ ਜੋਗਿੰਦਰ ਸਿੰਘ (ਸੰਯੁਕਤ ਅਕਾਲੀ ਦਲ) ਕੋਲੋਂ ਚੋਣਾਂ ਦਾ ਬਾਈਕਾਟ ਕਰਵਾ ਦਿੱਤਾ ਹੋਇਆ ਸੀ। ਨਤੀਜੇ ਵਜੋਂ ਬਰਨਾਲੇ ਦੇ 74 ਉਮੀਦਵਾਰ ਜਿੱਤ ਗਏ ਸਨ। ਰਾਜੀਵ ਗਾਂਧੀ ਨੇ ਬਰਨਾਲੇ ਨੂੰ ਇਸ ਵਾਸਤੇ ਅਕਾਲੀ ਦਲ ਦਾ ਪ੍ਰਧਾਨ 'ਤੇ ਚੀਫ਼ ਮਨਿਸਟਰ ਬਣਾਇਆ ਸੀ ਤਾਂ ਜੋ ਉਸ ਦੇ ਨਾਂ 'ਤੇ ਖਾੜਕੂਆਂ, ਖਾਲਿਸਤਾਨ, ਭਿੰਡਰਾਂਵਾਲਾ ਵਗ਼ੈਰਾ ਦੇ ਖ਼ਿਲਾਫ਼ ਪਰਾਕਸੀ ਲੜਾਈ ਲੜੀ ਜਾ ਸਕੇ। ਸ਼ੁਰੂ ਵਿੱਚ ਬਰਨਾਲੇ ਨੇ ਦਿਖਾਵੇ ਪੰਥਕ ਮੰਗਾਂ ਬਾਰੇ ਇਕ-ਅੱਧ ਬਿਆਨ ਵੀ ਦਿੱਤਾ। ਪਰ ਇਹ ਸਭ ਕਾਗ਼ਜ਼ੀ ਕਾਰਵਾਈ ਸੀ। ਉਸ ਵਕਤ 2000 ਤੋਂ ਵੱਧ ਬੇਗ਼ੁਨਾਹ ਸਿੱਖ ਟਾਡਾ ਕੇਸਾਂ ਹੇਠ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਨ। 500 ਦੇ ਕਰੀਬ ਹਰਿਆਣੇ ਵਿਚ, 400 ਦੇ ਕਰੀਬ ਜੈਪੁਰ-ਜੋਧਪੁਰ 'ਚ ਅਤੇ 500 ਦੇ ਕਰੀਬ ਹੋਰ ਜੇਲ੍ਹਾਂ ਵਿੱਚ ਵੀ ਸਨ। ਪੰਜਾਬ 'ਚ ਕੈਦ ਸਿੱਖਾਂ ਬਾਰੇ ਬਰਨਾਲਾ ਨੇ ਜਸਟਿਸ ਅਜੀਤ ਸਿੰੰਘ ਬੈਂਸ ਦੀ ਪ੍ਰਧਾਨਗੀ ਹੇਠ ਇੱਕ ਸਬ-ਕਮੇਟੀ ਬਣਾਈ। ਇਸ ਕਮੇਟੀ ਵਿੱਚ ਭਾਜਪਾ ਦਾ ਸੀਨੀਅਰ ਆਗੂ ਲਾਲ ਚੰਦ ਸਭਰਵਾਲ ਵੀ ਸ਼ਾਮਿਲ ਸੀ। ਇਸ ਕਮੇਟੀ ਨੇ ਬਰਨਾਲੇ ਨੂੰ ਸਿਫ਼ਾਰਸ਼ ਕੀਤੀ ਕਿ ਸਾਰੇ ਬੇਗੁਨਾਹ ਸਿੱਖ ਰਿਹਾਅ ਕਰ ਦਿੱਤੇ ਜਾਣ। ਪਰ ਬਰਨਾਲੇ ਨੇ ਸਿਰਫ਼ 26 ਸਿੱਖ ਹੀ ਰਿਹਾਅ ਕੀਤੇ। ਹੋਰ ਤਾਂ ਹੋਰ ਉਸ ਵੇਲੇ ਇਨ੍ਹਾਂ 2000 ਵਿਚੋਂ 224 ਬੇਗ਼ੁਨਾਹ ਸਿੱਖ ਪੰਜਾਬ ਦੀਆਂ ਜੇਲ੍ਹਾਂ 'ਚ ਕੈਦ ਹੀ ਨਹੀਂ 'ਨਜ਼ਰਬੰਦ' ਵੀ ਸਨ।
1989 - ਨਰਿੰਦਰ ਸਿੰਘ ਰਾਮ ਦਿਵਾਲੀ ਮੁਸਲਮਾਨ 'ਤੇ ਕਾਰਜ ਸਿੰਘ ਰਤਨਗੜ੍ਹ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
29 ਨਵੰਬਰ 1989 ਦੇ ਦਿਨ ਪੰਜਾਬ ਪੁਲਿਸ ਨੇ ਨਰਿੰਦਰ ਸਿੰਘ ਵਾਸੀ ਰਾਮ ਦਿਵਾਲੀ ਮੁਸਲਮਾਨ 'ਤੇ ਕਾਰਜ ਸਿੰਘ ਵਾਸੀ ਰਤਨਗੜ੍ਹ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1990 - ਕੇਵਲ ਸਿੰਂਘ ਦੂਹਲ ਕੋਹਨਾ, ਦਲੇਰ ਸਿੰਘ ਮਸਤਗੜ੍ਹ ਅਤੇ ਗੁਰਦੇਬ ਸਿੰਘ ਦੇਬਾ ਰਟੌਲ ਬੇਟ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
29 ਨਵੰਬਰ 1990 ਦੇ ਦਿਨ ਪੰਜਾਬ ਪੁਲੀਸ ਨੇ ਕੇਵਲ ਸਿੰਂਘ ਵਾਸੀ ਦੂਹਲ ਕੋਹਨਾ, ਦਲੇਰ ਸਿੰਘ ਵਾਸੀ ਮਸਤਗੜ੍ਹ 'ਤੇ ਗੁਰਦੇਬ ਸਿੰਘ ਦੇਬਾ ਵਾਸੀ ਰਟੌਲ ਬੇਟ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1992 - ਪਰਮਜੀਤ ਸਿੰਘ 'ਤੇ ਬਲਵਿੰਦਰ ਸਿੰਘ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
29 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ 'ਤੇ ਬਲਵਿੰਦਰ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।