
ਇਤਿਹਾਸ ਵਿੱਚ ਅੱਜ ਦਾ ਦਿਨ (3 ਦਸੰਬਰ)
1986 - ਬਰਨਾਲਾ ਸਰਕਾਰ ਨੇ 16 ਸਬ ਡਵੀਜ਼ਨਾਂ (ਤਹਿਸੀਲਾਂ) ਫ਼ੌਜ ਦੇ ਹਵਾਲੇ ਕਰ ਦਿੱਤੀਆਂ।
1 ਨਵੰਬਰ 1986 ਨੂੰ ਭਿੰਡਰਾਂ-ਮਹਿਤਾ ਜੱਥਾ ਨੇ ਅਕਾਲ ਤਖ਼ਤ ਸਾਹਿਬ ਦੇ ਮੂਹਰੇ 'ਸਰਬਤ ਖਾਲਸਾ' ਦੇ ਨਾਂ 'ਤੇ ਇੱਕ ਦੀਵਾਨ ਕੀਤਾ। ਇਸ ਵਿੱਚ ਬਰਨਾਲਾ 'ਤੇ ਬਲਵੰਤ ਸਿੰਘ ਨੂੰ ਪੰਥ 'ਚੋਂ ਖਾਰਿਜ ਕਰਨ ਦਾ ਐਲਾਨ ਕੀਤਾ ਗਿਆ 'ਤੇ ਲੌਂਗੋਵਾਲ ਨੂੰ 'ਪੰਥ ਦਾ ਗ਼ੱਦਾਰ' ਗਰਦਾਨਿਆ ਗਿਆ। ਇਸ ਵੇਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਾਬਲ ਸਿੰਘ ਸੀ ਅਤੇ ਉਸ ਦੀ ਵਾਗ-ਡੋਰ ਸੁਰਜੀਤ ਬਰਨਾਲੇ ਦੇ ਹੱਥਾਂ ਵਿਚ ਸੀ। 30 ਨਵੰਬਰ 1986 ਦੇ ਦਿਨ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਵਿੱਚ ਗੁਰਚਰਨ ਸਿੰਘ ਟੌਹੜਾ ਨੇ 74 ਵੋਟਾਂ ਲੈ ਕੇ ਕਾਬਲ ਸਿੰਘ ਨੂੰ 16 ਵੋਟਾਂ 'ਤੇ ਹਰਾਇਆ। ਕਾਬਲ ਸਿੰਘ ਦਾ ਨਾਂ ਅਮਰ ਸਿੰਘ ਨਲਨੀ ਨੇ ਪੇਸ਼ ਕੀਤਾ ਸੀ 'ਤੇ ਹਰਚਰਨ ਸਿੰਘ ਹੁਡਿਆਰੇ ਨੇ ਤਾਈਦ ਕੀਤੀ ਸੀ। ਚੋਣ ਮਗਰੋਂ ਟੌਹੜਾ ਨੇ (ਬਰਨਾਲੇ ਦੀ ਬਣਾਈ) 'ਟਾਸਕ ਫ਼ੋਰਸ' ਨੂੰ ਖ਼ਤਮ ਕਰਨ ਅਤੇ ਦਰਬਾਰ ਸਾਹਿਬ ਵਿੱਚ ਬਰਨਾਲੇ ਵਲੋਂ ਪੁਲੀਸ ਹਮਲੇ ਦੀ ਨਿੰਦਾ ਦੇ ਮਤੇ ਪਾਸ ਕਰਵਾਏ। ਟਾਸਕ ਫ਼ੋਰਸ ਤੋੜਨ ਮਗਰੋਂ ਜਦੋਂ ਉਨ੍ਹਾਂ ਨੂੰ ਗੁਰੂ ਨਾਨਕ ਨਿਵਾਸ ਵਿੱਚ ਕਬਜ਼ਾ ਕੀਤੇ ਕਮਰੇ ਖ਼ਾਲੀ ਕਰਨ ਵਾਸਤੇ ਕਿਹਾ ਤਾਂ ਉਨ੍ਹਾਂ ਨੇ ਨਾਂਹ ਕਰ ਦਿੱਤੀ 'ਤੇ ਕਿਹਾ ਕਿ ਜੇ ਬਰਨਾਲਾ ਕਹੇਗਾ ਤਾਂ ਅਸੀਂ ਨਿਕਲਾਂਗੇ। ਜਦੋਂ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ 53 ਬੰਦਿਆਂ ਦੇ ਕਮਰਿਆਂ ਦੇ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਤਾਂ ਉਹ ਕਮਰਿਆਂ ਨੂੰ ਖਾਲੀ ਕਰ ਕੇ ਭੱਜ ਗਏ। ਉਧਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ 'ਚ ਆਪਣੀ ਹਾਰ ਤੋਂ ਖਿਝ ਕੇ ਬਰਨਾਲੇ ਨੇ ਟੌਹੜਾ, ਬਾਦਲ, ਸੁਰਜਨ ਸਿੰਘ ਠੇਕੇਦਾਰ, ਸੁੱਚਾ ਸਿੰਘ ਛੋਟੇਪੁਰ, ਸੁਖਜਿੰਦਰ ਸਿੰਘ ਵਗ਼ੈਰਾ ਨੂੰ ਨੈਸ਼ਨਲ ਸਕਿਊਰਿਟੀ ਐਕਟ ਹੇਠ ਗ੍ਰਿਫ਼ਤਾਰ ਕਰ ਕੇ ਦੂਰ-ਦੁਰਾਡੇ ਇਲਾਕਿਆਂ ਵਿੱਚ, ਤਕਲੀਫ਼ਾਂ ਲਈ ਮਸ਼ਹੂਰ ਜੇਲ੍ਹਾਂ ਵਿਚ ਭੇਜ ਦਿੱਤਾ। ਇਸ ਦੇ ਨਾਲ ਹੀ ਬਰਨਾਲਾ ਸਰਕਾਰ ਨੇ ਤਿੰਨ ਦਸੰਬਰ 1986 ਨੂੰ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੀਆਂ 16 ਸਬ ਡਵੀਜ਼ਨਾਂ (ਤਹਿਸੀਲਾਂ) ਨੂੰ ਆਰਮਡ ਫੋਰਸ਼ਿਜ਼ (ਪੰਜਾਬ ਐਂਡ ਚੰਡੀਗੜ੍ਹ) ਸਪੈਸ਼ਲ ਪਾਵਰਜ਼ ਐਕਟ 1983 ਦੀ ਦਫ਼ਾ ਹੇਠ ਗੜਬੜ ਵਾਲੇ ਇਲਾਕੇ ਕਰਾਰ ਦੇ ਦਿੱਤਾ ਅਤੇ ਇਹ ਇਲਾਕੇ ਫ਼ੌਜ ਨੂੰ ਸੌਂਪ ਦਿੱਤੇ ਗਏ। ਇਨ੍ਹਾਂ ਵਿੱਚ ਸਾਰਾ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਕਪੂਰਥਲਾ, ਸੁਲਤਾਨਪੁਰ, ਜਲੰਧਰ, ਨਕੋਦਰ, ਹੁਸ਼ਿਆਰਪੁਰ, ਦਸੂਹਾ, ਫ਼ੀਰੋਜਪੁਰ, ਜ਼ੀਰਾ, ਫ਼ਰੀਦਕੋਟ, ਮੁਕਤਸਰ, ਮੋਗਾ, ਲੁਧਿਆਣਾ, ਖੰਨਾ, ਜਗਰਾਓ ਸਬ ਡਿਵੀਜ਼ਨਾਂ (ਤਹਿਸੀਲਾਂ) ਸ਼ਾਮਿਲ ਸਨ।
1986 - ਦਿੱਲੀ ਵਿੱਚ ਹਿੰਦੂਆਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਉੱਤੇ ਹਮਲਾ ਕੀਤਾ।
2 ਦਸੰਬਰ 1986 ਦੇ ਦਿਨ ਹਿੰਦੂਆਂ ਵੱਲੋਂ ਦਿੱਲੀ ਵਿੱਚ ਕਈ ਥਾਵਾਂ 'ਤੇ ਸਿੱਖਾਂ 'ਤੇ ਹਮਲੇ ਕੀਤੇ ਗਏ ਸਨ। ਇਸ ਦੇ ਖ਼ਿਲਾਫ਼ ਪ੍ਰੋਟੈਸਟ ਕਰਨ ਵਾਸਤੇ ਸਾਰੇ ਗੁਰਦੁਆਰਿਆਂ ਵਿਚ ਦੀਵਾਨ ਸਜਾਏ ਗਏ। ਤਿੰਨ ਦਿਨ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਸੀ। ਉਸ ਸਬੰਧੀ ਨਗਰ ਕੀਰਤਨ ਦੀਆਂ ਤਿਆਰੀਆਂ ਵੀ ਹੋ ਰਹੀਆਂ ਸਨ ਤੇ ਇਹ ਜਲੂਸ ਸੀਸ ਗੰਜ ਗੁਰਦੁਆਰਾ ਤੋਂ ਚੱਲਣਾ ਸੀ ਇਸ ਕਰ ਕੇ 3 ਦਸੰਬਰ ਦੇ ਦਿਨ ਸੀਸ ਗੰਜ ਵੱਲ ਬਹੁਤ ਸੰਗਤ ਜਾ ਰਹੀ ਸੀ। ਇਹ ਵੇਖ ਕੇ ਕੁਝ ਹਿੰਦੂਆਂ ਟੋਲਿਆਂ ਨੇ ਗੁਰਦੂਆਰਾ ਸੀਸ ਗੰਜ ਵੱਲ ਕੂਚ ਸ਼ੁਰੂ ਕਰ ਦਿੱਤਾ ਅਤੇ ਉੱਥੇ ਪਹੁੰਚ ਕੇ ਗੁਰਦੁਆਰੇ ਉੱਤੇ ਇੱਟਾਂ ਪੱਥਰਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਇਸ ਮੌਕੇ ਤੇ ਬਹੁਤ ਸਾਰੀ ਪੁਲੀਸ ਮੌਜੂਦ ਸੀ ਪਰ ਉਹ ਚੁਪਚਾਪ ਹਮਲਾ ਹੁੰਦਾ ਵੇਖਦੀ ਰਹੀ 'ਤੇ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਤਾਂ ਦੂਰ ਰਿਹਾ ਉਨ੍ਹਾਂ ਨੂੰ ਰੋਕਿਆ ਤੱਕ ਵੀ ਨਾ।
1987 - ਗੁਰਮੀਤ ਸਿੰਘ ਤੇ ਦਰਸ਼ਨ ਸਿੰਘ ਹਰਦੇਵਾਲ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤੇ ਗਏ।
ਪੰਜਾਬ ਪੁਲਿਸ ਨੇ 3 ਦਸੰਬਰ 1987 ਦੇ ਦਿਨ ਗੁਰਮੀਤ ਸਿੰਘ 'ਤੇ ਦਰਸ਼ਨ ਸਿੰਘ ਹਰਦੇਵਾਲ, ਲੁਧਿਆਣਾ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1990 - ਸਤਨਾਮ ਸਿੰਘ ਸੱਤਾ ਬੁੰਡਾਲਾ 'ਤੇ ਕੁਲਵੰਤ ਸਿੰਘ ਅਸਲ ਉਤਾੜ ਨੂੰ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਗਿਆ।
3 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਪੁੱਤਰ ਤਾਰਾ ਸਿੰਘ, ਵਾਸੀ ਬੁੰਡਾਲਾ 'ਤੇ ਕੁਲਵੰਤ ਸਿੰਘ ਪੁੱਤਰ ਪਾਲਾ ਸਿੰਘ, ਵਾਸੀ ਅਸਲ ਉਤਾੜ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1991 - ਤਰਸੇਮ ਸਿੰਘ ਬੰਢਾਲਾ 'ਤੇ ਹੀਰਾ ਸਿੰਘ ਤੁੜ ਦੀ ਨਕਲੀ ਮੁਕਾਬਲੇ 'ਚ ਸ਼ਹੀਦੀ ਹੋਈ।
3 ਦਸੰਬਰ 1991 ਦੇ ਦਿਨ ਤਰਸੇਮ ਸਿੰਘ ਪੁੱਤਰ ਦਲਬੀਰ ਸਿੰਘ, ਵਾਸੀ ਬੰਢਾਲਾ 'ਤੇ ਹੀਰਾ ਸਿੰਘ ਪੁੱਤਰ ਦਰਸ਼ਨ ਸਿੰਘ, ਵਾਸੀ ਤੁੜ ਪਿੰਡ ਨੂੰ ਪੰਜਾਬ ਪੁਲਿਸ ਨੇ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1992 - ਹਰਮਿੰਦਰ ਸਿੰਘ ਸੁਲਤਾਨਵਿੰਡ, ਨਵਰੂਪ ਸਿੰਘ ਢੋਟੀਆਂ 'ਤੇ ਚੌਦਾਂ ਹੋਰ ਸਿੱਖਾਂ ਦੀ ਨਕਲੀ ਮੁਕਾਬਲਿਆਂ ਵਿੱਚ ਸ਼ਹੀਦੀ ਹੋਈ।
3 ਦਸੰਬਰ 1992 ਦੇ ਦਿਨ ਖਾਲਿਸਤਾਨੀ ਜਰਨੈਲ ਹਰਮਿੰਦਰ ਸਿੰਘ ਸੁਲਤਾਨਵਿੰਡ, ਨਵਰੂਪ ਸਿੰਘ ਢੋਟੀਆਂ ਪੁੱਤਰ ਕਸ਼ਮੀਰ ਸਿੰਘ, ਵਾਸੀ ਬੁਰਜ ਰਾਏਕੇ, ਨੇੜੇ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ ਅਤੇ ਚੌਦਾਂ ਹੋਰ ਸਿੱਖ ਪੰਜਾਬ ਪੁਲਿਸ ਨੇ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤੇ।