
(ਕੁਲਵਿੰਦਰ ਕੌਰ): ਦਸਤਾਰ ਜਾਂ ਪੱਗੜੀ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ। ‘ਦਸਤਾਰ’ ‘ਫ਼ਾਰਸੀ’ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ‘ਹੱਥਾਂ ਨਾਲ ਸੰਵਾਰ ਕੇ ਬੰਨ੍ਹਿਆ 'ਵਸਤਰ’ ਹੈ। ਦਸਤਾਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਟਰਬਨ ਕਿਹਾ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਕਈ ਢੰਗਾਂ ਨਾਲ ਬੰਨ੍ਹੀ ਜਾਂਦੀ ਹੈ। ਨਿਹੰਗ ਸਿੰਘਾਂ ਦੀ ਦਸਤਾਰ ਜਿਸ ਨੂੰ ਦੁਮਾਲਾ ਕਿਹਾ ਜਾਂਦਾ ਹੈ,ਦਸਤਾਰ, ਸਿੱਖ ਦੇ ਆਚਰਨ ਨੂੰ ਉਚੇਰਾ ਬਣਾਉਂਦੀ ਹੈ।
ਮੈਂ ਪੰਜ ਸੱਤ ਗਜ ਦਾ ਕੱਪੜਾ ਨਹੀਂ, ਮੈਂ ਇੱਜ਼ਤ ਹਾਂ !
ਪੱਗੜੀ ਪੰਜ ਸੱਤ ਗਜ ਦਾ ਕੱਪੜਾ ਦਾ ਨਹੀਂ, ਸਗੋਂ ਇਹ ਸਾਡੀ ਵਿਰਾਸਤ ਹੈ। ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਨੇ ਸਾਨੂੰ ਇਹ ਬਖ਼ਸ਼ੀ, ਪਰ ਹੁਣ ਅਸੀਂ ਇਸ ਦੀ ਅਹਿਮੀਅਤ ਨੂੰ ਭੁੱਲਦੇ ਜਾ ਰਹੇ ਹਾਂ। ਸਾਡੇ ਗੁਰੂਆਂ ਨੇ ਇਸ ਪੱਗ ਖਾਤਿਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਕੀ ਅਸੀਂ ਉਨ੍ਹਾਂ ਦੀ ਦਿੱਤੀ ਸ਼ਹਾਦਤ ਨੂੰ ਭੱਲ ਗਏ ਹਾਂ, ਲੋੜ ਹੈ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰ ਬੰਨਣੀ ਨਾ ਭੁੱਲੀਏ।
ਕੁੱਝ ਸਮੇਂ 'ਚ ਪੱਗ ਨੂੰ ਨਹੀਂ ਮਿਲਿਆ ਬਣਦਾ ਮਾਣ ਸਤਿਕਾਰ
ਕੁੱਝ ਸਮੇਂ 'ਚ ਪੱਗ ਨੂੰ ਉਹ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ ਹੈ, ਜਿਹੜਾ ਮਿਲਣਾ ਚਾਹੀਦਾ ਹੈ। ਅਸੀਂ ਆਪਣੀ ਵਿਰਾਸਤ ਨੂੰ ਭੁੱਲ ਪੱਛਮੀ ਸੱਭਿਆਚਾਰ 'ਚ ਡੁੱਬਦੇ ਜਾ ਰਹੇ ਹਾਂ, ਇਸ ਦਾ ਕਾਰਣ ਮੀਡੀਆ ਨੂੰ ਹੀ ਮੰਨਿਆ ਜਾਂਦਾ ਹੈ, ਕਿਉਂਕਿ ਮੀਡੀਆ ਜੋ ਸਾਨੂੰ ਦਿਖਾਉਂਦਾ ਹੈ ਅਸੀਂ ਉਸੇ ਨੂੰ ਅਪਣਾਉਣ ਲੱਗ ਜਾਂਦੇ ਹਾਂ। ਅਸੀਂ ਆਪਣੇ ਸੱਭਿਆਚਾਰ ਨੂੰ ਛੱਡ ਪੱਛਮੀ ਸੱਭਿਆਚਾਰ ਵੱਲ ਭਾਰੂ ਹੋ ਰਹੇ ਹਾਂ। ਅਸੀਂ ਪੱਗ ਬੰਨਣੀ ਵੀ ਭੁੱਲਦੇ ਜਾ ਰਹੇ ਹਾਂ। ਲੋੜ ਹੈ ਇਸ ਨੂੰ ਸੰਭਾਲਣ ਦੀ, ਤਾਂ ਹੀ ਪੱਗ ਦੀ ਅਹਿਮੀਅਤ ਬਣੀ ਰਹਿ ਸਕਦੀ ਹੈ।
ਮੁੜ ਆਇਆ ਉਹ ਸੁਨਹਿਰਾ ਦੌਰ
ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਪੰਜਾਬੀ ਗਾਣਿਆਂ ਤੇ ਫਿਲਮਾਂ 'ਚ ਵੀ ਪੱਗ ਵੇਖਣ ਲਈ ਮਿਲ ਰਹੀ ਹੈ। ਜਿਸ ਨਾਲ ਸਾਡੀ ਨੌਜਵਾਨ ਪੀੜੀ ਇਸ ਤੋਂ ਸੇਧ ਲੈ ਕੇ ਪੱਗ ਦੀ ਅਹਿਮੀਅਤ ਨੂੰ ਸਮਝਣ ਲੱਗੀ ਹੈ। ਹੁਣ ਬਾਲੀਵੁੱਡ ਫਿਲਮਾਂ 'ਚ ਵੀ ਪੱਗ ਦਾ ਕਾਫੀ ਜਿਆਦਾ ਟ੍ਰੈਂਡ ਵੇਖਣ ਲਈ ਮਿਲ ਰਿਹਾ ਹੈ।
ਵਰਤਮਾਨ 'ਚ ਦਿਲਜੀਤ ਦੁਸਾਂਝ, ਇੰਦਰਜੀਤ ਨਿੱਕੂ, ਐਮੀ ਵਿਰਕ, ਰਣਜੀਤ ਬਾਵਾ ਤੋਂ ਇਲਾਵਾ ਕਈਆਂ ਦੀ ਪੱਗ ਨਾਲ ਅਲੱਗ ਪਹਿਚਾਣ ਬਣੀ ਹੋਈ ਹੈ।
ਜੇਕਰ ਪੁਰਾਤਨ ਸਮੇਂ ਦੀ ਗੱਲ ਕਰੀਏ ਤਾਂ ਜੱਟ ਯਮਲਾ ਦੀ ਪੱਗ ਵੀ ਬੜੀ ਮਸ਼ਹੂਰ ਮੰਨੀ ਜਾਂਦੀ ਸੀ। ਇਸ ਤੋਂ ਇਲਾਵਾ ਮਲਕੀਤ ਸਿੰਘ ਦੀ ਪੱਗ ਵੀ ਕਾਫੀ ਮਸ਼ਹੂਰ ਹੈ।
ਪੱਗ ਬੰਨੀ ਹੋਵੇ ਤਾਂ ਲੱਖਾਂ ਵਿੱਚੋਂ ਪਹਿਚਾਣਿਆ ਜਾਂਦਾ ਏ ਸਰਦਾਰ। ਜੇ ਸਿਰ 'ਤੇ ਪੱਗ ਨਾ ਹੋਵੇ ਤਾਂ ਲੋਕੀ ਭਈਆ ਕਹਿ ਕੇ ਬੁਲਾਉਂਦੇ ਹਨ। ਕਹਿੰਦੇ ਨੇ ਪੱਗ ਤਾਂ ਹਰ ਕੋਈ ਬੰਨ ਲੈਂਦਾ ਹੈ ਪਰ ਜੱਚਦੀ ਸਰਦਾਰ ਦੇ ਹੀ ਹੈ।
ਸਿੱਖੀ ਨਾਲ ਗੂੜਾ ਸਬੰਧ
ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਦਸਤਾਰ ਨੂੰ ਸਿਰ 'ਤੇ ਸਜਾਂਉਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰਕੇ ਜਾਣਦਾ ਹੈ।
ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੋਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ਼ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ।
ਹਰ ਸਾਲ 13 ਅਪ੍ਰੈਲ ਨੂੰ ਦਸਤਾਰ ਦਿਵਸ (ਵਰਲਡ ਟਰਬਨ ਡੇ) ਮਨਾਇਆ ਜਾਂਦਾ ਹੈ।